Tuesday, 10 January 2017

ਰੁਕਨਾਂ ਤੇ ਬਹਿਰਾਂ ਦੇ ਨਾਵਾਂ ਦਾ ਮਸਲਾ

ਰੁਕਨਾਂ ਤੇ ਬਹਿਰਾਂ ਦੇ ਨਾਵਾਂ ਦਾ ਮਸਲਾ

"ਸਾਡਾ ਅਪਣਾ ਕੁਛ ਨਹੀ, ਚਿੰਤਨ ਸੋਚ ਖ਼ਿਆਲ,
ਇਹ ਤਾਂ ਕ੍ਰਿਸ਼ਨ ਵਿਰਾਸਤਾਂ, ਤੁਰੀਆਂ ਅਪਣੇ ਨਾਲ ।"

ਪਿਆਰੇ ਦੋਸਤੋ ਪੰਜਾਬੀ ਵਿੱਚ ਅੱਜ-ਕੱਲ ਅਰੂਜ਼ ਸਬੰਧੀ ਅਨੇਕਾਂ ਪੁਸਤਕਾਂ ਉਪਲਬਧ ਹਨ । ਅਨੇਕਾਂ ਉਸਤਾਦ ਸ਼ਾਇਰਾਂ ਅਤੇ ਅਰੂਜ਼ੀਆਂ ਨੇ ਆਪਣੇ ਆਪਣੇ ਢੰਗ ਨਾਲ ਅਰੂਜ਼ੀ ਪਰਿਭਾਸ਼ਾਵਾਂ ਨੂੰ ਸਰਲ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ । ਦਰਅਸਲ ਅਰੂਜ਼ ਸਬੰਧੀ ਗਿਆਨ ਸਾਡੇ ਪੁਰਖ਼ਿਆਂ ਰਾਹੀਂ ਸਾਡੇ ਤੀਕ ਪਹੁੰਚਿਆ ਹੈ । ਭਾਵੇਂ ਕਿ ਅਰੂਜ਼ ਦੀਆਂ ਸਾਰੀਆਂ ਪਰਿਭਾਸ਼ਾਵਾਂ ਅਰਬੀ ਵਿੱਚ ਹਨ ਪਰ ਇਹ ਇਲਮ ਪੰਜਾਬੀ ਵਿੱਚ ਏਨ੍ਹਾਂ ਹਰਮਨ ਪਿਆਰਾ ਹੋ ਚੁੱਕਿਆ ਹੈ ਕਿ ਬਹੁਤ ਸਾਰੇ ਸ਼ਾਇਰ ਆਪਣੇ ਆਪਣੇ ਢੰਗ ਨਾਲ ਇਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।  ਇੱਕ ਗੱਲ ਅਸੀਂ ਤੁਹਾਨੂੰ ਸਪਸ਼ਟ ਕਰ ਦੇਣੀ ਚਹੁੰਦੇ ਹਾਂ ਕਿ ਅੱਜ ਤੱਕ ਸਾਡੇ ਸਾਰੇ ਉਸਤਾਦ ਸ਼ਾਇਰਾਂ ਜਾਂ ਅਰੂਜ਼ੀਆਂ ਨੇ ਇਲਮ  ਅਰੂਜ਼ ਦੀ ਆਪਣੇ ਆਪਣੇ ਢੰਗ ਨਾਲ ਸਿਰਫ਼ ਵਿਆਖਿਆ ਹੀ ਕੀਤੀ ਹੈ, ਅਰੂਜ਼ ਵਿੱਚ ਕੋਈ ਨਵਾਂ ਵਾਧਾ ਨਹੀ ਕੀਤਾ, ਕੋਈ ਵੀ ਨਵੀਂ ਬਹਿਰ ਈਜਾਦ ਨਹੀ ਕੀਤੀ ਅਤੇ ਨਾ ਹੀ ਕੋਈ ਨਵੀਂ ਪਰਿਭਾਸ਼ਾ ਸਿਰਜੀ ਹੈ । ਏਨੇ ਤਜ਼ਰਬੇ ਜਰੂਰ ਹੋਏ ਹਨ ਕਿ ਕੁਝ ਅਣ-ਵਰਤੀਆਂ ਬਹਿਰਾਂ ਨੂੰ ਪੰਜਾਬੀ ਵਿੱਚ ਨਿਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਕੋਈ ਵੱਡਾ ਤੋਂ ਵੱਡਾ ਅਰੂਜ਼ੀ ਵੀ ਇਹ ਦਾਅਵਾ ਨਹੀ ਕਰ ਸਕਦਾ ਕਿ ਉਸ ਨੇ ਅਰੂਜ਼ ਵਿੱਚ ਕੋਈ ਵਾਧਾ ਕੀਤਾ ਹੈ । ਹਾਲੇ ਵੀ ਅਨੇਕਾਂ ਬਹਿਰਾਂ ਦੇ ਅਨੇਕਾਂ ਅਜਿਹੇ ਰੂਪ ਹਨ ਜਿਹੜੇ ਕਿਸੇ ਵੀ ਸ਼ਾਇਰ ਵੱਲੇ ਅਜ਼ਮਾਏ ਨਹੀ ਗਏ । ਦਰਅਸਲ  ਇਹ ਇਲਮ-ਅਰੂਜ਼ ਏਨ੍ਹਾਂ ਮੁਕੰਮਲ ਹੈ ਕਿ ਇਸ ਵਿੱਚ ਕੋਈ ਨਵੇ ਵਾਧੇ ਦੀ ਗੁੰਜਾਇਸ਼ ਹੀ ਨਹੀ ਹੈ ।

ਕੁਛ ਸ਼ਾਇਰਾਂ ਤੇ ਅਰੂਜ਼ੀਆਂ ਨੇ ਅਰੂਜ਼ ਦੇ ਰੁਕਨਾਂ ਅਤੇ ਬਹਿਰਾਂ ਦੇ ਨਵੇਂ ਨਾਂ ਘੜਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ । ਪਰ ਇਹ ਕੋਸ਼ਿਸ਼ ਕੋਈ ਬਹੁਤੀ ਸਾਰਥਿਕ ਨਹੀ ਕਹੀ ਜਾ ਸਕਦੀ , ਕਿਉਂ ਕਿ ਅੱਜ ਤੀਕ ਕੋਈ ਵੀ ਅਰੂਜ਼ੀ ਸਾਰੀਆਂ  ਬਹਿਰਾਂ ਤੇ ਅਰੂਜ਼ ਦੇ ਅਫਾਈਲ ਬਾਰੇ ਕੋਈ ਬਦਲ ਨਹੀ ਪੇਸ਼ ਕਰ ਸਕਿਆ । ਅਰੂਜ਼ ਦੇ ਸਾਲਮ ਅੱਠ ਰੁਕਨਾਂ ਤੇ ਉਨ੍ਹਾਂ ਦੇ ਜ਼ਿਹਾਫੇ ਰੂਪਾਂ ਦੇ ਕੁਲ ਪੰਜਾਹ ਕੁ ਅਫਾਈਲ ਬਣ ਜਾਂਦੇ ਹਨ ।

ਅਜੇਹੀ ਕੋਸ਼ਿਸ਼ ਸਿਰਫ਼ ਪੰਜਾਬੀ ਤੀਕ ਹੀ ਸੀਮਤ ਨਹੀ ਸਗੋਂ ਕਈ ਉਰਦੂ ਸ਼ਾਇਰਾਂ ਤੇ ਅਰੂਜ਼ੀਆਂ ਨੇ ਵੀ ਅਜੇਹੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ ਹਨ । ਜਿਨ੍ਹਾਂ ਲੋਕਾਂ ਨੇ ਪੰਜਾਬੀ ਵਿੱਚ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਹਨ, ਉਹਨਾਂ ਦੇ ਨਾਵਾਂ ਦਾ ਜ਼ਿਕਰ ਕਰਦੇ ਹਾਂ ।

ਡਾ: ਐਸ ਤਰਸੇਮ ਨੇ ਬਹਿਰਾਂ ਦੇ ਦੇਸੀ ਨਾਵਾਂ ਦਾ ਪੂਰਾ ਸਿਲਸਿਲਾ ਆਪਣੇ ਢੰਗ ਨਾਲ ਦਰਸਾਇਆ ਹੈ । ਮਰਹੂਮ ਪ੍ਰਿੰਸੀਪਲ ਤਖ਼ਤ ਸਿੰਘ ਫਾਇਲਾਤੁਨ ਰੁਕਨ ਨੂੰ ਡਮ ਡਮਾ ਡਮ ਅਤੇ ਮਫ਼ਊਲਨ ਨੂੰ  ਡਮ ਡਮ ਡਮ ਕਹਿਣਾ ਪਸੰਦ ਕਰਦੇ ਸਨ । ਇਸੇ ਤਰ੍ਹਾਂ ਸਵਰਗੀ ਮਹਿੰਦਰ ਮਾਨਵ, ਫਾਇਲਾਤੁਨ ਰੁਕਨ ਨੂੰ ਕਾਵਿ-ਸਾਗਰ ਅਤੇ ਮੁਫਾਈਲੁਨ ਰੁਕਨ ਨੂੰ  ਕਲਾ-ਕਾਰੀ ਸ਼ਬਦਾਂ ਨਾਲ ਪ੍ਰਚਲਤ ਕਰਨਾ ਚਾਹੁੰਦੇ ਸਨ । ਇਹ ਸਾਰੇ ਸ਼ਬਦ ਕਲਪਤ ਸ਼ਬਦ ਹਨ, ਅਜੇਹੇ ਕਲਪਤ ਸ਼ਬਦਾਂ ਦੇ ਕਰਕੇ ਹੀ ਪਿੰਗਲ ਅਰੂਜ਼ ਦੇ ਮੁਕਾਬਲੇ ਹਰਮਨ ਪਿਆਰਾ ਨਹੀ ਹੋ ਸਕਿਆ । ਜੇ ਅਸੀਂ ਅਜੇਹੇ ਕਲਪਤ ਸ਼ਬਦ ਹੀ ਚੇਤੇ ਰੱਖਣੇ ਹਨ ਤਾਂ ਸਾਡਾ ਆਪਣਾ ਕਹੇ ਜਾਣ ਵਾਲੇ ਪਿੰਗਲ ਵਿੱਚ ਕੀ ਬੁਰਾਈ ਹੈ । ਇਨ੍ਹਾਂ ਅਰੂਜ਼ੀਆਂ ਨੇ ਕੁਝ ਬਹਿਰਾਂ ਜਾਂ ਰੁਕਨਾਂ ਦੇ ਨਾਂ ਤਾਂ ਘੜ ਲਏ, ਪਰ ਕੀ ਇਨ੍ਹਾਂ ਨਾਲ ਕੰਮ ਚੱਲ ਜਾਏਗਾ , ਇਨ੍ਹਾਂ ਸ਼ਬਦਾਂ ਦਾ ਵਿਆਕਰਣਕ ਅਧਾਰ ਕੀ ਹੈ ।

ਅਰੂਜ਼ ਦੇ ਬਾਨੀ ਖਲੀਲ ਬਿਨ ਅਹਿਮਦ ਨੇ ਵਿਆਕਰਣ ਅਨੁਸਾਰ ਅਰਬੀ ਭਾਸ਼ਾ ਦੇ ਅੱਖਰ ਫੇ-ਐਨ, ਲਾਮ ਦੇ ਨਾਲ ਕੁਝ ਹੋਰ ਅੱਖਰ ਜੋੜ ਕੇ ਰੁਕਨ ਬਣਾਏ ਸਨ । ਹਰੇਕ ਅਫਾਈਲ ਵਿੱਚ  ਫੇ,ਐਨ,ਲਾਮ ਯਾਨੀ ਕਿ ਫਿਅਲ ਵਿੱਚੋਂ ਤਿੰਨੇ ਅੱਖਰ ਜਾਂ ਘੱਟੋ ਘੱਟ ਇੱਕ ਅੱਖਰ ਜ਼ਰੂਰ ਵਰਤਿਆ ਜਾਂਦਾ ਹੈ । ਇਹ ਸਾਰੇ ਰੁਕਨ ਇਨ੍ਹਾਂ ਰੁਕਨਾਂ ਵਿੱਚ ਵਰਤੇ ਮੁਤਹੱਰਕ ਤੇ ਸਾਕਿਨ ਅੱਖਰਾਂ ਦੀ ਤਰਤੀਬ ਵੱਲ ਇਸ਼ਾਰਾ ਕਰਦੇ ਹਨ ।

ਇਸ ਗੱਲ ਵਿੱਚ ਕੋਈ ਸੰਦੇਹ ਨਹੀ ਕਿ ਈਰਾਨ ਅਤੇ ਭਾਰਤ ਵਿੱਚ ਹੁਣ ਤੱਕ ਜੋ ਅਰੂਜ਼ ਦੇ ਗ੍ਰੰਥ ਰਚੇ ਗਏ ਹਨ, ਇਨ੍ਹਾਂ ਵਿੱਚ ਕੋਈ ਨਵੀਨਤਾ ਨਹੀ । ਇਨ੍ਹਾਂ ਗ੍ਰੰਥਾਂ ਦੇ ਵਿਸ਼ੇ ਇੰਨੇ ਰੁੱਖੇ ਤੇ ਸ਼ੈਲੀ ਅਜੇਹੀ ਉਲਝੀ ਹੋਈ ਹੈ ਕਿ ਇਨ੍ਹਾਂ ਕਿਤਾਬਾਂ ਨੂੰ ਪੜ੍ਹਨਾਂ ਤਾਂ ਕੀ ਦੇਖਣ ਨੂੰ ਵੀ ਜੀ ਨਹੀ ਕਰਦਾ । ਇਨ੍ਹਾਂ ਵਿੱਚ ਜਿਹਾਫ਼ਾਂ ਦੀਆਂ ਪੇਚੀਦਾ ਗੁੰਝਲਾਂ ਤੇ ਪਰਿਭਾਸ਼ਿਕ ਅਰਬੀ ਸ਼ਬਦਾਂ ਦੀ ਭਰਮਾਰ, ਪਾਠਕਾਂ ਦਾ ਸਾਰਾ ਸੁਆਦ ਮਾਰ ਦਿੰਦੀਆਂ ਹਨ । ਸੋ ਇਸ ਉੱਤਮ ਵਿੱਦਿਆ ਤੋਂ ਜੋ ਥੋੜਾ ਬਹੁਤ ਲਾਭ ਪ੍ਰਾਪਤ ਕੀਤਾ ਜਾ ਸਕਦਾ  ਹੈ, ਉਹ ਸੱਭ ਖ਼ਤਮ ਹੋ ਜਾਂਦਾ ਹੈ । ਜ਼ਿਹਾਫਾਂ ਵਾਲੀਆਂ ਬਹਿਰਾਂ ਦੇ ਪਰਿਭਾਸ਼ਿਕ ਨਾਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਜਾ ਸਕਦੀਆਂ ਹਨ ਅਤੇ ਜਿਨ੍ਹਾਂ ਦਾ ਛੱਡ ਦੇਣਾ ਹੀ ਬਿਹਤਰ ਹੈ, ਇਹ ਚਿਰਕਾਲ ਤੋਂ ਅਰੂਜ਼ ਦਾ ਅੰਗ ਬਣੀਆਂ ਹੋਈਆਂ ਹਨ , ਇਸ ਤਰ੍ਹਾਂ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਔਖਾ ਹੈ । ਸੱਯਦ ਇਨਸ਼ਾ ਨੇ ਦਰਿਆਏ ਲਤਾਫ਼ਤ ਵਿੱਚ ਬਹਿਰਾਂ ਦੇ ਅਰਬੀ ਰੁਕਨਾਂ (ਗਣਾਂ) ਦੀ ਥਾਂ ਦੇਸੀ ਸ਼ਬਦ ਰੱਖੇ ਸਨ । ਜਿਵੇਂ ਮੁਫਾਈਲੁਨ ਰੁਕਨ ਦੀ ਥਾਂ ਪਰੀ-ਖਾਨੁਮ ਸ਼ਬਦ ਦਾ ਪ੍ਰਯੋਗ ਕੀਤਾ ਸੀ, ਫਾਇਲੁਨ ਰੁਕਨ ਦੀ ਜਗ੍ਹਾ ਸ਼ਾਇਦ ਚਿਤ-ਲਗਨ ਅਪਣਾਇਆ ਸੀ । ਇਸੇ ਤਰ੍ਹਾਂ ਹੀ ਹਕੀਮ ਸੱਯਦ ਅਲਤਾਫ਼ ਹੁਸੈਨ ਕਾਜ਼ਿਮ ਫ਼ਰੀਦਾਬਾਦੀ ਨੇ ਆਪਣੀ ਪੁਸਤਕ ਗੁਲਜਾਰੇ ਅਰੂਜ਼ ਵਿੱਚ ਵੀ ਜ਼ਿਹਾਫਾਂ ਦੇ ਨਾਂ ਕਲਪੇ ਹਨ , ਕਿਸੇ ਦਾ ਨਾਂ ਨਗਰਸੀ ਤੇ ਕਿਸੇ ਦਾ ਸੁੰਬਲੀ ਤੇ ਕਿਸੇ ਦਾ ਰੈਹਾਨੀ ਰੱਖ ਦਿੱਤਾ ਹੈ । ਮੌਲਾਨਾ ਨਜ਼ਮ ਤਬਾਤਬਾਈ ਨੇ ਆਪੇਣੇ ਰਸਾਲਾ-ਇ-ਤਲਖ਼ੀਸੇ ਅਰੂਜ਼ ਵਾ ਕਾਫ਼ੀਆ, ਵਿੱਚ ਅਜੇਹੇ ਪਰਿਭਾਸ਼ਿਕ ਨਾਵਾਂ ਦਾ ਸਿਲਸਿਲਾ ਹੀ ਉਡਾ ਦਿੱਤਾ । ਅਰਬੀ ਦੇ ਪ੍ਰਸਿੱਧ ਵਿਆਕਰਣੀ ਸੱਕਾਕੀ ਨੂੰ ਵੀ ਇਹ ਸ਼ਿਕਾਇਤ ਸੀ । ਪਰ ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਵੀ ਪਰਿਭਾਸ਼ਿਕ ਨਾਵਾਂ ਨੂੰ ਦੂਰ ਕਰਨ ਦੀ ਜ਼ੁਅਰਤ ਨਹੀ ਕੀਤੀ, ਕਿਉਂ ਕਿ ਅਰਬੀ ਅਰੂਜ਼ ਦੀ ਇਸ ਗੱਲ ਦੀ ਪੈਰਵੀ ਕਰਨ ਦੀ ਆਗਿਆ ਨਹੀ ਦਿੰਦੀ ।

ਇਸ ਵਿਸ਼ੇ ਤੇ ਫਿਰੋਜ਼ਦੀਨ ਸ਼ਰਫ ਮਰਹੂਮ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ । ਸ਼ਰਫ ਨੇ ਵਜ਼ਨ ਦੀ ਪੜਤਾਲ ਲਈ ਆਪਣੇ ਤੌਰ ਤੇ ਕੁਝ ਪੰਜਾਬੀ ਸ਼ਬਦ ਜਿਵੇਂ ਦੋ ਦੋ ਚਾਰ, ਦੋ ਦੋ ਚਾਰ, ਦੋ ਦੋ ਚਾਰ, ਦੋ ਦੋ ਚਾਰ ਰੱਖੇ ਹੋਏ ਸਨ, ਪ੍ਰੰਤੂ ਦੋ ਦੋ ਚਾਰ ਵਿੱਚ ਦੋ ਦੋ ਦਾ ਵਜ਼ਨ ਨਿਸ਼ਚਿਤ ਨਹੀ ਹੁੰਦਾ । ਦੋ ਦੋ ਚਾਰ ਮੁਫਾਈਲੁ ਦੇ ਵਜ਼ਨ ਤੇ ਵੀ ਰੱਖਿਆ ਜਾ ਸਕਦਾ ਤੇ ਦੋ ਦੋ ਚਾਰ ਫਾਇਲਾਤ ਦੇ ਵਜ਼ਨ ਤੇ ਵੀ ਰੱਖਿਆ ਜਾ ਸਕਦਾ ਹੈ ਅਤੇ ਨਾਲ ਹੀ ਦੋ ਦੋ ਚਾਰ ਮਫ਼ਊਲਾਤ ਦੇ ਵਜ਼ਨ ਦੇ ਵੀ ਪੂਰਾ ਉੱਤਰਦਾ ਹੈ , ਇਹੀ ਦੋ ਦੋ ਚਾਰ ਫਿਅਲੁਨ ਫਾਅ ਦੇ ਵਜ਼ਨ ਤੇ ਵੀ ਫਿਟ ਹੋ ਜਾਂਦਾ ਹੈ ।

ਚੂੰਕਿ ਦੋ ਦੋ ਚਾਰ, ਆਦਿ ਨਵੇਂ ਕਲਪੇ ਸ਼ਬਦ ਸਮੂਹਾਂ ਦਾ ਵਜ਼ਨ ਇਕ ਬੱਝਵੇਂ ਤੇ ਸਥਿਰ ਰੂਪ ਵਿਚ ਕਾਇਮ ਨਹੀ ਤੇ ਇਸ ਦੇ ਉਲਟ, ਫਾਇਲਾਤੁਨ, ਮਫ਼ਊਲੁਨ ਆਦਿ ਦਾ ਵਜ਼ਨ ਨਿਸ਼ਚਤ ਤੇ ਬੱਝਵਾਂ ਹੈ । ਜਿਸ ਵਿੱਚ ਤਬਦੀਲੀ ਦੀ ਕੋਈ ਸੰਭਾਵਨਾ ਨਹੀ । ਦੋ ਦੋ ਚਾਰ ਦੀ ਥਾਂ ਅਰਬੀ ਗਣ ਅਰੂਜ਼ੀ ਨੁਕਤੇ ਤੋਂ ਵਧੇਰੇ ਲਾਭਦਾਇਕ ਹਨ । ਇਸ ਲਈ ਅਸੀਂ ਕੇਵਲ ਨਵੀਨਤਾ ਦੀ ਖਾਤਰ ਦੋ ਦੋ ਚਾਰ ਜਹੇ ਅਨਿਸ਼ਚਤ ਵਜ਼ਨ ਨਹੀ ਵਰਤੇ ਜੋ ਪੱਥਰ ਜਾਂ ਇੱਟ ਦੇ ਅਣਘੜੇ ਵੱਟਿਆਂ ਸਮਾਨ ਹਨ । ਪੱਥਰ ਜਾਂ ਇੱਟ ਦੀ ਅਣਘੜੇ ਹਾੜੇ ਲੋਹੇ ਦੇ ਵੱਟਿਆਂ ਵਾਂਗ ਪੱਕੇ ਤੇ ਬੱਝਵੇਂ ਨਹੀ ਹੋ ਸਕਦੇ । ਅਸੀਂ ਅਰਬੀ ਪਰਿਭਾਸ਼ਾਵਾਂ ਦੀ ਥਾਂ ਸੰਸਕ੍ਰਿਤ ਦੇ ਓਪਰੇ ਸ਼ਬਦ ਭਰਤੀ ਕਰਕੇ ਵੀ ਰੁਕਨਾਂ (ਗਣਾਂ) ਨੂੰ ਦੇਸੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਨਹੀ ਕੀਤੀ ।

ਪਿਆਰੇ ਦੋਸਤੋ ਉਪਰੋਕਤ ਤਿੰਨੇ ਪਹਿਰੇ ਅਸੀਂ ਪੁਸਤਕ ਪਿੰਗਲ ਤੇ ਅਰੂਜ਼ (ਲੇਖਕ: ਮਰਹੂਮ ਜੋਗਿੰਦਰ ਸਿੰਘ) ਵਿੱਚੋਂ ਹੂ-ਬ-ਹੂ ਦਰਜ ਕੀਤੇ ਹਨ । ਅਸੀਂ ਵੀ ਜੋਗਿੰਦਰ ਸਿੰਘ ਦੇ ਮਤ ਨਾਲ ਸਹਿਮਤ ਹਾਂ ਕਿ ਅਰੂਜ਼ੀ ਰੁਕਨਾਂ ਅਤੇ ਬਹਿਰਾਂ ਦੇ ਨਾਵਾਂ ਨਾਲ ਛੇੜ-ਛਾੜ ਕਰਨਾ ਜਾਇਜ਼ ਨਹੀ । ਇਨ੍ਹਾਂ ਨੂੰ ਏਸੇ ਤਰ੍ਹਾਂ ਹੀ ਅਪਣਾ ਲੈਣਾ ਚਾਹੀਦਾ ਹੈ । ਕਿਉਂ ਕਿ ਇਨ੍ਹਾਂ ਦਾ ਬਦਲ ਲੱਭਣ ਵਿੱਚ ਕੋਈ ਵੀ ਕਾਮਯਾਬ ਨਹੀ ਹੋ ਸਕਿਆ ।

ਬਹਿਰ

ਬਹਿਰ
ਪਿਆਰੇ ਦੋਸਤੋ ਆਪਾਂ ਅਰੂਜ਼ ਦੇ ਰੁਕਨਾਂ ਜਾਂ ਅਰਕਾਨ ਤੀਕ ਵਿਚਾਰ ਚਰਚਾ ਕਰ ਚੁੱਕੇ ਹਾਂ । ਹੁਣ ਆਪਾਂ ਬਹਿਰ ਬਾਰੇ ਚਰਚਾ ਕਰੀਏ । ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਅਰੂਜ਼ ਦੇ ਵੱਖਰੇ ਵੱਖਰੇ ਰੁਕਨਾਂ ਤੋਂ ਵੱਖਰੀਆਂ ਵੱਖਰੀਆਂ ਬਹਿਰਾਂ ਬਣਦੀਆਂ ਹਨ ।
ਬਹਿਰ ਦੇ ਅਰਬੀ ਸ਼ਬਦਆਰਥ ਸਮੁੰਦਰ ਜਾਂ ਸਾਗਰ ਹਨ , ਪ੍ਰੰਤੂ  ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ, ਜਿਨ੍ਹਾਂ ਨਾਲ ਸ਼ਿਅਰ ਦਾ ਵਜ਼ਨ ਹਾੜਿਆ ਜਾਂਦਾ ਹੈ , ਅਰਕਾਨ ਨੂੰ ਦੁਹਰਾਉਣ ਨਾਲ ਬਹਿਰ ਬਣਦੀ ਹੈ, ਬਹਿਰ ਦੇ ਅੰਗਰੇਜ਼ੀ ਸ਼ਬਦਾਰਥ ਮੀਟਰ ਤੋਂ ਹਨ । ਜਿਸ ਤਰ੍ਹਾਂ ਸਮੁੰਦਰ ਦੀ ਵਿਸ਼ਾਲਤਾ ਨੂੰ ਦੇਖਦਿਆਂ ਅਕਲ ਹੈਰਾਨ ਰਹਿ ਜਾਂਦੀ ਹੈ , ਬਿਲਕੁਲ ਏਸੇ ਤਰ੍ਹਾਂ ਜਦੋਂ ਕੋਈ ਅਰੂਜ਼ੀ (ਅਰੂਜ਼-ਵੇਤਾ) ਬਹਿਰਾਂ ਦੇ ਪਸਾਰ ਨੂੰ ਦੇਖਦਾ ਹੈ ਤਾਂ ਅਚੰਭਤ ਹੋ ਜਾਂਦਾ ਹੈ , ਕਿ ਸ਼ਿਅਰ ਨੂੰ ਕਿਹੜੀ ਬਹਿਰ ਨਾਲ ਨਾਪੇ । ਕਹਿਣ ਨੂੰ ਤਾਂ ਅਰੂਜ਼ੀਆਂ ਨੇ ਕੁੱਲ ਉੱਨੀ (19) ਬਹਿਰਾਂ ਈਜਾਦ ਕੀਤੀਆਂ ਹਨ, ਪਰ ਇਨ੍ਹਾਂ ਵਿੱਚੋਂ ਹਰੇਕ ਬਹਿਰ ਤੇ ਜ਼ਿਹਾਫ ਲਾਗੂ ਕਰ ਕੇ ਇਕ ਬਹਿਰ ਦੇ ਅਨੇਕਾਂ ਰੂਪ ਬਣਾਏ ਜਾ ਸਕਦੇ ਹਨ । ਜ਼ਿਹਾਫਾਂ ਬਾਰੇ ਅੱਗੇ ਚੱਲ ਕੇ ਚਰਚਾ ਕਰਾਂਗੇ । ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਕੱਲੀ ਹਜਜ ਬਹਿਰ ਅੱਸੀ ਢੰਗਾਂ ਨਾਲ ਵਰਤੀ ਜਾਂਦੀ ਹੈ । ਇਸੇ ਕਰਕੇ ਹੀ ਸ਼ਾਇਦ ਖਲੀਲ ਬਿਨ ਅਹਿਮਦ ਨੇ ਬਹਿਰ (ਛੰਦ) ਨੂੰ ਬਹਿਰ (ਸਮੁੰਦਰ) ਦੁਆਰਾ ਪ੍ਰਗਟ ਕੀਤਾ ਹੈ ।

ਅਰੂਜ਼ ਦੀਆਂ ਉੱਨੀ ਬਹਿਰਾਂ ਵਿੱਚੋਂ ਖਲੀਲ ਬਿਨ ਅਹਿਮਦ ਨੇ ਪੰਦਰਾਂ ਬਹਿਰਾਂ ਈਜਾਦ ਕੀਤੀਆਂ ਅਤੇ ਬਾਕੀ ਦੀਆਂ ਚਾਰ ਬਹਿਰਾਂ ਪਿੱਛੋਂ ਜਾ ਕੇ ਵੱਖ ਵੱਖ ਅਰੂਜ਼ੀਆਂ ਨੇ ਈਜ਼ਾਦ ਕੀਤੀਆਂ । ਇਹਨਾਂ ਬਹਿਰਾਂ ਦੇ ਨਾਵਾਂ ਦਾ ਵੇਰਵਾ ਅਤੇ ਇਨ੍ਹਾਂ ਦੇ ਇਜ਼ਾਦ ਕਰਤਾਵਾਂ ਦੇ ਨਾਵਾਂ ਦਾ ਵੇਰਵਾ ਅੱਗੇ ਚੱਲ ਕੇ ਦਿਆਂਗੇ ।

ਸਾਡਾ ਮੰਤਵ ਇਨ੍ਹਾਂ ਬਹਿਰਾਂ ਬਾਰੇ ਸਿਧਾਂਤਕ ਜਾਣਕਾਰੀ ਦੇਣਾ ਹੀ ਨਹੀ ਸਗੋਂ ਤੁਹਾਡੀ ਰੌਚਿਕਤਾ ਲਈ ਇਨ੍ਹਾਂ ਬਾਰੇ ਹੋਰ ਵੇਰਵੇ ਦੇਣਾ ਵੀ ਹੈ , ਤਾਂ ਕਿ ਇਸ ਰੁੱਖੀ ਸਿਧਾਂਤਕ ਸ਼ਬਦਾਵਲੀ ਤੋਂ ਤੁਹਾਡਾ ਮਨ ਉਚਾਟ ਨਾ ਹੋ ਜਾਵੇ । ਬਹਿਰਾਂ ਦੇ ਨਾਵਾਂ ਬਾਰੇ ਸਿਧਾਂਤਕ ਜਾਣਕਾਰੀ ਤਾਂ ਤੁਸੀਂ ਹੋਰ ਅਰੂਜ਼ ਦੀਆਂ ਪੁਸਤਕਾਂ ਵਿੱਚੋਂ ਵੀ ਪੜ੍ਹ ਸਕਦੇ ਹੋ । ਇਸ ਬਾਰੇ ਮੈਂ ਤੁਹਾਨੂੰ ਇਕ ਲੋਕ-ਕਥਾ ਸੁਣਾਉਣੀ ਚਾਹੁੰਦਾ ਹਾਂ । ਕਹਿੰਦੇ ਨੇ ਇਕ ਵਾਰ ਇੱਕ ਪਰਿਵਾਰ ਨੇ ਕਿੱਕਰਾਂ ਦੇ ਤੁੱਕਿਆਂ ਦੀ ਸਬਜ਼ੀ  ਬਣਾਈ , ਪਰ ਆਟਾ ਉਨ੍ਹਾਂ ਕੋਲ ਗੁਜ਼ਾਰੇ ਜੋਗਾ ਹੀ ਸੀ । ਘਰ ਦੀ ਸਵਾਣੀ ਨੇ ਆਪਣੀ ਧੀ ਨੂੰ ਰੋਟੀ ਦੇ ਕੇ ਬਜ਼ੁਰਗ ਪਾਸ ਭੇਜਿਆ, ਬਜ਼ੁਰਗ ਰੋਟੀ ਖਾਣ ਬੈਠ ਗਿਆ । ਕੁਝ ਚਿਰ ਬਾਦ ਬੱਚੀ ਫੇਰ ਬਜ਼ੁਰਗ ਕੋਲ ਗਈ ਤੇ ਪੁੱਛਣ ਲੱਗੀ , " ਬਾਬਾ ਜੀ ਹੋਰ ਤੁੱਕੇ ਲੈਣੇ ਨੇ ।" ਇਸ ਤਰ੍ਹਾਂ ਇਕ ਅੱਧੀ ਵਾਰ ਬਜ਼ੁਰਗ ਨੇ ਤੁੱਕਿਆਂ ਦੀ ਸਬਜ਼ੀ ਮੰਗਵਾ ਲਈ । ਘਰ ਵਿੱਚ ਹੋਰ ਕੁਛ ਖਾਣ ਨੂੰ ਨਹੀ ਸੀ ਇਸ ਕਰਕੇ ਬੱਚੀ ਵਾਰ ਵਾਰ ਇਹੋ ਪੁੱਛਦੀ ਰਹੀ ਕਿ ਬਾਬਾ ਜੀ ਹੋਰ ਤੁੱਕੇ ਲਓਗੇ । ਅੰਤ ਵਿਚ ਬਾਬਾ ਜੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਹ ਖਿਝ ਕੇ ਕਹਿਣ ਲੱਗਾ, ਕੁੜੀਏ ਬਾਬਾ ਕੋਈ ਬੋਕ ਆ , ਜਿਹੜਾ ਵਾਰ ਵਾਰ ਤੁੱਕੇ ਹੀ ਖਾਈ ਜਾਊ, ਕੁਛ ਹੋਰ ਵੀ ਲਿਆ । ਇਸ ਤਰ੍ਹਾਂ ਜੇ ਅਸੀਂ ਵਾਰ ਵਾਰ ਤੁਹਾਨੂੰ ਖੁਸ਼ਕ ਬਹਿਰਾਂ ਦੀ ਜਾਣਕਾਰੀ ਦੇਈ ਗਏ ਤਾਂ  ਤੁਹਾਨੂੰ ਅਕੇਵਾਂ ਹੋਣਾ ਸੁਭਾਵਿਕ ਹੈ । ਤੁਹਾਡੀ ਰੌਚਕਤਾ ਬਣਾਈ ਰੱਖਣ ਵਾਸਤੇ ਅਸੀਂ ਬਹਿਰਾਂ ਦੇ ਨਾਲ ਨਾਲ ਹੋਰ ਜਾਣਕਾਰੀ ਵੀ ਦਿੰਦੇ ਰਹਾਂਗੇ ।

ਬਹਿਰਾਂ ਦੀਆਂ ਕਿਸਮਾਂ---
ਬਹਿਰਾਂ ਦੋ ਕਿਸਮ ਦੀਆਂ ਹੁੰਦੀਆਂ ਹਨ ।
(1) ਮੁਫ਼ਰਦ ਬਹਿਰਾ  (2) ਮੁਰੱਕਬ ਬਹਿਰਾਂ
1. ਮੁਫ਼ਰਦ ਬਹਿਰਾਂ ---ਦਾ ਅਰਬੀ ਸ਼ਬਦਾਰਥ ਇਕਹਿਰੀ ਜਾਂ ਇਕੱਲੀ ਤੋਂ ਹੈ , ਮੁਫਰਦ ਇਹਨਾਂ  ਨੂੰ ਇਸ ਕਰ ਕੇ ਕਿਹਾ ਜਾਂਦਾ ਹੈ ਕਿ ਇਹ ਬਹਿਰਾਂ ਇੱਕ ਹੀ ਰੁਕਨ ਨੂੰ ਦੁਹਰਾਉਣ ਤੇ ਬਣਦੀਆਂ ਹਨ ।

2. ਮੁਰੱਕਬ ਬਹਿਰਾਂ-- ਮੁਰੱਕਬ ਦਾ ਅਰਬੀ ਸ਼ਬਦਾਰਥ ਮਿਸ਼ਰਤ ਜਾਂ ਰਲ਼ੀ ਮਿਲ਼ੀ ਵਸਤੂਆਂ ਤੋਂ ਹੁੰਦਾ ਹੈ  । ਇਨ੍ਹਾਂ ਨੂੰ ਮੁਰੱਕਬ ਬਹਿਰਾਂ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਬਹਿਰਾਂ ਦੋ ਦੋ ਰੁਕਨਾਂ ਦੇ ਮਿਲਣ ਤੇ ਬਣਦੀਆਂ ਹਨ ।
ਅਰੂਜ਼ ਦੀਆਂ ਕੁੱਲ ਉੱਨੀ ਬਹਿਰਾਂ ਵਿੱਚੋਂ ਸੱਤ ਮੁਫ਼ਰਦ ਅਤੇ ਬਾਕੀ ਦੀਆਂ ਬਾਰਾਂ ਮੁਰੱਕਬ ਬਹਿਰਾਂ ਹਨ । ਸੱਤ ਮੁਫ਼ਰਦ ਬਹਿਰਾਂ ਅਰੂਜ਼ ਦੇ ਸੱਤ ਰੁਕਨਾਂ ਮੁਫਾਈਲੁਨ, ਫਾਇਲਾਤੁਨ, ਮੁਸਤਫਇਲੁਨ, ਮੁਤੁਫਾਇਲੁਨ, ਮੁਫਾਇਲਤੁਨ, ਫਾਇਲੁਨ, ਫਊਲੁਨ ਨੂੰ ਦੁਹਰਾਉਣ ਨਾਲ ਬਣਦੀਆਂ ਹਨ । ਅੱਠਵਾਂ ਰੁਕਨ ਮਫਊਲਾਤ ਇਕੱਲਾ ਕੋਈ ਬਹਿਰ ਨਹੀ ਬਣਾਉਂਦਾ ਸਗੋਂ ਇਹ ਕਿਸੇ ਦੂਸਰੇ ਰੁਕਨ ਦੇ ਨਾਲ ਲੱਗ ਕੇ ਕੋਈ ਬਹਿਰ ਬਣਾਉਂਦਾ ਹੈ ।

ਮੁਫ਼ਰਦ ਬਹਿਰਾਂ ਦਾ ਵੇਰਵਾ ਇਸ ਪ੍ਰਕਾਰ ਹੈ
1..ਬਹਿਰ ਹਜ਼ਜ
ਹਜ਼ਜ ਦਾ ਅਰਬੀ ਭਾਸ਼ਾ ਵਿਚ ਅਰਥ ਮਨਮੋਹਣੀ ਜਾਂ ਦਿਲਕਸ਼ ਹੁੰਦਾ ਹੈ । ਮੁਫਾਈਲੁਨ ਰੁਕਨ ਦੀ ਬਣਤਰ ਹੀ ਇਹੋ ਜਿਹੀ ਹੈ ਕਿ ਇਸ ਦੀ ਧੁਨੀ ਕੰਨਾਂ ਨੂੰ ਬਹੁਤ ਸੁਰੀਲੀ ਅਤੇ ਦਿਲਕਸ਼ ਲਗਦੀ ਹੈ । ਏਸ ਦੀ ਸੰਗੀਤਆਤਮਕ ਧੁਨੀ ਵਾਸਤੇ ਹੀ ਇਹ ਬਹਿਰ ਅਰਬੀ, ਫਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਬੜੀ ਹਰਮਨ-ਪਿਆਰੀ ਬਹਿਰ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ
ਚਾਰ ਮੁਫਾਈਲੁਨ
ਮੁਫਾਈਲੁਨ ਮੁਫਾਈਲੁਨ ਮੁਫਾਈਲੁਨ ਮੁਫਾਈਲੁਨ
ISSS           ISSS              ISSS             ISSS

2. ਬਹਿਰ ਰਮਲ
ਰਮਲ ਦਾ ਅਰਬੀ ਭਾਸ਼ਾ ਵਿਚ ਅਰਥ ਹੈ ਮਿਜ਼ਾਜ ਨਾਲ ਤੁਰਨਾ ਜਾਂ ਸ਼ੋਖੀ ਨਾਲ ਤੁਰਨਾ । ਜਿਵੇਂ ਪੰਜਾਬੀ ਵਿਚ ਕਹਿ ਦਿੱਤਾ ਜਾਂਦਾ ਹੈ, ਤੋਰ ਪੰਜਾਬਣ ਦੀ ਜਾਂ ਫੇਰ ਦੋ ਪੈਰ ਘੱਟ ਤੁਰਨਾ ਪਰ ਤੁਰਨਾਂ ਮੜ੍ਹਕ ਦੇ ਨਾਲ । ਇਹ ਬਹਿਰ ਫਾਇਲਾਤੁਨ ਰੁਕਨ ਨਾਲ ਬਣਦੀ ਹੈ । ਇਹ ਬਹਿਰ ਵੀ ਉਰਦੂ, ਫਾਰਸੀ, ਅਤੇ ਪੰਜਾਬੀ ਭਾਸ਼ਾਵਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਬਹਿਰ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ
ਫਾਇਲਾਤੁਨ ਫਾਇਲਾਤੁਨ ਫਾਇਲਾਤੁਨ ਫਾਇਲਾਤੁਨ
SISS               SISS            SISS             SISS

ਇਹਨਾਂ ਦੋਨਾਂ ਬਹਿਰਾਂ ਨੂੰ ਯਾਦ ਰੱਖਣ ਵਾਸਤੇ ਇਨ੍ਹਾਂ ਦੋਹਾਂ ਨੂੰ ਕਾਵਿ ਬੰਦ ਕਰ ਦਿੱਤਾ ਗਿਆ ਹੈ ।
"ਰਮਲ ਬਹਿਰ ਹੁੰਦੀ ਸ਼ੁਰੂ, ਫਾਇਲਾਤੁਨ ਦੇ ਨਾਲ,
ਕ੍ਰਿਸ਼ਨ ਮੁਫਾਈਲੁਨ ਰੁਕਨ ਹੈ, ਹਜ਼ਜ ਬਹਿਰ ਦੀ ਚਾਲ ।"

3 ਬਹਿਰ ਰਜਜ
ਰਜਜ ਦਾ ਅਰਬੀ ਭਾਸ਼ਾ ਵਿਚ ਅਰਥ ਹੈ ਬੇਚੈਨੀ  ਜਾਂ ਘਬਰਾਹਟ । ਇਸ ਬਹਿਰ ਵਿੱਚ ਵੀਰ-ਰਸੀ ਕਵਿਤਾਵਾਂ ਰਚੀਆਂ ਜਾਂਦੀਆਂ ਹਨ । ਇਸ ਰੁਕਨ ਦੀ ਬਣਤਰ ਵੀ ਜੰਗ-ਜੂ ਅੰਦਾਜ਼ ਦੀ ਹੈ ।
ਇਸ ਦਾ ਰੁਕਨ ਮੁਸਤਫ਼ਇਲੁਨ ਹੈ ਅਤੇ ਇਸ ਦੀ ਬਣਤਰ ਇਸ ਤਰ੍ਹਾਂ ਹੈ ।
ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ ਮੁਸਤਫ਼ਇਲੁਨ
SSIS                    SSIS       SSIS            SSIS

4. ਬਹਿਰ ਕਾਮਿਲ
ਕਾਮਿਲ ਦਾ ਅਰਥ ਹੈ, ਪੂਰਨ ਜਾਂ ਮੁਕੰਮਲ । ਇਹ ਬਹਿਰ ਬਿਲਕੁਲ ਉਸੇ ਤਰ੍ਹਾਂ ਕਹੀ ਜਾਂਦੀ ਹੈ ਜਿਸ ਤਰ੍ਹਾਂ ਖਲੀਲ ਬਿਨ ਅਹਿਮਦ ਨੇ ਬਣਾਈ ਸੀ, ਇਸ ਤੇ ਕੋਈ ਵੀ ਜਿਹਾਫ਼ ਲਾਗੂ ਨਹੀ ਹੁੰਦਾ । ਇਹ ਮੁਤੁਫਾਇਲੁਨ ਰੁਕਨ ਤੋਂ ਬਣਦੀ ਹੈ । ਮੁਤੁਫਾਇਲੁਨ ਰੁਕਨ ਵਿਚ ਦੋ ਸਬਬ ਸਕੀਲ ਯਾਨੀ ਮੁਤਹੱਰਕ ਅੱਖਰ ਹਨ , ਜਿਨ੍ਹਾਂ ਦਾ ਪੰਜਾਬੀ ਵਿੱਚ ਉਚਾਰਨ ਮੁਸ਼ਕਲ ਹੁੰਦਾ ਹੈ । ਜੇ ਇਸ ਨੂ  ਪੰਜਾਬੀ ਵਿੱਚ ਲਿਖਿਆ ਵੀ ਜਾਵੇ ਤਾਂ ਮੁਢਲੇ ਸ਼ਬਦ ਦੀਆਂ ਦੋ ਦੀਰਘ ਲਗਾਂ ਗਿਰਾਉਣੀਆਂ ਪੈਂਦੀਆਂ ਹਨ । ਕਾਮਿਲ ਬਹਿਰ ਦੀ ਬਣਤਰ ਇਸ ਤਰ੍ਹਾਂ ਹੈ ।
ਮੁਤੁਫਾਇਲੁਨ ਮੁਤੁਫਾਇਲੁਨ ਮੁਤੁਫਾਇਲੁਨ ਮੁਤੁਫਾਇਲੁਨ
IISIS               IISIS              IISIS             IISIS

ਬਹਿਰ ਰਜ਼ਜ ਅਤੇ ਬਹਿਰ ਕਾਮਿਲ ਨੂੰ ਯਾਦ ਕਰਨ ਵਾਸਤੇ--
"ਰਜਜ ਬਹਿਰ ਮੁਸਤਫ਼ਇਲੁਨ, ਇਸ ਦਾ ਰੁਕਨ ਪਛਾਣ,
ਮੁਤੁਫਾਇਲੁਨ ਰੁਕਨ ਹੈ, ਜੋ ਇਸ ਨੂੰ ਕਾਮਿਲ ਜਾਣ ।"

5. ਬਹਿਰ ਵਾਫਿਰ--
ਵਾਫ਼ਿਰ ਦਾ ਅਰਥ ਹੈ, ਅਧਿਕ ਜਾਂ ਵਾਧੂ । ਇਸ ਬਹਿਰ ਦਾ ਨਾਮ ਵਾਫ਼ਿਰ ਇਸ ਕਰ ਕੇ ਪਿਆ ਹੈ ਕਿ ਇਸ ਵਿੱਚ ਹਰਕਤਾਂ ਭਾਵ ਮੁਤਹੱਰਕ ਅੱਖਰਾਂ ਦੀ ਅਧਿੱਕ ਵਰਤੋਂ ਹੁੰਦੀ ਹੈ । ਮੁਫਾਇਲਤੁਨ ਸੱਤ ਅੱਖਰੀ ਰੁਕਨ ਵਿਚ ਪੰਜ ਮੁਤਹੱਰਕ ਅੱਖਰ ਹਨ , ਸਿਰਫ਼ ਦੋ ਅੱਖਰ ਹੀ ਸਾਕਿਨ ਹਨ । ਕੁਝ ਸਾਲ ਪਹਿਲਾਂ ਇਸ ਨੂੰ ਪੰਜਾਬੀ ਵਿੱਚ ਲਿਖਣਾ ਲੱਗਪੱਗ ਅਸੰਭਵ ਹੀ ਸਮਝਿਆ ਜਾਂਦਾ ਸੀ । ਇੱਥੋਂ ਤਕ ਕਿ ਉਸਤਾਦ ਦੀਪਕ ਜੈਤੋਈ ਸਾਹਿਬ ਨੇ ਵੀ ਕਹਿ ਦਿੱਤਾ ਸੀ ਕਿ ਬਹਿਰ ਵਾਫ਼ਿਰ ਪੰਜਾਬੀ ਵਿੱਚ ਵਰਤਣੀ ਅਸੰਭਵ ਹੈ । ਪਰ ਅਸੀਂ ਤੇ ਸ਼ਾਇਰ ਦਵਿੰਦਰ ਪੂਨੀਆ ਨੇ ਸਫ਼ਲਤਾ ਸਹਿਤ ਏਸ ਬਹਿਰ ਨੂੰ ਪੰਜਾਬੀ ਵਿੱਚ ਨਿਭਾਇਆ ਹੈ । ਸ਼ਿਅਰਾਂ ਦੀ ਉਦਾਹਰਣਾਂ ਕਿਸੇ ਅਗਲੇ ਲੇਖ ਵਿਚ ਦਿਆਂਗੇ । ਬਹਿਰ ਵਾਫਿਰ ਮੁਫਾਇਲੁਤੁਨ ਰੁਕਨ ਤੋਂ ਬਣਦੀ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ ।

ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ ਮੁਫ਼ਾਇਲੁਤੁਨ
ISIIS                 ISIIS         ISIIS ISIIS

"ਪੰਜਾਬੀ ਦੀ ਸ਼ਾਇਰੀ, ਇਸ ਤੋਂ ਹੈ ਅਣਜਾਣ,
ਮੁਫਇਲਤੁਨ  ਦ ਰੁਕਨ ਹੈ, ਵਾਫਿਰ ਦੀ ਪਹਿਚਾਣ।"

ਪਹਿਲਾਂ ਬਿਆਨ ਕੀਤੀਆਂ ਪੰਜ ਬਹਿਰਾਂ ਸੱਤ ਅੱਖਰੀ ਰੁਕਨ ਤੋਂ ਬਣਦੀਆਂ ਹਨ । ਦੋ ਬਹਿਰਾਂ, ਬਹਿਰ ਮੁਤਕਾਰਿਬ ਅਤੇ ਬਹਿਰ ਮੁਤਦਾਰਿਕ ਪੰਜ ਅੱਖਰੀ ਰੁਕਨਾਂ ਤੋਂ ਬਣਦੀਆਂ ਹਨ , ਜਿਹੜੇ ਕਰਮਵਾਰ ਫਊਲੁਨ ਅਤੇ ਫਾਇਲੁਨ ਰੁਕਨ ਹਨ ।

6. ਬਹਿਰ ਮੁਤਕਾਰਿਬ
ਅਰਬੀ ਭਾਸ਼ਾ ਵਿੱਚ  ਮੁਤਕਾਰਿਬ ਦਾ ਅਰਥ ਨੇੜੇ ਹੋਣਾ ਹੁੰਦਾ ਹੈ । ਪੰਜ ਅੱਖਰੀ ਰੁਕਨ ਫਊਲੁਨ ਤੋਂ ਬਹਿਰ ਮੁਤਕਾਰਿਬ ਬਣਦੀ ਹੈ । ਪੰਜ ਅੱਖਰੀ ਰੁਕਨ ਹੋਣ ਕਰਕੇ ਉਚਾਰਣ ਸਮੇਂ ਇਹ ਨੇੜੇ ਨੇੜੇ ਲਗਦੇ ਹਨ । ਇਸ ਕਰਕੇ ਇਸ ਬਹਿਰ ਦਾ ਨਾਮ ਮੁਤਕਾਰਿਬ ਪੈ ਗਿਆ । ਅਰਬੀ ਸ਼ਬਦ ਕੁਰਬ ਜਿਸਦਾ ਅਰਥ ਨਜ਼ਦੀਕ ਹੁੰਦਾ ਹੈ , ਇਸ ਤਰ੍ਹਾਂ ਹੀ ਕੁਰਬ ਤੋਂ ਕੁਰਬਤ ਬਣਿਆ, ਜਿਸਦਾ ਅਰਥ ਨੇੜਤਾ ਹੁੰਦਾ ਹੈ  ਅਤੇ ਇਸ ਤੋਂ ਹੀ ਇਸ ਬਹਿਰ ਨੂੰ ਇਹ ਨਾਮ ਮਿਲਿਆ ਹੈ । ਇਸ ਬਹਿਰ ਦੀ ਬਣਤਰ --
ਫਊਲੁਨ ਫਊਲੁਨ ਫਊਲੁਨ ਫਊਲੁਨ
ISS             ISS     ISS   ISS
ਇਸ ਨੂੰ ਯਾਦ ਰੱਖਣ ਵਾਸਤੇ-
"ਜੇਕਰ ਚਾਹੋਂ ਜਾਨਣੀ, ਮੁਤਕਾਰਿਬ ਦੀ ਚਾਲ,
ਮੁਤਕਾਰਿਬ ਜੋ ਬਹਿਰ ਹੈ, ਬਣਦੀ ਫਊਲੁਨ ਨਾਲ ।"

7 ਬਹਿਰ ਮੁਤਦਾਰਿਕ
ਅਰਬੀ ਭਾਸ਼ਾ ਵਿਚ ਮੁਤਦਾਰਿਕ ਦਾ ਅਰਥ ਮਿਲਣ ਵਾਲਾ ਹੁੰਦਾ ਹੈ । ਅਬੁਲ ਹਸਨ ਅਖ਼ਫ਼ਸ਼ ਨੇ ਇਸ ਨੂੰ  ਖ਼ਲੀਲ ਬਿਨ ਅਹਿਮਦ ਤੋਂ ਬਾਦ ਈਜ਼ਾਦ ਕੀਤਾ ਅਤੇ ਇਸ ਤਰ੍ਹਾਂ ਇਹ ਬਹਿਰ ਖਲੀਲ ਬਿਨ ਅਹਿਮਿਦ ਦੀਆਂ ਈਜ਼ਾਦ ਕੀਤੀਆਂ ਬਹਿਰਾਂ ਨਾਲ ਮਿਲ ਗਈ । ਇਸੇ ਕਰਕੇ ਇਸ ਬਹਿਰ ਦਾ ਨਾਮ ਮੁਤਦਾਰਿਕ ਪੈ ਗਿਆ । ਇਸ ਬਹਿਰ ਦੀ ਬਣਤਰ ਇਸ ਤਰ੍ਹਾਂ ਹੈ ।
ਫਾਇਲੁਨ ਫਾਇਲੁਨ ਫਾਇਲੁਨ ਫਾਇਲੁਨ
SIS           SIS SIS           SIS

ਮੁਤਦਾਰਿਕ ਇਸ ਦਾ ਨਾਮ ਹੈ, ਏਨਾਂ ਰੱਖੋ ਖਿਆਲ,
ਬਣਦੀ ਫਾਇਲੁਨ ਰੁਕਨ ਤੋਂ, ਏਸ ਬਹਿਰ ਦੀ ਚਾਲ ।"

ਇਸ ਤਰ੍ਹਾਂ ਦੋਸਤੋ ਤੁਸੀਂ ਦੇਖ ਲਿਆ ਹੈ ਕਿ ਅਰੂਜ਼ ਦੀਆਂ ਸੱਤ ਮੁਫਰਦ ਬਹਿਰਾਂ ਇਕ ਇਕ ਰੁਕਨ ਤੋਂ ਬਣਦੀਆਂ ਹਨ । ਅੱਠਵਾਂ ਰੁਕਨ ਮਫ਼ਊਲਾਤ ਇਕੱਲਾ ਕੋਈ ਬਹਿਰ ਨਹੀ ਬਣਾਉਂਦਾ । ਮਫ਼ਊਲਾਤ ਦੂਸਰੇ ਰੁਕਨਾਂ ਦੇ ਨਾਲ ਮਿਲ ਕੇ ਮਰੱਕਬ ਬਹਿਰ ਬਣਾਉਂਦਾ ਹੈ । ਮੁਰੱਕਬ ਬਹਿਰ ਦਾ ਜ਼ਿਕਰ ਅੱਗੇ ਚੱਲ ਕੇ ਕਰਾਂਗੇ ।
ਕ੍ਰਿਸ਼ਨ ਭਨੋਟ
..................................

ਮੁਰੱਕਬ ਬਹਿਰਾਂ-- ਮੁਰੱਕਬ ਬਹਿਰਾਂ ਦੋ ਦੋ ਰੁਕਨਾਂ ਦੇ ਸੁਮੇਲ ਤੋਂ ਬਣਦੀਆਂ ਹਨ ।

8 ਬਹਿਰ ਮੁਜਸਤ--
ਮੁਜਸਤ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਸ਼ਾਬਦਿਕ ਅਰਥ ਜੜੋਂ ਉਖਾੜ੍ਹਨਾ ਹੁੰਦਾ ਹੈ । ਇਸ ਬਹਿਰ ਦਾ ਨਾਂ ਮੁਜਸਤ ਇਸ ਕਰਕੇ ਪਿਆ ਹੈ ਕਿ ਇਹ ਬਹਿਰ ਖ਼ਫੀਫ਼ ਵਿੱਚੋਂ ਕੱਢੀ ਗਈ ਹੈ । ਇਹ ਦੋ ਰੁਕਨਾਂ ਦੇ ਸੁਮੇਲ ਤੋਂ ਬਣਾਈ ਗਈ ਹੈ । ਇਸ ਬਹਿਰ ਦੇ ਅਰਕਾਨ ਹਨ--

ਮੁਸਤਫ਼ਇਲੁਨ ਫਾਇਲਾਤੁਨ ਮੁਸਤਫ਼ਇਲੁਨ ਫਾਇਲਾਤੁਨ
SSIS            SISS          SSIS     SISS

ਇਹ ਬਹਿਰ ਉਰਦੂ ਵਿੱਚ ਸਾਲਿਮ ਨਹੀ ਮਿਲਦੀ , ਜਿਹਾਫ਼ਾਂ ਨਾਲ ਮਿਲਦੀ ਹੈ , ਅਤੇ ਉਰਦੂ ਵਿੱਚ ਬੜੀ ਹਰਮਨ ਪਿਆਰੀ ਹੈ । ਪੰਜਾਬੀ  ਸ਼ਾਇਰਾਂ ਨੇ ਵੀ ਇਸ ਬਹਿਰ ਵਿੱਚ ਗ਼ਜ਼ਲਾਂ ਕਹੀਆਂ ਹਨ ।

9 ਬਹਿਰ ਮੁਜ਼ਾਰਿਆ
ਮੁਜ਼ਾਰਿਆ ਦਾ ਅਰਬੀ ਭਾਸ਼ਾ ਵਿੱਚ ਅਰਥ, ਕਿਸੇ ਵਰਗਾ ਹੋਣਾ, ਕਿਸੇ ਦੇ ਸਮਰੂਪ ਹੋਣਾ ਹੈ । ਕਈ ਵਿਦਵਾਨ ਇਸ ਨੂੰ ਹਜ਼ਜ ਬਹਿਰ ਵਰਗੀ ਮੰਨਦੇ ਹਨ ਅਤੇ ਕਈ ਵਿਦਵਾਨ ਬਹਿਰ ਮੁਨਸਰਿਹ ਵਰਗੀ । ਏਸੇ ਅਧਾਰ ਤੇ ਇਸ ਬਹਿਰ ਦਾ ਨਾਮ ਬਹਿਰ ਮੁਜ਼ਾਰਿਆ ਰੱਖਿਆ ਗਿਆ ਹੈ । ਇਹ ਬਹਿਰ ਪੰਜਾਬੀ ਵਿਚ ਘੱਟ ਵਰਤੀ ਗਈ ਹੈ ਪਰ ਇਸ ਦੇ ਦੋ ਕੁ ਜਿਹਾਫ਼ੇ ਰੂਪ ਪੰਜਾਬੀ ਵਿੱਚ ਬੜੇ ਹਰਮਨ ਪਿਆਰੇ ਹਨ । ਇਸ ਦੇ ਅਰਕਾਨ ਹਨ.
ਮੁਫਾਈਲੁਨ ਫਾਇਲਾਤੁਨ ਮੁਫਾਈਲੁਨ ਫਾਇਲਾਤੁਨ
ISSS           SISS             ISSS            SISS

10. ਬਹਿਰ ਮੁਨਸਰਿਹ
ਮੁਨਸਰਿਹ ਦਾ ਅਰਬੀ ਭਾਸ਼ਾ  ਵਿੱਚ ਅਰਥ ਸੌਖਾ ਸਰਲ ਜਾਂ ਅਸਾਨ ਹੈ । ਮੁਨਸਰਿਹ ਦਾ ਇੱਕ ਅਰਥ ਕੱਪੜਿਆਂ ਤੋਂ ਬਾਹਰ ਹੋਣਾ ਵੀ ਹੁੰਦਾ ਹੈ । ਕਿਸੇ ਟਾਂਵੇਂ ਵਿਰਲੇ ਸ਼ਾਇਰ ਨੇ  ਹੀ ਇਸ ਬਹਿਰ ਵਿੱਚ ਗ਼ਜ਼ਲ ਕਹੀ ਹੈ । ਇਹ ਬਹਿਰ ਦੋ ਰੁਕਨਾਂ  ਮੁਸਤਫ਼ਇਲੁਨ ਅਤੇ ਮਫ਼ਊਲਾਤ ਤੋਂ ਬਣੀ ਹੈ । ਇਸ ਬਹਿਰ ਦੇ ਅਰਕਾਨ ਹਨ-
ਮੁਸਤਫ਼ਇਲੁਨ ਮਫ਼ਊਲਾਤ ਮੁਸਤਫ਼ਇਲੁਨ ਮਫ਼ਊਲਾਤ
SSIS                 SSSI SSIS    SSSI

11 ਬਹਿਰ ਮੁਕਤਜ਼ਬ
ਮੁਕਤਜ਼ਬ ਦਾ ਅਰਬੀ ਭਾਸ਼ਾ ਵਿੱਚ ਅਰਥ ਹੈ ਕੱਟਣਾ । ਬਹਿਰ ਮੁਕਤਜ਼ਬ ਦਾ ਇਹ ਨਾਂ ਇਸ ਕਰਕੇ ਪਿਆ ਕਿ ਇਹ ਬਹਿਰ ਮੁਨਸਰਿਹ ਚੋਂ ਕੱਟ ਕੇ ਕੱਢੀ ਗਈ ਹੈ । ਬਹਿਰ ਮੁਨਸਰਿਹ ਦੇ ਰੁਕਨ ਕ੍ਰਮਵਾਰ ਮੁਸਤਫ਼ਇਲੁਨ ਮਫ਼ਊਲਾਤ ਦੋ ਵਾਰ ਦੁਹਰਾਏ ਗਏ ਹਨ । ਏਸ ਬਹਿਰ ਵਿਚ ਇਨ੍ਹਾਂ ਰੁਕਨਾਂ ਦੀ ਤਰਤੀਬ ਉਲਟਾ ਦਿੱਤੀ ਗਈ ਹੈ ।  ਬਹਿਰ ਮੁਕਤਜ਼ਬ ਦੇ ਰੁਕਨ ਹਨ--
ਮਫ਼ਊਲਾਤ ਮੁਸਤਫ਼ਇਲੁਨ ਮਫ਼ਊਲਾਤ ਮੁਸਤਫ਼ਇਲੁਨ
SSSI       SSIS            SSSI    SSIS
ਇਹ ਬਹਿਰ ਵੀ ਪੰਜਾਬੀ ਵਿਚ ਕਿਸੇ ਇਕ ਅੱਧੇ ਸ਼ਾਇਰ ਨੇ ਹੀ ਕਹੀ ਹੈ । ਇਸ ਕਰਕੇ ਇਹ ਬਹਿਰ ਵੀ ਪੰਜਾਬੀ ਵਿੱਚ ਬਹੁਤੀ ਪ੍ਰਚਲਿਤ ਨਹੀ ਹੈ ।
12 ਬਹਿਰ ਤਵੀਲ
ਤਵੀਲ ਦਾ ਅਰਬੀ ਸ਼ਬਦਾਰਥ 'ਲੰਮੀ' ਹੁੰਦਾ ਹੈ । ਇਸ ਬਹਿਰ ਦਾ ਨਾਮ ਬਹਿਰ ਤਵੀਲ ਇਸੇ ਕਰਕੇ ਪਿਆ ਕਿ ਜਦੋਂ ਅਰਬ ਵਿੱਚ ਸ਼ਾਇਰ ਲੋਕ ਸ਼ਿਅਰ ਕਹਿਣ ਲੱਗੇ ਤਾਂ ਇਸ ਬਹਿਰ ਨਾਲੋਂ ਲੰਮੀ ਹੋਰ ਕੋਈ ਵੀ ਬਹਿਰ ਨਹੀ ਸੀ । ਮਗਰੋਂ ਜਾ ਕੇ ਇਸ ਨਾਲੋਂ ਵੀ ਹੋਰ ਕਿਤੇ ਲੰਮੀਆਂ ਬਹਿਰਾਂ ਵਰਤੀਆਂ ਜਾਣ ਲੱਗ ਪਈਆਂ । ਇਹ ਬਹਿਰ ਫ਼ਊ਼ੁਲੁਨ ਅਤੇ ਮੁਫਾਈਲੁਨ ਰੁਕਨ ਤੋਂ ਮਿਲ ਕੇ ਬਣੀ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੈ--
ਫ਼ਊਲੁਨ ਮੁਫਾਈਲੁਨ ਫ਼ਊਲੁਨ ਮੂਫਾਈਲੁਨ
ISS            ISSS            ISS ISSS

13 ਬਹਿਰ ਮਦੀਦ
ਮਦੀਦ ਦਾ ਅਰਬੀ ਭਾਸ਼ਾ ਵਿਚ ਅਰਥ ਹੈ 'ਖਿੱਚਣਾ' । ਇਸ ਬਹਿਰ ਦਾ ਨਾਮ ਬਹਿਰ ਮਦੀਦ ਇਸ ਕਰਕੇ ਰੱਖਿਆ ਗਿਆ ਕਿ ਇਹ ਬਹਿਰ ਤਵੀਲ ਚੋਂ ਖਿੱਚ ਕੇ ਬਣਾਈ ਗਈ ਹੈ । ਇਹ ਬਹਿਰ ਅਰਬੀ ਵਿੱਚ ਹੀ ਕਹੀ ਜਾਂਦੀ ਹੈ । ਉਰਦੂ ਫਾਰਸੀ ਵਿੱਚ ਵੀ ਜਿਆਦਾ ਹਰਮਨ ਪਿਆਰੀ ਨਹੀ । ਇਸ ਦੇ ਰੁਕਨ  ਹਨ--
ਫਾਇਲਾਤੁਨ ਫਾਇਲੁਨ ਫਾਇਲਾਤੁਨ ਫਾਇਲੁਨ
SISS            SIS SISS           SIS

14. ਬਹਿਰ ਬਸੀਤ
ਬਸੀਤ ਦਾ ਅਰਬੀ ਭਾਸ਼ਾ ਵਿੱਚ ਅਰਥ ਹੈ ਵਿਛਿਆ ਹੋਇਆ । ਇਸ ਬਹਿਰ ਦੇ ਰੁਕਨ ਜਦੋਂ ਉਚਾਰੇ ਜਾਂਦੇ ਹਨ ਤਾਂ ਇਉਂ ਲਗਦਾ ਹੈ ਜਿਵੇਂ ਸ਼ਬਦ ਵਿਛੇ ਹੋਏ ਹੋਣ । ਇਸ ਦੇ ਰੁਕਨ ਹਨ-
ਮੁਸਤਫ਼ਇਲੁਨ ਫਾਇਲੁਨ ਮੁਸਤਫ਼ਇਲੁਨ ਫਾਇਲੁਨ
SSIS           SIS          SSIS SIS
ਇਹ ਬਹਿਰ ਵੀ ਪੰਜਾਬੀ ਵਿੱਚ ਪ੍ਰਚਲਿਤ ਨਹੀ ਹੈ ।

ਉਪਰੋਕ ਸੱਤ ਮੁਰੱਕਬ ਬਹਿਰਾਂ ਅੱਠ ਅੱਠ ਰੁਕਨਾਂ ਤੋਂ ਬਣੀਆਂ ਹੋਈਆਂ ਹਨ, ਅਰਥਾਤ ਸ਼ਿਅਰ ਵਿੱਚ ਅੱਠ ਰੁਕਨ ਵਰਤੇ ਜਾਂਦੇ ਹਨ ।ਇਕ ਮਿਸਰੇ ਵਿੱਚ ਚਾਰ ਚਾਰ ਰੁਕਨ ਹੋਣ ਤਾਂ ਬਹਿਰ ਨੂੰ ਮੁਸੱਮਨ ਬਹਿਰ ਕਿਹਾ ਜਾਂਦਾ ਹੈ । ਮੁਸੱਮਨ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਅੱਠ ਹੁੰਦਾ ਹੈ ।
ਹੁਣ ਅਸੀਂ ਪੰਜ ਹੋਰ ਮੁਕਰੱਬ ਬਹਿਰਾਂ ਬਾਰੇ ਚਰਚਾ ਕਰਾਂਗੇ, ਜਿਨ੍ਹਾਂ ਨੁੰ ਮੁਸੱਦਸ ਬਹਿਰਾਂ ਕਿਹਾ ਜਾਂਦਾ ਹੈ । ਮੁਸੱਦਸ ਦਾ ਅਰਥ ਅਰਬੀ ਵਿੱਚ ਛੇ ਹੁੰਦਾ ਹੈ । ਜਿਸ ਦਾ ਭਾਵ ਇਹ ਹੈ ਕਿ ਇਹ ਛੇ ਰੁਕਨੀਂ ਬਹਿਰਾਂ ਹਨ ।

15 ਬਹਿਰ ਸਰੀਅ
ਸਰੀਅ ਦਾ ਅਰਥ ਹੈ ਛੇਤੀ ਯਾਨੀ ਜਲਦੀ । ਇਸ ਬਹਿਰ ਦੇ ਰੁਕਨ ਅਜੇਹੇ ਹਨ, ਜਿਹੜੇ ਪੜ੍ਹਨ ਸਮੇਂ ਛੇਤੀ ਉਚਾਰੇ ਜਾਂਦੇ ਹਨ । ਏਸ ਕਰਕੇ ਇਸ ਬਹਿਰ ਦਾ ਨਾਮ ਸਰੀਅ ਰੱਖਿਆ ਗਿਆ ਹੈ । ਇਹ ਬਹਿਰ ਵੀ ਪੰਜਾਬੀ ਵਿੱਚ ਸਾਲਮ ਨਹੀ ਵਰਤੀ ਜਾਂਦੀ । ਇਸ ਦਾ ਇੱਕ ਅੱਧਾ ਜਿਹਾਫ਼ਿਆ ਰੂਪ ਕਿਸੇ ਕਿਸੇ ਪੰਜਾਬੀ ਸ਼ਾਇਰ ਨੇ ਵਰਤਿਆ ਹੈ । ਬਹਿਰ ਸਰੀਅ ਦੇ ਰੁਕਨ ਹਨ--
ਮੁਸਤਫ਼ਇਲੁਨ ਮੁਸਤਫ਼ਇਲੁਨ ਮਫ਼ਊਲਾਤ
SSIS             SSIS            SSSI

16. ਬਹਿਰ ਖਫ਼ੀਫ
ਖਫ਼ੀਫ ਦਾ ਅਰਥ ਹੈ ਹਲਕੀ ਫੁਲਕੀ । ਬਹਿਰ ਖਫ਼ੀਫ ਛੇ ਰੁਕਨੀਂ  ਯਾਨੀ ਮੁਸੱਦਸ ਬਹਿਰ ਹੈ । ਇਸ ਦੇ ਰੁਕਨ ਵੀ ਬੜੀ ਅਸਾਨੀ ਨਾਲ ਉਚਾਰੇ ਜਾਂਦੇ ਹਨ, ਭਾਵ ਉਚਾਰਨ ਸਮੇਂ ਬੋਝਲ ਨਹੀ ਲਗਦੇ । ਇਸ ਦੇ ਏਸੇ ਗੁਣ ਕਰਕੇ ਇਸ ਦਾ ਨਾਮ ਖਫ਼ੀਫ ਰੱਖਿਆ ਗਿਆ ਹੈ । ਬਹਿਰ ਖਫ਼ੀਫ ਵੀ ਪੰਜਾਬੀ ਵਿੱਚ ਸਾਲਮ ਨਹੀ ਵਰਤੀ ਜਾਂਦੀ । ਇਸ ਦਾ ਵੀ ਇੱਕ ਜਿਹਾਫ਼ਿਆ ਰੂਪ ਹੈ ਜਿਹੜਾ ਪੰਜਾਬੀ ਵਿੱਚ ਬਹੁਤ ਹਰਮਨ ਪਿਆਰਾ ਹੈ । ਉਰਦੂ ਫਾਰਸੀ ਵਿੱਚ ਇਹ ਬਹਿਰ ਬੜੀ ਮਕ਼ਬੂਲ ਹੈ । ਇਸ ਦੇ ਰੁਕਨ ਹਨ--
ਫਾਇਲਾਤੁਨ ਮੁਸਤਫ਼ਇਲੁਨ ਫਾਇਲਾਤੁਨ
SISS               SSIS            SISS

17 ਬਹਿਰ ਕਰੀਬ
ਬਹਿਰ ਕਰੀਬ ਖਲੀਲ ਬਿਨ ਅਹਿਮਦ ਤੋਂ ਲਗਪਗ ਇਕ ਹਜ਼ਾਰ ਸਾਲ ਪਿੱਛੋਂ ਅਠਾਰਵੀਂ ਸਦੀ ਵਿੱਚ ਮੌਲਾਨਾ ਯੁਸਫ਼ ਨੇਸ਼ਾਪੁਰੀ ਨੇ ਈਜਾਦ ਕੀਤੀ ਸੀ । ਕਰੀਬ ਦਾ ਅਰਥ ਹੈ ਨੇੜੇ ਜਾਂ ਨਜ਼ਦੀਕ । ਕਿਉਂ ਕਿ ਇਹ ਬਹਿਰ, ਬਹਿਰ ਮੁਜ਼ਾਰਿਆ ਅਤੇ ਬਹਿਰ ਹਜਜ ਦੇ ਬਹੁਤ ਨੇੜੇ ਹੈ ਇਸ ਕਰਕੇ ਇਸ ਦਾ ਨਾਮ ਕਰੀਬ ਰੱਖਿਆ ਗਿਆ । ਇਸ ਦੇ ਰੁਕਨ--
ਮੁਫਾਈਲੁਨ ਮੁਫਾਈਲੁਨ ਫਾਇਲਾਤੁਨ
 ਬਹਿਰ ਹਜ਼ਜ਼ ਦੇ ਰੁਕਨ ਮੁਫਾਈਲੁਨ ਅਤੇ ਬਹਿਰ ਮੁਜ਼ਾਰਿਆ ਦੇ ਰੁਕਨ ਫਾਇਲਾਤੁਨ ਮੁਫਾਈਲੁਨ ਫਾਇਲਾਤੁਨ ਹਨ, ਜਿਹੜੇ ਕਿ ਬਹਿਰ ਕਰੀਬ ਦੇ ਰੁਕਨਾਂ ਵਰਗੇ ਹੀ ਹਨ । ਬਹਿਰ ਕਰੀਬ ਪੰਜਾਬੀ ਵਿਚ ਵੀ ਬਹੁਤੀ ਪ੍ਰਚਲਿਤ ਨਹੀ ਹੈ । ਇਹ ਬਹਿਰ ਵੀ ਬਹਿਰ ਮੁਸੱਦਸ ਯਾਨੀ ਕਿ ਛੇ ਰੁਕਨੀ ਬਹਿਰ ਹੀ ਹੈ ।

18 ਬਹਿਰ ਮੁਸ਼ਾਕਲ
ਮੁਸ਼ਾਕਲ ਸ਼ਬਦ ਦਾ ਅਰਥ ਹੈ ਹਮਸ਼ਕਲ, ਜਿਸ ਤਰ੍ਹਾਂ ਦੋ ਜੌੜੇ ਬੱਚਿਆਂ ਦੀਆਂ ਸ਼ਕਲਾਂ ਆਪਸ ਵਿਚ ਰਲ਼ਦੀਆਂ ਮਿਲ਼ਦੀਆਂ ਹੁੰਦੀਆਂ ਹਨ । ਇਸੇ ਤਰ੍ਹਾਂ ਬਹਿਰ ਮੁਸ਼ਾਕਲ ਦੇ ਰੁਕਨ ਬਹਿਰ ਕਰੀਬ ਦੇ ਰੁਕਨਾਂ ਨਾਲ ਮਿਲਦੇ ਜੁਲਦੇ ਹੀ ਹਨ । ਇਸ ਤਰ੍ਹਾਂ ਬਹਿਰ ਮੁਸ਼ਾਕਲ ਬਹਿਰ ਕਰੀਬ ਦੀ ਹਮਸ਼ਕਲ ਹੀ ਹੈ । ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਹੈ ਕਿ ਬਹਿਰ ਕਰੀਬ ਦੇ ਰੁਕਨ ਹਨ ਮੁਫਾਈਲੁਨ, ਮੁਫਾਈਲੁਨ, ਫਾਇਲਾਤੁਨ । ਹੁਣ ਜੇ ਇਨ੍ਹਾਂ ਰੁਕਨਾਂ ਦੀ ਤਰਤੀਬ ਉਲਟ ਦੇਈਏ ਤਾਂ ਇਹ ਬਹਿਰ ਮੁਸ਼ਾਕਲ ਬਣ ਜਾਂਦੀ ਹੈ । ਇਸ ਤਰ੍ਹਾਂ ਬਹਿਰ ਮੁਸ਼ਾਕਲ ਦੇ ਰੁਕਨ ਹਨ--
ਫਾਇਲਾਤੁਨ ਮੁਫਾਈਲੁਨ ਮੁਫਾਈਲੁਨ
SISS               ISSS              ISSS

19 ਬਹਿਰ ਜਦੀਦ
ਜਦੀਦ ਦਾ ਅਰਥ ਹੈ, ਨਵਾਂ ਜਾਂ ਮੌਡਰਨ । ਇਸ ਬਹਿਰ ਦਾ ਇਹ ਨਾਮ ਏਸੇ ਕਰਕੇ ਹੀ ਪਿਆ ਹੈ ਕਿ ਇਹ ਬਹਿਰ ਅਰੂਜ਼ ਦੇ ਬਾਨੀ ਖਲੀਲ ਬਿਨ ਅਹਿਮਦ ਦੇ ਮਗਰੋਂ ਈਜਾਦ ਕੀਤੀ ਗਈ । ਯਾਦ ਰਹੇ ਕਿ ਬਹਿਰ ਮੁਸ਼ਾਕਲ ਅਤੇ ਬਹਿਰ ਜਦੀਦ ਇਰਾਨੀ ਅਰੂਜ਼ੀਆਂ  ਨੇ ਈਜਾਦ ਕੀਤੀਆਂ ਹਨ । ਇਹ ਬਹਿਰਾਂ ਅਰਬੀ ਜ਼ੁਬਾਨ ਵਿੱਚ ਨਹੀ ਵਰਤੀਆਂ ਜਾਦੀਆਂ । ਇਸ ਦੇ ਰੁਕਨ ਹਨ--
ਫਾਇਲਾਤੁਨ ਫਾਇਲਾਤੁਨ ਮੁਸਤਫ਼ਇਲੁਨ
SISS               SISS             SSIS

ਪਿਆਰੇ ਦੋਸਤੋ ਤੁਸੀਂ ਅਰੂਜ਼ ਦੀਆਂ 19 ਬਹਿਰਾਂ ਦਾ ਵੇਰਵਾ ਪੜ੍ਹ ਹੀ ਚੁੱਕੇ ਹੋ । ਉੱਨੀਂ ਬਹਿਰਾਂ ਨਾਲ ਜਿਹਾਫ਼ ਲਾ ਕੇ ਇਨ੍ਹਾਂ ਦੇ ਸੈਂਕੜੇ ਰੂਪ ਬਣ ਜਾਂਦੇ ਹਨ । ਕੋਈ ਵੀ ਵੱਡੇ ਤੋਂ ਵੱਡਾ ਸ਼ਾਇਰ ਇਹਨਾਂ ਬਹਿਰਾਂ ਦੇ ਸਾਰੇ ਰੂਪਾਂ ਵਿਚ ਸ਼ਿਅਰ ਨਹੀ ਕਹਿ ਸਕਿਆ । ਜੇ ਇਹ ਕਹਿ ਲਿਆ ਜਾਵੇ ਕਿ ਕੋਈ ਵੀ ਸ਼ਾਇਰ ਆਪਣੀ ਸਾਰੀ ਉਮਰ ਵਿੱਚ ਕਿਸੇ ਇੱਕ ਬਹਿਰ ਦੇ ਸਾਰੇ ਰੂਪ ਨਹੀ ਵਰਤ ਸਕਦਾ , ਤਾਂ ਕੋਈ ਅੱਤ-ਕਥਨੀ ਨਹੀ ਹੋਵੇਗੀ । ਇਕੱਲੀ ਬਹਿਰ ਹਜਜ ਦੇ ਲਗਪਗ ਅੱਸੀ ਰੁਪ ਬਣ ਜਾਂਦੇ ਹਨ । ਇਨ੍ਹਾਂ ਅਰੂਜ਼ੀ ਬਹਿਰਾਂ ਦੀ ਏਸੇ ਵਿਸ਼ਾਲਤਾ ਕਰਕੇ ਅਰੂਜ਼ੀ ਪਰਿਭਾਸ਼ਾ ਵਿੱਚ ਇਨ੍ਹਾਂ ਦਾ ਨਾਮ ਬਹਿਰ ਰੱਖਿਆ ਗਿਆ ਹੈ । ਪੰਜਾਬੀ ਵਿੱਚ ਅਤੇ ਉਰਦੂ ਭਾਸ਼ਾ ਵਿੱਚ ਵੀ ਸਾਰੀਆਂ ਬਹਿਰਾਂ ਤੇ ਹੱਥ ਨਹੀ ਅਜ਼ਮਾਇਆ ਗਿਆ । ਅਜੇ ਬਹਿਰਾਂ ਦੇ ਅਨੇਕਾਂ ਰੂਪ ਹਨ ਜਿਨ੍ਹਾਂ ਤੇ ਕਿਸੇ ਸ਼ਾਇਰ ਨੇ ਕ਼ਲਮ ਨਹੀ ਅਜ਼ਮਾਈ । ਉਰਦੂ ਅਤੇ ਪੰਜਾਬੀ ਵਿੱਚ ਤਕਰੀਬ ਬਾਰਾਂ ਕੁ ਬਹਿਰਾਂ ਹੀ ਵਰਤੀਆਂ ਜਾਂਦੀਆਂ ਹਨ , ਜਿਵੇਂ ਬਹਿਰ ਹਜਜ, ਰਮਲ, ਮੁਤਕਾਰਿਬ, ਮੁਤਦਾਰਿਕ, ਕਾਮਿਲ, ਰਜਜ, ਵਾਫਰ, ਮੁਜਤਸ, ਮੁਜ਼ਾਰਿਆ, ਮਨਸਰਿਹ, ਖਫ਼ੀਫ, ਸਰੀਅ ਵਗੈਰਾ । ਬਾਕੀ ਬਚਦੀਆਂ ਸੱਤ ਬਹਿਰਾਂ ਵਿੱਚ ਸਿਰਫ ਤਜ਼ਰਬੇ ਵਾਸਤੇ ਹੀ ਪੰਜਾਬੀ ਸ਼ਾਇਰਾਂ ਨੇ ਹੱਥ ਅਜ਼ਮਾਇਆ ਹੈ, ਪਰ ਉਹ ਪੰਜਾਬੀ ਵਿਚ ਪ੍ਰਚਲਿਤ ਨਹੀ ਹੋ ਸਕੀਆਂ ।

ਕ੍ਰਿਸ਼ਨ ਭਨੋਟ

ਅਰੂਜ਼ ਦੇ ਅਰਕਾਨ ਦੀ ਬਣਤਰ

ਅਰੂਜ਼ ਦੇ ਅਰਕਾਨ ਦੀ ਬਣਤਰ
ਦੋਸਤੋ  ਜਿਵੇਂ  ਪੁੱਤਰ, ਪੋਤੇ, ਧੀਆਂ, ਦਾਦਾ ,ਦਾਦੀ, ਮਾਂ, ਬਾਪ ਸਾਰੇ ਰਲ਼ ਕੇ ਪਰਿਵਾਰ ਦੀਆਂ ਇਕਾਈਆਂ ਹਨ ਅਤੇ ਇਨ੍ਹਾਂ ਸਾਰੀਆਂ ਇਕਾਈਆਂ ਨੂੰ ਮਿਲਾ ਕੇ ਇਕ ਪਰਿਵਾਰ ਬਣਦਾ ਹੈ । ਇਸੇ ਤਰ੍ਹਾਂ ਹੀ ਮਤਲਾ, ਮਕਤਾ, ਸ਼ਿਅਰ, ਕਾਫ਼ੀਆ, ਰਦੀਫ਼, ਬਹਿਰ, ਸਾਕਿਨ, ਮੁਤਹੱਰਕ,ਸਬਬ  ਅਤੇ ਵਤਦ ਸਾਰੀਆਂ ਗ਼ਜ਼ਲ ਦੇ ਪਰਿਵਾਰ ਦੀਆਂ ਇਕਾਈਆਂ ਹਨ । ਇਹਨਾਂ ਸਾਰੀਆਂ ਇਕਾਈਆਂ ਦੇ ਨਾਲ ਹੀ ਗ਼ਜ਼ਲ ਹੋਂਦ ਵਿਚ ਆਉਂਦੀ ਹੈ । ਗ਼ਜ਼ਲ ਪਰਿਵਾਰ ਦੇ ਕਾਫੀ ਸਾਰੇ ਜੀਆਂ ਨਾਲ ਅਸੀਂ ਤੁਹਾਡੀ ਜਾਣ ਪਛਾਣ ਕਰਵਾ ਚੁੱਕੇ ਹਾਂ । ਆਉ ਹੁਣ ਇਕ ਹੋਰ ਮੈਂਬਰ ਨਾਲ ਤੁਹਾਡੀ ਜਾਣ-ਪਛਾਣ ਕਰਵਾਈਏ ।
ਰੁਕਨ ਸ਼ਬਦ ਦਾ ਬਹੁਵਚਨ ਅਰਕਾਨ ਹੈ । ਇਹ ਰੁਕਨ ਹੀ ਹਨ ਜੋ ਗ਼ਜ਼ਲ ਦੀ ਬਹਿਰ ਨਿਰਧਾਰਿਤ ਕਰਦੇ ਹਨ । ਬਹਿਰ ਜਾਣੀ ਮੀਟਰ, ਗ਼ਜ਼ਲ ਦੀ ਜਿੰਦ ਜਾਨ ਹੈ , ਜਿਹੜੀ ਗ਼ਜ਼ਲ ਨੂੰ ਲੈਅ-ਬੱਧ ਅਤੇ ਸੰਗੀਤਮਈ ਬਣਾਉਂਦੀ ਹੈ । ਬਿਨਾਂ ਮੀਟਰ ਜਾਂ ਬਹਿਰ ਦੇ ਗ਼ਜ਼ਲ ਦਾ ਕੋਈ ਵਜ਼ੂਦ ਨਹੀ । ਹੁਣ ਦੇਖਦੇ ਹਾਂ ਕਿ ਅਰਕਾਨ ਕੀ ਹੁੰਦੇ ਹਨ --
ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਉਹ ਸ਼ਬਦ ਰੂਪੀ ਵੱਟੇ ਹਨ ਜਿਹੜੇ ਗ਼ਜ਼ਲ ਦੀ ਬਹਿਰ ਨਿਸ਼ਚਿਤ ਕਰਦੇ ਹਨ । ਇਹਨਾਂ ਵੱਟਿਆਂ ਨਾਲ ਹੀ ਸ਼ਿਅਰ ਦੇ ਵਜ਼ਨ ਨੂੰ ਤੋਲਿਆ ਜਾਂਦਾ ਹੈ । ਗ਼ਜ਼ਲ ਵਿਚ ਅਰਕਾਨ ਦਾ ਬੜਾ ਮਹੱਤਵ ਹੈ, ਕਿਉਂ ਕਿ ਗ਼ਜ਼ਲ ਵਜ਼ਨ ਦੀ ਵਾਧ ਘਾਟ ਨੂੰ ਨਹੀ ਸਹਾਰਦੀ । ਵਜ਼ਨ ਦੀ ਵਾਧ ਘਾਟ ਦਾ ਗਿਆਨ ਰੁਕਨਾਂ ਦੀ ਜਾਣਕਾਰੀ ਤੋਂ ਬਿਨਾ ਸੰਭਵ ਨਹੀ ।
"ਜੀਕਣ ਦਾਲ ਚ ਕੋਕੜੂ, ਰੜਕ ਪਵੇ ਝੱਟ ਪੱਟ,
ਗਜ਼ਲਾਂ ਵਿਚ ਨਾ ਪੁੱਗਦੀ, ਲਗ ਮਾਤਰ ਵੱਧ ਘੱਟ ।"
ਸਬਬ ਅਤੇ ਵਤਦ ਦੇ ਮੇਲ ਤੋਂ ਰੁਕਨ ਬਣਦੇ ਹਨ । ਸਬਬ ਅਤੇ ਵਤਦ ਦੀ ਤਰਤੀਬ ਨੂੰ ਅੱਗੇ ਪਿੱਛੇ ਕਰਦਿਆਂ ਅਰੂਜ਼ ਦੇ ਅੱਠ ਰੁਕਨ ਬਣਦੇ ਹਨ । ਸਬਬ ਅਤੇ ਵਤਦ ਬਾਰੇ ਗਲਬਾਤ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ । ਦੋ ਅੱਖਰਾਂ ਦੇ ਸ਼ਬਦ ਨੂੰ ਸਬਬ ਅਤੇ ਤਿੰਨ ਅੱਖਰਾਂ ਦੇ ਸ਼ਬਦ ਨੂੰ ਵਤਦ ਆਖ਼ਦੇ ਹਨ । ਵੱਖਰੇ ਵੱਖਰੇ ਰੁਕਨ ਵੱਖਰੀਆਂ ਵੱਖਰੀਆਂ ਬਹਿਰਾਂ ਬਣਾਉਂਦੇ ਹਨ । ਬਹਿਰਾਂ ਬਾਰੇ ਆਪਾ ਅੱਗੇ ਚੱਲ ਕੇ ਗੱਲਬਾਤ ਕਰਾਂਗੇ ।
"ਵਤਦ ਸਬਬ ਮਿਲ ਕੇ, ਜਦੋਂ ਬਣ ਜਾਂਦੇ ਅਰਕਾਨ,
ਰੁਕਨ ਬਣਾਉਂਦੇ ਬਹਿਰ ਫਿਰ, ਰੁਕਨ ਗਜ਼ਲ ਦੀ ਸ਼ਾਨ ।"
ਅਰੂਜ਼ ਦੀ ਭਾਸ਼ਾ ਅਨੁਸਾਰ ਰੁਕਨ ਦਾ ਮਤਲਬ ਥੰਮ ਜਾਂ ਥੰਮੀ ਹੁੰਦਾ ਹੈ । ਥੰਮਾਂ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਘਰਾਂ ਦੀਆਂ ਛੱਤਾਂ ਆਮ ਕਰਕੇ ਥੰਮਾਂ ਸਹਾਰੇ ਹੀ ਖੜ੍ਹੀਆਂ ਹੁੰਦੀਆਂ ਹਨ । ਥੰਮ ਵਾਸਤੇ ਅੰਗਰੇਜ਼ੀ ਦਾ ਸਮਾਨ-ਅਰਥੀ ਸ਼ਬਦ ਬੀਮ ਹੈ ।  ਦੂਜੇ ਪਾਸੇ ਗ਼ਜ਼ਲ ਵਿਚ ਰੁਕਨ ਉਹ ਥੰਮ ਹਨ ਜਿਨ੍ਹਾਂ ਦੇ ਸਹਾਰੇ ਬਹਿਰ ਖੜ੍ਹੀ ਹੈ । ਰੁਕਨ ਗ਼ਜ਼ਲ ਦੇ ਅਜਿਹੇ ਸ਼ਬਦ ਰੂਪੀ ਵੱਟੇ ਹਨ ਜਿਹੜੇ ਗ਼ਜ਼ਲ ਦੀ ਚਾਲ ਨਿਸ਼ਚਿਤ ਕਰਦੇ ਹਨ । ਇਹਨਾਂ ਵੱਟਿਆਂ ਨਾਲ ਹੀ ਸ਼ਿਅਰ ਦੇ ਵਜ਼ਨ ਨੂੰ ਨਾਪਿਆ ਤੋਲਿਆ ਜਾਂਦਾ ਹੈ । ਇਸ ਤਰ੍ਹਾਂ ਰੁਕਨ ਗ਼ਜ਼ਲ ਦੀ ਬਹਿਰ ਵਜ਼ਨ ਨੂੰ ਨਾਪਣ ਤੋਲਣ ਦਾ ਪੈਮਾਨਾ ਜਾਂ ਮੀਟਰ ਹੈ । ਰੁਕਨ ਨੂੰ ਅਫ਼ਾਈਲ ਵੀ ਕਿਹਾ ਜਾਂਦਾ ਹੈ । ਅੰਗਰੇਜ਼ੀ ਵਿਚ ਇਸ ਦਾ ਸਮਾਨ-ਅਰਥੀ ਸ਼ਬਦ Foot ਹੈ ।
ਅਰੂਜ਼ੀ ਪਰਿਭਾਸ਼ਾ ਤੋਂ ਬਿਨਾ ਰੁਕਨ ਦੇ ਅਰਬੀ ਵਿਚ ਹੋਰ ਵੀ ਕਈ ਅਰਥ ਹਨ । ਕਿਸੇ ਸਭਾ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਵੀ ਰੁਕਨ ਕਿਹਾ ਜਾਂਦਾ ਹੈ । ਵਜ਼ਾਰਤ ਦੇ ਮੰਤਰੀਆਂ ਵਗੈਰਾ ਨੂੰ ਵੀ ਵਜ਼ਾਰਤੀ ਰੁਕਨ ਕਿਹਾ ਜਾਂਦਾ ਹੈ । ਪਰਿਵਾਰ ਦੇ ਮੈਂਬਰਾਂ ਨੂੰ ਵੀ ਪਰਿਵਾਰਿਕ ਰੁਕਨ ਕਿਹਾ ਜਾਂਦਾ ਹੈ ।
ਦੋਸਤੋ ਪਿੰਗਲ ਦੇ ਅੱਠ ਗਣਾਂ ਵਾਂਗਰ ਹੀ ਅਰੂਜ਼ ਵੀ ਅੱਠ ਰੁਕਨਾਂ ਤੇ ਹੀ ਅਧਾਰਤ ਹੈ । ਰੁਕਨ ਦਾ ਪੰਜਾਬੀ ਵਿਚ ਸਮਾਨ-ਅਰਥੀ ਸ਼ਬਦ ਗਣ ਪ੍ਰਚਲਤ ਹੈ । ਆਉ ਹੁਣ ਅਰਕਾਨ ਦੀ ਬਣਤਰ ਵਲ ਪਾਰਖ਼ੂ ਨਜ਼ਰ ਮਾਰੀਏ ---
ਪੰਜ ਅੱਖਰੀ ਰੁਕਨ
ਪਹਿਲਾਂ ਆਪਾਂ ਅਰੂਜ਼ ਦੇ ਪੰਜ ਅੱਖਰੀ ਰੁਕਨਾਂ ਦੀ ਬਣਤਰ ਦੀ ਗੱਲ ਕਰਦੇ ਹਾਂ । ਅਰੂਜ਼ ਦੇ ਅੱਠ ਰੁਕਨਾਂ ਵਿਚੋਂ ਦੋ ਪੰਜ ਅੱਖਰੀ ਸ਼ਬਦਾਂ ਨਾਲ ਤੇ ਬਾਕੀ  ਦੇ ਸੱਤ ਅੱਖਰੀ ਸ਼ਬਦਾਂ ਨਾਲ ਬਣਦੇ ਹਨ । ਪੰਜ ਅੱਖਰੀ ਸ਼ਬਦਾਂ ਨਲ ਬਣਨ ਵਾਲੇ ਰੁਕਨ  ਫਾਇਲਨ ਅਤੇ ਫਊਲਨ ਹਨ ।
ਫਾਇਲਨ--- ਰੁਕਨ ਦੋ ਅੱਖਰੀ  ਸ਼ਬਦ ਸਬਬ ਖਫੀਫ ਅਤੇ ਤਿੰਨ ਅੱਖਰੀ ਸ਼ਬਦ ਵਤਦ ਮਜ਼ਮੂਅ ਦੇ ਮੇਲ ਤੋਂ ਬਣਦਾ ਹੈ । ਹੇਠ ਅਸੀਂ ਫਾਇਲਨ ਰੁਕਨ ਦੀ ਬਣਤਰ ਅਰੂਜ਼ ਅਤੇ ਪਿੰਗਲ ਅਨੁਸਾਰ ਦਰਸਾਉਣ ਦਾ ਯਤਨ ਕੀਤਾ ਹੈ--
ਅਰੂਜ਼ ਪਿੰਗਲ
ਫਇਲਨ ਸਬਬ ਖਫੀਫ+ ਵਤਦ ਮਜ਼ਮੂਅ ਗੁਰੂ+ਲਘੂ+ ਗੁਰੂ (SIS)
ਫਊਲਨ--- ਇਹ ਰੁਕਨ ਉਪਰੋਕਤ ਫਾਇਲੁਨ ਰੁਕਨ ਦੇ ਸਬਬ ਖਫ਼ੀਫ ਅਤੇ ਵਤਦ ਮਜ਼ਮੂਅ ਦੀ ਸਥਿਤੀ ਦੇ ਉਲਟਾਉਣ ਨਾਲ ਬਣਦਾ ਹੈ । ਇਸ ਤਰਾਂ ਕਰਨ ਨਾਲ ਇਸ ਦੀ ਹੇਠ ਲਿਖੀ ਸਥਿਤੀ ਨਜ਼ਰ ਆਉਂਦੀ ਹੈ
ਫਊਲਨ= ਵਤਦ ਮਜ਼ਮੂਅ + ਸਬਬ ਖਫੀਫ = ISS

ਹੁਣ ਆਪਾਂ ਅਰੂਜ਼ ਦੇ ਸੱਤ ਅੱਖਰੀ ਅਰਕਾਨ ਦੀ ਬਣਤਰ ਬਾਰੇ ਵਿਚਾਰ ਕਰਦੇ ਹਾਂ । ਤਾਂ ਕਿ ਇਹਨਾਂ ਦੀ ਮੁਸ਼ਕਲ ਦਿਸਦੀ ਬਣਤਰ ਨੂੰ ਸੌਖੇ ਸ਼ਬਦਾਂ ਵਿਚ ਜਾਣ ਸਕੀਏ । ਸੱਤ ਅੱਖਰੀ ਰੁਕਨਾਂ ਦੀ ਬਣਤਰ ਇਸ ਤਰ੍ਹਾਂ ਹੈ ।

1. ਮੁਫਾਈਲਨ= ਵਤਦ ਮਜ਼ਮੂਅ + ਸਬਬ ਖਫੀਫ+ ਸਬਬ ਖਫੀਫ = ISSS

ਉਪਰੋਕਤ ਰੁਕਨ ਦਾ ਮੁਢਲਾ ਸ਼ਬਦ ਵਦਤ ਮਜ਼ਮੂਅ ਜੇ ਅਸੀਂ ਰੁਕਨ ਦੇ ਵਿਚਾਲੇ ਲੈ ਜਾਈਏ ਤਾਂ ਇਹ ਫਇਲਾਤੁਨ ਰੁਕਨ ਬਣ ਜਾਵੇਗਾ । ਅਤੇ ਇਸ ਦੀ ਬਣਤਰ ਹੋਵੇਗੀ--

2. ਫਾਇਲਾਤੁਨ= ਸਬਬ ਖਫੀਫ+ ਵਤਦ ਮਜ਼ਮੂਅ +ਸਬਬ ਖਫੀਫ = SISS

ਹੁਣ ਜੇ ਫਾਇਲਾਤੁਨ ਦੇ ਵਿਚਾਲੇ ਆਉਣ ਵਾਲਾ ਵਤਦ ਮਜ਼ਮੂਅ ਬਦਲ ਕੇ ਰੁਕਨ ਦੇ ਪਿੱਛੇ ਲਗਾ ਦਈਏ ਤਾਂ ਇਸ ਰੁਕਨ ਦਾ ਨਾਮ ਬਦਲ ਕੇ ਮੁਸਤਫ਼ਇਲੁਨ ਹੋ ਜਾਵੇਗਾ ।

3. ਮੁਸਤਫ਼ਇਲੁਨ= ਸਬਬ ਖਫੀਫ + ਸਬਬ ਖਫੀਫ+ ਵਤਦ ਮਜ਼ਮੂਅ = SSIS

ਇਸ ਤਰ੍ਹਾਂ ਉਪਰੋਕਤ ਤਿੰਨੇ ਹੀ ਰੁਕਨ ਸਬਬ ਖਫੀਫ ਅਤੇ ਵਤਦ ਮਜ਼ਮੂਅ ਦੀ ਵੱਖਰੀ ਵੱਖਰੀ ਤਰਤੀਬ ਨਾਲ ਹੀ ਹੋਂਦ ਵਿਚ ਆਏ ਹਨ । ਹੁਣ ਆਪਾਂ ਅਰੂਜ਼ ਦੇ ਅਗਲੇ ਤਿੰਨ ਸੱਤ ਹਰਫ਼ੀ ਰੁਕਨਾਂ ਦੀ ਬਣਤਰ ਬਾਰੇ ਗਲਬਾਤ ਕਰਦੇ ਹਾਂ ।

ਫਾਸਿਲਾ ਸੁਗਰਾ--
ਅਰੂਜ਼ ਅਨੁਸਾਰ ਅਗਰ ਸਬਬ ਸਕੀਲ ਅਤੇ ਸਬਬ ਖਫੀਫ ਇਕੱਠੇ ਹੋ ਜਾਣ ਤਾਂ ਉਸ ਸਥਿਤੀ ਨੂੰ ਫਾਸਿਲਾ ਸੁਗਰਾ ਕਿਹਾ ਜਾਂਦਾ ਹੈ । ਪਿੰਗਲ ਅਨੁਸਾਰ ਇਸ ਸਥਿਤੀ ਨੂੰ IIS ਦੇ ਚਿਨ੍ਹਾਂ ਰਾਹੀਂ ਪ੍ਰਗਟਾਇਆ ਜਾਂਦਾ ਹੈ ।

ਮੁਤੁਫਾਇਲੁਨ ਰੁਕਨ ਇਕ ਸੱਤ ਹਰਫ਼ੀ ਰੁਕਨ ਹੈ ਜਿਸ ਦੀ ਬਣਤਰ ਇਸ ਤਰ੍ਹਾਂ ਹੈ ।

4. ਮੁਤੁਫਾਇਲੁਨ= ਫਾਸਿਲਾ ਸੁਗਰਾ+ਵਤਦ ਮਜ਼ਮੂਅ = IISIS

ਉਪਰੋਕਤ ਰੁਕਨ ਵਿਚ ਜੇ ਫਾਸਿਲਾ ਸੁਗਰਾ ਅਤੇ ਵਤਦ ਮਜ਼ਮੂਅ ਦੀ ਤਰਤੀਬ ਬਦਲ ਦੇਈਏ ਤਾਂ ਇਹ ਇਕ ਨਵਾਂ ਰੁਕਨ ਬਣ ਜਾਵੇਗਾ ਜਿਸ ਨੂੰ  ਮੁਫਾਇਲੁਤੁਨ ਕਿਹਾ ਜਾਂਦਾ ਹੈ

5. ਮੁਫਾਇਲੁਤੁਨ= ਵਤਦ ਮਜ਼ਮੂਅ + ਫਾਸਿਲਾ ਸੁਗਰਾ = ISIIS

ਅਗਲੇ ਰੁਕਨ ਮਫ਼ਊਲਾਤ ਦੀ ਬਣਤਰ ਦੇਖੀਏ ਤਾਂ  ਇਸ ਵਿਚ  ਦੋ ਵਾਰ ਸਬਬ ਖਫੀਫ ਦੇ ਨਾਲ ਵਤਦ ਮਜ਼ਮੂਅ ਆਉਂਦਾ ਹੈ

6. ਮਫਊਲਾਤ = ਸਬਬ ਖਫੀਫ + ਸਬਬ ਖਫੀਫ + ਵਤਦ ਮਜ਼ਮੂਅ = SSSI

ਇਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ ਸਬਬ ਅਤੇ ਵਤਦ ਦੀ ਤਰਤੀਬ ਤੋਂ ਹੀ ਅਰੂਜ਼ ਦੇ ਅੱਠ ਰੁਕਨ ਹੋਂਦ ਵਿਚ ਆਉਂਦੇ ਹਨ । ਇਹਨਾਂ ਅਰਕਾਨ ਤੋਂ ਹੀ ਗ਼ਜ਼ਲ ਦੀਆਂ ਭਿੰਨ ਭਿੰਨ ਬਹਿਰਾਂ ਬਣਦੀਆਂ ਹਨ । ਇਸ ਤਰਾਂ ਇਹ ਅਰਕਾਨ ਹਨ--
ਫਾਇਲੁਨ, ਮਫਊਲ, ਮੁਫਾਈਲੁਨ, ਫਾਇਲਾਤੁਨ, ਮੁਸਤਫਇਲੁਨ, ਮੁਤੁਫਾਇਲੁਨ, ਮੁਫਾਇਲੁਤੁਨ, ਮਫਊਲਾਤ
   SIS  ,   ISS ,       ISSS,        SISS,             SSIS,             IISIS,          ISIIS,          SSSI

ਸਬਬ ਤੇ ਵਤਦ

ਸਬਬ ਤੇ ਵਤਦ
ਪਿਆਰੇ ਦੋਸਤੋ ਆਪਾਂ  ਅਰੂਜ਼ ਪਰਿਵਾਰ ਦੇ ਬਹੁਤ ਸਾਰੇ ਜੀਆਂ ਨਾਲ ਜਾਣ ਪਛਾਣ ਕਰ ਚੁੱਕੇ ਹਾਂ । ਮੁਤਹੱਰਕ, ਸਾਕਿਨ, ਮਿਸਰਾ, ਸ਼ਿਅਰ, ਮਤਲਾ, ਮਕਤਾ, ਕਾਫ਼ੀਆ, ਰਦੀਫ਼, ਮੂਲ ਅੱਖਰ ਨਾਲ ਮਿਲਣੀ ਹੋ ਚੁੱਕੀ ਹੈ । ਮੈਂ ਇਹ ਵੀ ਮੰਨਦਾ ਹਾਂ ਕਿ ਕੁਛ ਗੱਲਾਂ ਵਾਰ ਵਾਰ ਦੁਹਾਰਾਈਆਂ ਗਈਆਂ ਹੋਣਗੀਆਂ । ਮੇਰਾ ਇਹ ਨਿਸ਼ਾਨਾ ਹੈ ਕੁਛ ਗਲਾਂ ਤੁਹਾਡੀ ਸੋਚ ਦਾ ਹਿੱਸਾ ਬਣ ਜਾਣ । ਇਹ ਵੀ ਇਕ ਮਨੋਵਿਗਿਆਨਕ ਤੱਥ ਹੈ ਕਿ ਜਿਹੜੀ ਗੱਲ ਵਾਰ ਵਾਰ ਦੁਹਰਾਈ ਜਾਵੇ ਉਹ ਸਾਡੇ ਅਚੇਤ ਜਾਂ ਸੁਚੇਤ ਮਨ ਤੇ ਜ਼ਰੂਰ ਅਸਰ ਕਰਦੀ ਹੈ । ਏਸ ਮਨੋਵਿਗਿਆਨਕ ਤੱਥ ਦਾ ਸਹਾਰਾ ਲੈ ਕੇ ਹੀ ਵਪਾਰੀ ਵਰਗ ਆਪਣੀਆਂ ਵਸਤਾਂ ਦੀ ਵਾਰ ਵਾਰ ਇਸ਼ਤਿਹਾਰ ਬਾਜ਼ੀ ਕਰਦਾ ਰਹਿੰਦਾ ਹੈ । ਕਿਉਂ  ਕਿ ਜੇ ਝੂਠ ਵੀ ਸੌ ਵਾਰ ਦੁਹਾਰਾਇਆ ਜਾਵੇ ਤਾਂ ਸੁਣਨ ਵਾਲੇ ਨੂੰ ਸੱਚ ਲੱਗਣ ਲਗ ਜਾਂਦਾ ਹੈ ।
ਹੁਣ ਅਸੀਂ ਗ਼ਜ਼ਲ ਦੇ ਪਰਿਵਾਰ ਦੇ ਕੁਛ ਹੋਰ ਜੀਆਂ ਨਾਲ ਤੁਹਾਡੀ ਜਾਣ ਪਛਾਣ ਕਰਵਾਉਂਦੇ ਹਾਂ । ਇਨ੍ਹਾਂ ਜੀਆਂ ਦਾ ਨਾਮ ਹੈ ਸਬਬ ਅਤੇ ਵਤਦ । ਪਹਿਲਾਂ ਇਹ ਜਾਣੀਏ ਕਿ ਸਬਬ ਅਤੇ ਵਤਦ ਹੁੰਦੇ ਕੀ ਹਨ ।
"ਸਾਕਿਨ ਤੇ ਮੁਤਹੱਰਕ ਤੋਂ ਬਣਦੇ ਵਤਦ ਸਬਬ,
ਦੇਖੋ ਇਲਮ ਅਰੂਜ਼ ਵਿਚ  ਇਹਨਾਂ ਦੇ ਕਰਤੱਬ ।"
ਮੁਤਹਰਕ ਅਤੇ ਸਾਕਿਨ ਬਾਰੇ ਜਾਣਕਾਰੀ ਅਸੀਂ ਪ੍ਰਾਪਤ ਕਰ ਹੀ ਚੁੱਕੇ ਹਾਂ । ਮੁਤਹਰਕ ਅਤੇ ਸਾਕਿਨ ਅੱਖਰ ਰਲ਼ ਕੇ ਸਬਬ ਅਤੇ ਵਤਦ ਦਾ ਨਿਰਮਾਣ ਕਰਦੇ ਹਨ । ਸਬੱਬ ਅਤੇ ਵਤਦ ਮਿਲ ਕੇ ਅਰੂਜ਼ ਦੇ ਰੁਕਨ, ਗਣ ਜਾਂ ਵੱਟੇ ਬਣਦੇ ਹਨ । ਜਿਨ੍ਹਾਂ ਦੁਆਰਾ ਗ਼ਜ਼ਲ ਦਾ ਵਜ਼ਨ ਬਹਿਰ ਨਿਰਧਾਰਿਤ ਕੀਤਾ ਜਾਂਦਾ ਹੈ ।
ਪਿਆਰੇ ਦੋਸਤੋ ਗ਼ਜ਼ਲ ਦੇ ਸ਼ਬਦ ਇਕ ਓਪਰੀ ਭਾਸ਼ਾ ਅਰਬੀ ਵਿਚ ਹੋਣ ਕਰਕੇ ਸਾਨੂੰ ਓਪਰੇ ਲਗਦੇ ਹਨ । ਪਰ ਇਹਨਾਂ ਤੋਂ ਡਰਨ ਦੀ ਲੋੜ ਨਹੀ । ਇਹ ਸਾਰੇ ਸ਼ਬਦ ਖਾਨਾਬਦੋਸ਼ਾਂ ਜਿਹੀ ਜ਼ਿੰਦਗੀ ਬਤੀਤ ਕਰਨ ਵਾਲੇ ਅਰਬ ਲੋਕਾਂ ਦੇ ਘਰ ਨਾਲ ਸਬੰਧਤ ਹਨ, ਜਿਨ੍ਹਾਂ ਲੋਕਾਂ ਨੂੰ ਅਸੀਂ ਬੱਦੂ ਕਹਿਨੇ ਹਾਂ ।
ਸਾਡੇ ਵਿੱਚੋਂ ਇਹ ਕੌਣ ਜਾਣਦਾ ਸੀ ਇਨ੍ਹਾਂ ਸਿੱਧੇ ਸਾਦੇ ਜਾਪਦੇ ਲੋਕਾਂ ਕੋਲ ਇਲਮ ਅਰੂਜ਼ ਦਾ ਅਜੇਹਾ ਜਾਦੂ ਹੈ, ਜਿਸ ਨਾਲ ਗ਼ਜ਼ਲ ਵਰਗੀ ਕਾਵਿ-ਪਰੀ ਜਨਮ ਲੈਂਦੀ ਹੈ । ਅਸੀਂ ਆਮ ਕਰਕੇ ਕਿਸੇ ਦੀ ਬਾਹਰੀ ਦਿੱਖ ਤੋਂ ਹੀ ਪ੍ਰਭਾਵਿਤ ਹੁੰਦੇ ਹਾਂ , ਤੇ ਕਿਸੇ ਦੇ ਗੁਣ ਜਾਂ ਸੀਰਤ ਦੇਖਣ ਦਾ ਯਤਨ ਨਹੀ ਕਰਦੇ । ਮੇਰੇ ਵਰਗਾ ਦੇਸੀ ਜਿਹਾ ਦਿਸਣ ਵਾਲਾ ਬੰਦਾ ਵੀ ਜੇ ਕੋਟ, ਪੈਂਟ ਅਤੇ ਟਾਈ ਲਗਾ ਕੇ ਖੜ ਜਾਵੇ ਤਾਂ ਉਸ ਨੂੰ ਬੜਾ ਸਿਆਣਾ ਤੇ ਸਮਝਦਾਰ ਸਮਝਣ ਲੱਗ ਜਾਂਦੇ ਹਨ ।  ਅਜੇਹੇ ਭੱਦਰ ਪੁਰਸ਼ਾਂ ਵਾਸਤੇ ਪੰਜਾਬੀ ਵਿਚ ਇਕ ਅਖ਼ਾਣ ਹੈ  , ਉੱਚਾ ਲੰਮਾਂ ਗੱਭਰੂ ਪੱਲੇ ਠੀਕਰੀਆਂ । ਇਸ ਤੋਂ ਉਲਟਾ ਜੇ ਕੋਈ ਵਿਦਵਾਨ ਸੱਜਣ  ਕੁੜਤਾ ਪਜਾਮਾ ਪਾ ਕੇ ਸਧਾਰਨ ਜਿਹਾ ਬਣ ਕੇ ਖੜ੍ਹ ਜਾਵੇ ਤਾਂ ਸਾਨੂੰ ਉਹ ਬੌਂਗਾ ਜਿਹਾ ਦੇਸੀ ਲੱਗਣ ਲੱਗ ਜਾਂਦਾ ਹੈ । ਹੁਣ ਆਪਾਂ ਅਸਲੀ ਵਿਸ਼ੇ ਵੱਲ ਆਈਏ, ਆਪਾਂ ਗੱਲ ਕਰ ਰਹੇ ਸੀ ਸਬੱਬ ਅਤੇ ਵਤਦ ਦੀ
ਸਬੱਬ ਕਿਸ ਨੂੰ ਕਹਿੰਦੇ ਹਨ---
ਦੋ ਅੱਖਰਾਂ ਵਾਲੇ ਸ਼ਬਦ ਨੂੰ ਸਬਬ  ਕਿਹਾ ਜਾਂਦਾ ਹੈ । ਹਰ਼ਫ ਜਾਂ ਅੱਖਰ ਸ਼ਬਦ ਦੀ ਵਰਤੋਂ ਅਸੀਂ ਸਾਰੇ ਪੰਜਾਬੀ ਦੇ ਅੱਖਰਾਂ ਅਤੇ ਦੀਰਘ ਲਗਾਂ ਵਾਸਤੇ ਕਰਦੇ ਹਾਂ । ਔਂਕੁੜ ਅਤੇ ਸਿਹਾਰੀ ਲਘੂ ਲਗਾਂ ਹਨ ਇਹਨਾਂ ਦੀ ਗਿਣਤੀ ਅੱਖਰਾਂ ਵਿਚ ਨਹੀ ਹੁੰਦੀ । ਜਿਹੜੇ ਅੱਖਰ ਨੂੰ ਦੀਰਘ ਲਗ ਲੱਗੀ ਹੋਵੇ ਉਹ ਅੱਖਰ ਮੁਤਹੱਰਕ ਗਿਣਿਆ ਜਾਵੇਗਾ , ਅਤੇ ਦੀਰਘ ਲਗ ਨੂੰ ਇਕ ਸਾਕਿਨ ਅੱਖਰ ।
ਸਬਬ ਦੋ ਕਿਸਮ ਦੇ ਹੁੰਦੇ ਹਨ (1) ਸਬਬ ਖਫੀਫ (2) ਸਬਬ ਸਕੀਲ

ਸਬਬ ਖਫੀਫ-- ਅਰਬੀ ਭਾਸ਼ਾ ਵਿਚ ਸਬਬ ਖਫੀਫ ਦਾ ਮਤਲਬ ਹਲਕਾ ਫੁਲਕਾ ਹੁੰਦਾ ਹੈ । ਅਰੂਜ਼ ਦਾ ਸਬੰਧ ਸ਼ਬਦਾਂ ਦੇ ਉਚਾਰਣ ਨਾਲ ਹੈ । ਇਸ ਅਨੁਸਾਰ ਸਬਬ ਖਫੀਫ ਉਹਨਾਂ ਦੋ ਅੱਖਰਾਂ ਦਾ ਹਲਕਾ ਫੁਲਕਾ ਸ਼ਬਦ ਹੈ ਜਿਹੜਾ ਅਸਾਨੀ ਨਾਲ ਉਚਾਰਿਆ ਜਾ ਸਕੇ ।
ਸਬਬ ਸਕੀਲ-- ਸਬਬ ਸਕੀਲ ਦਾ ਅਰਥ ਅਰਬੀ ਭਾਸ਼ਾ ਵਿਚ ਭਾਰਾ ਹੁੰਦਾ ਹੈ । ਇਸ ਤਰਾਂ ਸਬਬ ਸਕੀਲ ਦੋ ਅੱਖਰਾਂ ਤੋਂ ਬਣਿਆ ਉਹ ਸ਼ਬਦ ਹੈ ਜਿਸ ਦਾ ਉਚਾਰਨ ਭਾਰਾ ਅਤੇ ਔਖਾ ਹੁੰਦਾ ਹੈ ।

ਹੁਣ ਪਹਿਲਾਂ ਸਬਬ ਖਫੀਫ ਦੀ ਬਣਤਰ ਬਾਰੇ ਗੱਲ ਕਰੀਏ ।
"ਮੁਤਹਰਕ ਸਾਕਿਨ ਮਿਲੇ, ਬਣਦੈ ਸਬਬ ਖਫੀਫ,
ਇਸ ਨੂੰ ਸਮਝਣ ਵਿਚ ਭਲਾ ਕ੍ਰਿਸ਼ਨ ਕਦੋਂ ਤਕਲੀਫ ।"

ਇਸ ਤੋਂ ਇਹ ਗੱਲ ਸਪਸ਼ਟ ਹੋ ਗਈ ਕਿ ਸਬਬ ਖਫੀਫ ਦੋ ਅੱਖਰਾਂ ਵਾਲਾ ਉਹ ਸ਼ਬਦ ਹੈ ਜਿਸ ਦਾ ਪਹਿਲਾ ਅੱਖਰ ਮੁਤਹੱਰਕ ਤੇ ਦੂਜਾ ਸਾਕਿਨ ਹੋਵੇ । ਉਦਾਹਰਣ ਵਜੋਂ, ਮੈਂ, ਤੇ, ਦੋ ਆਦਿ । ਇਹ ਤਿੰਨੇ ਹੀ ਦੋ ਦੋ ਅੱਖਰਾਂ ਦੇ ਸ਼ਬਦ ਹਨ ਅਤੇ ਇਹਨਾਂ ਦਾ ਪਹਿਲਾ ਅੱਖਰ ਮੁਤਹੱਰਕ ਹੈ ਤੇ ਦੂਜਾ ਸਾਕਿਨ । ਇਹਨਾਂ ਸ਼ਬਦਾਂ ਦਾ ਪਹਿਲਾ ਅੱਖਰ ਭਾਵ ਮ, ਤ, ਅਤੇ ਦ ਮੁਹਤਰਕ ਹੈ ਅਤੇ ਦੁਲਾਵਾਂ, ਲਾਵਾਂ ਅਤੇ ਹੋੜਾ ਸਾਕਿਨ ਹਨ । ਇਸ ਤਰ੍ਹਾਂ ਇਹ ਸ਼ਬਦ ਸਬਬ ਖਫੀਫ ਦੀ ਸ਼੍ਰੇਣੀ ਥੱਲੇ ਆਉਂਦੇ ਹਨ । ਅਰੂਜ਼ ਵਿਚ ਇਕ ਸਬਬ ਖਫੀਫ  ਪਿੰਗਲ ਦੇ ਇਕ ਗੁਰੂ ਦੇ ਬਰਾਬਰ ਹੁੰਦਾ ਹੈ ।
ਅਰੂਜ਼ ਪਿੰਗਲ
ਸਬਬ ਖਫੀਫ ਗੁਰੂ
I S
ਸਬਬ ਸਕੀਲ----
"ਜੁੜਨ ਜਦੋਂ ਮੁਤਹੱਰਕ ਦੋ , ਬਣਨ ਸਬਬ ਸਕੀਲ,
ਇਸਨੂੰ ਸਮਝਣ ਵਾਸਤੇ, ਏਹੋ ਕ੍ਰਿਸ਼ਨ ਦਲੀਲ ।"
ਇਸ ਨੂੰ ਜੇ ਵਾਰਤਕ ਵਿਚ ਕਹਿਣਾ ਹੋਵੇ ਤਾਂ ਸਬਬ ਸਕੀਲ ਦੋ ਅੱਖਰਾਂ ਦੇ ਉਸ ਸ਼ਬਦ ਨੂੰ ਕਿਹਾ ਜਾਂਦਾ ਜਿਸਦੇ ਦੋਨੋ ਅੱਖਰ ਮੁਤਹੱਰਕ ਹੋਣ । ਮੁਤਹੱਰਕ ਅੱਖਰ ਨੂੰ ਪਿੰਗਲ ਵਿਚ ਲਘੂ ਦੇ ਬਰਾਬਰ ਗਿਣਿਆ ਜਾਂਦਾ ਹੈ , ਜਿਦਾ ਚਿਨ੍ਹ ਇਕ ਸਿਧੀ (I) ਲਕੀਰ ਹੁੰਦਾ ਹੈ । ਇਸ ਦੀ ਬਣਤਰ ਪਿੰਗਲ ਤੇ ਅਰੂਜ਼ ਦੋਹਾਂ ਢੰਗਾਂ ਰਾਹੀ ਇਉਂ ਦਰਸਾਈ ਜਾਂਦੀ ਹੈ ।
ਅਰੂਜ਼ ਅਨੁਸਾਰ ਪਿੰਗਲ ਅਨੁਸਾਰ
ਸਬਬ ਸਕੀਲ ਲਘੂ+ ਲਘੂ
ਮੁਤਹਰਕ+ਮੁਤਹਰਕ I+I

