Tuesday, 10 January 2017

ਉਹ ਮੁੜ ਕੇ ਮੋਮ ਕੀ ਹੋਣੈ


ਉਹ ਮੁੜ ਕੇ ਮੋਮ ਕੀ ਹੋਣੈ, ਜੋ ਪੱਥਰ ਹੋ ਗਿਆ ਚਿਰ ਤੋਂ ।
ਦਿਲਾ ਘਰ ਕਹਿ ਰਿਹੈਂ ਜਿਸ ਨੂੰ, ਉਹ ਖੰਡਰ ਹੋ ਗਿਆ ਚਿਰ ਤੋਂ ।

ਮੇਰੇ ਖੰਭਾਂ 'ਚ ਭਰ ਭਰ ਕੇ, ਸਿਖਰ ਨੂੰ ਛੂਹਣ ਦੇ ਸੁਪਨੇ,
ਮੇਰੀ ਪਰਵਾਜ਼ ਤੋਂ ਉੱਚਾ, ਇਹ ਅੰਬਰ ਹੋ ਗਿਆ ਚਿਰ ਤੋਂ ।

ਭੁਲੇਖੇ ਨਾਲ ਰਾਵਣ ਦੇ ਹੀ ਗਲ਼ ਵਿੱਚ ਪਾ ਗਈ ਮਾਲਾ,
ਓ ਰਾਮਾ ਖ਼ਤਮ ਸੀਤਾ ਦਾ ਸੁਵੰਬਰ ਹੋ ਗਿਆ ਚਿਰ ਤੋਂ ।

ਮਿਜ਼ਾਜੀ ਪਾਰ ਕਰ ਕੇ ਹੁਣ ਹਕੀਕੀ ਵਿੱਚ ਜਾ ਲੱਥਾ,
ਉਹ ਪੌੜੀ ਇਸ਼ਕ ਦੀ ਚੜ ਕੇ, ਕਲੰਦਰ ਹੋ ਗਿਆ ਚਿਰ ਤੋਂ ।

ਕਦੇ ਇਕ ਸਾਂਵਰਾ ਬੇਬਸ, ਜਿਹਾ ਮਹਿਫ਼ਲ 'ਚ ਆਉਂਦਾ ਸੀ,
ਉਹ ਦੁਨੀਆ ਜਿੱਤ ਕੇ ਮੇਰੀ, ਸਿਕੰਦਰ ਹੋ ਗਿਆ ਚਿਰ ਤੋਂ ।

ਭੁਗਤ ਕੇ ਕੈਦ ਬੱਦਲ਼ ਦੀ, ਨਦੀ ਦੀ ਹਿੱਕ 'ਤੇ ਡਿੱਗਾ,
ਉਹ ਕਤਰਾ ਨੀਰ ਦਾ ਜਾ ਕੇ, ਸਮੁੰਦਰ ਹੋ ਗਿਆ ਚਿਰ ਤੋਂ ।

ਉਜਾੜਾਂ ਨਾਲ ਲੋਕਾਂ ਦਾ, ਜਦੋਂ ਮੋਹ ਦੇਖਿਆ ਉਸ ਨੇ,
ਉਹ ਨਖ਼ਲਿਸਤਾਨ ਥਲ ਵਿੱਚਲਾ ਵੀ ਬੰਜਰ ਹੋ ਗਿਆ ਚਿਰ ਤੋਂ ।

ਜਦੋਂ ਮੰਜ਼ਲ 'ਤੇ ਜਾ ਕੇ ਵੀ ਮਿਲੇ ਸੋਗੀ ਜਿਹੇ ਮੰਜ਼ਰ,
ਉਹ ਮੰਜ਼ਲ ਛੱਡ ਕੇ ਆਪਣੀ, ਮੁਸਾਫ਼ਰ ਹੋ ਗਿਆ ਚਿਰ ਤੋਂ ।

ਉਹਦੇ ਨਾ' ਖਹਿ ਕੇ ਨਾਗਾਂ ਨੇ ਉਤਾਰੀ ਕੁੰਜ ਸੀ ਆਪਣੀ,
ਉਹ ਕੋਮਲ ਛੋਹ ਤੋਂ ਹੀ ਏਦਾਂ ਵਲੂੰਧਰ ਹੋ ਗਿਆ ਚਿਰ ਤੋਂ ।

ਕਿਸੇ ਨੇ ਹੱਸਦਿਆਂ ਠੋਕਰ, ਜਦੋਂ ਸੀ ਰਾਜ ਨੂੰ ਮਾਰੀ,
ਉਹ ਸ਼ੀਸ਼ਾ ਖਹੁਰ ਕੇ ਟੁੱਟਿਆ ਤੇ ਕੰਤਰ ਹੋ ਗਿਆ ਚਿਰ ਤੋਂ ।

2 comments: