Tuesday, 10 January 2017

ਬਹਿਰ

ਬਹਿਰ
ਪਿਆਰੇ ਦੋਸਤੋ ਆਪਾਂ ਅਰੂਜ਼ ਦੇ ਰੁਕਨਾਂ ਜਾਂ ਅਰਕਾਨ ਤੀਕ ਵਿਚਾਰ ਚਰਚਾ ਕਰ ਚੁੱਕੇ ਹਾਂ । ਹੁਣ ਆਪਾਂ ਬਹਿਰ ਬਾਰੇ ਚਰਚਾ ਕਰੀਏ । ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਅਰੂਜ਼ ਦੇ ਵੱਖਰੇ ਵੱਖਰੇ ਰੁਕਨਾਂ ਤੋਂ ਵੱਖਰੀਆਂ ਵੱਖਰੀਆਂ ਬਹਿਰਾਂ ਬਣਦੀਆਂ ਹਨ ।
ਬਹਿਰ ਦੇ ਅਰਬੀ ਸ਼ਬਦਆਰਥ ਸਮੁੰਦਰ ਜਾਂ ਸਾਗਰ ਹਨ , ਪ੍ਰੰਤੂ  ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ, ਜਿਨ੍ਹਾਂ ਨਾਲ ਸ਼ਿਅਰ ਦਾ ਵਜ਼ਨ ਹਾੜਿਆ ਜਾਂਦਾ ਹੈ , ਅਰਕਾਨ ਨੂੰ ਦੁਹਰਾਉਣ ਨਾਲ ਬਹਿਰ ਬਣਦੀ ਹੈ, ਬਹਿਰ ਦੇ ਅੰਗਰੇਜ਼ੀ ਸ਼ਬਦਾਰਥ ਮੀਟਰ ਤੋਂ ਹਨ । ਜਿਸ ਤਰ੍ਹਾਂ ਸਮੁੰਦਰ ਦੀ ਵਿਸ਼ਾਲਤਾ ਨੂੰ ਦੇਖਦਿਆਂ ਅਕਲ ਹੈਰਾਨ ਰਹਿ ਜਾਂਦੀ ਹੈ , ਬਿਲਕੁਲ ਏਸੇ ਤਰ੍ਹਾਂ ਜਦੋਂ ਕੋਈ ਅਰੂਜ਼ੀ (ਅਰੂਜ਼-ਵੇਤਾ) ਬਹਿਰਾਂ ਦੇ ਪਸਾਰ ਨੂੰ ਦੇਖਦਾ ਹੈ ਤਾਂ ਅਚੰਭਤ ਹੋ ਜਾਂਦਾ ਹੈ , ਕਿ ਸ਼ਿਅਰ ਨੂੰ ਕਿਹੜੀ ਬਹਿਰ ਨਾਲ ਨਾਪੇ । ਕਹਿਣ ਨੂੰ ਤਾਂ ਅਰੂਜ਼ੀਆਂ ਨੇ ਕੁੱਲ ਉੱਨੀ (19) ਬਹਿਰਾਂ ਈਜਾਦ ਕੀਤੀਆਂ ਹਨ, ਪਰ ਇਨ੍ਹਾਂ ਵਿੱਚੋਂ ਹਰੇਕ ਬਹਿਰ ਤੇ ਜ਼ਿਹਾਫ ਲਾਗੂ ਕਰ ਕੇ ਇਕ ਬਹਿਰ ਦੇ ਅਨੇਕਾਂ ਰੂਪ ਬਣਾਏ ਜਾ ਸਕਦੇ ਹਨ । ਜ਼ਿਹਾਫਾਂ ਬਾਰੇ ਅੱਗੇ ਚੱਲ ਕੇ ਚਰਚਾ ਕਰਾਂਗੇ । ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਕੱਲੀ ਹਜਜ ਬਹਿਰ ਅੱਸੀ ਢੰਗਾਂ ਨਾਲ ਵਰਤੀ ਜਾਂਦੀ ਹੈ । ਇਸੇ ਕਰਕੇ ਹੀ ਸ਼ਾਇਦ ਖਲੀਲ ਬਿਨ ਅਹਿਮਦ ਨੇ ਬਹਿਰ (ਛੰਦ) ਨੂੰ ਬਹਿਰ (ਸਮੁੰਦਰ) ਦੁਆਰਾ ਪ੍ਰਗਟ ਕੀਤਾ ਹੈ ।

ਅਰੂਜ਼ ਦੀਆਂ ਉੱਨੀ ਬਹਿਰਾਂ ਵਿੱਚੋਂ ਖਲੀਲ ਬਿਨ ਅਹਿਮਦ ਨੇ ਪੰਦਰਾਂ ਬਹਿਰਾਂ ਈਜਾਦ ਕੀਤੀਆਂ ਅਤੇ ਬਾਕੀ ਦੀਆਂ ਚਾਰ ਬਹਿਰਾਂ ਪਿੱਛੋਂ ਜਾ ਕੇ ਵੱਖ ਵੱਖ ਅਰੂਜ਼ੀਆਂ ਨੇ ਈਜ਼ਾਦ ਕੀਤੀਆਂ । ਇਹਨਾਂ ਬਹਿਰਾਂ ਦੇ ਨਾਵਾਂ ਦਾ ਵੇਰਵਾ ਅਤੇ ਇਨ੍ਹਾਂ ਦੇ ਇਜ਼ਾਦ ਕਰਤਾਵਾਂ ਦੇ ਨਾਵਾਂ ਦਾ ਵੇਰਵਾ ਅੱਗੇ ਚੱਲ ਕੇ ਦਿਆਂਗੇ ।

ਸਾਡਾ ਮੰਤਵ ਇਨ੍ਹਾਂ ਬਹਿਰਾਂ ਬਾਰੇ ਸਿਧਾਂਤਕ ਜਾਣਕਾਰੀ ਦੇਣਾ ਹੀ ਨਹੀ ਸਗੋਂ ਤੁਹਾਡੀ ਰੌਚਿਕਤਾ ਲਈ ਇਨ੍ਹਾਂ ਬਾਰੇ ਹੋਰ ਵੇਰਵੇ ਦੇਣਾ ਵੀ ਹੈ , ਤਾਂ ਕਿ ਇਸ ਰੁੱਖੀ ਸਿਧਾਂਤਕ ਸ਼ਬਦਾਵਲੀ ਤੋਂ ਤੁਹਾਡਾ ਮਨ ਉਚਾਟ ਨਾ ਹੋ ਜਾਵੇ । ਬਹਿਰਾਂ ਦੇ ਨਾਵਾਂ ਬਾਰੇ ਸਿਧਾਂਤਕ ਜਾਣਕਾਰੀ ਤਾਂ ਤੁਸੀਂ ਹੋਰ ਅਰੂਜ਼ ਦੀਆਂ ਪੁਸਤਕਾਂ ਵਿੱਚੋਂ ਵੀ ਪੜ੍ਹ ਸਕਦੇ ਹੋ । ਇਸ ਬਾਰੇ ਮੈਂ ਤੁਹਾਨੂੰ ਇਕ ਲੋਕ-ਕਥਾ ਸੁਣਾਉਣੀ ਚਾਹੁੰਦਾ ਹਾਂ । ਕਹਿੰਦੇ ਨੇ ਇਕ ਵਾਰ ਇੱਕ ਪਰਿਵਾਰ ਨੇ ਕਿੱਕਰਾਂ ਦੇ ਤੁੱਕਿਆਂ ਦੀ ਸਬਜ਼ੀ  ਬਣਾਈ , ਪਰ ਆਟਾ ਉਨ੍ਹਾਂ ਕੋਲ ਗੁਜ਼ਾਰੇ ਜੋਗਾ ਹੀ ਸੀ । ਘਰ ਦੀ ਸਵਾਣੀ ਨੇ ਆਪਣੀ ਧੀ ਨੂੰ ਰੋਟੀ ਦੇ ਕੇ ਬਜ਼ੁਰਗ ਪਾਸ ਭੇਜਿਆ, ਬਜ਼ੁਰਗ ਰੋਟੀ ਖਾਣ ਬੈਠ ਗਿਆ । ਕੁਝ ਚਿਰ ਬਾਦ ਬੱਚੀ ਫੇਰ ਬਜ਼ੁਰਗ ਕੋਲ ਗਈ ਤੇ ਪੁੱਛਣ ਲੱਗੀ , " ਬਾਬਾ ਜੀ ਹੋਰ ਤੁੱਕੇ ਲੈਣੇ ਨੇ ।" ਇਸ ਤਰ੍ਹਾਂ ਇਕ ਅੱਧੀ ਵਾਰ ਬਜ਼ੁਰਗ ਨੇ ਤੁੱਕਿਆਂ ਦੀ ਸਬਜ਼ੀ ਮੰਗਵਾ ਲਈ । ਘਰ ਵਿੱਚ ਹੋਰ ਕੁਛ ਖਾਣ ਨੂੰ ਨਹੀ ਸੀ ਇਸ ਕਰਕੇ ਬੱਚੀ ਵਾਰ ਵਾਰ ਇਹੋ ਪੁੱਛਦੀ ਰਹੀ ਕਿ ਬਾਬਾ ਜੀ ਹੋਰ ਤੁੱਕੇ ਲਓਗੇ । ਅੰਤ ਵਿਚ ਬਾਬਾ ਜੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਹ ਖਿਝ ਕੇ ਕਹਿਣ ਲੱਗਾ, ਕੁੜੀਏ ਬਾਬਾ ਕੋਈ ਬੋਕ ਆ , ਜਿਹੜਾ ਵਾਰ ਵਾਰ ਤੁੱਕੇ ਹੀ ਖਾਈ ਜਾਊ, ਕੁਛ ਹੋਰ ਵੀ ਲਿਆ । ਇਸ ਤਰ੍ਹਾਂ ਜੇ ਅਸੀਂ ਵਾਰ ਵਾਰ ਤੁਹਾਨੂੰ ਖੁਸ਼ਕ ਬਹਿਰਾਂ ਦੀ ਜਾਣਕਾਰੀ ਦੇਈ ਗਏ ਤਾਂ  ਤੁਹਾਨੂੰ ਅਕੇਵਾਂ ਹੋਣਾ ਸੁਭਾਵਿਕ ਹੈ । ਤੁਹਾਡੀ ਰੌਚਕਤਾ ਬਣਾਈ ਰੱਖਣ ਵਾਸਤੇ ਅਸੀਂ ਬਹਿਰਾਂ ਦੇ ਨਾਲ ਨਾਲ ਹੋਰ ਜਾਣਕਾਰੀ ਵੀ ਦਿੰਦੇ ਰਹਾਂਗੇ ।

ਬਹਿਰਾਂ ਦੀਆਂ ਕਿਸਮਾਂ---
ਬਹਿਰਾਂ ਦੋ ਕਿਸਮ ਦੀਆਂ ਹੁੰਦੀਆਂ ਹਨ ।
(1) ਮੁਫ਼ਰਦ ਬਹਿਰਾ  (2) ਮੁਰੱਕਬ ਬਹਿਰਾਂ
1. ਮੁਫ਼ਰਦ ਬਹਿਰਾਂ ---ਦਾ ਅਰਬੀ ਸ਼ਬਦਾਰਥ ਇਕਹਿਰੀ ਜਾਂ ਇਕੱਲੀ ਤੋਂ ਹੈ , ਮੁਫਰਦ ਇਹਨਾਂ  ਨੂੰ ਇਸ ਕਰ ਕੇ ਕਿਹਾ ਜਾਂਦਾ ਹੈ ਕਿ ਇਹ ਬਹਿਰਾਂ ਇੱਕ ਹੀ ਰੁਕਨ ਨੂੰ ਦੁਹਰਾਉਣ ਤੇ ਬਣਦੀਆਂ ਹਨ ।

2. ਮੁਰੱਕਬ ਬਹਿਰਾਂ-- ਮੁਰੱਕਬ ਦਾ ਅਰਬੀ ਸ਼ਬਦਾਰਥ ਮਿਸ਼ਰਤ ਜਾਂ ਰਲ਼ੀ ਮਿਲ਼ੀ ਵਸਤੂਆਂ ਤੋਂ ਹੁੰਦਾ ਹੈ  । ਇਨ੍ਹਾਂ ਨੂੰ ਮੁਰੱਕਬ ਬਹਿਰਾਂ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਬਹਿਰਾਂ ਦੋ ਦੋ ਰੁਕਨਾਂ ਦੇ ਮਿਲਣ ਤੇ ਬਣਦੀਆਂ ਹਨ ।
ਅਰੂਜ਼ ਦੀਆਂ ਕੁੱਲ ਉੱਨੀ ਬਹਿਰਾਂ ਵਿੱਚੋਂ ਸੱਤ ਮੁਫ਼ਰਦ ਅਤੇ ਬਾਕੀ ਦੀਆਂ ਬਾਰਾਂ ਮੁਰੱਕਬ ਬਹਿਰਾਂ ਹਨ । ਸੱਤ ਮੁਫ਼ਰਦ ਬਹਿਰਾਂ ਅਰੂਜ਼ ਦੇ ਸੱਤ ਰੁਕਨਾਂ ਮੁਫਾਈਲੁਨ, ਫਾਇਲਾਤੁਨ, ਮੁਸਤਫਇਲੁਨ, ਮੁਤੁਫਾਇਲੁਨ, ਮੁਫਾਇਲਤੁਨ, ਫਾਇਲੁਨ, ਫਊਲੁਨ ਨੂੰ ਦੁਹਰਾਉਣ ਨਾਲ ਬਣਦੀਆਂ ਹਨ । ਅੱਠਵਾਂ ਰੁਕਨ ਮਫਊਲਾਤ ਇਕੱਲਾ ਕੋਈ ਬਹਿਰ ਨਹੀ ਬਣਾਉਂਦਾ ਸਗੋਂ ਇਹ ਕਿਸੇ ਦੂਸਰੇ ਰੁਕਨ ਦੇ ਨਾਲ ਲੱਗ ਕੇ ਕੋਈ ਬਹਿਰ ਬਣਾਉਂਦਾ ਹੈ ।

ਮੁਫ਼ਰਦ ਬਹਿਰਾਂ ਦਾ ਵੇਰਵਾ ਇਸ ਪ੍ਰਕਾਰ ਹੈ
1..ਬਹਿਰ ਹਜ਼ਜ
ਹਜ਼ਜ ਦਾ ਅਰਬੀ ਭਾਸ਼ਾ ਵਿਚ ਅਰਥ ਮਨਮੋਹਣੀ ਜਾਂ ਦਿਲਕਸ਼ ਹੁੰਦਾ ਹੈ । ਮੁਫਾਈਲੁਨ ਰੁਕਨ ਦੀ ਬਣਤਰ ਹੀ ਇਹੋ ਜਿਹੀ ਹੈ ਕਿ ਇਸ ਦੀ ਧੁਨੀ ਕੰਨਾਂ ਨੂੰ ਬਹੁਤ ਸੁਰੀਲੀ ਅਤੇ ਦਿਲਕਸ਼ ਲਗਦੀ ਹੈ । ਏਸ ਦੀ ਸੰਗੀਤਆਤਮਕ ਧੁਨੀ ਵਾਸਤੇ ਹੀ ਇਹ ਬਹਿਰ ਅਰਬੀ, ਫਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਬੜੀ ਹਰਮਨ-ਪਿਆਰੀ ਬਹਿਰ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ
ਚਾਰ ਮੁਫਾਈਲੁਨ
ਮੁਫਾਈਲੁਨ ਮੁਫਾਈਲੁਨ ਮੁਫਾਈਲੁਨ ਮੁਫਾਈਲੁਨ
ISSS           ISSS              ISSS             ISSS

2. ਬਹਿਰ ਰਮਲ
ਰਮਲ ਦਾ ਅਰਬੀ ਭਾਸ਼ਾ ਵਿਚ ਅਰਥ ਹੈ ਮਿਜ਼ਾਜ ਨਾਲ ਤੁਰਨਾ ਜਾਂ ਸ਼ੋਖੀ ਨਾਲ ਤੁਰਨਾ । ਜਿਵੇਂ ਪੰਜਾਬੀ ਵਿਚ ਕਹਿ ਦਿੱਤਾ ਜਾਂਦਾ ਹੈ, ਤੋਰ ਪੰਜਾਬਣ ਦੀ ਜਾਂ ਫੇਰ ਦੋ ਪੈਰ ਘੱਟ ਤੁਰਨਾ ਪਰ ਤੁਰਨਾਂ ਮੜ੍ਹਕ ਦੇ ਨਾਲ । ਇਹ ਬਹਿਰ ਫਾਇਲਾਤੁਨ ਰੁਕਨ ਨਾਲ ਬਣਦੀ ਹੈ । ਇਹ ਬਹਿਰ ਵੀ ਉਰਦੂ, ਫਾਰਸੀ, ਅਤੇ ਪੰਜਾਬੀ ਭਾਸ਼ਾਵਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਬਹਿਰ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ
ਫਾਇਲਾਤੁਨ ਫਾਇਲਾਤੁਨ ਫਾਇਲਾਤੁਨ ਫਾਇਲਾਤੁਨ
SISS               SISS            SISS             SISS

ਇਹਨਾਂ ਦੋਨਾਂ ਬਹਿਰਾਂ ਨੂੰ ਯਾਦ ਰੱਖਣ ਵਾਸਤੇ ਇਨ੍ਹਾਂ ਦੋਹਾਂ ਨੂੰ ਕਾਵਿ ਬੰਦ ਕਰ ਦਿੱਤਾ ਗਿਆ ਹੈ ।
"ਰਮਲ ਬਹਿਰ ਹੁੰਦੀ ਸ਼ੁਰੂ, ਫਾਇਲਾਤੁਨ ਦੇ ਨਾਲ,
ਕ੍ਰਿਸ਼ਨ ਮੁਫਾਈਲੁਨ ਰੁਕਨ ਹੈ, ਹਜ਼ਜ ਬਹਿਰ ਦੀ ਚਾਲ ।"

3 ਬਹਿਰ ਰਜਜ
ਰਜਜ ਦਾ ਅਰਬੀ ਭਾਸ਼ਾ ਵਿਚ ਅਰਥ ਹੈ ਬੇਚੈਨੀ  ਜਾਂ ਘਬਰਾਹਟ । ਇਸ ਬਹਿਰ ਵਿੱਚ ਵੀਰ-ਰਸੀ ਕਵਿਤਾਵਾਂ ਰਚੀਆਂ ਜਾਂਦੀਆਂ ਹਨ । ਇਸ ਰੁਕਨ ਦੀ ਬਣਤਰ ਵੀ ਜੰਗ-ਜੂ ਅੰਦਾਜ਼ ਦੀ ਹੈ ।
ਇਸ ਦਾ ਰੁਕਨ ਮੁਸਤਫ਼ਇਲੁਨ ਹੈ ਅਤੇ ਇਸ ਦੀ ਬਣਤਰ ਇਸ ਤਰ੍ਹਾਂ ਹੈ ।
ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ
SSIS                    SSIS       SSIS            SSIS

4. ਬਹਿਰ ਕਾਮਿਲ
ਕਾਮਿਲ ਦਾ ਅਰਥ ਹੈ, ਪੂਰਨ ਜਾਂ ਮੁਕੰਮਲ । ਇਹ ਬਹਿਰ ਬਿਲਕੁਲ ਉਸੇ ਤਰ੍ਹਾਂ ਕਹੀ ਜਾਂਦੀ ਹੈ ਜਿਸ ਤਰ੍ਹਾਂ ਖਲੀਲ ਬਿਨ ਅਹਿਮਦ ਨੇ ਬਣਾਈ ਸੀ, ਇਸ ਤੇ ਕੋਈ ਵੀ ਜਿਹਾਫ਼ ਲਾਗੂ ਨਹੀ ਹੁੰਦਾ । ਇਹ ਮੁਤੁਫਾਇਲੁਨ ਰੁਕਨ ਤੋਂ ਬਣਦੀ ਹੈ । ਮੁਤੁਫਾਇਲੁਨ ਰੁਕਨ ਵਿਚ ਦੋ ਸਬਬ ਸਕੀਲ ਯਾਨੀ ਮੁਤਹੱਰਕ ਅੱਖਰ ਹਨ , ਜਿਨ੍ਹਾਂ ਦਾ ਪੰਜਾਬੀ ਵਿੱਚ ਉਚਾਰਨ ਮੁਸ਼ਕਲ ਹੁੰਦਾ ਹੈ । ਜੇ ਇਸ ਨੂ  ਪੰਜਾਬੀ ਵਿੱਚ ਲਿਖਿਆ ਵੀ ਜਾਵੇ ਤਾਂ ਮੁਢਲੇ ਸ਼ਬਦ ਦੀਆਂ ਦੋ ਦੀਰਘ ਲਗਾਂ ਗਿਰਾਉਣੀਆਂ ਪੈਂਦੀਆਂ ਹਨ । ਕਾਮਿਲ ਬਹਿਰ ਦੀ ਬਣਤਰ ਇਸ ਤਰ੍ਹਾਂ ਹੈ ।
ਮੁਤੁਫਾਇਲੁਨ ਮੁਤੁਫਾਇਲੁਨ ਮੁਤੁਫਾਇਲੁਨ ਮੁਤੁਫਾਇਲੁਨ
IISIS               IISIS              IISIS             IISIS

ਬਹਿਰ ਰਜ਼ਜ ਅਤੇ ਬਹਿਰ ਕਾਮਿਲ ਨੂੰ ਯਾਦ ਕਰਨ ਵਾਸਤੇ--
"ਰਜਜ ਬਹਿਰ ਮੁਸਤਫ਼ਇਲੁਨ, ਇਸ ਦਾ ਰੁਕਨ ਪਛਾਣ,
ਮੁਤੁਫਾਇਲੁਨ ਰੁਕਨ ਹੈ, ਜੋ ਇਸ ਨੂੰ ਕਾਮਿਲ ਜਾਣ ।"

5. ਬਹਿਰ ਵਾਫਿਰ--
ਵਾਫ਼ਿਰ ਦਾ ਅਰਥ ਹੈ, ਅਧਿਕ ਜਾਂ ਵਾਧੂ । ਇਸ ਬਹਿਰ ਦਾ ਨਾਮ ਵਾਫ਼ਿਰ ਇਸ ਕਰ ਕੇ ਪਿਆ ਹੈ ਕਿ ਇਸ ਵਿੱਚ ਹਰਕਤਾਂ ਭਾਵ ਮੁਤਹੱਰਕ ਅੱਖਰਾਂ ਦੀ ਅਧਿੱਕ ਵਰਤੋਂ ਹੁੰਦੀ ਹੈ । ਮੁਫਾਇਲਤੁਨ ਸੱਤ ਅੱਖਰੀ ਰੁਕਨ ਵਿਚ ਪੰਜ ਮੁਤਹੱਰਕ ਅੱਖਰ ਹਨ , ਸਿਰਫ਼ ਦੋ ਅੱਖਰ ਹੀ ਸਾਕਿਨ ਹਨ । ਕੁਝ ਸਾਲ ਪਹਿਲਾਂ ਇਸ ਨੂੰ ਪੰਜਾਬੀ ਵਿੱਚ ਲਿਖਣਾ ਲੱਗਪੱਗ ਅਸੰਭਵ ਹੀ ਸਮਝਿਆ ਜਾਂਦਾ ਸੀ । ਇੱਥੋਂ ਤਕ ਕਿ ਉਸਤਾਦ ਦੀਪਕ ਜੈਤੋਈ ਸਾਹਿਬ ਨੇ ਵੀ ਕਹਿ ਦਿੱਤਾ ਸੀ ਕਿ ਬਹਿਰ ਵਾਫ਼ਿਰ ਪੰਜਾਬੀ ਵਿੱਚ ਵਰਤਣੀ ਅਸੰਭਵ ਹੈ । ਪਰ ਅਸੀਂ ਤੇ ਸ਼ਾਇਰ ਦਵਿੰਦਰ ਪੂਨੀਆ ਨੇ ਸਫ਼ਲਤਾ ਸਹਿਤ ਏਸ ਬਹਿਰ ਨੂੰ ਪੰਜਾਬੀ ਵਿੱਚ ਨਿਭਾਇਆ ਹੈ । ਸ਼ਿਅਰਾਂ ਦੀ ਉਦਾਹਰਣਾਂ ਕਿਸੇ ਅਗਲੇ ਲੇਖ ਵਿਚ ਦਿਆਂਗੇ । ਬਹਿਰ ਵਾਫਿਰ ਮੁਫਾਇਲੁਤੁਨ ਰੁਕਨ ਤੋਂ ਬਣਦੀ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ ।

ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ
ISIIS                 ISIIS         ISIIS ISIIS

"ਪੰਜਾਬੀ ਦੀ ਸ਼ਾਇਰੀ, ਇਸ ਤੋਂ ਹੈ ਅਣਜਾਣ,
ਮੁਫਇਲਤੁਨ  ਦ ਰੁਕਨ ਹੈ, ਵਾਫਿਰ ਦੀ ਪਹਿਚਾਣ।"

ਪਹਿਲਾਂ ਬਿਆਨ ਕੀਤੀਆਂ ਪੰਜ ਬਹਿਰਾਂ ਸੱਤ ਅੱਖਰੀ ਰੁਕਨ ਤੋਂ ਬਣਦੀਆਂ ਹਨ । ਦੋ ਬਹਿਰਾਂ, ਬਹਿਰ ਮੁਤਕਾਰਿਬ ਅਤੇ ਬਹਿਰ ਮੁਤਦਾਰਿਕ ਪੰਜ ਅੱਖਰੀ ਰੁਕਨਾਂ ਤੋਂ ਬਣਦੀਆਂ ਹਨ , ਜਿਹੜੇ ਕਰਮਵਾਰ ਫਊਲੁਨ ਅਤੇ ਫਾਇਲੁਨ ਰੁਕਨ ਹਨ ।

6. ਬਹਿਰ ਮੁਤਕਾਰਿਬ
ਅਰਬੀ ਭਾਸ਼ਾ ਵਿੱਚ  ਮੁਤਕਾਰਿਬ ਦਾ ਅਰਥ ਨੇੜੇ ਹੋਣਾ ਹੁੰਦਾ ਹੈ । ਪੰਜ ਅੱਖਰੀ ਰੁਕਨ ਫਊਲੁਨ ਤੋਂ ਬਹਿਰ ਮੁਤਕਾਰਿਬ ਬਣਦੀ ਹੈ । ਪੰਜ ਅੱਖਰੀ ਰੁਕਨ ਹੋਣ ਕਰਕੇ ਉਚਾਰਣ ਸਮੇਂ ਇਹ ਨੇੜੇ ਨੇੜੇ ਲਗਦੇ ਹਨ । ਇਸ ਕਰਕੇ ਇਸ ਬਹਿਰ ਦਾ ਨਾਮ ਮੁਤਕਾਰਿਬ ਪੈ ਗਿਆ । ਅਰਬੀ ਸ਼ਬਦ ਕੁਰਬ ਜਿਸਦਾ ਅਰਥ ਨਜ਼ਦੀਕ ਹੁੰਦਾ ਹੈ , ਇਸ ਤਰ੍ਹਾਂ ਹੀ ਕੁਰਬ ਤੋਂ ਕੁਰਬਤ ਬਣਿਆ, ਜਿਸਦਾ ਅਰਥ ਨੇੜਤਾ ਹੁੰਦਾ ਹੈ  ਅਤੇ ਇਸ ਤੋਂ ਹੀ ਇਸ ਬਹਿਰ ਨੂੰ ਇਹ ਨਾਮ ਮਿਲਿਆ ਹੈ । ਇਸ ਬਹਿਰ ਦੀ ਬਣਤਰ --
ਫਊਲੁਨ ਫਊਲੁਨ ਫਊਲੁਨ ਫਊਲੁਨ
ISS             ISS     ISS   ISS
ਇਸ ਨੂੰ ਯਾਦ ਰੱਖਣ ਵਾਸਤੇ-
"ਜੇਕਰ ਚਾਹੋਂ ਜਾਨਣੀ, ਮੁਤਕਾਰਿਬ ਦੀ ਚਾਲ,
ਮੁਤਕਾਰਿਬ ਜੋ ਬਹਿਰ ਹੈ, ਬਣਦੀ ਫਊਲੁਨ ਨਾਲ ।"

7 ਬਹਿਰ ਮੁਤਦਾਰਿਕ
ਅਰਬੀ ਭਾਸ਼ਾ ਵਿਚ ਮੁਤਦਾਰਿਕ ਦਾ ਅਰਥ ਮਿਲਣ ਵਾਲਾ ਹੁੰਦਾ ਹੈ । ਅਬੁਲ ਹਸਨ ਅਖ਼ਫ਼ਸ਼ ਨੇ ਇਸ ਨੂੰ  ਖ਼ਲੀਲ ਬਿਨ ਅਹਿਮਦ ਤੋਂ ਬਾਦ ਈਜ਼ਾਦ ਕੀਤਾ ਅਤੇ ਇਸ ਤਰ੍ਹਾਂ ਇਹ ਬਹਿਰ ਖਲੀਲ ਬਿਨ ਅਹਿਮਿਦ ਦੀਆਂ ਈਜ਼ਾਦ ਕੀਤੀਆਂ ਬਹਿਰਾਂ ਨਾਲ ਮਿਲ ਗਈ । ਇਸੇ ਕਰਕੇ ਇਸ ਬਹਿਰ ਦਾ ਨਾਮ ਮੁਤਦਾਰਿਕ ਪੈ ਗਿਆ । ਇਸ ਬਹਿਰ ਦੀ ਬਣਤਰ ਇਸ ਤਰ੍ਹਾਂ ਹੈ ।
ਫਾਇਲੁਨ ਫਾਇਲੁਨ ਫਾਇਲੁਨ ਫਾਇਲੁਨ
SIS           SIS SIS           SIS

ਮੁਤਦਾਰਿਕ ਇਸ ਦਾ ਨਾਮ ਹੈ, ਏਨਾਂ ਰੱਖੋ ਖਿਆਲ,
ਬਣਦੀ ਫਾਇਲੁਨ ਰੁਕਨ ਤੋਂ, ਏਸ ਬਹਿਰ ਦੀ ਚਾਲ ।"

ਇਸ ਤਰ੍ਹਾਂ ਦੋਸਤੋ ਤੁਸੀਂ ਦੇਖ ਲਿਆ ਹੈ ਕਿ ਅਰੂਜ਼ ਦੀਆਂ ਸੱਤ ਮੁਫਰਦ ਬਹਿਰਾਂ ਇਕ ਇਕ ਰੁਕਨ ਤੋਂ ਬਣਦੀਆਂ ਹਨ । ਅੱਠਵਾਂ ਰੁਕਨ ਮਫ਼ਊਲਾਤ ਇਕੱਲਾ ਕੋਈ ਬਹਿਰ ਨਹੀ ਬਣਾਉਂਦਾ । ਮਫ਼ਊਲਾਤ ਦੂਸਰੇ ਰੁਕਨਾਂ ਦੇ ਨਾਲ ਮਿਲ ਕੇ ਮਰੱਕਬ ਬਹਿਰ ਬਣਾਉਂਦਾ ਹੈ । ਮੁਰੱਕਬ ਬਹਿਰ ਦਾ ਜ਼ਿਕਰ ਅੱਗੇ ਚੱਲ ਕੇ ਕਰਾਂਗੇ ।
ਕ੍ਰਿਸ਼ਨ ਭਨੋਟ
..................................

ਮੁਰੱਕਬ ਬਹਿਰਾਂ-- ਮੁਰੱਕਬ ਬਹਿਰਾਂ ਦੋ ਦੋ ਰੁਕਨਾਂ ਦੇ ਸੁਮੇਲ ਤੋਂ ਬਣਦੀਆਂ ਹਨ ।

8 ਬਹਿਰ ਮੁਜਸਤ--
ਮੁਜਸਤ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਸ਼ਾਬਦਿਕ ਅਰਥ ਜੜੋਂ ਉਖਾੜ੍ਹਨਾ ਹੁੰਦਾ ਹੈ । ਇਸ ਬਹਿਰ ਦਾ ਨਾਂ ਮੁਜਸਤ ਇਸ ਕਰਕੇ ਪਿਆ ਹੈ ਕਿ ਇਹ ਬਹਿਰ ਖ਼ਫੀਫ਼ ਵਿੱਚੋਂ ਕੱਢੀ ਗਈ ਹੈ । ਇਹ ਦੋ ਰੁਕਨਾਂ ਦੇ ਸੁਮੇਲ ਤੋਂ ਬਣਾਈ ਗਈ ਹੈ । ਇਸ ਬਹਿਰ ਦੇ ਅਰਕਾਨ ਹਨ--

ਮੁਸਤਫ਼ਇਲੁਨ ਫਾਇਲਾਤੁਨ ਮੁਸਤਫ਼ਇਲੁਨ ਫਾਇਲਾਤੁਨ
SSIS            SISS          SSIS     SISS

ਇਹ ਬਹਿਰ ਉਰਦੂ ਵਿੱਚ ਸਾਲਿਮ ਨਹੀ ਮਿਲਦੀ , ਜਿਹਾਫ਼ਾਂ ਨਾਲ ਮਿਲਦੀ ਹੈ , ਅਤੇ ਉਰਦੂ ਵਿੱਚ ਬੜੀ ਹਰਮਨ ਪਿਆਰੀ ਹੈ । ਪੰਜਾਬੀ  ਸ਼ਾਇਰਾਂ ਨੇ ਵੀ ਇਸ ਬਹਿਰ ਵਿੱਚ ਗ਼ਜ਼ਲਾਂ ਕਹੀਆਂ ਹਨ ।

9 ਬਹਿਰ ਮੁਜ਼ਾਰਿਆ
ਮੁਜ਼ਾਰਿਆ ਦਾ ਅਰਬੀ ਭਾਸ਼ਾ ਵਿੱਚ ਅਰਥ, ਕਿਸੇ ਵਰਗਾ ਹੋਣਾ, ਕਿਸੇ ਦੇ ਸਮਰੂਪ ਹੋਣਾ ਹੈ । ਕਈ ਵਿਦਵਾਨ ਇਸ ਨੂੰ ਹਜ਼ਜ ਬਹਿਰ ਵਰਗੀ ਮੰਨਦੇ ਹਨ ਅਤੇ ਕਈ ਵਿਦਵਾਨ ਬਹਿਰ ਮੁਨਸਰਿਹ ਵਰਗੀ । ਏਸੇ ਅਧਾਰ ਤੇ ਇਸ ਬਹਿਰ ਦਾ ਨਾਮ ਬਹਿਰ ਮੁਜ਼ਾਰਿਆ ਰੱਖਿਆ ਗਿਆ ਹੈ । ਇਹ ਬਹਿਰ ਪੰਜਾਬੀ ਵਿਚ ਘੱਟ ਵਰਤੀ ਗਈ ਹੈ ਪਰ ਇਸ ਦੇ ਦੋ ਕੁ ਜਿਹਾਫ਼ੇ ਰੂਪ ਪੰਜਾਬੀ ਵਿੱਚ ਬੜੇ ਹਰਮਨ ਪਿਆਰੇ ਹਨ । ਇਸ ਦੇ ਅਰਕਾਨ ਹਨ.
ਮੁਫਾਈਲੁਨ ਫਾਇਲਾਤੁਨ ਮੁਫਾਈਲੁਨ ਫਾਇਲਾਤੁਨ
ISSS           SISS             ISSS            SISS

10. ਬਹਿਰ ਮੁਨਸਰਿਹ
ਮੁਨਸਰਿਹ ਦਾ ਅਰਬੀ ਭਾਸ਼ਾ  ਵਿੱਚ ਅਰਥ ਸੌਖਾ ਸਰਲ ਜਾਂ ਅਸਾਨ ਹੈ । ਮੁਨਸਰਿਹ ਦਾ ਇੱਕ ਅਰਥ ਕੱਪੜਿਆਂ ਤੋਂ ਬਾਹਰ ਹੋਣਾ ਵੀ ਹੁੰਦਾ ਹੈ । ਕਿਸੇ ਟਾਂਵੇਂ ਵਿਰਲੇ ਸ਼ਾਇਰ ਨੇ  ਹੀ ਇਸ ਬਹਿਰ ਵਿੱਚ ਗ਼ਜ਼ਲ ਕਹੀ ਹੈ । ਇਹ ਬਹਿਰ ਦੋ ਰੁਕਨਾਂ  ਮੁਸਤਫ਼ਇਲੁਨ ਅਤੇ ਮਫ਼ਊਲਾਤ ਤੋਂ ਬਣੀ ਹੈ । ਇਸ ਬਹਿਰ ਦੇ ਅਰਕਾਨ ਹਨ-
ਮੁਸਤਫ਼ਇਲੁਨ ਮਫ਼ਊਲਾਤ ਮੁਸਤਫ਼ਇਲੁਨ ਮਫ਼ਊਲਾਤ
SSIS                 SSSI SSIS    SSSI

11 ਬਹਿਰ ਮੁਕਤਜ਼ਬ
ਮੁਕਤਜ਼ਬ ਦਾ ਅਰਬੀ ਭਾਸ਼ਾ ਵਿੱਚ ਅਰਥ ਹੈ ਕੱਟਣਾ । ਬਹਿਰ ਮੁਕਤਜ਼ਬ ਦਾ ਇਹ ਨਾਂ ਇਸ ਕਰਕੇ ਪਿਆ ਕਿ ਇਹ ਬਹਿਰ ਮੁਨਸਰਿਹ ਚੋਂ ਕੱਟ ਕੇ ਕੱਢੀ ਗਈ ਹੈ । ਬਹਿਰ ਮੁਨਸਰਿਹ ਦੇ ਰੁਕਨ ਕ੍ਰਮਵਾਰ ਮੁਸਤਫ਼ਇਲੁਨ ਮਫ਼ਊਲਾਤ ਦੋ ਵਾਰ ਦੁਹਰਾਏ ਗਏ ਹਨ । ਏਸ ਬਹਿਰ ਵਿਚ ਇਨ੍ਹਾਂ ਰੁਕਨਾਂ ਦੀ ਤਰਤੀਬ ਉਲਟਾ ਦਿੱਤੀ ਗਈ ਹੈ ।  ਬਹਿਰ ਮੁਕਤਜ਼ਬ ਦੇ ਰੁਕਨ ਹਨ--
ਮਫ਼ਊਲਾਤ ਮੁਸਤਫ਼ਇਲੁਨ ਮਫ਼ਊਲਾਤ ਮੁਸਤਫ਼ਇਲੁਨ
SSSI       SSIS            SSSI    SSIS
ਇਹ ਬਹਿਰ ਵੀ ਪੰਜਾਬੀ ਵਿਚ ਕਿਸੇ ਇਕ ਅੱਧੇ ਸ਼ਾਇਰ ਨੇ ਹੀ ਕਹੀ ਹੈ । ਇਸ ਕਰਕੇ ਇਹ ਬਹਿਰ ਵੀ ਪੰਜਾਬੀ ਵਿੱਚ ਬਹੁਤੀ ਪ੍ਰਚਲਿਤ ਨਹੀ ਹੈ ।
12 ਬਹਿਰ ਤਵੀਲ
ਤਵੀਲ ਦਾ ਅਰਬੀ ਸ਼ਬਦਾਰਥ 'ਲੰਮੀ' ਹੁੰਦਾ ਹੈ । ਇਸ ਬਹਿਰ ਦਾ ਨਾਮ ਬਹਿਰ ਤਵੀਲ ਇਸੇ ਕਰਕੇ ਪਿਆ ਕਿ ਜਦੋਂ ਅਰਬ ਵਿੱਚ ਸ਼ਾਇਰ ਲੋਕ ਸ਼ਿਅਰ ਕਹਿਣ ਲੱਗੇ ਤਾਂ ਇਸ ਬਹਿਰ ਨਾਲੋਂ ਲੰਮੀ ਹੋਰ ਕੋਈ ਵੀ ਬਹਿਰ ਨਹੀ ਸੀ । ਮਗਰੋਂ ਜਾ ਕੇ ਇਸ ਨਾਲੋਂ ਵੀ ਹੋਰ ਕਿਤੇ ਲੰਮੀਆਂ ਬਹਿਰਾਂ ਵਰਤੀਆਂ ਜਾਣ ਲੱਗ ਪਈਆਂ । ਇਹ ਬਹਿਰ ਫ਼ਊ਼ੁਲੁਨ ਅਤੇ ਮੁਫਾਈਲੁਨ ਰੁਕਨ ਤੋਂ ਮਿਲ ਕੇ ਬਣੀ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ--
ਫ਼ਊਲੁਨ ਮੁਫਾਈਲੁਨ ਫ਼ਊਲੁਨ ਮੂਫਾਈਲੁਨ
ISS            ISSS            ISS ISSS

13 ਬਹਿਰ ਮਦੀਦ
ਮਦੀਦ ਦਾ ਅਰਬੀ ਭਾਸ਼ਾ ਵਿਚ ਅਰਥ ਹੈ 'ਖਿੱਚਣਾ' । ਇਸ ਬਹਿਰ ਦਾ ਨਾਮ ਬਹਿਰ ਮਦੀਦ ਇਸ ਕਰਕੇ ਰੱਖਿਆ ਗਿਆ ਕਿ ਇਹ ਬਹਿਰ ਤਵੀਲ ਚੋਂ ਖਿੱਚ ਕੇ ਬਣਾਈ ਗਈ ਹੈ । ਇਹ ਬਹਿਰ ਅਰਬੀ ਵਿੱਚ ਹੀ ਕਹੀ ਜਾਂਦੀ ਹੈ । ਉਰਦੂ ਫਾਰਸੀ ਵਿੱਚ ਵੀ ਜਿਆਦਾ ਹਰਮਨ ਪਿਆਰੀ ਨਹੀ । ਇਸ ਦੇ ਰੁਕਨ  ਹਨ--
ਫਾਇਲਾਤੁਨ ਫਾਇਲੁਨ ਫਾਇਲਾਤੁਨ ਫਾਇਲੁਨ
SISS            SIS SISS           SIS

14. ਬਹਿਰ ਬਸੀਤ
ਬਸੀਤ ਦਾ ਅਰਬੀ ਭਾਸ਼ਾ ਵਿੱਚ ਅਰਥ ਹੈ ਵਿਛਿਆ ਹੋਇਆ । ਇਸ ਬਹਿਰ ਦੇ ਰੁਕਨ ਜਦੋਂ ਉਚਾਰੇ ਜਾਂਦੇ ਹਨ ਤਾਂ ਇਉਂ ਲਗਦਾ ਹੈ ਜਿਵੇਂ ਸ਼ਬਦ ਵਿਛੇ ਹੋਏ ਹੋਣ । ਇਸ ਦੇ ਰੁਕਨ ਹਨ-
ਮੁਸਤਫ਼ਇਲੁਨ ਫਾਇਲੁਨ ਮੁਸਤਫ਼ਇਲੁਨ ਫਾਇਲੁਨ
SSIS           SIS          SSIS SIS
ਇਹ ਬਹਿਰ ਵੀ ਪੰਜਾਬੀ ਵਿੱਚ ਪ੍ਰਚਲਿਤ ਨਹੀ ਹੈ ।

ਉਪਰੋਕ ਸੱਤ ਮੁਰੱਕਬ ਬਹਿਰਾਂ ਅੱਠ ਅੱਠ ਰੁਕਨਾਂ ਤੋਂ ਬਣੀਆਂ ਹੋਈਆਂ ਹਨ, ਅਰਥਾਤ ਸ਼ਿਅਰ ਵਿੱਚ ਅੱਠ ਰੁਕਨ ਵਰਤੇ ਜਾਂਦੇ ਹਨ ।ਇਕ ਮਿਸਰੇ ਵਿੱਚ ਚਾਰ ਚਾਰ ਰੁਕਨ ਹੋਣ ਤਾਂ ਬਹਿਰ ਨੂੰ ਮੁਸੱਮਨ ਬਹਿਰ ਕਿਹਾ ਜਾਂਦਾ ਹੈ । ਮੁਸੱਮਨ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਅੱਠ ਹੁੰਦਾ ਹੈ ।
ਹੁਣ ਅਸੀਂ ਪੰਜ ਹੋਰ ਮੁਕਰੱਬ ਬਹਿਰਾਂ ਬਾਰੇ ਚਰਚਾ ਕਰਾਂਗੇ, ਜਿਨ੍ਹਾਂ ਨੁੰ ਮੁਸੱਦਸ ਬਹਿਰਾਂ ਕਿਹਾ ਜਾਂਦਾ ਹੈ । ਮੁਸੱਦਸ ਦਾ ਅਰਥ ਅਰਬੀ ਵਿੱਚ ਛੇ ਹੁੰਦਾ ਹੈ । ਜਿਸ ਦਾ ਭਾਵ ਇਹ ਹੈ ਕਿ ਇਹ ਛੇ ਰੁਕਨੀਂ ਬਹਿਰਾਂ ਹਨ ।

15 ਬਹਿਰ ਸਰੀਅ
ਸਰੀਅ ਦਾ ਅਰਥ ਹੈ ਛੇਤੀ ਯਾਨੀ ਜਲਦੀ । ਇਸ ਬਹਿਰ ਦੇ ਰੁਕਨ ਅਜੇਹੇ ਹਨ, ਜਿਹੜੇ ਪੜ੍ਹਨ ਸਮੇਂ ਛੇਤੀ ਉਚਾਰੇ ਜਾਂਦੇ ਹਨ । ਏਸ ਕਰਕੇ ਇਸ ਬਹਿਰ ਦਾ ਨਾਮ ਸਰੀਅ ਰੱਖਿਆ ਗਿਆ ਹੈ । ਇਹ ਬਹਿਰ ਵੀ ਪੰਜਾਬੀ ਵਿੱਚ ਸਾਲਮ ਨਹੀ ਵਰਤੀ ਜਾਂਦੀ । ਇਸ ਦਾ ਇੱਕ ਅੱਧਾ ਜਿਹਾਫ਼ਿਆ ਰੂਪ ਕਿਸੇ ਕਿਸੇ ਪੰਜਾਬੀ ਸ਼ਾਇਰ ਨੇ ਵਰਤਿਆ ਹੈ । ਬਹਿਰ ਸਰੀਅ ਦੇ ਰੁਕਨ ਹਨ--
ਮੁਸਤਫ਼ਇਲੁਨ ਮੁਸਤਫ਼ਇਲੁਨ ਮਫ਼ਊਲਾਤ
SSIS             SSIS            SSSI

16. ਬਹਿਰ ਖਫ਼ੀਫ
ਖਫ਼ੀਫ ਦਾ ਅਰਥ ਹੈ ਹਲਕੀ ਫੁਲਕੀ । ਬਹਿਰ ਖਫ਼ੀਫ ਛੇ ਰੁਕਨੀਂ  ਯਾਨੀ ਮੁਸੱਦਸ ਬਹਿਰ ਹੈ । ਇਸ ਦੇ ਰੁਕਨ ਵੀ ਬੜੀ ਅਸਾਨੀ ਨਾਲ ਉਚਾਰੇ ਜਾਂਦੇ ਹਨ, ਭਾਵ ਉਚਾਰਨ ਸਮੇਂ ਬੋਝਲ ਨਹੀ ਲਗਦੇ । ਇਸ ਦੇ ਏਸੇ ਗੁਣ ਕਰਕੇ ਇਸ ਦਾ ਨਾਮ ਖਫ਼ੀਫ ਰੱਖਿਆ ਗਿਆ ਹੈ । ਬਹਿਰ ਖਫ਼ੀਫ ਵੀ ਪੰਜਾਬੀ ਵਿੱਚ ਸਾਲਮ ਨਹੀ ਵਰਤੀ ਜਾਂਦੀ । ਇਸ ਦਾ ਵੀ ਇੱਕ ਜਿਹਾਫ਼ਿਆ ਰੂਪ ਹੈ ਜਿਹੜਾ ਪੰਜਾਬੀ ਵਿੱਚ ਬਹੁਤ ਹਰਮਨ ਪਿਆਰਾ ਹੈ । ਉਰਦੂ ਫਾਰਸੀ ਵਿੱਚ ਇਹ ਬਹਿਰ ਬੜੀ ਮਕ਼ਬੂਲ ਹੈ । ਇਸ ਦੇ ਰੁਕਨ ਹਨ--
ਫਾਇਲਾਤੁਨ ਮੁਸਤਫ਼ਇਲੁਨ ਫਾਇਲਾਤੁਨ
SISS               SSIS            SISS

17 ਬਹਿਰ ਕਰੀਬ
ਬਹਿਰ ਕਰੀਬ ਖਲੀਲ ਬਿਨ ਅਹਿਮਦ ਤੋਂ ਲਗਪਗ ਇਕ ਹਜ਼ਾਰ ਸਾਲ ਪਿੱਛੋਂ ਅਠਾਰਵੀਂ ਸਦੀ ਵਿੱਚ ਮੌਲਾਨਾ ਯੁਸਫ਼ ਨੇਸ਼ਾਪੁਰੀ ਨੇ ਈਜਾਦ ਕੀਤੀ ਸੀ । ਕਰੀਬ ਦਾ ਅਰਥ ਹੈ ਨੇੜੇ ਜਾਂ ਨਜ਼ਦੀਕ । ਕਿਉਂ ਕਿ ਇਹ ਬਹਿਰ, ਬਹਿਰ ਮੁਜ਼ਾਰਿਆ ਅਤੇ ਬਹਿਰ ਹਜਜ ਦੇ ਬਹੁਤ ਨੇੜੇ ਹੈ ਇਸ ਕਰਕੇ ਇਸ ਦਾ ਨਾਮ ਕਰੀਬ ਰੱਖਿਆ ਗਿਆ । ਇਸ ਦੇ ਰੁਕਨ--
ਮੁਫਾਈਲੁਨ ਮੁਫਾਈਲੁਨ ਫਾਇਲਾਤੁਨ
 ਬਹਿਰ ਹਜ਼ਜ਼ ਦੇ ਰੁਕਨ ਮੁਫਾਈਲੁਨ ਅਤੇ ਬਹਿਰ ਮੁਜ਼ਾਰਿਆ ਦੇ ਰੁਕਨ ਫਾਇਲਾਤੁਨ ਮੁਫਾਈਲੁਨ ਫਾਇਲਾਤੁਨ ਹਨ, ਜਿਹੜੇ ਕਿ ਬਹਿਰ ਕਰੀਬ ਦੇ ਰੁਕਨਾਂ ਵਰਗੇ ਹੀ ਹਨ । ਬਹਿਰ ਕਰੀਬ ਪੰਜਾਬੀ ਵਿਚ ਵੀ ਬਹੁਤੀ ਪ੍ਰਚਲਿਤ ਨਹੀ ਹੈ । ਇਹ ਬਹਿਰ ਵੀ ਬਹਿਰ ਮੁਸੱਦਸ ਯਾਨੀ ਕਿ ਛੇ ਰੁਕਨੀ ਬਹਿਰ ਹੀ ਹੈ ।