ਵਤਦ---ਤਿੰਨ ਅੱਖਰਾਂ ਦੇ ਸ਼ਬਦ ਨੂੰ ਵਤਦ ਕਿਹਾ ਜਾਂਦਾ ਹੈ । ਵਤਦ ਵੀ ਦੋ ਕਿਸਮ ਦੇ ਹੁੰਦੇ ਹਨ ।
1. ਵਤਦ ਮਜ਼ਮੂਅ
2. ਵਤਦ ਮਫ਼ਰੂਕ
ਵਤਦ ਮਜ਼ਮੂਅ---ਤਿੰਨ ਅੱਖਰਾਂ ਦੇ ਉਸ ਸ਼ਬਦ ਨੂੰ ਕਹਿੰਦੇ ਹਨ ਜਿਸਦੇ ਮੁਢਲੇ ਦੋ ਅੱਖਰ ਮੁਤਹੱਰਕ ਤੇ ਤੀਜਾ ਸਾਕਿਨ ਹੋਵੇ ।
" ਪਹਿਲਾ ਅੱਖਰ ਮੁਤਹੱਰਕ, ਨਾਲ ਸਬਬ ਖਫੀਫ,
ਵਤਦ ਮਜ਼ਮੂਅ ਕ੍ਰਿਸ਼ਨ ਇਹ,  ਸਾਦਾ ਸ਼ਬਦ ਸ਼ਰੀਫ ।"
ਪਿੰਗਲ ਅਨੁਸਾਰ ਤਾਂ ਸਾਰੇ ਤਿੰਨ ਅੱਖਰੀ ਸ਼ਬਦਾਂ ਦਾ ਵਜ਼ਨ ਬਰਾਬਰ ਹੁੰਦਾ ਹੈ । ਪਰ ਅਰੂਜ਼ ਅਨੁਸਾਰ ਜੇ ਕਿਸੇ ਸ਼ਬਦ ਵਿਚ ਤਿੰਨ ਮੁਕਤਾ ਅੱਖਰ ਹੋਣ ਤਾਂ ਉਸ ਦਾ ਵਜ਼ਨ ਉਸ ਸ਼ਬਦ ਦੇ ਉਚਾਰਣ ਦੇ ਅਨੁਸਾਰ ਹੁੰਦਾ ਹੈ । ਵਤਦ ਮਜ਼ਮੂਅ ਸ਼ਬਦ ਦੀ ਬਣਤਰ ਸਮਝਣ ਲਈ ਕੁਛ ਉਦਾਹਰਣਾਂ ਪੇਸ਼ ਕਰਦੇ ਹਾਂ , ਗ਼ਜ਼ਲ, ਨਜ਼ਰ, ਖ਼ਬਰ ਇਹ ਤਿੰਨੇ ਸ਼ਬਦ ਪੰਜਾਬੀ ਦੇ ਤਿੰਨ ਮੁਕਤਾ ਅੱਖਰਾਂ ਦੇ ਮਿਲਣ ਨਾਲ ਬਣਦੇ ਹਨ ਅਤੇ ਇਹਨਾਂ ਤੇ ਕੋਈ ਮਾਤਰਾ ਨਹੀ ਲਗਦੀ ਤੇ ਇਹਨਾਂ ਦਾ ਵਜ਼ਨ ਇਹਨਾਂ ਦੇ ਉਚਾਰਣ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ । ਇਹਨਾਂ ਸ਼ਬਦਾ ਦਾ ਉਚਾਰਨ--
ਗ਼+ਜ਼ਲ,  ਨ+ਜ਼ਰ, ਖ਼+ਬਰ
ਬਣਦਾ ਹੈ । ਕਿਉਂ ਕਿ ੳਪਰਲੇ ਤਿੰਨਾਂ ਅੱਖ਼ਰਾਂ ਦੇ ਪਹਿਲੇ ਦੋ ਅੱਖਰ ਮੁਤਹੱਰਕ ਹਨ ਤੇ ਤੀਸਰਾ ਸਾਕਿਨ ਇਸ ਲਈ ਇਹ ਸ਼ਬਦ ਵਤਦ ਮਜ਼ਮੂਅ ਦੀ ਸ਼੍ਰੇਣੀ ਵਿਚ ਆਉਂਦੇ ਹਨ ।
ਅਰੂਜ਼ ਅਨੁਸਾਰ ਬਣਤਰ ਪਿੰਗਲ ਅਨੁਸਾਰ ਬਣਤਰ
ਮੁਤਹੱਰਕ+ਸਬਬ ਖਫੀਫ ਲਘੂ+ਗੁਰੂ  (IS)
ਦੋਸਤੋ ਜੇ ਵਤਦ ਮਜ਼ਮੂਅ ਦਾ ਵਜ਼ਨ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਇਸ ਦੀ ਇਕ ਉਦਹਾਰਣ ਖ਼ੁਦਾ ਸ਼ਬਦ ਹੈ । ਖ਼ੁਦਾ ਸ਼ਬਦ ਵਤਦ ਮਜ਼ਮੂਅ ਹੈ ਇਸ ਨੂੰ ਅਸਾਨੀ ਨਾਲ ਯਾਦ ਰੱਖਿਆ ਜਾ ਸਕਦਾ ਹੈ ।
ਵਤਦ ਮਫ਼ਰੂਕ ਦੀ ਬਣਤਰ--
ਇਸ ਤਿੰਨ ਅੱਖਰੇ ਸ਼ਬਦ ਦੀ ਬਣਤਰ ਵਤਦ ਮਜ਼ਮੂਅ ਨਾਲੋਂ ਬਿਲਕੁਲ ਉਲਟ ਹੈ । ਇਸ ਵਿਚ ਪਹਿਲਾਂ ਸਬਬ ਖਫੀਫ ਆਉਂਦਾ ਹੈ ਤੇ ਮਗਰੋਂ ਮੁਤਹੱਰਕ ਅੱਖਰ । ਵਤਦ ਮਜ਼ਮੂਅ ਵੇਲੇ ਤੁਸੀਂ ਖ਼ੁਦਾ ਨੂੰ ਯਾਦ ਕੀਤਾ ਸੀ ਪਰ ਵਤਦ ਮਫ਼ਰੂਕ ਵੇਲੇ ਰਾਮ ਨੂੰ ਯਾਦ ਕਰੋ । ਵਤਦ ਮਫ਼ਰੂਕ  ਦੀ ਬਣਤਰ
ਅਰੂਜ਼ ਵਿਚ ਪਿੰਗਲ ਵਿਚ
ਸਬਬ ਖਫੀਫ+ਮੁਤਹੱਰਕ ਗੁਰੂ+ ਲਘੂ (SI)
ਹੁਣ ਪਹਿਲਾਂ ਵਾਂਗ ਅਜੇਹੇ ਸ਼ਬਦ ਜਿਨ੍ਹਾਂ ਦੇ ਤਿੰਨੇ ਅੱਖਰ ਮੁਕਤਾ ਹੋਣ ਉਹਨਾਂ ਨੂੰ ਵਤਦ ਮਫ਼ਰੂਕ ਵਜੋਂ ਪਰਖੀਏ । ਮਿਸਾਲ ਦੇ ਤੌਰ ਤੇ  ਫ਼ਿਕਰ, ਜ਼ਿਕਰ, ਨਜ਼ਮ ਸ਼ਬਦਾਂ ਦਾ ਵਜ਼ਨ ਵਤਦ ਮਫ਼ਰੂਕ ਦੇ ਬਰਾਬਰ ਹੈ । ਇਨ੍ਹਾਂ ਦਾ ਉਚਾਰਣ ਅਸੀਂ --
ਜ਼ਿਕ+ਰ, ਫ਼ਿਕ+ਰ , ਨਜ਼+ਮ  ਕਰਕੇ ਕਰਾਂਗੇ । ਆਉ ਹੁਣ ਇਹ ਜਾਣੀਏ ਕਿ ਅਰਬੀ ਭਾਸ਼ਾ ਅਨੁਸਾਰ ਇਹ ਵਤਦ ਮਜ਼ਮੂਅ ਅਤੇ ਵਤਦ ਮਫ਼ਰੂਕ ਸ਼ਬਦ ਕਿਵੇਂ ਹੋਂਦ ਵਿਚ ਆਏ ।
ਵਤਦ ਮਜ਼ਮੂਅ ਵਿਚ ਕਿਉਂ ਕਿ ਦੋ ਮੁਤਹੱਰਕ ਅੱਖਰ ਜੁੜੇ ਹੋਏ ਹਨ ਭਾਵ ਜਮਾਂ ਹਨ । ਅਰਬੀ ਭਾਸ਼ਾ ਦੀ ਵਿਆਕਰਣ ਅਨੁਸਾਰ  ਜਦੋਂ ਅਸੀਂ ਜੋੜ ਜਾਂ ਜਮਾਂ ਦਾ ਕ੍ਰਿਆਵਾਚੀ ਸ਼ਬਦ ਬਣਾਉਂਦੇ ਹਾਂ ਤਾਂ ਮਜ਼ਮੂਅ ਸ਼ਬਦ ਬਣਦਾ ਹੈ । ਇਸ ਤਰ੍ਹਾਂ ਮਜ਼ਮੂਅ ਕਹਿਣ ਨਾਲ ਸਾਨੂੰ ਇਹ ਪਤਾ ਲਗ ਜਾਂਦਾ ਹੈ  ਕਿ ਇਸ ਵਿਚ ਦੋ ਮੁਤਹੱਰਕ ਅੱਖਰ ਜੁੜਵੇਂ ਹਨ ।
ਇਸੇ ਤਰ੍ਹਾਂ ਜਦੋਂ ਵਤਦ ਮਫ਼ਰੂਕ ਸ਼ਬਦ ਦੀ ਚੀਰ ਫਾੜ ਕਰਦੇ ਹਾਂ ਤਾਂ ਏਥੇ ਦੋ ਮੁਹਤਰਕ ਅੱਖਰਾਂ ਵਿਚਾਲੇ ਇਕ ਸਾਕਿਨ ਅੱਖਰ ਆ ਜਾਂਦਾ ਹੈ । ਅਤੇ ਵਿਆਕਰਣ ਦੇ ਨਿਯਮ ਅਨੁਸਾਰ ਦੋ ਮੁਤਹਰਕ ਅੱਖਰਾਂ ਵਿਚ ਇਕ ਸਾਕਿਨ ਅੱਖਰ ਦੀ ਵਜ੍ਹਾ ਨਾਲ ਫ਼ਰਕ ਪੈ ਜਾਂਦਾ ਹੈ । ਜਦੋਂ ਸ਼ਬਦ ਫ਼ਰਕ ਵਿਆਕਰਣ ਅਨੁਸਾਰ ਕ੍ਰਿਆਵਾਚੀ ਸ਼ਬਦ ਬਣਦਾ ਹੈ ਤਾਂ ਇਹ ਮਫ਼ਰੂਕ ਕਹਾਉਂਦਾ ਹੈ ।

ਵਤਦ ਕਸਰਤ-- ਤਿੰਨਾਂ ਅੱਖਰਾਂ ਦੇ ਸ਼ਬਦ ਨਾਲ ਜੁੜੀ ਹੋਈ ਇਕ ਤੀਜੀ ਕਿਸਮ ਵਤਦ ਕਸਰਤ ਵੀ ਹੈ । ਇਸ ਵਿਚ ਤਿੰਨੇ ਮੁਕਤੇ ਅੱਖਰ ਮੁਤਹੱਰਕ ਹੁੰਦੇ ਹਨ । ਵਤਦ ਕਸਰਤ ਸਿਰਫ਼ ਅਰਬੀ ਭਾਸ਼ਾ ਵਿਚ ਪ੍ਰਚਲਿਤ ਹੈ । ਪੰਜਾਬੀ ਵਿਚ ਇਸ ਦਾ ਉਚਾਰਣ ਨਹੀ ਹੋ ਸਕਦਾ ।

ਪਿਆਰੇ ਦੋਸਤੋ ਅਰੂਜ਼ ਦੀ ਭਾਰੀ ਸ਼ਬਦਾਵਲੀ ਤੋਂ ਘਬਰਾਉਣ ਦੀ ਕੋਈ ਲੋੜ ਨਹੀ । ਵੈਸੇ ਜੇ ਦੇਖਿਆ ਜਾਵੇ ਤਾਂ ਦੁਨੀਆਂ ਦੇ ਹਰ ਭਾਸ਼ਾ ਦੇ ਅੱਖਰ ਕੋਡ ਦਾ ਹੀ ਰੂਪ ਹਨ । ਕੋਡ ਨੂੰ ਡੀ-ਕੋਡ ਕਰਨ ਦੀ ਜ਼ਰੂਰਤ ਪੈਂਦੀ ਹੈ , ਤਾਂ ਹੀ ਅਸੀ ਉਸ ਭਾਸ਼ਾ ਦੇ ਅਰਥਾਂ ਤਕ ਪਹੁੰਚ ਸਕਦੇ ਹਾਂ । ਨੌਜਵਾਨ ਪੀੜੀ ਕੋਡਾਂ ਨੂੰ ਡੀ-ਕੋਡ ਕਰਨ ਦੀ ਮਾਹਿਰ ਹੈ ਤੇ ਇਸ ਕੰਮ ਵਿਚ ਬਜ਼ੁਰਗਾਂ ਨਾਲੋਂ ਕਿਤੇ ਅੱਗੇ ਹੈ ।
 ਜਿਵੇ ਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਅਰੂਜ਼ ਵਰਗੇ ਰੁੱਖੇ ਵਿਸ਼ੇ ਤੇ ਗਲ ਕਰਦਿਆਂ ਬੋਰੀਅਤ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ । ਮੈਂ ਵੀ ਅਰੂਜ਼ ਦੀਆਂ ਰੁੱਖੀਆਂ ਪੁਸਤਕਾਂ ਨਾਲ ਕਈ ਵਰ੍ਹੇ ਮੱਥਾ ਮਾਰਿਆ ਹੈ । ਅਰੂਜ਼ ਦੀਆਂ ਸਿਧਾਂਤਕ ਪਰਿਭਾਸ਼ਾਵਾਂ ਦੇ ਅਰਥਾਂ ਤਕ ਪਹੁੰਚਣ ਲਈ ਬੜੀ ਸਿਰਦਰਦੀ ਸਹੇੜਨੀ ਪੈਂਦੀ ਹੈ । ਅਰੂਜ਼ ਬਾਰੇ ਲਿਖਦਿਆਂ ਹਮੇਸ਼ਾ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਪਾਠਕ ਦੇ ਮਨ ਵਿਚ ਬੋਰੀਅਤ ਨਾ ਆਵੇ । ਇਸ ਲਈ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਲਿਖ਼ਤ ਵਿਚ ਕੁਛ, ਕਵਿਤਾ, ਕਹਾਣੀ, ਨਿਬੰਧ ਅਤੇ ਨਾਟਕੀ ਅੰਸ਼ ਵਗੈਰਾ ਹੋਵੇ । ਸਿਰਫ਼ ਸਿਧਾਂਤਿਕ ਜਾਣਕਾਰੀ ਅਕਾਊ ਅਤੇ ਪਾਠਕ ਭਜਾਊ ਹੋ ਨਿੱਬੜਦੀ ਹੈ  ਅਤੇ ਮੈਂ ਤੁਹਾਡੇ ਵਰਗੇ ਸੂਝਵਾਨ ਅਤੇ ਸਿਆਣੇ ਪਾਠਕਾਂ ਨੂੰ ਗਵਾਉਣਾ ਨਹੀ ਚਾਹੁੰਦਾ

ਕ੍ਰਿਸ਼ਨ ਭਨੋਟ

ਕਾਫ਼ੀਏ ਦੇ ਦੋਸ਼

ਕਾਫ਼ੀਏ ਦੇ ਦੋਸ਼
...............
ਪਿਆਰੇ ਦੋਸਤੋ ਅਸੀਂ ਕਾਫ਼ੀਏ ਬਾਰੇ ਅਤੇ ਕਾਫ਼ੀਏ ਦੀਆਂ ਆਮ ਪ੍ਰਚਲਿਤ ਕਿਸਮਾਂ ਬਾਰੇ ਵਿਚਾਰ ਚਰਚਾ ਕਰ ਚੁੱਕੇ ਹਾਂ । ਕਾਫ਼ੀਆ ਗ਼ਜ਼ਲ ਦਾ ਬੇਹੱਦ ਜ਼ਰੂਰੀ ਹਿੱਸਾ ਹੈ । ਕਾਫ਼ੀਆ ਹੀ ਗ਼ਜ਼ਲ ਨੂੰ ਸੰਗੀਤਬਧ ਅਤੇ ਲੈ-ਬੱਧ ਕਰਕੇ ਉਹ ਜਾਦੂ ਜਗਾਉਂਦਾ ਹੈ, ਜਿਹੜਾ ਪੜ੍ਹਨ ਸੁਣਨ ਵਾਲੇ ਦੇ ਸਿਰ ਚੜ੍ਹ ਕੇ ਬੋਲਦਾ ਹੈ ।
ਗ਼ਜ਼ਲ ਦਾ ਏਨਾ ਮਹੱਤਵ -ਪੂਰਨ ਅੰਗ ਹੋਣ ਦੇ ਬਾਵਜ਼ੂਦ ਅਸੀਂ ਕਾਫੀਏ ਬਾਰੇ ਬੇਹੱਦ ਅਵੇਸਲ਼ੇ ਹਾਂ । ਏਥੋਂ ਤੀਕ ਕਿ ਪੰਜਾਬੀ ਵਿਚ ਅਰੂਜ਼ ਬਾਰੇ ਲਿਖੀਆਂ ਗਈਆਂ ਬਹੁਤੀਆਂ ਕਿਤਾਬਾਂ, ਜਿਨ੍ਹਾਂ ਦਾ ਮੰਤਵ ਹੀ ਗ਼ਜ਼ਲ ਬਾਰੇ ਤਕਨੀਕੀ ਜਾਣਕਾਰੀ ਦੇਣਾ ਹੈ, ਕਾਫੀਏ ਬਾਰੇ ਜਾਂ ਤਾਂ ਉੱਕਾ ਹੀ ਜਾਣਕਾਰੀ ਨਹੀ ਦਿੰਦੀਆਂ ਤੇ ਜਾਂ ਬਹੁਤ ਹੀ ਘੱਟ, ਕੰਮ ਸਾਰੂ ਜਾਣਕਾਰੀ ਦਿੰਦੀਆਂ ਹਨ । ਖਾਸ ਕਰਕੇ ਕਾਫ਼ੀਆ ਦੋਸ਼ ਦੱਸਣ ਲਈ ਘੱਟ ਹੀ ਕਿਸੇ ਅਰੂਜ਼ੀ ਨੇ ਕੋਸ਼ਿਸ਼ ਕੀਤੀ ਹੈ । ਕਿਉਂ ਕਿ ਕਾਫ਼ੀਏ ਦੇ ਗੁਣ ਦੋਸ਼ ਪਰਖ਼ਣ ਲਈ ਵਿਆਕਰਣ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ।
ਪੰਜਾਬੀ ਕਵੀ ਆਮ ਤੌਰ ਤੇ ਕਾਫ਼ੀਏ ਦੀ ਵਰਤੋਂ ਕਰਨ ਲੱਗਿਆਂ ਕਾਫੀ ਖੁੱਲ੍ਹਾਂ ਲੈ ਜਾਂਦੇ ਹਨ । ਮਾੜੀਆਂ ਮੋਟੀਆਂ ਖੁੱਲ੍ਹਾਂ ਲੈਣ ਵਿਚ ਕੋਈ ਹਰਜ਼ ਵੀ ਨਹੀ , ਕਿਉਂ ਕਿ ਇਹ ਲੋਕ ਘੱਟੋ-ਘੱਟ ਕਾਫ਼ੀਏ ਦੀ ਲੋੜ ਤਾਂ ਮਹਿਸੂਸ ਕਰਦੇ ਹਨ । ਪਰ ਕਈ ਵਾਰੀ ਕਾਫ਼ੀਆ ਵਰਤਣ ਲੱਗਿਆਂ ਅਜਿਹੀਆਂ ਭੁੱਲਾਂ ਕਰ ਜਾਂਦੇ ਹਨ ਕਿ ਪੜ੍ਹਨ ਸੁਣਨ ਵਾਲੇ ਦਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ । ਸੁਆਦੀ ਖਾਣਾ ਖਾਂਦਿਆਂ ਅਗਰ ਦਾੜ੍ਹਾਂ ਹੇਠ ਕੋਈ ਰੋੜ ਆ ਜਾਵੇ ਤਾਂ ਸਾਰੇ ਖਾਣੇ ਦਾ ਮਜ਼ਾ ਜਾਂਦਾ ਰਹਿੰਦਾ ਹੈ । ਸ਼ਿਅਰਾਂ ਵਿਚ ਜੇ ਕੋਈ ਗਲ਼ਤ ਕਾਫ਼ੀਆ ਬੰਨ੍ਹਿਆ ਹੋਵੇ ਤਾਂ ਪਾਠਕ ਜਾਂ ਸਰੋਤੇ ਨਾਲ ਇਹੋ ਵਾਪਰਦਾ ਹੈ ।
ਆਉ ਆਪਾਂ ਕਾਫ਼ੀਏ ਦੇ ਕੁਝ ਅਜਿਹੇ ਦੋਸ਼ਾਂ ਦੀ ਪਹਿਚਾਣ ਕਰੀਏ , ਜਿਹੜੇ ਸਾਡੇ ਚੰਗੇ ਭਲੇ ਸ਼ਿਅਰ ਦੀ ਜੱਖਣਾਂ ਪੱਟ ਦਿੰਦੇ ਹਨ । ਕਈ ਵਾਰੀ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ ।
ਅਰਬੀ ਵਾਲਿਆਂ ਨੇ ਕਾਫ਼ੀਏ ਦੇ ਨੌ (9) ਅੱਖਰ ਮੰਨੇ ਹਨ । ਕਾਫ਼ੀਏ ਦਾ ਸਭ ਤੋਂ ਮੁਖ ਅੱਖਰ ਜਿਸ ਉੱਤੇ ਸ਼ਿਅਰ ਦੀ ਬੁਨਿਆਦ ਟਿਕੀ ਹੁੰਦੀ ਹੈ, ਪੰਜਾਬੀ ਭਾਸ਼ਾ ਵਿਚ ਮੂਲ ਅੱਖਰ ਤੇ ਅਰਬੀ ਭਾਸ਼ਾ ਵਿਚ ਹਰਫ਼-ਇ-ਰਵੀ ਕਹਾਉਂਦਾ ਹੈ । ਅਰਬੀ ਭਾਸ਼ਾ ਵਿਚ ਰਵੀ ਦਾ ਅਰਥ ਹੈ ਉਹ ਰੱਸੀ ਜਿਸ ਨਾਲ ਊਠ ਦੀ ਪਿੱਠ ਤੇ ਆਪਣਾ ਸਮਾਨ ਬੰਨ੍ਹਦੇ ਹਨ । ਗ਼ਜ਼ਲ ਦੇ ਸਾਰੇ ਸ਼ਿਅਰ ਕਿਉਂ ਕਿ ਮੂਲ ਅੱਖਰ ਨਾਲ ਹੀ ਬੱਝੇ ਹੋਏ ਹੁੰਦੇ ਹਨ, ਇਸ ਲਈ ਅਰੂਜ਼ ਅਨੁਸਾਰ ਇਸ ਮੂਲ ਅੱਖਰ ਦਾ ਨਾਮ ਰਵੀ ਪੈ ਗਿਆ । ਕਾਫ਼ੀਏ ਦੇ ਨੌ ਅੱਖਰਾਂ ਵਿਚੋਂ ਚਾਰ ਅੱਖਰ ਰਵੀ ਤੋਂ ਪਹਿਲਾਂ ਆਉਂਦੇ ਹਨ ਅਤੇ ਚਾਰ ਮਗਰੋਂ । ਅਸੀਂ ਕਾਫ਼ੀਏ ਦੇ ਇਨ੍ਹਾਂ ਅੱਖਰਾਂ ਦੀ ਪਰਿਭਾਸ਼ਾ ਦੇ ਖਲਜ਼ਗਣ ਵਿਚ ਨਾ ਪੈਂਦੇ ਹੋਏ ਤੁਹਾਡੀ ਜਾਣਕਾਰੀ ਤੇ ਜਗਿਆਸਾ ਹਿਤ ਇਨ੍ਹਾਂ ਦੇ ਨਾਂ ਦਰਜ ਕਰਕੇ ਅੱਗੇ ਚੱਲਾਂਗੇ । ਅਸੀਂ ਇਨ੍ਹਾਂ ਸ਼ਬਦਾਂ ਦੇ ਵਿਸਤਾਰ ਵਿਚ ਜਾਣ ਦੀ ਲੋੜ ਇਸ ਕਰਕੇ ਮਹਿਸੂਸ ਨਹੀ ਕਰਦੇ ਕਿ ਸਾਡਾ ਮੰਤਵ ਤਾਂ ਕਾਫ਼ੀਆ ਭਾਲਣਾ ਹੈ, ਇਨ੍ਹਾਂ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਚੇਤੇ ਰੱਖਣ ਦੀ ਕੀ ਲੋੜ ਹੈ , ਕਿਹੜਾ ਕਿਸੇ ਪਾਂਧੇ ਨੇ ਦੱਸਿਆ ਏਦਾਂ ਕਰਨ ਨੂੰ । ਕਾਹਨੂੰ ਐਵੇਂ ਜਾਂਦੀ ਬਲਾ ਗਲ਼ ਪਵਾਉਣੀ ਹੈ, ਵੈਸੇ ਅਸੀਂ ਅਰੂਜ਼ੀ ਨਹੀ ਬਣਨਾ ਬਲਕਿ ਸ਼ਾਇਰ ਬਣਨਾ ਹੈ ।
ਕਾਫ਼ੀਆ ਦੋਸ਼
................
ਕਾਫੀਆ ਦੋਸ਼ ਤੋਂ ਭਾਵ ਅਜਿਹੇ ਸ਼ਬਦ ਜਿਨ੍ਹਾਂ ਦਾ ਆਪਸ ਵਿਚ ਕਾਫ਼ੀਆ ਮਿਲਾਉਣਾ ਗਲਤ ਹੈ,ਵਰਜ਼ਤ ਹੈ ਅਤੇ ਹਾਸੋ ਹੀਣਾ ਹੈ । ਜਦੋਂ ਅਸੀਂ ਕੋਈ ਸ਼ਬਦ ਵਿਸ਼ੇਸ਼ ਬੋਲਦੇ ਹਾਂ, ਉਸ ਸ਼ਬਦ ਵਿਸ਼ੇਸ਼ ਵਿਚ ਵਰਤੇ ਗਏ ਅੱਖਰਾਂ ਅਨੁਸਾਰ ਸਾਡੇ ਬੁੱਲ੍ਹ ਤਿੰਨ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ । ਗ਼ਜ਼ਲ ਦਾ ਸਾਰਾ ਦਾਰੋਮਦਾਰ ਉਚਾਰੇ ਗਏ ਸ਼ਬਦਾਂ ਤੇ ਨਿਰਭਰ ਹੈ । ਗ਼ਜ਼ਲ ਉਸੇ ਤਰਾਂ ਲਿਖੀ ਜਾਂਦੀ ਹੈ ਜਿਸ ਤਰ੍ਹਾਂ ਇਸ ਨੂੰ ਉਚਾਰਿਆ ਜਾਣਾ ਹੈ । ਵੈਸੇ ਵੀ ਗ਼ਜ਼ਲ ਦਾ ਸਬੰਧ ਗਾਇਕੀ ਨਾਲ ਹੈ । ਇਸ ਤਰਾਂ ਜੇ ਲਿਖੇ ਗਏ ਸ਼ਬਦਾਂ ਨੂੰ ਉਚਾਰਨ ਅਨੁਸਾਰ ਹੀ ਲਿਖਿਆ ਜਾਵੇ ਤਾਂ ਹੀ ਉਹ ਗਾਈ ਜਾ ਸਕੇਗੀ ।
1. ਕੁਛ ਸ਼ਬਦ ਬੋਲਣ ਲੱਗਿਆਂ ਸਾਡੇ ਬੁੱਲ੍ਹ ਖੁੱਲ ਜਾਂਦੇ ਹਨ, ਬੁੱਲ੍ਹਾਂ ਦੇ ਖੁੱਲਣ ਦੀ ਇਸ ਹਰਕਤ ਨੂੰ ਉਦਘਾਟਨ ਕਿਹਾ ਜਾਂਦਾ ਹੈ । ਦੋਸਤੋ ਸਾਡੀ ਜ਼ਿੰਦਗੀ ਵਿਚ ਉਦਘਾਟਨ ਦਾ ਕਿੰਨਾ ਮਹੱਤਵ ਹੈ ਆਉ ਪਰਖ਼ੀਏ । ਜਦੋਂ ਕੋਈ ਬੱਚਾ ਜੰਮਦਾ ਹੈ ਉਸ ਦਾ ਜਨਮ ਉਦੋਂ ਹੀ ਸਮਝਿਆ ਜਾਂਦਾ ਹੈ ਜਦੋਂ ਉਹ ਆਪਣੇ ਬੁੱਲ੍ਹ ਖੋਲਦਾ ਹੈ , ਭਾਵ ਰੋਣ ਲਗਦਾ ਹੈ । ਅਸੀਂ ਜਦੋਂ ਕੋਈ ਕਾਰੋਬਾਰ, ਦੁਕਾਨ, ਦਫਤਰ ਵਗੈਰਾ ਖੋਲ੍ਹਣਾ ਹੋਵੇ ਤਾਂ ਉਸ ਦਾ ਉਦਘਾਟਨ ਕਰਦੇ ਹਾਂ । ਸਾਡੇ ਸਾਰੇ ਵਜ਼ੀਰ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਵਗੈਰਾ ਤਾਂ ਰੋਜ਼ ਹੀ ਕਿਤੇ ਨਾ ਕਿਤੇ ਕਾਰਖ਼ਾਨਿਆਂ, ਸਕੂਲਾਂ, ਸੜਕਾਂ ਵਗੈਰਾ ਦਾ ਉਦਘਾਟਨ ਕਰਦੇ ਫਿਰਦੇ ਹਨ । ਉਦਘਾਟਨ  ਦਾ ਕੰਮ ਸਾਡੇ ਜੰਮਣ ਸਾਰ ਹੀ ਸ਼ੁਰੂ ਹੋ ਜਾਂਦਾ ਹੈ ।

2. ਜਦੋਂ ਅਸੀ ਕਈ ਸ਼ਬਦ ਵਿਸ਼ੇਸ਼ ਬੋਲਦੇ ਹਾਂ ਤਾਂ ਸਾਡੇ ਬੁੱਲ੍ਹ ਮੀਟੇ ਜਾਂਦੇ ਹਨ । ਬੁੱਲ੍ਹਾਂ ਦੀ ਇਸ ਹਰਕਤ ਨੂੰ ਨਿਮੀਲਨ ਕਹਿੰਦੇ ਹਨ । ਨਿਮੀਲਨ ਸ਼ਬਦ ਤੋਂ ਵੀ ਸਾਡੇ ਕਈ ਸ਼ਬਦਾਂ ਦੀ ਨਿਰੁਕਤੀ ਹੋਈ ਹੋਵੇਗੀ । ਜਦੋਂ ਕਿਸੇ ਔਰਤ ਦੇ ਉਮੀਦਵਾਰੀ ਹੁੰਦੀ ਹੈ ਤਾਂ ਔਰਤਾਂ ਅਕਸਰ ਇਹ ਕਹਿੰਦੀਆਂ ਹਨ ਕਿ ਫਲਾਣੀ ਦੇ ਬੱਚਾ ਨਿੱਮਿਆ ਹੈ । ਇਸ ਤਰ੍ਹਾਂ ਨਿਮੀਲਨ ਦੀ ਪ੍ਰਕ੍ਰਿਆ ਬੱਚੇ ਦੇ ਕੁੱਖ ਚ ਪੈਣ ਸਾਰ ਹੀ ਸ਼ੁਰੂ ਹੋ ਜਾਂਦੀ ਹੈ । ਵੈਸੇ ਵੀ ਸਾਡਾ ਦੇਸ਼ ਤਾਂ ਨਿਮੀਲਨ ਦੇ ਮਾਮਲੇ ਚ ਬਹੁਤ ਮਾਹਰ ਹੈ । ਸਾਡੇ ਅਮੀਰ ,ਵਜ਼ੀਰ ਮਸ਼ੀਰ, ਠੇਕੇਦਾਰ ਜਾਂ ਅਫ਼ਸਰਸ਼ਾਹੀ ਨਿਮੀਲਨ ਦੇ ਭਾਵ ਬੁੱਲ੍ਹ ਘੁੱਟਣ ਦੇ ਅਜੇਹੇ ਮਾਹਰ ਹਨ ਕਿ ਜੰਤਾ ਦਾ ਅਰਬਾਂ ਰੁਪਈਆ ਡਕਾਰ ਕੇ ਅਜਿਹੇ ਬੁੱਲ੍ਹ ਘੁੱਟਦੇ ਹਨ ਕਿ ਡਕਾਰ ਵੀ ਨਹੀ ਮਾਰਦੇ ।

3. ਜਦੋਂ ਅਸੀਂ ਕੋਈ ਸ਼ਬਦ ਵਿਸ਼ੇਸ਼ ਬੋਲਦੇ ਹਾਂ ਤਾਂ ਸਾਡਾ ਹੇਠਲਾ ਬੁੱਲ੍ਹ ਹੇਠਾਂ ਸਰਕ ਜਾਂਦਾ ਹੈ । ਬੁੱਲ੍ਹਾਂ ਦੀ ਅਜਿਹੀ ਹਰਕਤ ਨੂੰ ਭਾਜਨ ਕਿਹਾ ਜਾਂਦਾ ਹੈ । ਏਸ ਸ਼ਬਦ ਤੋਂ ਵੀ ਸਾਡੇ ਕਈ ਸ਼ਬਦ ਬਣਦੇ ਹਨ । ਜੋੜ, ਘਟਾਉ, ਗੁਣਾ, ਭਾਜਨ ਸਾਡੇ ਹਿਸਾਬ ਦਾ ਹਿੱਸਾ ਹਨ । ਭਾਜਨ ਤੋਂ ਹੀ ਵਿਭਾਜਨ ਸ਼ਬਦ ਬਣਿਆ ਹੈ । ਏਸ ਵਿਭਾਜਨ ਦਾ ਵਿਰਾਟ ਰੂਪ ਅਸੀਂ ਦੇਸ਼ ਦੀ ਵੰਡ ਵੇਲੇ ਦੇਖ ਲਿਆ ਸੀ । ਜਿਸ ਦੇ ਲੇਖੇ ਦਸ ਲੱਖ ਪੰਜਾਬੀਆਂ ਦੀ ਜਾਨ ਲੱਗੀ ਸੀ । ਹੁਣ ਵੀ ਪਤਾ ਨਹੀ ਕਿੰਨੇ ਦੇਸ਼, ਕਿੰਨੀਆਂ ਕੌਮਾਂ ਏਸ ਵਿਭਾਜਨ ਦਾ ਲੇਖਾ ਦੇ ਰਹੀਆਂ ਹਨ ਤੇ ਭਵਿੱਖ ਵਿਚ ਦੇਣਗੀਆਂ । ਅਰਬੀ ਭਾਸ਼ਾ ਵਿਚ ਬੁੱਲ੍ਹਾਂ ਦੀਆਂ ਇਨ੍ਹਾਂ ਹਰਕਤਾਂ ਦੇ ਨਾਮ ਹਨ...
ਪੰਜਾਬੀ--- ਉਦਘਾਟਨ, ਨਿਮੀਲਨ, ਭਾਜਨ
ਅਰਬੀ-- ਫ਼ਤਹ ,  ਜੱਮਾ,   ਕਸਰਾ
ਪੰਜਾਬੀ ਭਾਸ਼ਾ ਦੇ ਤਿੰਨ ਸਵਰ ਅੱਖਰ  ੳ ਅ ੲ  ਇਨ੍ਹਾਂ ਹਰਕਤਾਂ ਨੂੰ ਪਰਗਟ ਕਰਦੇ ਹਨ । ਸ਼ਾਹਮੁਖੀ ਵਿਚ ਇਨ੍ਹਾਂ ਅੱਖਰਾਂ ਨੂੰ ਹਰਫ਼-ਇ-ਇਲਤ ਕਿਹਾ ਜਾਂਦਾ ਹੈ । ਜਿਸਦਾ ਅਰਥ ਹੁੰਦਾ ਹੈ ਇਲਤੀ ਜਾਂ ਸ਼ਰਾਰਤੀ ਅੱਖਰ । ਕਿਉਂ ਕਿ ਇਹ ਅੱਖਰ ਕਿਸੇ ਇਕ ਰੂਪ ਵਿਚ ਨਹੀ ਵਰਤੇ ਜਾਂਦੇ, ਸਗੋਂ ਸ਼ਬਦਾਂ ਦੀ ਬਣਤਰ ਅਨੁਸਾਰ ਇਨ੍ਹਾਂ ਦੇ ਕਈ ਕਈ ਰੂਪ ਬਣ ਜਾਂਦੇ ਹਨ । ਇਕ ਹਰਫ਼ ਕਈ ਕਈ ਹਰਫ਼ਾਂ ਦਾ ਕੰਮ ਦਿੰਦਾ ਹੈ ।
ੳ        ਅ         ੲ
ਨਿਮੀਲਨ ਉਦਘਾਟਨ ਭਾਜਨ
ਪੰਜਾਬੀ ਭਾਸ਼ਾ ਵਿਚ ਇਨ੍ਹਾਂ ਦੇ ਮਾਤਰਕ ਰੂਪ ਮੁਕਤਾ, ਔਂਕੁੜ ਅਤੇ ਸਿਹਾਰੀ ਹਨ । ਇਹਨਾਂ ਮੂਲ ਮਾਤ੍ਰਿਕ ਰੂਪਾਂ ਦੀਆਂ ਦੀਰਘ ਸ਼ਕਲਾਂ ਹਨ--
ਨਿਮੀਲਨ--- ਦੁਲੈਂਕੜ, ਹੋੜਾ, ਕਨੌੜਾ
ਉਦਘਾਟਨ ---ਕੰਨਾ
ਭਾਜਨ ---ਬਿਹਾਰੀ
ਆਉ ਦੋਸਤੋ ਹੁਣ ਆਪਾਂ ਇਨ੍ਹਾਂ ਸ਼ਬਦਾਂ  ਦੇ ਉਚਾਰਨ ਦੇ ਅਧਾਰ ਤੇ ਕਾਫ਼ੀਆ ਦੋਸ਼ਾਂ ਦੀ ਨਿਸ਼ਾਨ ਦੇਹੀ ਕਰੀਏ.

