Tuesday, 10 January 2017

ਤੋੜ ਕੇ ਨਾ ਜੋੜ ਤੂੰ

ਤੋੜ ਕੇ ਨਾ ਜੋੜ ਤੂੰ, ਮੈਂ ਟੁੱਟਿਆ ਹੀ ਠੀਕ ਹਾਂ ।
ਲੋੜ ਨਾ ਧਰਵਾਸ ਦੀ, ਮੈ ਲੁੱਟਿਆ ਹੀ ਠੀਕ ਹਾਂ ।
ਖੁਸ਼ ਬੜਾ ਹਾਂ ਛੁੱਟ ਕੇ, ਮੈਂ ਆਪਣੇ ਹੀ ਆਪ ਤੋਂ,
ਵੱਸਦਾ ਰਹਿ ਸੱਜਣਾਂ, ਮੈਂ ਛੁੱਟਿਆ ਹੀ ਠੀਕ ਹਾਂ ।
ਰੁੱਖੜਾ ਕੰਧੀ ਦਾ ਸਾਂ, ਆਖਰ ਹਵਾਵਾਂ ਪੁੱਟਿਆ,
ਮਾਣ ਰੱਜ ਬਹਾਰ ਤੂੰ, ਮੈ ਪੁੱਟਿਆ ਹੀ ਠੀਕ ਹਾਂ।
ਖ਼ਬਸ ਮੇਰੀ ਜਿੰਦਗੀ, ਵਾਂਗਰ ਕਮਲ ਦੇ ਹੋ ਗਈ,
ਚਿੱਕੜਾਂ ਦੇ ਗਰਭ ਚੋਂ, ਮੈਂ ਫੁੱਟਿਆ ਹੀ ਠੀਕ ਹਾਂ ।
ਜਾਣ ਖੋਟਾ ਸੁੱਟਤਾ, ਮੈਨੂੰ ਕਦੇ ਨਾ ਪਰਖਿਆ,
ਚਲ ਖਰੇ ਤੂੰ ਢੂੰਡ ਲਏ, ਮੈਂ ਸੁੱਟਿਆ ਹੀ ਠੀਕ ਹਾਂ।
ਗੁੰਮ ਮੇਰਾ ਚੰਦ ਹੈ, ਖੌਰੇ ਕਿਥੇ ਹੈ ਛੁਪ ਗਿਆ,
ਭਾਲ ਓਸੇ ਚੰਦ ਦੀ, ਮੈਂ ਜੁੱਟਿਆ ਹੀ ਠੀਕ ਹਾਂ ।
ਹਿਜ਼ਰ ਹੀ ਦੇ ਆਸਰੇ, ਹੁਣ ਮੈਂ ਗੁਜਾਰਾਂ ਜਿੰਦਗੀ,
ਪੀੜ ਦੀ ਗਲਵੱਕੜੀ ਮੈਂ ਘੁੱਟਿਆ ਹੀ ਠੀਕ ਹਾਂ ।

No comments:

Post a Comment