18 ਬਹਿਰ ਮੁਸ਼ਾਕਲ
ਮੁਸ਼ਾਕਲ ਸ਼ਬਦ ਦਾ ਅਰਥ ਹੈ ਹਮਸ਼ਕਲ, ਜਿਸ ਤਰ੍ਹਾਂ ਦੋ ਜੌੜੇ ਬੱਚਿਆਂ ਦੀਆਂ ਸ਼ਕਲਾਂ ਆਪਸ ਵਿਚ ਰਲ਼ਦੀਆਂ ਮਿਲ਼ਦੀਆਂ ਹੁੰਦੀਆਂ ਹਨ । ਇਸੇ ਤਰ੍ਹਾਂ ਬਹਿਰ ਮੁਸ਼ਾਕਲ ਦੇ ਰੁਕਨ ਬਹਿਰ ਕਰੀਬ ਦੇ ਰੁਕਨਾਂ ਨਾਲ ਮਿਲਦੇ ਜੁਲਦੇ ਹੀ ਹਨ । ਇਸ ਤਰ੍ਹਾਂ ਬਹਿਰ ਮੁਸ਼ਾਕਲ ਬਹਿਰ ਕਰੀਬ ਦੀ ਹਮਸ਼ਕਲ ਹੀ ਹੈ । ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਹੈ ਕਿ ਬਹਿਰ ਕਰੀਬ ਦੇ ਰੁਕਨ ਹਨ ਮੁਫਾਈਲੁਨ, ਮੁਫਾਈਲੁਨ, ਫਾਇਲਾਤੁਨ । ਹੁਣ ਜੇ ਇਨ੍ਹਾਂ ਰੁਕਨਾਂ ਦੀ ਤਰਤੀਬ ਉਲਟ ਦੇਈਏ ਤਾਂ ਇਹ ਬਹਿਰ ਮੁਸ਼ਾਕਲ ਬਣ ਜਾਂਦੀ ਹੈ । ਇਸ ਤਰ੍ਹਾਂ ਬਹਿਰ ਮੁਸ਼ਾਕਲ ਦੇ ਰੁਕਨ ਹਨ--
ਫਾਇਲਾਤੁਨ ਮੁਫਾਈਲੁਨ ਮੁਫਾਈਲੁਨ
SISS               ISSS              ISSS

19 ਬਹਿਰ ਜਦੀਦ
ਜਦੀਦ ਦਾ ਅਰਥ ਹੈ, ਨਵਾਂ ਜਾਂ ਮੌਡਰਨ । ਇਸ ਬਹਿਰ ਦਾ ਇਹ ਨਾਮ ਏਸੇ ਕਰਕੇ ਹੀ ਪਿਆ ਹੈ ਕਿ ਇਹ ਬਹਿਰ ਅਰੂਜ਼ ਦੇ ਬਾਨੀ ਖਲੀਲ ਬਿਨ ਅਹਿਮਦ ਦੇ ਮਗਰੋਂ ਈਜਾਦ ਕੀਤੀ ਗਈ । ਯਾਦ ਰਹੇ ਕਿ ਬਹਿਰ ਮੁਸ਼ਾਕਲ ਅਤੇ ਬਹਿਰ ਜਦੀਦ ਇਰਾਨੀ ਅਰੂਜ਼ੀਆਂ  ਨੇ ਈਜਾਦ ਕੀਤੀਆਂ ਹਨ । ਇਹ ਬਹਿਰਾਂ ਅਰਬੀ ਜ਼ੁਬਾਨ ਵਿੱਚ ਨਹੀ ਵਰਤੀਆਂ ਜਾਦੀਆਂ । ਇਸ ਦੇ ਰੁਕਨ ਹਨ--
ਫਾਇਲਾਤੁਨ ਫਾਇਲਾਤੁਨ ਮੁਸਤਫ਼ਇਲੁਨ
SISS               SISS             SSIS

ਪਿਆਰੇ ਦੋਸਤੋ ਤੁਸੀਂ ਅਰੂਜ਼ ਦੀਆਂ 19 ਬਹਿਰਾਂ ਦਾ ਵੇਰਵਾ ਪੜ੍ਹ ਹੀ ਚੁੱਕੇ ਹੋ । ਉੱਨੀਂ ਬਹਿਰਾਂ ਨਾਲ ਜਿਹਾਫ਼ ਲਾ ਕੇ ਇਨ੍ਹਾਂ ਦੇ ਸੈਂਕੜੇ ਰੂਪ ਬਣ ਜਾਂਦੇ ਹਨ । ਕੋਈ ਵੀ ਵੱਡੇ ਤੋਂ ਵੱਡਾ ਸ਼ਾਇਰ ਇਹਨਾਂ ਬਹਿਰਾਂ ਦੇ ਸਾਰੇ ਰੂਪਾਂ ਵਿਚ ਸ਼ਿਅਰ ਨਹੀ ਕਹਿ ਸਕਿਆ । ਜੇ ਇਹ ਕਹਿ ਲਿਆ ਜਾਵੇ ਕਿ ਕੋਈ ਵੀ ਸ਼ਾਇਰ ਆਪਣੀ ਸਾਰੀ ਉਮਰ ਵਿੱਚ ਕਿਸੇ ਇੱਕ ਬਹਿਰ ਦੇ ਸਾਰੇ ਰੂਪ ਨਹੀ ਵਰਤ ਸਕਦਾ , ਤਾਂ ਕੋਈ ਅੱਤ-ਕਥਨੀ ਨਹੀ ਹੋਵੇਗੀ । ਇਕੱਲੀ ਬਹਿਰ ਹਜਜ ਦੇ ਲਗਪਗ ਅੱਸੀ ਰੁਪ ਬਣ ਜਾਂਦੇ ਹਨ । ਇਨ੍ਹਾਂ ਅਰੂਜ਼ੀ ਬਹਿਰਾਂ ਦੀ ਏਸੇ ਵਿਸ਼ਾਲਤਾ ਕਰਕੇ ਅਰੂਜ਼ੀ ਪਰਿਭਾਸ਼ਾ ਵਿੱਚ ਇਨ੍ਹਾਂ ਦਾ ਨਾਮ ਬਹਿਰ ਰੱਖਿਆ ਗਿਆ ਹੈ । ਪੰਜਾਬੀ ਵਿੱਚ ਅਤੇ ਉਰਦੂ ਭਾਸ਼ਾ ਵਿੱਚ ਵੀ ਸਾਰੀਆਂ ਬਹਿਰਾਂ ਤੇ ਹੱਥ ਨਹੀ ਅਜ਼ਮਾਇਆ ਗਿਆ । ਅਜੇ ਬਹਿਰਾਂ ਦੇ ਅਨੇਕਾਂ ਰੂਪ ਹਨ ਜਿਨ੍ਹਾਂ ਤੇ ਕਿਸੇ ਸ਼ਾਇਰ ਨੇ ਕ਼ਲਮ ਨਹੀ ਅਜ਼ਮਾਈ । ਉਰਦੂ ਅਤੇ ਪੰਜਾਬੀ ਵਿੱਚ ਤਕਰੀਬ ਬਾਰਾਂ ਕੁ ਬਹਿਰਾਂ ਹੀ ਵਰਤੀਆਂ ਜਾਂਦੀਆਂ ਹਨ , ਜਿਵੇਂ ਬਹਿਰ ਹਜਜ, ਰਮਲ, ਮੁਤਕਾਰਿਬ, ਮੁਤਦਾਰਿਕ, ਕਾਮਿਲ, ਰਜਜ, ਵਾਫਰ, ਮੁਜਤਸ, ਮੁਜ਼ਾਰਿਆ, ਮਨਸਰਿਹ, ਖਫ਼ੀਫ, ਸਰੀਅ ਵਗੈਰਾ । ਬਾਕੀ ਬਚਦੀਆਂ ਸੱਤ ਬਹਿਰਾਂ ਵਿੱਚ ਸਿਰਫ ਤਜ਼ਰਬੇ ਵਾਸਤੇ ਹੀ ਪੰਜਾਬੀ ਸ਼ਾਇਰਾਂ ਨੇ ਹੱਥ ਅਜ਼ਮਾਇਆ ਹੈ, ਪਰ ਉਹ ਪੰਜਾਬੀ ਵਿਚ ਪ੍ਰਚਲਿਤ ਨਹੀ ਹੋ ਸਕੀਆਂ ।

ਕ੍ਰਿਸ਼ਨ ਭਨੋਟ

No comments:

Post a Comment