1.
ਕਾਰਣ ਦੋਸ਼ ਜਾਂ ਐਬ-ਏ-ਤੰਜਾਹ---ਉਚਾਰਨ ਦੇ ਉਪਰੋਕਤ ਅਸੂਲ ਅਨੁਸਾਰ, ਪਹਿਲੇ ਮਿਸਰੇ ਦੇ ਉਚਾਰਨ ਦੇ ਨਾਲ ਦੂਸਰੇ ਮਿਸਰੇ ਦਾ ਉਚਾਰਨ ਮਿਲਣਾ ਜਰੂਰੀ ਹੈ । ਜੇ ਪਹਿਲੇ ਮਿਸਰੇ ਦਾ ਕਾਫ਼ੀਆ ਪੁਲ ਹੈ ਤਾਂ ਦੂਸਰੇ ਮਿਸਰੇ ਦਾ ਕਾਫ਼ੀਆ ਕੁਲ ਚਾਹੀਦਾ । ਕਿਉਂ ਕਿ ਪੁਲ ਅਤੇ ਕੁਲ ਕਾਫ਼ੀਏ ਦੋਨੋ ਨਿਮੀਲਨ ਗਤੀ ਦੇ ਕਾਫ਼ੀਏ ਹਨ । ਜੇ ਪੁਲ ਦੇ ਨਾਲ ਦਿਲ ਕਾਫੀਆ ਆ ਜਾਂਦਾ ਤਾਂ ਇਹ ਗਲ਼ਤ ਹੋ ਜਾਵੇਗਾ । ਦਿਲ ਦਾ ਉਚਾਰਨ ਉਦਘਾਟਨ ਗਤੀ ਦਾ ਹੈ । ਦਿਲ ਸ਼ਬਦ ਦੇ ਉਚਾਰਨ ਨਾਲ ਸਾਡੇ ਬੁੱਲ੍ਹ ਖੁੱਲ ਜਾਂਦੇ ਹਨ । ਦਿਲ  ਅਤੇ ਪੁਲ ਦੀ ਧੁਨੀ ਵੱਖਰੀ ਹੋਣ ਕਰਕੇ, ਪੜ੍ਹਨ ਅਤੇ ਗਾਉਣ  ਵਿਚ ਬੇਸੁਆਦੀ ਆਉਂਦੀ ਹੈ ।
2.
ਪਰਤੀ-ਪਦ ਦੋਸ਼ ਜਾਂ ਐਬ-ਏ-ਗੁਲਵ--- ਜੇ ਪਹਿਲੀ ਤੁਕ ਵਿਚ ਕਾਫੀਏ ਦਾ ਮੂਲ ਅੱਖਰ ਸਾਕਿਨ ਹੋਵੇ ਤੇ ਦੂਸਰੀ ਤੁਕ ਵਿਚ ਮੂਲ ਅੱਖਰ ਮੁਤਹਰਕ ਬੰਨ੍ਹ ਦਿੱਤਾ ਜਾਵੇ ਤਾਂ ਇਹ ਜ਼ਾਇਜ ਨਹੀ । ਕਿਉਂ ਕਿ ਮੁਤਹਰਕ ਤੇ ਸਾਕਿਨ ਦਾ ਉਚਾਰਨ ਵੱਖਰਾ ਹੈ ।
3.
ਦੋਸ਼ ਤਿਰਯਾਰਾ ਜਾਂ ਐਬ-ਏ- ਇਕਫ਼ਾ-- ਜੇ ਪਹਿਲੀ ਤੁਕ ਵਿਚ ਕਾਫੀਏ ਦਾ ਮੂਲ ਅੱਖਰ , ਸ਼, ਖ਼, ਫ਼, ਜ਼, ਲ਼, ਕ਼ ਆਦ ਹੋਵੇ ਅਤੇ ਦੂਸਰੀ ਤੁਕ ਵਿਚ ਬਿਨਾ ਬਿੰਦੀ ਤੋਂ ਸ, ਖ, ਜ, ਫ, ਲ, ਕ ਅੱਖਰ ਕਾਫਿਏ ਦੇ ਮੂਲ ਅੱਖਰ ਦੇ ਤੌਰ ਤੇ ਵਰਤ ਲਏ ਜਾਣ ਤਾਂ ਇਹ ਜਾਇਜ਼ ਨਹੀ ਇਸ ਨਾਲ ਐਬ-ਏ-ਇਕਫ਼ਾ ਪੈਦਾ ਹੋ ਜਾਂਦਾ ਹੈ । ਇਸੇ ਤਰ੍ਹਾਂ ਹੀ ਜੇ ਇਕ ਮਿਸਰੇ ਦਾ ਮੂਲ ਅੱਖਰ ਹੋਰ ਹੋਵੇ ਤੇ ਦੂਸਰੇ ਦਾ ਹੋਰ ਤਾਂ ਵੀ ਇਹ ਗਲ਼ਤ ਮੰਨਿਆ ਜਾਂਦਾ ਹੈ ।
ਕਈ ਵਾਰ ਸ਼ਾਇਰ ਆਪਣੇ ਸ਼ਿਅਰਾਂ ਵਿਚ ਮੂਲ ਅੱਖਰ ਵਰਤਦਾ ਹੀ ਨਹੀ । ਬਿਨਾਂ ਮੂਲ ਅੱਖਰ ਤੋਂ ਸ਼ਿਅਰ ਹੋ ਹੀ ਨਹੀ ਸਕਦਾ । ਇਨ੍ਹਾਂ ਤਿਨਾਂ ਦੋਸ਼ਾਂ ਨੂੰ ਤਿਰਯਾਰਾ ਜਾਂ ਐਬ-ਏ-ਇਕਫ਼ਾ ਕਿਹਾ ਜਾਂਦਾ  ਹੈ। ਸ਼ਿਅਰ ਵਿ ਕਾਫੀਏ ਦੇ ਮੂਲ ਅੱਖਰ ਤੋਂ ਪਹਿਲੇ ਅੱਖਰ ਨੂੰ ਲਾਈਆਂ ਦੀਰਘ ਲਗਾਂ ਵੱਖਰੀਆਂ ਨਹੀ ਲਾਈਆਂ ਜਾ ਸਕਦੀਆਂ । ਉਦਾਹਰਣ ਦੇ ਤੌਰ ਤੇ--
"ਜਾਂ ਇਹ ਹੁਕਮ ਕੀਤਾ ਇਸ ਮੂਜ਼ੀ, ਤੁਰਤ ਪਿਆਦੇ ਦੌੜੇ,
ਜ਼ੋਰਾਵਰੀ ਵੜੇ ਆ ਅੰਦਰ ਕੌਣ ਡਾਢਿਆਂ ਨੂੰ ਮੋੜੇ ।"
ਇਸ ਮਤਲੇ ਜਾਂ ਪਹਿਲੇ ਮਿਸਰੇ ਵਿਚ ਕਾਫ਼ੀਆ ਦੌੜੇ ਬੰਨ੍ਹਿਆ ਗਿਆ ਹੈ । ਦੂਸਰੇ ਵਿਚ ਮੋੜੇ । ਦੌੜੇ ਤੇ ਮੋੜੇ ਦਾ ਕਾਫ਼ੀਆ ਜਾਇਜ ਨਹੀ, ਕਿਉਂ ਕਿ ਇਹਨਾਂ  ਦੋਨਾਂ ਕਾਫੀਆਂ ਦੇ ਸ਼ਬਦਾਂ ਦਾ ਉਚਾਰਨ ਇਕ ਨਹੀ ।
4.
ਦੋਸ਼ ਉਸ਼ਟੀਕਰਨ ਜਾਂ ਐਬ-ਏ-ਸਿਨਾਦ--- ਤਿੰਨ ਅੱਖਰੀ ਸ਼ਬਦ ਟੁਕੜੀਆਂ ਭਾਵ ਤਿੰਨ ਮੁਕਤੇ ਅੱਖਰਾਂ ਵਾਲੀਆਂ ਸ਼ਬਦ ਟੁਕੜੀਆਂ ਜਿਨ੍ਹਾਂ ਦਾ ਉਚਾਰਣ ਇੱਕੋ ਜਿਹਾ ਨਾ ਹੋਵੇ , ਕਾਫ਼ੀਏ ਵਿਚ ਵਰਤਣਾ ਜਾਇਜ਼ ਨਹੀ ਮੰਨਿਆ ਜਾਂਦਾ । ਉਦਾਹਰਣ ਦੇ ਤੌਰ ਤੇ ਨਜ਼ਰ ਜਿਸ ਦਾ ਉਚਾਰਣ ਨ+ਜ਼ਰ ਹੈ ਅਤੇ ਸਬਰ ਜਿਸਦਾ ਉਚਾਰ ਸਬ+ਰ ਹੈ ਇਹ ਦੋਵੇਂ ਆਪਸ ਵਿਚ ਹਮਕਾਫ਼ੀਆ ਨਹੀ ਬਣ ਸਕਦੇ । ਕਿਉਂ ਕਿ ਨਜ਼ਰ ਦਾ ਵਜ਼ਨ ਵਤਦ ਮਜ਼ਮੂਅ ਹੈ ਅਤੇ ਸਬਰ ਦਾ ਵਜ਼ਨ ਵਤਦ ਮਫ਼ਰੂਕ ਹੈ । ਇਸੇ ਤਰ੍ਹਾਂ ਤੁਸੀਂ ਘੋਰ ਤੇ ਨੂਰ ਦਾ ਕਾਫ਼ੀਆ ਨਹੀ ਬੰਨ੍ਹ ਸਕਦੇ ।
5.
ਦਲਤ ਜਾਂ ਐਬ-ਏ-ਈਤਾ---ਕਾਫ਼ੀਏ ਵਿਚ ਇਕ ਪਿਛੇਤਰ ਪਦ ਨੂੰ ਦੁਬਾਰਾ ਲਿਆਉਣਾ ਜਾਇਜ਼ ਨਹੀ ਮੰਨਿਆ ਜਾਂਦਾ । ਹਾਂ ਜੇ ਉਹ ਵੱਖੋ-ਵੱਖਰੇ ਅਰਥਾਂ ਵਿਚ ਆਵੇ ਤਾਂ ਜਾਇਜ਼ ਦੇ ਨਾਲ ਨਾਲ ਇਹ ਇਕ ਕਾਵਿਕ ਗੁਣ ਵੀ ਮੰਨਿਆਂ ਜਾਂਦਾ ਹੈ । ਜਿਸਨੂੰ ਅਨੁਪ੍ਰਾਸ ਅਲੰਕਾਰ ਕਹਿੰਦੇ ਹਨ ।
6.
ਆਵਰਤੀ-- ਮਤਲੇ ਵਿਚ ਇੱਕੋ ਕਾਫੀਏ ਨੂੰ ਦੋਨਾਂ ਤੁਕਾਂ ਵਿਚ ਬੰਨਣਾਂ ਵੱਡਾ ਦੋਸ਼ ਮੰਨਿਆ ਜਾਂਦਾ ਹੈ ।
ਪਿਆਰੇ ਦੋਸਤੋ ਅਸੀਂ ਕਾਫ਼ੀਏ ਦੇ ਦੋਸ਼ ਅਧੀਨ ਸ਼ਾਇਰਾਂ ਵੱਲੋਂ ਕੀਤੀਆਂ ਜਾਂਦੀਆਂ ਕਈ ਭੁੱਲਾਂ ਵੱਲ ਇਸ਼ਾਰਾ ਕੀਤਾ ਹੈ । ਇਹ ਗਲ਼ਤੀਆਂ ਗ਼ਜ਼ਲ ਦੀ ਸੰਗੀਆਤਕਮਤਾ ਨੂੰ ਸੱਟ ਮਾਰਦੀਆਂ ਹਨ । ਗ਼ਜ਼ਲ ਗਾਇਆ ਜਾਣ ਵਾਲਾ ਕਾਵਿ ਰੂਪ ਹੈ । ਇਸੇ ਕਰਕੇ ਗ਼ਜ਼ਲ ਵਿਚ ਭਾਸ਼ਾ ਦੀ ਸ਼ੁੱਧਤਾ ਦਾ ਵਿਸ਼ੇਸ਼ ਮਹੱਤਵ ਹੈ ।
ਉੱਪਰ ਦਿੱਤੇ ਕਾਫ਼ੀਏ ਦੇ ਦੋਸ਼ਾ ਨੂੰ ਉਦਾਹਰਣਾਂ ਦੇ ਕੇ ਵੀ ਸਮਝਾਇਆ ਜਾ ਸਕਦਾ ਸੀ । ਕਿਸੇ ਵਿਅਕਤੀ ਵਿਸ਼ੇਸ਼ ਦੇ ਦਿਲ ਨੂੰ ਠੇਸ ਪਹੁੰਚਾਉਣਾ ਆਪਣਾ ਮੰਤਵ ਨਹੀ । ਇਸ ਕਰਕੇ ਸ਼ਿਅਰਾਂ ਦੀ ਉਦਾਹਰਣ ਦੇਣ ਤੋਂ ਸੰਕੋਚ ਕੀਤਾ ਗਿਆ ਹੈ । ਗਲ਼ਤੀਆਂ ਤਾਂ ਹਰ ਵਿਅਕਤੀ ਤੋਂ ਹੁੰਦੀਆਂ ਹਨ । ਆਪਣੇ ਤੋਂ ਵੀ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ  ਅਤੇ ਹੁੰਦੀਆਂ ਰਹਿਣਗੀਆਂ । ਆਪਣੀਆਂ ਕੱਛ ਵਿਚ ਅਤੇ ਦੂਜੇ ਦੀਆਂ ਹੱਥ ਵਿਚ, ਆਪਣਾ ਇਹੋ ਜਿਹਾ ਕੋਈ ਇਰਾਦਾ ਨਹੀ
ਕ੍ਰਿਸ਼ਨ ਭਨੋਟ

ਕਾਫੀਆ-ਰਦੀਫ

ਕਾਫੀਆ
..............
ਪਿਆਰੇ ਦੋਸਤੋ ਹੁਣ ਆਪਾਂ ਗ਼ਜ਼ਲ ਦੇ ਇਕ ਬਹੁਤ ਹੀ ਜ਼ਰੂਰੀ ਅੰਗ , ਕਾਫੀਏ ਬਾਰੇ ਵਿਚਾਰ ਕਰਦੇ ਹਾਂ । ਕਾਫ਼ੀਆ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਘੜੀ ਮੁੜੀ ਆਉਣਾ । ਕਾਫੀਆਂ ਆਪਣੇ ਨਾਮ ਅਨੁਸਾਰ ਹਰ ਸ਼ਿਅਰ ਵਿਚ ਆਉਂਦਾ ਹੈ । ਕਾਫ਼ੀਆ ਆਪਣੀ ਲੋੜ ਅਨੁਸਾਰ ਤੁਕ ਦੇ ਸ਼ੁਰੂ ਵਿਚ, ਵਿਚਾਲੇ ਜਾਂ ਅੰਤ ਵਿਚ ਕਿਤੇ ਵੀ ਆ ਸਕਦਾ ਹੈ । ਕਾਫ਼ੀਆ ਤੁਕ ਦੇ ਅੰਤ ਵਿਚ ਉਦੋਂ ਆਉਂਦਾ ਹੈ ਜਦੋਂ ਗ਼ਜ਼ਲ ਵਿਚ ਰਦੀਫ਼ ਨਾ ਹੋਵੇ । ਕਾਫੀਆ ਉਸ ਲਗ ਜਾਂ ਸਵਰ ਨੂੰ ਕਹਿੰਦੇ ਹਨ ਜਿਹੜੀ ਗਜ਼ਲ ਦੇ ਮਤਲੇ ਦੀਆਂ ਦੋਹਾਂ ਤੁਕਾਂ ਅਤੇ ਹਰ ਸ਼ਿਅਰ ਦੀ ਦੂਸਰੀ ਤਕ ਵਿਚ ਵਾਰ ਵਾਰ ਆਉਂਦੀ ਹੈ । ਦੁਹਰਾਈ ਜਾਣ ਵਾਲੀ ਇਹ ਲਗ ਜਾਂ ਸਵਰ ਸਥਾਈ ਹੁੰਦੀ ਹੈ । ਭਾਵ ਬਦਲਦੀ ਨਹੀ ਪ੍ਰੰਤੂ ਜਿਸ ਅੱਖਰ ਨਾਲ ਇਹ ਜੁੜਦੀ ਹੈ ਉਹ ਵਾਰ ਵਾਰ ਬਦਲ ਜਾਂਦਾ ਹੈ । ਪੰਜਾਬੀ ਭਾਸ਼ਾ ਵਿਚ ਕਾਫੀਏ ਨੂੰ ਤੁਕਾਂਤ ਕਿਹਾ ਜਾਂਦਾ ਹੈ । ਕਾਫ਼ੀਆ ਅਸਲ ਵਿਚ ਇਕ ਸ਼ਬਦ ਅਲੰਕਾਰ ਹੈ ਜਿਸ ਨੂੰ ਅਨੁਪ੍ਰਾਸ ਅਲੰਕਾਰ ਕਹਿੰਦੇ ਹਨ । ਕਾਫੀਏ ਦਾ ਸ਼ਿਅਰ ਵਾਸਤੇ ਕੀ ਮਹੱਤਵ ਹੈ ...
"ਸ਼ਬਦਾਂ ਨੂੰ ਲੈਅ-ਬੱਧ ਕਰੇ, ਪੈਦਾ ਕਰਦੈ ਤਾਲ,
ਸ਼ਿਅਰਾਂ ਦੇ ਵਿਚ ਕਾਫੀਏ ਦਾ ਇਹ ਕ੍ਰਿਸ਼ਨ ਕਮਾਲ ।"
ਦਰਅਸਲ ਕਾਫੀਆ ਹੀ ਗ਼ਜ਼ਲ ਦੀ ਜਿੰਦ ਜਾਨ ਹੈ । ਕਾਫ਼ੀਆ ਹੀ ਸ਼ਿਅਰਾਂ ਨੂੰ ਸੰਗੀਤਆਤਕਮਕ ਬਣਾਉਂਦਾ ਹੈ । ਜੇ ਇਹ ਕਹਿ ਲਿਆ ਜਾਵੇ ਕਿ ਕਾਫ਼ੀਆ ਹੀ ਅਜੇਹਾ ਜਾਦੂ ਹੈ ਜੋ ਪਾਠਕਾਂ ਜਾਂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ । ਜਿਸ ਤਰ੍ਹਾਂ ਸਪੇਰੇ ਦੀ ਬੀਨ ਨਾਗ ਨੂੰ ਕੀਲੀ ਰੱਖਦੀ ਹੈ, ਇਸੇ ਤਰ੍ਹਾਂ ਕਾਫੀਏ ਦੀ ਸੰਗੀਤਆਤਮਕ ਧੁਨੀ ਪਾਠਕਾਂ ਜਾਂ ਸਰੋਤਿਆਂ ਨੂੰ ਮੰਤਰ-ਮੁਗਧ ਕਰੀ ਰੱਖਦੀ ਹੈ ।
ਅਰਬੀ ਫਾਰਸੀ ਵਾਲਿਆਂ ਨੇ ਕਾਫ਼ੀਏ ਬਾਰੇ ਬੜੇ ਨਿਯਮ ਬਣਾਏ ਹੋਏ ਹਨ । ਕਾਫ਼ੀਏ ਦੀ ਤਕਨੀਕ ਨੂੰ ਸਮਝਾਉਣ ਵਾਸਤੇ ਉਨਾਂ ਕੋਲ ਅਨੇਕਾਂ ਤਕਨੀਕੀ ਪਰਿਭਾਸ਼ਾਵਾਂ ਹਨ । ਉਰਦੂ ਭਾਸ਼ਾ ਵਿਚ ਵੀ ਕਾਫੀਏ ਬਾਰੇ ਕਾਫ਼ੀ ਜਾਣਕਾਰੀ ਮਿਲਦੀ ਹੈ । ਪਰ ਅਫ਼ਸੋਸ ਹੈ ਕਿ ਪੰਜਾਬੀ ਤੇ ਹਿੰਦੀ ਵਿਚ ਕਾਫੀਏ ਵਰਗੇ ਕਵਿਤਾ ਦੇ ਜਰੂਰੀ ਅੰਸ਼ ਬਾਰੇ ਕੋਈ ਜਾਣਕਾਰੀ ਨਹੀ ਮਿਲਦੀ । ਹਿੰਦੀ ਵਾਲੇ ਤਾਂ ਕਾਫ਼ੀਏ ਨੂੰ ਸ਼ਬਦ ਅਲੰਕਾਰ ਕਹਿ ਕੇ ਤਿਆਗ ਚੁੱਕੇ ਹਨ । ਕਾਫ਼ੀਏ ਦੀ ਇਸ ਅਣਗਹਿਲੀ ਕਰਕੇ ਹੀ ਗ਼ਜ਼ਲ ਹਿੰਦੀ ਵਿਚ ਏਨੀ ਹਰਮਨ ਪਿਆਰੀ ਨਹੀ ਹੋ ਸਕੀ , ਕਿਉਂ ਕਿ ਕਾਫ਼ੀਏ ਬਗੈਰ ਗ਼ਜ਼ਲ ਸੋਚੀ ਵੀ ਨਹੀ ਜਾ ਸਕਦੀ । ਇਹੀ ਕਾਰਨ ਹੈ ਕਿ ਮਰਹੂਮ ਦੁਸ਼ਯੰਤ ਕੁਮਾਰ ਤੋਂ ਮਗਰੋਂ ਹਿੰਦੀ ਭਾਸ਼ਾ ਵਿਚ ਕੋਈ ਵੀ ਨਾਮਵਰ ਗ਼ਜ਼ਲਗੋ ਪੈਦਾ ਨਹੀ ਹੋ ਸਕਿਆ ।
ਅਰਬੀ ਫਾਰਸੀ ਵਿਚ ਅਪਣਾਏ ਜਾਂਦੇ ਕਾਫ਼ੀਏ ਦੇ ਨਿਯਮ ਪੰਜਾਬੀ ਵਿਚ ਅਪਣਾਏ ਨਹੀ ਜਾ ਸਕਦੇ, ਕਿਉਂ ਕਿ ਪੰਜਾਬੀ ਭਾਸ਼ਾ ਦੀ ਬਣਤਰ, ਅਰਬੀ , ਫ਼ਾਰਸੀ ਭਾਸ਼ਾਵਾਂ ਵਰਗੀ ਨਹੀ । ਪੰਜਾਬੀ ਭਾਸ਼ਾ ਅਨੁਸਾਰ ਕਾਫ਼ੀਏ ਦੀਆਂ ਕੁਝ ਕੁ ਕਿਸਮਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ--
ਚੁਸਤ ਕਾਫ਼ੀਆ---
ਪੰਜਾਬੀ ਵਿਚ ਚੁਸਤ ਕਾਫ਼ੀਆ ਸਭ ਤੋਂ ਹਰਮਨ ਪਿਆਰਾ ਹੈ । ਚੁਸਤ ਕਾਫ਼ੀਆ ਉਸ ਨੂੰ ਕਹਿੰਦੇ ਹਨ, ਜਿਹੜੇ ਕਾਫ਼ੀਏ ਦਾ ਵਜ਼ਨ ਸਮਤੋਲ ਹੋਵੇ , ਭਾਵ ਸ਼ਬਦ ਬਰਾਬਰ ਵਜ਼ਨ ਦੇ ਹੋਣ, ਉਦਾਹਰਣ ਵਜੋਂ
"ਪਰ ਗਵਾਏ ਆਪਣੇ ਤੂੰ, ਹੁਣ ਪਰਾਂ ਦੀ ਕਰ ਤਲਾਸ਼,
ਪੰਛੀਆ ਉਡ ਆਲਣੇ ਚੋਂ, ਅੰਬਰਾਂ ਦੀ ਕਰ ਤਲਾਸ਼।"
                                      (ਰਾਜਵੰਤ ਬਾਗੜੀ)
ਇਸ ਗ਼ਜ਼ਲ ਵਿਚ ਆਉਣ ਵਾਲੇ ਸਾਰੇ ਕਾਫ਼ੀਏ ਜਿਵੇਂ  ਪਰਾਂ,ਅੰਬਰਾਂ, ਖੰਜਰਾਂ, ਮੁਸਾਫਰਾਂ, ਅਵਸਰਾਂ ਵਗੈਰਾ ਚੁਸਤ  ਸ਼੍ਰੇਣੀ ਕਾਫ਼ੀਏ ਹਨ ।ਕਿਉਂ ਕਿ ਇਹ ਠਾਹ ਠਾਹ ਆਉਂਦੇ ਹਨ ।
ਸੁਸਤ ਕਾਫੀਆ--
ਕਈ ਵਾਰ ਸ਼ਾਇਰ ਕਿਸੇ ਇਕ ਗਲ ਜਾਂ ਸਵਰ ਨੂੰ ਹੀ ਕਾਫ਼ੀਏ ਵਜੋਂ ਵਰਤਦਾ ਹੈ । ਇਸ ਕਾਫ਼ੀਏ ਵਿਚ ਕਿਸੇ ਇਕ ਲਗ ਜਾਂ ਸਵਰ ਦੀ ਹੀ ਸਾਂਝ ਹੁੰਦੀ ਹੈ ਪਰ ਕਿਸੇ ਅੱਖਰ ਦੀ ਸਾਂਝ ਨਹੀ ਹੁੰਦੀ । ਇਸ ਤਰ੍ਹਾਂ ਇਸ ਕਾਫ਼ੀਏ ਨੂੰ ਸੁਸਤ ਕਾਫ਼ੀਆ ਕਿਹਾ ਜਾਂਦਾ ਹੈ । ਉਦਾਹਰਣ ਵਜੋਂ--
"ਪੱਥਰਾਂ ਦੇ ਸ਼ਹਿਰ ਵਿਚ ਇਕ ਆਦਮੀਂ,
ਚੁੱਕੀ ਫਿਰਦੈ ਤਿੜਕੀ ਹੋਈ ਜ਼ਿੰਦਗੀ ।"
ਕਿਉਂ ਕਿ ਇਸ ਕਾਫੀਏ ਵਿਚ ਸਿਰਫ ਬਿਹਾਰੀ ਦੀ ਸਾਂਝ ਹੈ । ਇਸ ਲਈ ਇਸ ਨੂੰ ਸੁਸਤ ਕਾਫ਼ੀਆ ਕਿਹਾ ਜਾਂਦਾ ।
ਵਿਕਟ ਕਾਫੀਆ---
ਵਿਕਟ ਕਾਫੀਆ ਉਸ  ਨੂੰ ਆਖਦੇ ਹਨ ਜਿਸ ਵਿਚ ਵੱਖ ਵੱਖ ਵਜ਼ਨਾਂ ਦੇ ਸ਼ਬਦ ਵਰਤੇ ਜਾਂਦੇ ਜਾਣ । ਇਸ ਕਾਫ਼ੀਏ ਨੂੰ ਬੇ-ਮੇਲ ਕਾਫ਼ੀਆ ਵੀ ਕਿਹਾ ਜਾਂਦਾ ਹੈ । ਇਹ ਕਾਫ਼ੀਆ ਬਹੁਤ ਹਰਮਨ ਪਿਆਰਾ ਨਹੀ ।
ਕਾਫ਼ੀਆ ਮਮੂਲਾ---
ਜਦੋਂ ਕਿਸੇ ਸ਼ਿਅਰ ਵਿਚ ਕਾਫ਼ੀਆ ਤੇ ਰਦੀਫ ਮਿਲਕੇ ਇਕ ਹੀ ਸ਼ਬਦ ਬਣ ਜਾਣ ਤਾਂ ਉਸ ਨੂੰ ਕਾਫ਼ੀਆ ਮਮੂਲਾ  ਕਿਹਾ ਜਾਂਦਾ ਹੈ । ਆਮ ਤੌਰ ਤੇ ਅਜੇਹੇ ਕਾਫ਼ੀਏ ਨੁੰ ਦੋਸ਼ ਜਾਂ ਐਬ ਗਿਣਿਆ ਜਾਂਦਾ ਹੈ । ਪਰ ਉਸਤਾਦ ਸ਼ਾਇਰਾਂ ਨੇ ਗ਼ਜ਼ਲ ਵਿਚ ਕਾਫ਼ੀਆ ਮਮੂਲਾ  ਵਰਤਣ ਦੀ ਇਜ਼ਾਜਤ ਦਿੱਤੀ ਹੋਈ ਹੈ । ਕਾਫ਼ੀਏ ਮਮੂਲੇ ਦੀ ਇਕ ਮਿਸਾਲ ਦੇਣੀ ਲਾਹੇਵੰਦ ਹੋਵੇਗੀ ਤਾਂ ਕਿ ਤੁਹਾਨੂੰ ਕਾਫੀਏ ਮਮੂਲੇ ਦੀ ਪਛਾਣ ਹੋ ਸਕੇ ।
"ਹਨ ਸੂਲੀਆਂ ਸਲੀਬਾਂ, ਹਰ ਮੋੜ, ਹਰ ਗਲੀ ਤੇ ।
ਅਹੁ ਸਰਫਰੋਸ਼ ਨਿਕਲੇ ਸਿਰ ਰੱਖ ਕੇ ਤਲੀ ਤੇ ।

