Showing posts with label ਰੰਗਸ਼ਾਲਾ. Show all posts
Showing posts with label ਰੰਗਸ਼ਾਲਾ. Show all posts

Tuesday, 10 January 2017

ਰੱਖ ਕੇ ਸੀ ਫਾਸਲੇ

ਰੱਖ ਕੇ ਸੀ ਫਾਸਲੇ,  ਤੁਰਦੀ ਰਹੀ ਇਹ ਜਿੰਦਗੀ ।
ਮੋੜ ਹਰਦਮ ਗਲਤ ਹੀ , ਮੁੜਦੀ ਰਹੀ ਇਹ ਜਿੰਦਗੀ ।

ਰੂਹ ਨੂੰ ਚੜਿਆ ਰਿਹਾ, ਯਾਦਾਂ ਦਾ ਮੱਠਾ ਤਾਪ ਸੀ,
ਵਾਂਗ ਫਿਰ ਵੀ ਬਰਫ ਦੇ , ਖੁਰਦੀ ਰਹੀ ਇਹ ਜਿੰਦਗੀ।
ਹੋਰ ਖੌਰੇ ਭੁਗਤਣਾ ਕਿੰਨਾਂ ਕੁ ਚਿਰ ਹੈ ਸਰਾਪ ਨੂੰ,
ਬੂੰਦ ਬੂੰਦ ਹਮੇਸ਼ ਜੁ ਨਿਚੁੜਦੀ ਰਹੀ ਇਹ ਜਿੰਦਗੀ।

ਆਖਦੇ ਜਿਸ ਸ਼ਖਸ ਨੂੰ ਸੀ, ਪਿਆਰ ਹੀ ਦਾ ਮੁਜੱਸਮਾ,
ਉਸ ਹੀ ਨਿਰਮੋਹੀ ਹੱਥੋਂ, ਕੁੜ੍ਹਦੀ ਰਹੀ ਇਹ ਜਿੰਦਗੀ ।


ਸੱਟ ਰਹਿੰਦੀ ਬੇਰੁਖੀ ਦੀ, ਰੋਜ਼ ਮੈਨੂੰ ਤੋੜਦੀ,
ਰੋਜ਼ ਹੀ ਫਿਰ ਟੁੱਟ ਕੇ, ਜੁੜਦੀ ਰਹੀ ਇਹ ਜਿੰਦਗੀ।

ਊਂ ਤਾਂ ਏਨਾਂ ਬਖਸ਼ਿਆ, ਦਿਲ ਖੋਲ ਕੇ ਦਾਤਾਰ ਨੇ,
ਵਸਲ ਹੀ ਦੇ ਪਲ ਖੁਣੋਂ, ਥੁੜਦੀ ਰਹੀ ਇਹ ਜਿੰਦਗੀ ।
ਕੀ ਕਹਾਂ ਮੈਂ ਮਹਿਰਮਾਂ, ਇਸ ਜਿੰਦਗੀ ਦੀ ਚਾਲ ਨੂੰ,
ਕਲਪਦੀ ਵਿਲਕਦੀ ਕਿਵੇਂ ਰੁੜਦੀ ਰਹੀ ਇਹ ਜਿੰਦਗੀ ।

ਤੋੜ ਕੇ ਨਾ ਜੋੜ ਤੂੰ

ਤੋੜ ਕੇ ਨਾ ਜੋੜ ਤੂੰ, ਮੈਂ ਟੁੱਟਿਆ ਹੀ ਠੀਕ ਹਾਂ ।
ਲੋੜ ਨਾ ਧਰਵਾਸ ਦੀ, ਮੈ ਲੁੱਟਿਆ ਹੀ ਠੀਕ ਹਾਂ ।
ਖੁਸ਼ ਬੜਾ ਹਾਂ ਛੁੱਟ ਕੇ, ਮੈਂ ਆਪਣੇ ਹੀ ਆਪ ਤੋਂ,
ਵੱਸਦਾ ਰਹਿ ਸੱਜਣਾਂ, ਮੈਂ ਛੁੱਟਿਆ ਹੀ ਠੀਕ ਹਾਂ ।
ਰੁੱਖੜਾ ਕੰਧੀ ਦਾ ਸਾਂ, ਆਖਰ ਹਵਾਵਾਂ ਪੁੱਟਿਆ,
ਮਾਣ ਰੱਜ ਬਹਾਰ ਤੂੰ, ਮੈ ਪੁੱਟਿਆ ਹੀ ਠੀਕ ਹਾਂ।
ਖ਼ਬਸ ਮੇਰੀ ਜਿੰਦਗੀ, ਵਾਂਗਰ ਕਮਲ ਦੇ ਹੋ ਗਈ,
ਚਿੱਕੜਾਂ ਦੇ ਗਰਭ ਚੋਂ, ਮੈਂ ਫੁੱਟਿਆ ਹੀ ਠੀਕ ਹਾਂ ।
ਜਾਣ ਖੋਟਾ ਸੁੱਟਤਾ, ਮੈਨੂੰ ਕਦੇ ਨਾ ਪਰਖਿਆ,
ਚਲ ਖਰੇ ਤੂੰ ਢੂੰਡ ਲਏ, ਮੈਂ ਸੁੱਟਿਆ ਹੀ ਠੀਕ ਹਾਂ।
ਗੁੰਮ ਮੇਰਾ ਚੰਦ ਹੈ, ਖੌਰੇ ਕਿਥੇ ਹੈ ਛੁਪ ਗਿਆ,
ਭਾਲ ਓਸੇ ਚੰਦ ਦੀ, ਮੈਂ ਜੁੱਟਿਆ ਹੀ ਠੀਕ ਹਾਂ ।
ਹਿਜ਼ਰ ਹੀ ਦੇ ਆਸਰੇ, ਹੁਣ ਮੈਂ ਗੁਜਾਰਾਂ ਜਿੰਦਗੀ,
ਪੀੜ ਦੀ ਗਲਵੱਕੜੀ ਮੈਂ ਘੁੱਟਿਆ ਹੀ ਠੀਕ ਹਾਂ ।