ਰੱਖ ਕੇ ਸੀ ਫਾਸਲੇ, ਤੁਰਦੀ ਰਹੀ ਇਹ ਜਿੰਦਗੀ ।
ਮੋੜ ਹਰਦਮ ਗਲਤ ਹੀ , ਮੁੜਦੀ ਰਹੀ ਇਹ ਜਿੰਦਗੀ ।
ਰੂਹ ਨੂੰ ਚੜਿਆ ਰਿਹਾ, ਯਾਦਾਂ ਦਾ ਮੱਠਾ ਤਾਪ ਸੀ,
ਵਾਂਗ ਫਿਰ ਵੀ ਬਰਫ ਦੇ , ਖੁਰਦੀ ਰਹੀ ਇਹ ਜਿੰਦਗੀ।
ਹੋਰ ਖੌਰੇ ਭੁਗਤਣਾ ਕਿੰਨਾਂ ਕੁ ਚਿਰ ਹੈ ਸਰਾਪ ਨੂੰ,
ਬੂੰਦ ਬੂੰਦ ਹਮੇਸ਼ ਜੁ ਨਿਚੁੜਦੀ ਰਹੀ ਇਹ ਜਿੰਦਗੀ।
ਆਖਦੇ ਜਿਸ ਸ਼ਖਸ ਨੂੰ ਸੀ, ਪਿਆਰ ਹੀ ਦਾ ਮੁਜੱਸਮਾ,
ਉਸ ਹੀ ਨਿਰਮੋਹੀ ਹੱਥੋਂ, ਕੁੜ੍ਹਦੀ ਰਹੀ ਇਹ ਜਿੰਦਗੀ ।
ਸੱਟ ਰਹਿੰਦੀ ਬੇਰੁਖੀ ਦੀ, ਰੋਜ਼ ਮੈਨੂੰ ਤੋੜਦੀ,
ਰੋਜ਼ ਹੀ ਫਿਰ ਟੁੱਟ ਕੇ, ਜੁੜਦੀ ਰਹੀ ਇਹ ਜਿੰਦਗੀ।
ਊਂ ਤਾਂ ਏਨਾਂ ਬਖਸ਼ਿਆ, ਦਿਲ ਖੋਲ ਕੇ ਦਾਤਾਰ ਨੇ,
ਵਸਲ ਹੀ ਦੇ ਪਲ ਖੁਣੋਂ, ਥੁੜਦੀ ਰਹੀ ਇਹ ਜਿੰਦਗੀ ।
ਕੀ ਕਹਾਂ ਮੈਂ ਮਹਿਰਮਾਂ, ਇਸ ਜਿੰਦਗੀ ਦੀ ਚਾਲ ਨੂੰ,
ਕਲਪਦੀ ਵਿਲਕਦੀ ਕਿਵੇਂ ਰੁੜਦੀ ਰਹੀ ਇਹ ਜਿੰਦਗੀ ।
No comments:
Post a Comment