ਗੰਭੀਰ ਚੁੱਪ ਦਿੰਦੀ, ਤੁਫਾਨ ਦਾ ਪਤਾ ਹੈ,
ਹੁਣ ਹੋਣਗੇ ਧਮਾਕੇ ਲਉ ਸੁਲਘ ਗਏ ਪਲੀਤੇ ।"
               (ਅਜ਼ਾਇਬ ਚਿਤ੍ਰਕਾਰ)
ਉਪਰੋਕਤ ਗ਼ਜ਼ਲ ਦੇ ਮਤਲੇ ਅਤੇ ਸ਼ਿਅਰ ਵਿਚ ਮਰਹੂਮ ਸ਼ਾਇਰ ਅਜ਼ਾਇਬ ਚਿਤਰਕਾਰ ਜੀ ਨੇ ਕਾਫ਼ੀਆ  ਗਲੀ ਅਤੇ ਤਲੀ ਵਰਤਿਆ ਹੈ ਅਤੇ ਸ਼ਬਦ 'ਤੇ' ਰਦੀਫ਼ ਵਜੋਂ ਲਿਆ ਹੈ । ਪਰ ਉਹਨਾਂ ਦੇ ਅਗਲੇ ਸ਼ਿਅਰ ਵਿਚ ਕਾਫੀਆ ਅਤੇ ਰਦੀਫ ਰਲ਼ ਕੇ ਇਕ ਸ਼ਬਦ  'ਪਲੀਤੇ' ਬਣਾ ਰਹੇ ਹਨ । ਇਸ ਤਰਾਂ ਦੇ ਕਾਫੀਏ ਨੂੰ ਕਾਫੀਆ ਮਮੂਲਾ ਕਿਹਾ ਜਾਂਦਾ ਜਿਸ ਵਿਚ ਕਾਫੀਆ ਤੇ ਰਦੀਫ਼ ਦੋਨੋ ਰਲ਼ ਕੇ ਇਕ ਸ਼ਬਦ ਬਣ ਜਾਵੇ ।
ਕਾਫ਼ੀਏ ਦੀ ਅਦਾ---
ਇਹ ਅਸਲ ਵਿਚ ਇਕ ਕਾਵਿਕ ਗੁਣ ਹੈ ਜਦੋਂ ਕਾਫ਼ੀਆ ਮਹਿਬੂਬ ਵਾਂਗ ਕਲੋਲ ਕਰੇ , ਅਦਾ ਦਿਖਾਵੇ, ਨਖ਼ਰੇ ਕਰੇ ਤਾਂ ਉਸ ਕਾਫ਼ੀਏ ਨੂੰ ਕਾਫੀਏ ਦੀ ਅਦਾ ਕਿਹਾ ਜਾਂਦਾ । ਇਸ ਕਿਸਮ ਦਾ ਕਾਫ਼ੀਆ ਪਹਿਲੇ ਕਾਫ਼ੀਆ ਮਮੂਲਾ ਨਾਲੋਂ  ਬਿਲਕੁਲ ਉਲਟ ਹੁੰਦਾ ਹੈ । ਜਦੋਂ ਕਿਸੇ ਸ਼ਿਅਰ ਵਿਚ ਕਾਫੀਏ ਨੂੰ ਇਸ ਤਰਾਂ ਦੋ ਹਿੱਸਿਆਂ ਵਿਚ ਤੋੜਿਆ ਜਾਵੇ ਕਿ ਪਹਿਲਾ ਸ਼ਬਦ ਕਾਫ਼ੀਆ ਲੱਗੇ ਤੇ ਦੂਜ਼ਾ ਰਦੀਫ਼, ਅਜਿਹੇ ਕਾਫ਼ੀਏ ਨੂੰ ਕਾਫੀਏ ਦੀ ਅਦਾ ਕਿਹਾ ਜਾਂਦਾ । ਜੇ ਉਪਰੋਕਤ ਅਜ਼ਾਇਬ ਚਿਤਰਕਾਰ ਜੀ ਦੀ ਗ਼ਜ਼ਲ ਵਿਚ ਪਲੀਤੇ, ਕੁਨੀਤੇ ਹੋਵੇ ਤਾਂ ਪਲੀਤੇ ਨੂੰ ਤੋੜ ਕੇ ਸ਼ਾਇਰ ਪਲੀ ਤੇ ਬੰਨ ਦੇਵੇ ਤਾਂ ਇਹ ਕਾਫੀਏ ਦੀ ਅਦਾ ਕਿਹਾ ਜਾਵੇਗਾ । ਅਤੇ ਇਹ ਸ਼ਾਇਰ ਦੀ ਉਸਤਾਦੀ ਮੰਨਿਆ ਜਾਵੇਗਾ ।
ਯਕ ਕਾਫ਼ੀਆ---
ਜਦੋਂ ਕਿਸੇ ਗ਼ਜ਼ਲ ਦੇ ਸਾਰੇ ਸ਼ਿਅਰਾਂ ਵਿਚ ਸ਼ਾਇਰ ਇਕੋ ਹੀ ਕਾਫ਼ੀਆ ਵਰਤੇ ਅਜੇਹੇ ਕਾਫੀਏ ਨੂੰ ਯਕ ਕਾਫ਼ੀਆ ਕਿਹਾ ਜਾਂਦਾ । ਅਜੇਹੇ ਕਾਫ਼ੀਏ ਤਾਂ ਸਿਰਫ਼ ਸ਼ਾਇਰ ਆਪਣੇ ਉਸਤਾਦੀ ਦਿਖਾਉਣ ਵਾਸਤੇ ਹੀ ਵਰਤਦੇ । ਹਰ ਸ਼ਿਅਰ ਵਿਚ ਇਕ ਹੀ ਕਾਫ਼ੀਆ ਵਰਤਣਾ ਪਾਠਕ ਅਤੇ ਸਰੋਤਿਆਂ ਵਾਸਤੇ ਬੋਰੀਅਤ ਦਾ ਕਾਰਣ ਬਣਦਾ ਹੈ । ਇੱਕ ਹੀ ਕਾਫ਼ੀਆ ਜੇ ਅਨੇਕਾਂ ਸ਼ਿਅਰਾਂ ਵਿਚ ਵੱਖ ਵੱਖ ਅਰਥਾਂ ਦੇ ਤਹਿਤ ਵਰਤਿਆ ਜਾਵੇ ਤਾਂ ਜ਼ਾਇਜ਼ ਮੰਨਿਆ ਜਾਂਦਾ ਹੈ, ਪਰ ਅਜਿਹਾ ਘੱਟ ਹੀ ਹੁੰਦਾ ਹੈ ਕਿਉਂ ਕਿ ਕਾਫ਼ੀਏ ਦੇ ਕਿੰਨੇ ਕੁ ਅਰਥ ਹੋ ਸਕਦੇ ਹਨ ।
ਦੂਹਰਾ ਕਾਫ਼ੀਆ--
ਕਈ ਸ਼ਾਇਰ ਆਪਣੀ ਗ਼ਜ਼ਲ ਵਿਚ ਇਕ ਦੀ ਥਾਂ ਦੋ ਕਾਫ਼ੀਏ ਵਰਤਦੇ ਹਨ । ਕਈ ਵਾਰ ਇੱਕੋ ਕਾਫ਼ੀਏ ਨੂੰ ਦੁਹਰਾਇਆ ਜਾਂਦਾ ਹੈ । ਜਿਵੇ ਕਰਦਿਆਂ ਕਰਦਿਆਂ ਦੇ ਨਾਲ ਭਰਦਿਆਂ  ਭਰਦਿਆਂ ਵਗੈਰਾ । ਕਾਫ਼ੀਏ ਨਿਭਾਉਣਾ ਸ਼ਾਇਰ ਦੀ ਆਪਣੀ ਕਾਰੀਗਰੀ ਵੀ ਹੈ ਤੇ ਮਰਜ਼ੀ ਵੀ । ਜੋ ਕੋਈ ਸ਼ਾਇਰ ਆਪਣਿਆਂ ਸ਼ਿਅਰਾਂ  ਵਿਚ ਸਫ਼ਲਤਾ ਸਹਿਤ ਦੂਹਰਾ ਕਾਫ਼ੀਆ ਨਿਭਾਵੇ ਤਾਂ ਹੀ ਗ਼ਜ਼ਲ ਦੀ ਖ਼ੂਬਸੂਰਤੀ ਪੈਦਾ ਕਰ ਸਕਦਾ ਹੈ ਨਹੀ ਤਾਂ ਨਹੀਂ ।
ਰਹਫ਼-ਇ-ਰਵੀ ਜਾਂ ਮੂਲ ਅੱਖਰ---------
ਹੁਣ ਆਪਾਂ ਹਰਫ਼-ਇ-ਰਵੀ ਜਾਂ ਮੂਲ ਅੱਖਰ ਦੀ ਪਛਾਣ ਕਰਾਂਗੇ । ਕਾਫੀਏ ਦੇ ਨਾਲ ਵਾਰ ਵਾਰ ਆਉਣ ਵਾਲੀ ਸਥਾਈ ਲਗ ਜਾਂ ਸਵਰ ਨੂੰ ਅਰੂਜ਼ੀ ਪਰਿਭਾਸ਼ਾ ਵਿਚ ਹਰਫ਼-ਇ-ਰਵੀ ਜਾਂ ਮੂਲ ਅੱਖਰ ਕਿਹਾ ਜਾਂਦਾ ਹੈ । ਅਰਬੀ ਭਾਸ਼ਾ ਵਿਚ ਰਵੀ ਦਾ ਸ਼ਾਬਦਿਕ ਅਰਥ ਉਹ ਰੱਸੀ ਹੁੰਦਾ ਹੈ ਜਿਸ ਨਾਲ ਊਠ ਦੀ ਪਿੱਠ ਤੇ ਸਮਾਨ  ਬੰਨਿਆਂ ਜਾਂਦਾ ਹੈ ।ਗ਼ਜ਼ਲ ਵਿਚ ਕਾਫ਼ੀਏ ਦਾ ਕੰਮ ਵੀ ਗ਼ਜ਼ਲ ਨੂੰ ਬੰਨ੍ਹ ਕੇ ਰੱਖਣਾ ਹੀ ਹੁੰਦਾ ਹੈ । ਸ਼ਾਇਦ ਇਸੇ ਕਰਕੇ ਹੀ ਕਾਫੀਏ ਦੀ ਸਥਾਈ ਲਗ ਜਾਂ ਸਵਰ ਨੂੰ ਰਵੀ ਕਿਹਾ ਜਾਂਦਾ ਹੈ । ਮੂਲ ਅੱਖਰ ਤੋਂ ਬਾਦ ਆਉਣ ਵਾਲੇ ਅੱਖਰ ਨੂੰ ਰਦੀਫ਼ ਕਿਹਾ ਜਾਂਦਾ ਹੈ । ਆਉ ਮੂਲ ਅੱਖਰ ਦੀ ਪਛਾਣ ਕਰੀਏ -
"ਕਿਵੇਂ ਪਹੁੰਚੇ ਮਨਾਂ ਤਕ ਰੌਸ਼ਨੀ, ਚਾਨਣ ਕਿਵੇਂ ਹੋਵੇ,
ਮਨਾਂ ਦੇ ਬੰਦ ਬੂਹਿਆਂ ਵਿਚ ਦੀ, ਚਾਨਣ ਕਿਵੇਂ ਹੋਵੇ । "
ਇਸ ਗ਼ਜ਼ਲ ਵਿਚ ਕਾਫੀਆ ਰੌਸ਼ਨੀ, ਵਿੱਚਦੀ, ਸੰਦਲੀ, ਚਾਨਣੀ ਵਗੈਰਾ ਹੈ, ਤੇ ਮੂਲ ਅੱਖਰ ਦੀਰਘ ਲਗ ਬਿਹਾਰੀ ਹੈ, ਜੋ ਕਿ ਸਥਾਈ ਹੈ ਅਤੇ ਇਹ ਬਾਰ ਬਾਰ ਕਾਫੀਏ ਵਾਸਤੇ ਆਉਣ ਵਾਲੇ ਅੱਖਰ ਨਾਲ ਲਗ ਜਾਂਦੀ ਹੈ । ਕਾਫੀਏ ਦਿ ਅੱਖਰ ਸ, ਚ, ਨ, ਦ ਵਗੈਰਾ ਬਦਲਦੇ ਰਹਿੰਦੇ ਹਨ ਪਰ ਬਿਹਾਰੀ ਨਹੀ ਬਦਲਦੀ । ਇਸ ਤਰ੍ਹਾਂ ਬਿਹਾਰੀ ਇਸ ਗ਼ਜ਼ਲ ਦਾ ਮੂਲ ਅੱਖਰ ਹੈ ।
"ਜੋ ਵੀ ਹੋਵੇ ਕਰ ਗੁਜ਼ਰਨਾ ਚਾਹੀਦੈ,
ਜ਼ਿੰਦਗੀ ਦਾ ਰਾਹ ਸੰਵਰਨਾ ਚਾਹੀਦੈ ।"
ਇਸ ਵਿਚ ਕਾਫ਼ੀਆ ਗੁਜ਼ਰਨਾ, ਸੰਵਰਨਾ, ਉਤਰਨਾ,  ਉਸਰਨਾ ਵਗੈਰਾ ਹਨ । ਇਸ ਵਿਚ  'ਰ' ਮੁਕਤਾ ਮੂਲ ਅੱਖਰ ਹੈ । ਮੂਲ ਅੱਖਰ ਨਾਲੋਂ ਪਹਿਲਾਂ ਆਉਣ ਵਾਲੇ ਸਾਰੇ ਅੱਖਰ ਬਦਲਦੇ ਹਨ, ਪਰ ਮੁਕਤਾ ਅੱਖਰ 'ਰ' ਸਥਾਈ ਹੈ , ਭਾਵ ਨਹੀ ਬਦਲਦਾ ।


ਰਦੀਫ਼---
ਪਿਆਰੇ ਦੋਸਤੋ ਹੁਣ ਆਪਾਂ ਗ਼ਜ਼ਲ ਦੇ ਇਕ ਹੋਰ ਅੰਸ਼ ਰਦੀਫ਼ ਬਾਰੇ ਵਿਚਾਰ ਕਰਦੇ ਹਾਂ । ਰਦੀਫ਼ ਉਸ ਸ਼ਬਦ ਨੂੰ ਜਾ ਉਨ੍ਹਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਸ਼ਿਅਰ ਵਿਚ ਕਾਫ਼ੀਏ ਤੋਂ ਮਗਰੋਂ ਵਾਰ ਵਾਰ ਆਉਂਦੇ ਹਨ । ਰਦੀਫ ਨੂੰ ਪੰਜਾਬੀ ਵਿਚ ਦੁੱਮ-ਛੱਲਾ  ਜਾ ਪਿੱਛ-ਲਗ ਵੀ ਕਹਿ ਲਿਆ ਜਾਂਦਾ ਹੈ । ਖ਼ੂਬਸੂਰਤ ਰਦੀਫ ਵੀ ਗ਼ਜ਼ਲ ਵਿਚ ਖ਼ੂਬਸੂਰਤੀ ਪੈਦਾ ਕਰਦੇ ਹਨ । ਰਦੀਫ ਦੇ ਸ਼ਬਦਾਂ ਦੀ ਗਿਣਤੀ ਨਿਸ਼ਚਿਤ ਨਹੀ, ਰਦੀਫ ਇਕ ਸ਼ਬਦ ਦੀ ਵੀ ਹੁੰਦੀ ਤੇ ਅਨੇਕਾਂ ਸ਼ਬਦਾਂ ਦੀ ਵੀ । ਰਦੀਫ ਗ਼ਜ਼ਲ ਦਾ ਜਰੂਰੀ ਅੰਗ ਨਹੀ । ਰਦੀਫ਼ ਤੋਂ ਬਿਨਾਂ ਵੀ ਗ਼ਜ਼ਲ ਕਹੀ ਜਾ ਸਕਦੀ । ਰਦੀਫ ਨਿਭਾਉਣਾ ਸ਼ਾਇਰ ਦੀ ਆਪਣੀ ਖ਼ੂਬੀ ਹੁੰਦੀ ।
ਪਿਆਰੇ ਦੋਸਤੋ ਆਪਾਂ ਸ਼ਿਅਰ, ਮਤਲਾ, ਮਕਤਾ, ਕਾਫ਼ੀਆ, ਰਦੀਫ, ਮੂਲ ਅੱਖਰ ਬਾਰੇ ਚਰਚਾ ਕਰ ਲਈ ਹੈ । ਮੇਰਾ ਖਿਆਲ ਹੈ ਗ਼ਜ਼ਲ ਦੀ ਬਣਤਰ ਬਾਰੇ ਤੁਸੀਂ ਸਮਝ ਗਏ ਹੋਵੇਂਗੇ । ਜੇ ਕੋਈ ਗਲ ਸਮਝਣ ਤੋਂ ਉੱਕ ਗਏ ਹੋਵੋਂ ਤਾਂ ਪਰਸਨਲ ਤੌਰ ਤੇ ਸੰਪਰਕ ਕਰ ਸਕਦੇ ਹੋ ।
ਕ੍ਰਿਸ਼ਨ ਭਨੋਟ

ਗ਼ਜ਼ਲ ਦੀ ਬਣਤਰ

ਗ਼ਜ਼ਲ ਦੀ ਬਣਤਰ....
ਪਿਆਰੇ ਦੋਸਤੋ ਹੁਣ ਆਪਾਂ ਗ਼ਜ਼ਲ ਦੀ ਬਣਤਰ ਵੱਲ ਆਉਂਦੇ ਹਾਂ । ਤੁਸੀਂ ਜਾਣਦੇ ਹੀ ਹੋ ਗ਼ਜ਼ਲ ਦੀ ਮੁਢਲੀ ਇਕਾਈ ਸ਼ਿਅਰ ਹੁੰਦਾ ਹੈ । ਸ਼ਿਅਰ ਦੋ ਤੁਕਾਂ ਨੂੰ ਮਿਲ ਕੇ ਬਣਦਾ ਹੈ । ਪਹਿਲੀ ਦੀ ਦੂਸਰੀ ਤੁਕ ਜਿਸ ਨੂੰ ਗ਼ਜ਼ਲ ਦੀ ਭਾਸ਼ਾ ਵਿਚ ਮਿਸਰਾ ਅਵੱਲ ਤੇ ਮਿਸਰਾ ਦੋਮ ਕਿਹਾ ਜਾਂਦਾ ਹੈ । ਇਸ ਦਾ ਮਤਲਬ ਇਹ ਨਹੀ ਕਿ ਸਿਰਫ਼ ਦੋ ਤੁਕਾਂ ਨੂੰ ਹੀ ਸ਼ਿਅਰ ਕਿਹਾ ਜਾਵੇ । ਇਨ੍ਹਾਂ ਦੋ ਤੁਕਾਂ ਨੂੰ ਤਾਂ ਹੀ ਸ਼ਿਅਰ ਕਿਹਾ ਜਾਂਦਾ ਹੈ ਅਗਰ ਇਹ ਦੋਵੇਂ ਤੁਕਾਂ ਕਿਸੇ ਮੀਟਰ ਵਿਚ ਹੋਣ , ਭਾਵ ਕਿਸੇ ਵਜ਼ਨ ਬਹਿਰ ਜਾਂ ਛੰਦ ਵਿਚ ਹੋਣ । ਤੇ ਇਨ੍ਹਾਂ ਦੋਹਾਂ ਤੁਕਾਂ ਦਾ ਵਜ਼ਨ ਬਹਿਰ ਬਰਾਬਰ ਹੋਵੇ । ਬਿਨਾਂ ਕਿਸੇ ਮੀਟਰ ਦੇ ਬੱਝੀਆਂ ਤੁਕਾਂ ਵਾਰਤਕ ਤਾਂ ਹੋ ਸਕਦੀਆਂ ਹਨ ਪਰ ਸ਼ਿਅਰ ਨਹੀ ਅਖਵਾ ਸਕਦੀਆਂ ।
ਸ਼ਿਅਰ ਦੋ ਕਿਸਮ ਦੇ ਹੋ ਸਕਦੇ ਹਨ । ਪਹਿਲੀ ਕਿਸਮ ਦਾ ਸ਼ਿਅਰ ਉਹ ਹੁੰਦਾ ਹੈ ਜਿਸ ਦੀਆਂ ਦੋਨੋਂ ਤੁਕਾਂ ਦਾ ਤੁਕਾਂਤ ਮਿਲਦਾ ਹੋਵੇ, ਇਸ ਕਿਸਮ ਦੇ ਸ਼ਿਅਰ ਨੂੰ ਗ਼ਜ਼ਲ ਦਾ ਮਤਲਾ ਕਿਹਾ ਜਾਂਦਾ ਹੈ ।
ਦੂਸਰੀ ਕਿਸਮ ਦਾ ਸ਼ਿਅਰ ਉਹ ਹੁੰਦਾ ਹੈ ਜਿਸ ਦੀ ਦੂਸਰੀ ਤੁਕ  ਦੀ ਆਪਣੇ ਤੋਂ ਪਹਿਲਾਂ ਕਹੇ ਗਏ ਸ਼ਿਅਰ ਦੀ ਦੂਸਰੀ ਤੁਕ ਨਾਲ ਕਾਫੀਆ-ਬੰਦੀ ਹੋਵੇ । ਇਸ ਨੂੰ ਗ਼ਜ਼ਲ ਦਾ ਸ਼ਿਅਰ ਕਿਹਾ ਜਾਂਦਾ  । ਯਾਦ ਰੱਖੋ ਪਹਿਲੀ ਕਿਸਮ ਦੇ ਸ਼ਿਅਰ ਨੂੰ ਗ਼ਜ਼ਲ ਦਾ ਮਤਲਾ ਕਿਹਾ ਜਾਂਦਾ ਤੇ ਦੂਸਰੀ ਕਿਸਮ ਦੇ ਸ਼ਿਅਰ ਨੂੰ ਗ਼ਜ਼ਲ ਦਾ ਸ਼ਿਅਰ ।
ਪਿਆਰੇ ਦੋਸਤੋ ਇਹ ਤਾਂ ਗ਼ਜ਼ਲ ਦੇ ਸ਼ਿਅਰ ਦੀ ਤਕਨੀਕੀ ਬਣਤਰ ਜਾਂ ਪਰਿਭਾਸ਼ਾ ਹੈ । ਵਜ਼ਨ ਬਹਿਰ ਤਾਂ ਗ਼ਜ਼ਲ ਦਾ ਭਾਂਡਾ ਜਾ ਬਰਤਨ ਹੈ, ਆਪਾਂ ਇਸ ਬਰਤਨ ਵਿਚ ਕੀ ਪਾਉਣਾ ਹੈ ਇਸ ਬਾਰੇ ਵਿਚਾਰ ਚਰਚਾ ਕਰ ਲਈਏ । ਵਜ਼ਨ ਬਹਿਰ ਤਾਂ ਗ਼ਜ਼ਲ ਦਾ ਜਿਸਮ ਹੈ, ਇਸ ਵਿਚ ਰੂਹ ਕਿਵੇਂ ਫੂਕਣੀ ਹੈ ਇਸ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ । ਆਪਣਾ ਮਕਸਦ ਸਿਰਫ਼ ਅਰੂਜ਼ ਦੀ ਜਾਣਕਾਰੀ ਹਾਸਲ ਕਰਨਾ ਨਹੀ, ਵਜ਼ਨ ਬਹਿਰ ਦੀ ਪੂਰਤੀ ਤੁਹਾਨੂੰ ਸਿਰਫ਼ ਤੁਕਬੰਦੀ ਵਾਸਤੇ ਪ੍ਰੇਰਤ ਕਰ ਸਕਦੀ ਹੈ । ਵਜ਼ਨ ਬਹਿਰ ਗ਼ਜ਼ਲ ਦਾ ਇਕ ਜਰੂਰੀ ਹਿੱਸਾ ਤਾਂ ਹੈ ਪਰ ਮੁਕੰਮਲ ਗ਼ਜ਼ਲ ਨਹੀ । ਕੋਈ ਸ਼ਿਅਰ ਗ਼ਜ਼ਲ ਦਾ ਸ਼ਿਅਰ ਕਿਵੇਂ ਬਣਦਾ ਹੈ ਇਸ ਦੀ ਸਿਰਜਣ ਪਰਕ੍ਰਿਆ ਵੱਲ ਆਈਏ ।..
"ਖਿਆਲ ਤਖ਼ਈਅਲ ਵੇਦਨਾਂ, ਕੁਛ ਚਿੰਤਨ ਕੁਛ ਖ਼ਾਬ,
ਦਿਲ ਦਾ ਖ਼ੂਨ ਕਸ਼ੀਦ ਕੇ, ਹੁੰਦੈ ਸ਼ਿਅਰ ਜਨਾਬ ।"
ਦੋਸਤੋ ਸਭ ਤੋਂ ਪਹਿਲਾਂ ਖਿਆਲ, ਉਸ ਤੋਂ ਮਗਰੋਂ ਤਖ਼ਈਅਲ ਜਾਂ ਖ਼ਿਆਲ ਉਡਾਰੀ, ਦਰਦ , ਚਿੰਤਨ,  ਸੁਪਨੇ ਤੇ ਨਾਲ ਦਿਲੀ ਜ਼ਜਬਾਤ ਕਿਸੇ ਸ਼ਿਅਰ ਦੀ ਜਿੰਦ ਜਾਨ ਹੁੰਦੇ ਹਨ । ਗ਼ਜ਼ਲ ਦਾ ਸ਼ਿਅਰ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਕਹਿੰਦਿਆਂ ਸ਼ਾਇਰ ਆਪਣੀ ਵਿਸਮਾਦੀ ਅਵਸਥਾ ਵਿੱਚ ਹੋਵੇ । ਸੁਣਨ ਵਾਲੇ ਤੇ ਅਜਿਹਾ ਅਸਰ ਪਵੇ ਕਿ ਉਹ ਦਾਦ ਦੇਣੀ ਵੀ ਭੁੱਲ ਜਾਵੇ । ਉਸ ਦੀ ਅਵਸਥਾ ਅਜੇਹੀ ਹੋ ਜਾਵੇ ਕਿ...
"ਮਨ ਤੇ ਤਾਰੀ ਹੋ ਗਿਆ, ਸ਼ਿਅਰਾਂ ਦਾ ਵਿਸਮਾਦ,
ਬੁੱਲ ਫਰਕਦੇ ਰਹਿ ਗਏ, ਕੀਕਣ ਦਿੰਦੇ ਦਾਦ ।"
ਦੋਸਤੋ ਤੁਹਾਡੀ ਦਿਲਚਸਪੀ ਲਈ ਮੈਂ ਇਕ ਮਿਸਾਲ ਦੇਣੀ ਚਹੁੰਦਾ ਹਾਂ । ਉਰਦੂ ਦੇ ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਨੂੰ ਕੌਣ ਨਹੀ ਜਾਣਦਾ । ਇਕ ਵਾਰ ਕਿਧਰੇ ਮੁਸ਼ਾਇਰਾ ਹੋ ਰਿਹਾ ਸੀ, ਕਿ ਹਕੀਮ ਮੋਮਨ ਖਾਂ ਮੋਮਨ ਹੁਰਾਂ ਆਪਣਾ ਕਲਾਮ ਪੜ੍ਹਨਾ ਸ਼ੁਰੂ ਕੀਤਾ, ਜਦ ਉਨ੍ਹਾਂ ਨੇ ਆਪਣਾ ਇਹ ਸ਼ਿਅਰ ਕਿਹਾ--
"ਤੁਮ ਮੇਰੇ ਪਾਸ ਹੋਤੇ ਹੋ ਗੋਯਾ,
ਜਬ ਕੋਈ ਦੂਸਰਾ ਨਹੀ ਹੋਤਾ ।"
ਤਾਂ  ਇਹ ਸ਼ਿਅਰ ਸੁਣ ਕੇ ਗ਼ਾਲਿਬ ਸ੍ਹਾਬ ਅਚਾਨਕ ਉਠ ਕੇ ਖੜ੍ਹੇ ਹੋ ਗਏ ਤੇ ਮੋਮਨ ਸਾਹਿਬ ਨੂੰ ਕਹਿਣ ਲੱਗੇ, ਮੋਮਨ ਸਾਹਿਬ ਤੁਸੀਂ ਮੇਰਾ ਸਾਰਾ ਦੀਵਾਨ (ਸਾਰੀਆਂ ਗ਼ਜ਼ਲਾਂ) ਲੈ ਲਵੋ ਤੇ ਮੈਨੂੰ ਆਪਣਾ ਇਹ ਸ਼ਿਅਰ ਦੇ ਦੇਵੋ । ਸ਼ਿਅਰ ਦਾ ਸਰੋਤੇ ਉੱਤੇ ਕੀ ਅਸਰ ਹੋ ਸਕਦਾ ਇਸ ਦੀ ਮੈਂ ਇਹ ਛੋਟੀ ਜਿਹੀ ਮਿਸਾਲ ਤੁਹਾਨੂੰ ਦਿੱਤੀ ਹੈ । ਨਹੀ ਤਾਂ-
"ਤੁਕਬੰਦੀ ਹੋ ਨਿੱਬੜੇ, ਵਰਨਾਂ ਹਰ ਇਕ ਛੰਦ,
ਜੇ ਨਾ ਕੋਈ ਫਲਸਫ਼ਾ, ਕਰੀਏ ਕਾਨੀਬੰਦ ।"
ਗ਼ਜ਼ਲ ਦਾ ਸ਼ਿਅਰ ਬਿਆਨ ਬਾਜ਼ੀ ਨਹੀ ਹੁੰਦਾ । ਗ਼ਜ਼ਲ ਦਾ ਸ਼ਿਅਰ ਇਕ ਰਮਜ਼ ਤੇ ਇਕ ਗੁੱਝਾ ਇਸ਼ਾਰਾ ਹੁੰਦਾ ਹੈ । ਗ਼ਜ਼ਲ ਦਾ ਸ਼ਿਅਰ ਕੀ ਹੁੰਦਾ ਹੈ ਇਕ ਲੋਕ ਬੋਲੀ ਰਾਹੀਂ ਪਰਗਟਾਉਣ ਦਾ ਯਤਨ ਕਰਦੇ ਹਾਂ ।
"ਪੱਲਾ ਮਾਰ ਕੇ ਬੁਝਾ ਗਈ ਦੀਵਾ,
ਤੇ ਅੱਖ ਨਾਲ ਗਲ ਕਰ ਗਈ ।"
ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ ਵਿਚ ਸੁਤੰਤਰ ਹੁੰਦਾ ਹੈ । ਹਰ ਸ਼ਿਅਰ ਵਿਚ ਵੱਖਰਾ ਖਿਆਲ ਪ੍ਰਗਟ ਕੀਤਾ ਜਾਂਦਾ ਹੈ । ਇਕ ਸ਼ਿਅਰ ਪੂਰੀ ਨਜ਼ਮ ਦੇ ਅਰਥ ਦੇ ਜਾਂਦਾ ਹੈ । ਸ਼ਿਅਰ ਨੂੰ ਖ਼ੂਬਸੂਰਤੀ ਦੇਣ ਵਾਸਤੇ ਸ਼ਾਇਰ ਕਾਫੀਆ ਤੇ ਰਦੀਫ ਵਰਤਦੇ ਹਨ । ਕਾਫ਼ੀਆ ਤੇ ਰਦੀਫ ਅਸਲ ਵਿਚ ਦੋਵੇਂ ਸ਼ਬਦ ਅਲੰਕਾਰ ਹਨ । ਇਨ੍ਹਾਂ ਨੂੰ ਅਨੁਪ੍ਰਾਸ  ਅਲੰਕਾਰ ਕਿਹਾ ਜਾਂਦਾ ਹੈ । ਅਰਬੀ ਜ਼ੁਬਾਨ ਵਿਚ ਅਨੁਪ੍ਰਾਸ ਅਲੰਕਾਰ ਨੂੰ ਸੁਜਾਹ ਕਹਿੰਦੇ ਹਨ ।
 ਸ਼ਿਅਰ, ਮਤਲਾ, ਮਕਤਾ, ਕਾਫੀਆ, ਰਦੀਫ਼ ਗ਼ਜ਼ਲ ਦੇ ਅੰਸ਼ ਹਨ । ਹੁਣ ਵਿਸਥਾਰ ਸਹਿਤ ਇਹਨਾਂ ਬਾਰੇ ਚਰਚਾ ਕਰਾਂਗੇ ।
ਮਤਲਾ-- ਸ਼ਿਅਰ ਬਾਰੇ ਚਰਚਾ ਕਰਦਿਆਂ ਮਤਲੇ ਬਾਰੇ ਆਪਾਂ ਸਪਸ਼ਟ ਕਰ ਹੀ ਚੁੱਕੇ ਹਾਂ । ਇਕ ਵਾਰ ਫਿਰ ਦੁਹਰਾ ਦਿੰਦੇ ਹਾਂ ਤਾਂ ਕਿ ਯਾਦ ਰਹੇ ।
"ਏਨਾਂ ਹੀ ਬਸ ਗ਼ਜ਼ਲ ਦੇ, ਮਤਲੇ ਦਾ ਬਿਰਤਾਂਤ,
ਮਤਲਾ ਪਹਿਲੀਆਂ ਦੋ ਤੁਕਾਂ ਦੇ ਮਿਲ ਜਾਣ ਤੁਕਾਂਤ ।"
ਅਰਬੀ ਭਾਸ਼ਾ ਵਿਚ ਮਤਲੇ ਦਾ ਅਰਥ ਸੂਰਜ ਜਾਂ ਸਿਤਾਰੇ ਦਾ ਚੜ੍ਹਨਾ ਜਾ ਬਾਹਰ ਨਿਕਲਣਾ ਹੁੰਦਾ ਹੈ । ਗ਼ਜ਼ਲ ਕਿਉਂ ਕਿ ਮਤਲੇ ਨਾਲ ਸ਼ੁਰੂ ਹੁੰਦੀ ਜਾਂ ਉਦੈ ਹੁੰਦੀ ਹੈ । ਇਸੇ ਕਰਕੇ ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ ਮਤਲਾ ਕਹਿ ਦਿੱਤਾ ਜਾਂਦਾ ਹੈ ਜੋ ਕਿ ਗ਼ਜ਼ਲ ਦੇ ਸ਼ੁਰੂ ਹੋਣ ਦਾ ਸੰਕੇਤ ਹੈ ।
ਜਿਸ ਤਰ੍ਹਾਂ ਗੀਤ ਦਾ ਆਰੰਭ ਮੁਖੜੇ ਨਾਲ ਹੁੰਦਾ ਹੈ ਇਸੇ ਤਰ੍ਹਾਂ ਗ਼ਜ਼ਲ ਮਤਲੇ ਤੋਂ ਸ਼ੁਰੂ ਹੁੰਦੀ ਹੈ । ਜਿਵੇਂ ਕਿਸੇ ਮੁਟਿਆਰ ਦੀ ਸੁੰਦਰਤਾ ਦਾ ਕੇਂਦਰ ਬਿੰਦੂ ਉਸ ਦਾ ਮੁੱਖੜਾ ਹੁੰਦਾ ਹੈ ਇਸੇ ਤਰ੍ਹਾਂ ਗ਼ਜ਼ਲ ਦੀ ਸੁੰਦਰਤਾ ਉਸ ਦੇ ਮਤਲੇ ਤੇ ਨਿਰਭਰ ਕਰਦੀ ਹੈ ।
"ਮੁਖੜੇ ਤੋਂ ਹੀ ਹੁਸਨ ਦੇ ਹੁੰਦੇ ਕ੍ਰਿਸ਼ਨ ਦਿਦਾਰ,
ਮਤਲਾ ਮੁਖੜਾ ਗ਼ਜ਼ਲ ਦਾ, ਮਤਲਾ ਰੂਪ ਸ਼ਿੰਗਾਰ ।"
ਜਿੰਨ੍ਹਾਂ ਖ਼ੂਬਸੂਰਤ ਗ਼ਜ਼ਲ ਦਾ ਮਤਲਾ ਹੋਵੇਗਾ, ਗ਼ਜ਼ਲ ਓਨੀ ਹੀ ਦਿਲਕਸ਼ ਹੋਵੇਗੀ । ਜਰੂਰੀ ਨਹੀ ਕਿ ਗ਼ਜ਼ਲ ਵਿਚ ਇਕ ਮਤਲਾ ਹੀ ਹੋਵੇ, ਇੱਕੋ ਗ਼ਜ਼ਲ ਦੇ ਕਈ ਮਤਲੇ ਹੋ ਸਕਦੇ ਹਨ । ਗ਼ਜ਼ਲ ਦਾ ਮਤਲਾ ਖ਼ੂਬਸੂਰਤ ਹੋਣਾ ਜ਼ਰੂਰੀ ਹੈ ਕਿਉਂ ਕਿ
"ਪਹਿਲੀ ਤੱਕਣੀ ਨਾਲ ਹੀ, ਉੱਤਰੇ ਦਿਲ ਦੇ ਵਿਚ,
ਪਹਿਲੀ ਤੱਕਣੀ ਹੁਸਨ ਦੀ, ਦਿਲ ਨੂੰ ਪਾਉਂਦੀ ਖਿੱਚ ।"
ਦੋਸਤੋ ਮਤਲਾ ਕੇਵਲ ਦੋ ਮਿਸਰਿਆਂ ਦਾ ਕਾਫ਼ੀਆ ਮੇਲਣ ਦਾ ਨਾਂ ਨਹੀ, ਮਤਲਾ ਤੁਹਾਡੇ ਜ਼ਜਬਿਆਂ ਦਾ ਲੈਅ-ਬੱਧ ਪ੍ਰਗਟਾਵਾ ਹੋਣਾ ਚਾਹੀਦਾ । ਮਤਲਾ ਪੜ੍ਹਦੇ ਸੁਣਦੇ ਸਾਰ ਹੀ ਪਾਠਕ ਦੇ ਦਿਲ ਵਿਚ ਉੱਤਰ ਜਾਣਾ ਚਾਹੀਦਾ । ਜਿਵੇਂ ਮਹਿਬੂਬ ਦੀ ਇਕ ਤੱਕਣੀ ਸਾਨੂੰ ਉਸ ਦਾ ਦੀਵਾਨਾ ਬਣਾ ਦਿੰਦੀ ਹੈ ਇੰਝ ਹੀ ਕਿਸੇ ਗ਼ਜ਼ਲ ਦਾ ਖ਼ੂਬਸੂਰਤ ਮਤਲਾ ਸਾਡੇ ਦਿਲ ਦਿਮਾਗ ਉੱਤੇ ਛਾ ਜਾਂਦਾ ਹੈ ਕਿਉਂ ਕਿ..
"ਕਵਿਤਾ ਹੈ ਦਰਅਸਲ ਤਾਂ, ਦਿਲ ਦੀ ਕ੍ਰਿਸ਼ਨ ਜ਼ੁਬਾਨ,
ਦਿਲ ਚੋਂ ਉੱਠਣ ਬੋਲ ਜੋ, ਦਿਲ ਵਿਚ ਉਤਰ ਜਾਣ ।"
ਮਤਲਾ ਗ਼ਜ਼ਲ ਦੀ ਬੁਨਿਆਦ ਹੈ, ਜਿਸ ਉੱਤੇ ਗ਼ਜ਼ਲ ਵਰਗੀ ਖ਼ੂਬਸੂਰਤ ਇਮਾਰਤ ਦੀ ਉਸਾਰੀ  ਹੁੰਦੀ ਹੈ ।ਮਤਲਾ ਹੀ ਗ਼ਜ਼ਲ ਦੇ ਬਹਿਰ ਵਜ਼ਨ, ਕਾਫ਼ੀਆਂ ਰਦੀਫ ਨਿਸ਼ਚਿਤ ਕਰਦਾ ਹੈ । ਮਤਲਾ ਹੀ ਚੋਭਦਾਰ ਹੁੰਦਾ ਹੈ ਜਿਹੜਾ ਗ਼ਜ਼ਲ ਵਿਚ ਲਈਆਂ ਗਈਆਂ ਖੁੱਲਾਂ, ਢਿੱਲਾਂ ਅਤੇ ਪਾਬੰਦੀਆਂ ਦਾ ਐਲਾਨ ਕਰਦਾ ਹੈ । ਮਤਲਾ ਹੀ ਗ਼ਜ਼ਲ ਦਾ ਧੁਰਾ ਹੈ ਜਿਸ ਦੁਆਲੇ ਬਾਕੀ ਦੇ ਸਾਰੇ ਸ਼ਿਅਰ ਪ੍ਰਕਰਮਾ ਕਰਦੇ ਹਨ । ਮਤਲੇ ਦੇ ਸਿਧਾਂਤਕ ਪੱਖ ਬਾਰੇ ਆਪਾਂ ਵਿਚਾਰ ਕਰ ਲਿਆ ਹੈ । ਆਉ ਹੁਣ ਇਸ ਦੇ ਵਿਹਾਰਿਕ ਪੱਖ ਨੂੰ ਜਾਣੀਏ ।
"ਨ ਅਪਣੇ ਕੋਲ ਕੁਛ ਲੈ ਦੇ ਕੇ, ਇਕ ਹਥਿਆਰ ਸ਼ਬਦਾਂ ਦਾ,
ਮੁਹੱਬਤ ਵੰਡੀਏ, ਅਪਣਾ ਤਾਂ, ਕਾਰੋਬਾਰ ਸ਼ਬਦਾਂ ਦਾ ।"


ਉਪਰਲੇ ਦੋਨਾਂ ਮਿਸਰਿਆਂ ਦਾ ਤੁਕਾਂਤ ਮਿਲਣ ਕਰਕੇ ਇਸ ਨੂੰ ਗ਼ਜ਼ਲ ਦਾ ਮਤਲਾ ਕਿਹਾ ਜਾਵੇਗਾ । ਇਸ ਗ਼ਜ਼ਲ ਵਿਚ ਕਾਰੋਬਾਰ, ਹਥਿਆਰ ਨਾਲ ਮਿਲਦੇ ਜੁਲਦੇ ਕਾਫ਼ੀਏ ਵਰਤੇ ਜਾਣਗੇ । ਇਹ ਮਤਲਾ ਹਜ਼ਜ਼ ਬਹਿਰ ਵਿਚ ਕਿਹਾ ਗਿਆ ਹੈ ਇਸ ਕਰਕੇ ਇਹ ਨਿਸ਼ਚਿਤ ਹੋ ਗਿਆ ਹੈ ਕਿ ਇਸ ਗ਼ਜ਼ਲ ਵਿਚ ਆਉਣ ਵਾਲੇ ਸਾਰੇ ਸ਼ਿਅਰ ਹੀ ਬਹਿਰ ਹਜ਼ਜ ਦੇ ਵਿਚ ਕਹੇ ਜਾਣਗੇ । ਇਸ ਗ਼ਜ਼ਲ ਵਿਚ ਕਾਫੀਏ ਮਗਰੋਂ ਆਉਣ ਵਾਲੇ ਸ਼ਬਦ 'ਸ਼ਬਦਾਂ ਦਾ' ਸਾਰੀ ਗ਼ਜ਼ਲ ਵਿਚ ਦੁਹਰਾਏ ਜਾਣਗੇ ਅਤੇ ਇਸ ਤਰ੍ਹਾਂ ਇਹ ਸ਼ਬਦ ਸਮੂਹ ਗ਼ਜ਼ਲ ਦਾ ਰਦੀਫ ਕਹਾਏਗਾ । ਸਾਰੇ ਸ਼ਿਅਰ ਇਸ ਸ਼ਬਦ ਸਮੂਹ 'ਸ਼ਬਦਾਂ ਦਾ' ਦੁਆਲੇ ਹੀ ਘੁੰਮਣਗੇ । ਗ਼ਜ਼ਲ ਦਾ ਮਤਲਾ ਜਿੰਨ੍ਹਾਂ ਖ਼ੂਬਸੂਰਤ ਹੋਵੇਗਾ ਗ਼ਜ਼ਲ ਓਨੀ ਹੀ ਵੱਧ ਕਮਾਯਾਬ ਹੋਵੇਗੀ । ਤੁਸੀ ਸਾਰਿਆਂ ਨੇ ਸੁਰਜੀਤ ਪਾਤਰ ਸਾਹਿਬ ਦੀ ਗ਼ਜ਼ਲ ,
"ਅਸਾਡੀ ਤੁਹਾਡੀ ਮੁਲਾਕਾਤ ਹੋਈ,
ਜਿਵੇਂ ਬਲ਼ਦੇ ਜੰਗਲ ਤੇ ਬਰਸਾਤ ਹੋਈ ।"
ਸੁਣੀ ਹੀ ਹੋਵੇਗੀ । ਏਸ ਗ਼ਜ਼ਲ ਦੇ ਖ਼ੂਬਸੂਰਤ ਮਤਲੇ ਦੀ ਮਿਕਨਾਤੀਸੀ ਖਿੱਚ ਦੇ ਕਾਰਨ ਹੀ ਅਸੀਂ ਇਸ ਗ਼ਜ਼ਲ ਨੂੰ ਵਾਰ ਵਾਰ ਸੁਣਦੇ ਹਾਂ । ਪਾਤਰ ਸਾਹਿਬ ਦੀ ਇਹ ਗ਼ਜ਼ਲ ਬਹਿਰ ਮੁਤਕਾਰਿਬ ਵਿਚ  ਕਹੀ ਹੋਈ ਹੈ । ਬਹਿਰ ਵਜ਼ਨ ਦਾ ਪਾਠਕਾਂ ਜਾਂ ਸਰੋਤਿਆਂ ਨਾਲ ਕੋਈ ਲੈਣਾ ਦੇਣਾ ਨਹੀ । ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਬਹਿਰ ਵਜ਼ਨ ਤਾਂ ਇਕ ਬਰਤਨ ਹੈ ਅਤੇ ਇਹ ਸ਼ਾਇਰ ਤੇ ਨਿਰਭਰ ਹੈ ਕਿ ਉਹ ਇਸ ਬਰਤਨ ਵਿੱਚ ਕੀ ਪਾ ਕੇ ਪਰੋਸਦਾ ਹੈ । ਸੋ ਗ਼ਜ਼ਲ ਕੀ ਹੈ...
"ਕਹਿੰਦੇ ਨੇ ਜਿਸ ਨੂੰ ਗ਼ਜ਼ਲ ਸੋਹਣੇ ਸੁਖ਼ਮ ਖਿਆਲ,
ਜੁੜਦੇ ਇਕ ਤਰਤੀਬ ਵਿਚ, ਸ਼ਬਦ ਸਲੀਕੇ ਨਾਲ ।"
ਪਾਤਰ ਸਾਹਿਬ ਦੀ ਇਹ ਗ਼ਜ਼ਲ ਸਾਡੇ ਦਿਲ ਨੂੰ ਧੂਹ ਕਿਉਂ ਪਾਉਂਦੀ ਹੈ । ਕਿਉਂ ਕਿ ਇਹ ਤ੍ਰੈ-ਆਤਸ਼ੀ ਹੈ । ਇਸ ਗ਼ਜ਼ਲ ਵਿਚ ਤਿੰਨ ਤਿੰਨ ਹੁਨਰ ਇਕੱਠੇ ਹੋ ਗਏ ਹਨ । (1) ਸ਼ਾਇਰੀ (2) ਗਾਇਕੀ (3) ਸੰਗੀਤ । ਹੁਨਰ ਤਾਂ ਇਕ ਵੀ ਮਾਣ ਨਹੀ ਹੁੰਦਾ ਹੁਣ ਜੇ ਤਿੰਨ ਤਿੰਨ ਹੁਨਰ ਇਕੱਠੇ ਹੋ ਜਾਣ ਤਾਂ ਕੀ ਕਹਿਣੇ ,
"ਕਵਿਤਾ ਹੈ ਲੈਅ-ਬੱਧਤਾ, ਗਾਇਣ ਹੈ ਸੁਰਤਾਲ,
ਰੰਗਾਂ ਨਾਲ ਮੁਸੱਵਰੀ, ਚਸ਼ਮਾਂ ਕਲ ਕਲ ਨਾਲ ।"
ਹੁਣ ਗੱਲ ਗ਼ਜ਼ਲ ਦੇ ਮਕਤੇ ਦੀ ਕਰੀਏ । ਪਹਿਲਾਂ ਇਹ ਜਾਣੀਏ ਕਿ ਮਕਤਾ ਹੁੰਦੀ ਕੀ ਬਲਾ ਹੈ --
"ਦੱਸੇ ਸ਼ਾਇਰ ਆਪਣੀ, ਆਖ਼ਰ ਤੇ ਪਹਿਚਾਣ,
ਤਾਂ ਉਹ ਸ਼ਿਅਰ ਗ਼ਜ਼ਲ ਦਾ ਮਕਤਾ ਕਰਕੇ ਜਾਣ ।"
ਆਪਣੀ ਗ਼ਜ਼ਲ ਦੇ ਅਖ਼ੀਰਲੇ ਸ਼ਿਅਰ ਵਿਚ ਕਈ ਸ਼ਾਇਰ ਆਪਣਾ ਨਾਂ ਜਾਂ ਤਖੱਲੁਸ ਵਰਤਦੇ ਹਨ । ਇਸ ਤਰ੍ਹਾਂ  ਸ਼ਾਇਰ ਦੇ ਨਾਮ ਜਾਂ ਤਖ਼ੱਲੁਸ ਵਾਲਾ ਸ਼ਿਅਰ ਮਕਤਾ ਕਹਾਉਂਦਾ ਹੈ । ਮਕਤਾ ਕਹਿਣਾ ਗ਼ਜ਼ਲ ਦੇ ਸ਼ਾਇਰ ਵਾਸਤੇ ਜ਼ਰੂਰੀ ਨਹੀ । ਬਹੁਤ ਸਾਰੇ ਸ਼ਾਇਰ ਮਕਤੇ ਬਗੈਰ ਵੀ ਗ਼ਜ਼ਲ ਕਹਿੰਦੇ ਹਨ । ਪੁਰਾਣੇ ਦੌਰ ਵਿਚ ਰਚਨਾਵਾਂ ਨੂੰ ਪ੍ਰਕਾਸ਼ਤ ਕਰਨ ਦਾ ਬਹੁਤਾ ਪ੍ਰਬੰਧ ਨਾ ਹੋਣ ਕਰਕੇ ਸ਼ਾਇਰ ਆਪਣੀ ਲਿਖ਼ਤ ਦੀ ਪਹਿਚਾਣ ਕਰਵਾਉਣ ਵਾਸਤੇ ਆਪਣਾ ਨਾਮ ਵਰਤਦੇ ਸਨ । ਤਾਂ ਕਿ ਜੇ ਰਚਨਾਵਾਂ ਗਵਾਚ ਵੀ ਜਾਣ ਤਾਂ ਕੋਈ ਦੂਸਰਾ ਸ਼ਾਇਰ ਉਨ੍ਹਾਂ ਗ਼ਜ਼ਲਾਂ ਤੇ ਆਪਣੀ ਮੇਰ ਨਾ ਕਰ ਲਵੇ ।
ਅਰਬੀ ਭਾਸ਼ਾ ਵਿਚ ਮਕਤਾ ਦਾ ਸ਼ਾਬਦਿਕ ਅਰਥ ਖ਼ਤਮ ਕਰਨਾ ਜਾ ਅੰਤਮ ਹੁੰਦਾ ਹੈ । ਗ਼ਜ਼ਲ ਵਿਚ ਜਿਵੇਂ ਮਤਲੇ ਦੀ ਅਹਿਮੀਅਤ ਹੈ ਇਸੇ ਤਰ੍ਹਾਂ ਹੀ ਖ਼ੂਬਸੂਰਤ ਮਕਤਾ ਵੀ ਗ਼ਜ਼ਲ ਦੀ ਜਾਨ ਹੋ ਨਿੱਬੜਦਾ ਹੈ । ਇਕ ਖ਼ੂਬਸੂਰਤ ਮਕਤਾ ਵੀ ਗ਼ਜ਼ਲ ਨੂੰ ਪਾਠਕਾਂ ਅਤੇ ਸਰੋਤਿਆਂ ਵਿਚ ਮਕਬੂਲ ਕਰ ਦਿੰਦਾ ਹੈ । ਮਕਤੇ ਵਿਚ ਸ਼ਾਇਰ ਕਈ ਕਿਸਮ ਦੇ ਕਾਵਿਕ ਕਲੋਲ ਕਰ ਸਕਦਾ ਹੈ । ਉਹ ਮਕਤੇ ਵਿਚ  ਜਿੱਥੇ ਆਪਣੇ ਆਪ ਤੇ ਵਿਅੰਗ ਕਰ ਸਕਦਾ ਹੈ ਉਥੇ ਦੂਸਰੇ  ਤੇ ਵੀ । ਉਹ ਰਾਜਨੀਤੀ ਤੇ ਵੀ ਨਸ਼ਤਰ ਚਲਾ ਸਕਦਾ ਹੈ ਤੇ ਧਾਰਮਿਕ ਪਖੰਡਾਂ ਤੇ ਤੇ ਵੀ । ਆਪਣੇ ਨਾਮ ਜਾਂ ਤਖ਼ੱਲੁਸ ਨੂੰ ਬਾ-ਮਾਅਨੀ ਵਰਤ ਕੇ ਵੀ ਖ਼ੂਬਸੂਰਤੀ ਪੈਦਾ ਕਰ ਸਕਦਾ ਹੈ । ਆਪਣੇ ਆਪ ਦੀ ਪਿੱਠ ਵੀ ਥਾਪੜ ਸਕਦਾ ਹੈ ਜਿਸ ਨੂੰ ਸ਼ਾਇਰਾਨਾ ਤਅੱਲੀ ਕਿਹਾ ਜਾਂਦਾ ਹੈ ।
ਜਿਵੇਂ ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦਾ ਆਪਣੀ ਸ਼ਾਇਰੀ ਬਾਰੇ ਕਿਹਾ ਹੋਇਆ ਇਹ ਮਕਤਾ ਜਣੇ ਖਣੇ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਹੈ ।
"ਹੈ ਔਰ  ਭੀ ਜ਼ਮਾਨੇ ਮੇਂ ਸੁਖ਼ਨਵਰ ਬਹੁਤ ਅੱਛੇ,
ਕਹਿਤੇ ਹੈਂ,  ਕਿ ਗਾਲਿਬ ਕਾ ਅੰਦਾਜ਼ੇ-ਬਯਾਂ ਹੈ ਔਰ ।"
ਅਰਬੀ ਜ਼ੁਬਾਨ ਵਿਚ ਮਕਤਾ ਸ਼ਬਦ ਦੀ ਕਾਢ ਕਿਹੜੇ ਸ਼ਬਦ ਤੋਂ ਨਿਕਲੀ ਇਹ ਤਾਂ ਪਤਾ ਨਹੀ ਪਰ  ਪੰਜਾਬੀ ਜ਼ੁਬਾਨ ਵਿਚ ਇਸ ਦਾ ਸਮ-ਅਰਥੀ ਸ਼ਬਦ ਜਰੂਰ ਮਿਲ ਜਾਂਦਾ ਹੈ । ਕਈ ਵਾਰੀ ਅਸੀਂ ਪੁਰਾਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਕੱਲ ਤਾਂ ਬਈ ਫਲਾਣੇ ਆਦਮੀ ਨੇ ਗੱਲ ਕਰਨ ਲੱਗਿਆਂ ਕਤਾ ਕਰਕੇ ਰੱਖ ਦਿੱਤੀ । ਜਿਸ ਦਾ ਮਤਲਬ ਇਹ ਹੁੰਦਾ ਸੀ ਕਿ ਕਿਸੇ ਆਦਮੀ ਨੇ ਅਜੇਹੀ ਗੱਲ ਕੀਤੀ ਕਿ ਉਸਤੋਂ ਮਗਰੋਂ ਕਿਸੇ ਤੋਂ ਕੋਈ ਹੋਰ ਗੱਲ ਹੀ ਨਹੀ ਹੋ ਸਕੀ । ਮਤਲਬ ਉਸ ਨੇ ਗੱਲ ਦਾ ਨਿਚੋੜ ਕੱਢ ਕੇ ਗੱਲ ਹੀ ਖ਼ਤਮ ਕਰ ਦਿੱਤੀ । ਸ਼ਾਇਦ ਇਸੇ ਕਤਾ ਸ਼ਬਦ ਦਾ ਕ੍ਰਿਆ-ਵਾਚੀ ਸ਼ਬਦ ਮਕਤਾ ਹੋਵੇ ।
ਅੱਜ ਵੀ ਪੰਜਾਬੀ ਵਿਚ ਅਨੇਕਾਂ ਸ਼ਬਦ ਅਰਬੀ ਫਾਰਸੀ ਦੇ ਮਿਲਦੇ ਹਨ । ਇਸ ਦਾ ਕਾਰਣ ਇਹ ਹੈ ਕਿ ਕਈ ਸਦੀਆਂ ਇਹ ਜ਼ੁਬਾਨਾਂ ਸਾਡੀਆਂ ਹਾਕਮ ਜਮਾਤਾਂ ਦੇ ਰਾਜ-ਭਾਗ ਦਾ ਹਿੱਸਾ ਰਹੀਆਂ ਹਨ । ਅਜ ਵੀ ਪੰਜਾਬ ਦਾ ਮਹਿਕਮਾ ਮਾਲ, ਮੁਗਲ ਬਾਦਸ਼ਾਹ ਅਕਬਰ ਦੇ ਵਜ਼ੀਰ ਟੋਡਰ ਮਲ ਦੇ ਬਣਾਏ ਜ਼ਮੀਨੀ ਪ੍ਰਬੰਧ ਅਨੁਸਾਰ ਹੀ ਚਲਦਾ ਹੈ । ਜ਼ਮੀਨ ਜਾਇਦਾਦ, ਵਸੀਕਾ, ਵਸੀਅਤ, ਇੰਤਕਾਲ, ਮਹਿਕਮਾ ਫ਼ਰਦ, ਖਸਰਾ ਵਗੈਰਾ ਫਾਰਸੀ ਜ਼ੁਬਾਨ ਦੇ ਸ਼ਬਦ ਹੀ ਵਰਤੇ ਜਾਂਦੇ ਹਨ । ਇਸੇ ਤਰ੍ਹਾਂ ਦੇ ਸਾਡੇ ਕਨੂਨ ਪ੍ਰਬੰਧ ਦੀ ਸਾਰੀ ਭਾਸ਼ਾ ਵਕੀਲ, ਦਲੀਲ, ਮੁਕੱਦਮਾਂ, ਕਚਹਿਰੀ, ਮੁਲਜ਼ਮ, ਮੁਜ਼ਰਮ, ਗ੍ਰਿਫਤਾਰੀ, ਮੁਨਸਫ, ਅਦਾਲਤ ਵਗੈਰਾ ਅਰਬੀ ਜ਼ੁਬਾਨ ਦੇ ਹੀ ਲਫ਼ਜ ਹਨ ।
ਮਾਫ ਕਰਨਾ ਦੋਸਤੋ ਇਹ ਇਕ ਅਲੱਗ ਵਿਸ਼ਾ ਹੈ । ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗ਼ਜ਼ਲ ਵੀ ਅਰਬੀ ਫਾਰਸੀ ਰਾਹੀਂ ਹੀ ਪੰਜਾਬੀ ਵਿਚ ਆਈ ਹੈ । ਇਸ ਦਾ ਜ਼ਿਕਰ ਸੁਭਾਵਿਕ ਹੀ ਹੋ ਗਿਆ । ਵੈਸੇ ਵੀ ਅਰੂਜ਼ ਵਰਗੇ ਖੁਸ਼ਕ ਵਿਸ਼ੇ ਨਾਲ ਮਗ਼ਜ਼ ਪੱਚੀ ਕਰਦਿਆਂ ਵਿਸ਼ੇ ਤੋਂ ਥੋੜਾ ਏਧਰ ਓਧਰ ਹੋ ਲਿਆ ਜਾਵੇ ਤਾਂ ਕੋਈ ਹਰਜ਼ ਨਹੀ । ਸਾਨੂੰ ਮੁੜ ਘਿੜ ਕੇ ਅਸਲੀ ਵਿਸ਼ੇ ਤੇ ਆਉਣਾ ਹੀ ਪੈਣਾ ਹੈ । ਪੰਜਾਬੀ ਦੀ ਕਹਾਵਤ ਹੈ, 'ਆਖ਼ਰ ਪੁਤ ਬਸੰਤਿਆ ਤੂੰ ਹੱਟੀ ਬਹਿਣਾ'  ਆਪਣੇ ਅਸਲੀ ਵਿਸ਼ੇ ਵਲ ਪਰਤਦੇ ਹਾਂ । ਦੋਸਤੋ ਆਪਾਂ ਗੱਲ ਮਿਰਜ਼ਾ ਗਾਲਿਬ ਤੇ ਛੱਡੀ ਸੀ , ਮੁੜ ਕੇ ਫਿਰ ਮਿਰਜ਼ਾ ਗ਼ਾਲਿਬ ਤੋਂ ਹੀ ਸ਼ੁਰੂ ਕਰਦੇ ਹਾਂ ।
ਕਹਿੰਦੇ ਹਨ ਮਿਰਜ਼ਾ ਗ਼ਾਲਿਬ ਦੀ ਆਪਣੇ ਸਮਕਾਲੀ ਸ਼ਾਇਰ ਜ਼ੌਕ ਨਾਲ ਨੋਕ ਝੋਕ ਚਲਦੀ ਰਹਿੰਦੀ ਸੀ । ਜੌਕ ਸਾਹਿਬ ਆਖ਼ਰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੇ ਉਸਤਾਦ ਸਨ । ਜੌਕ ਦੀ ਮੌਤ ਮਗਰੋਂ ਮਿਰਜ਼ਾ ਗ਼ਾਲਿਬ ਵੀ ਜਫ਼ਰ ਦੇ ਉਸਤਾਦ ਰਹੇ । ਇਕ ਵਾਰ ਮਿਰਜ਼ਾ ਗ਼ਾਲਿਬ ਨੇ ਜੌਕ ਨਾਲ ਨੋਕ ਝੋਕ ਕਰਨ ਵਾਸਤੇ ਇਕ ਗ਼ਜ਼ਲ ਕਹੀ । ਇਹ ਗ਼ਜ਼ਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਇਸ ਗ਼ਜ਼ਲ ਦਾ ਮਤਲਾ ਹੈ-
"ਹਰ ਇਕ ਬਾਤ ਪੇ ਕਹਿਤੇ ਹੋ ਕਿ ਤੂ ਕਿਆ ਹੈ,
ਤੁਮ ਹੀ ਬਤਾਉ ਕਿ ਯੇ ਅੰਦਾਜ਼ੇ ਗੁਫ਼ਤਗੂ ਕਿਆ ਹੈ ।"
 ਜਦ ਇਸ ਗ਼ਜ਼ਲ ਦੇ ਸ਼ਿਅਰ ਗ਼ਾਲਿਬ ਸਾਹਿਬ ਨੇ ਕਿਸੇ ਮਹਿਫਿਲ ਵਿਚ ਜ਼ੌਕ ਸਾਹਿਬ ਦੀ ਹਾਜ਼ਰੀ ਵਿਚ ਸੁਣਾਏ ਤੇ ਜ਼ੌਕ ਸਾਹਿਬ ਨਾਰਾਜ਼ ਹੋ ਗਏ । ਉਨ੍ਹਾਂ ਦੇ ਬਹਾਦਰ ਸ਼ਾਹ ਜ਼ਫਰ ਕੋਲ ਇਸ ਦੀ ਸ਼ਿਕਾਇਤ ਕਰ ਦਿੱਤੀ । ਬਹਾਦਰ ਸ਼ਾਹ ਜ਼ਫਰ ਨੇ ਮਿਰਜ਼ਾ ਗ਼ਾਲਿਬ ਨੂੰ ਆਪਣੇ ਦਰਬਾਰ ਵਿਚ ਬੁਲਾਇਆ । ਗ਼ਾਲਿਬ ਸਾਹਿਬ ਨੇ ਕਿਹਾ ਜਨਾਬ ਮੇਰੀ ਪੂਰੀ ਗ਼ਜ਼ਲ ਤਾਂ ਸੁਣੋ । ਗ਼ਾਲਿਬ ਸਾਹਿਬ ਨੇ ਆਪਣੇ ਗ਼ਜ਼ਲ ਪੂਰੀ ਕਰਦਿਆਂ ਮਕਤਾ ਕਿਹਾ--
"ਹੂਆ ਹੈ ਸ਼ਾਹ ਕਾ ਮੁਸਾਹਿਬ ਫਿਰੇ ਹੈ ਇਤਰਾਤਾ,
ਵਰਨਾ ਸ਼ਹਿਰ ਮੇਂ ਗ਼ਾਲਿਬ ਕੀ ਆਬਰੂ ਕਿਆ ਹੈ ।"
ਇਸ ਤਰ੍ਹਾਂ ਮਿਰਜਾ ਗ਼ਾਲਿਬ ਸਾਹਿਬ ਮਕਤੇ ਜ਼ਰੀਏ ਆਪਣੇ ਤੇ ਲੱਗੇ ਇਲਜ਼ਾਮ ਤੋਂ ਸਾਫ਼ ਬਚ ਨਿਕਲੇ । ਸੱਪ ਵੀ ਮਰ ਗਿਆ ਤੇ ਸੋਟਾ ਵੀ ਨਹੀ ਟੁੱਟਿਆ । ਗ਼ਾਲਿਬ ਸ੍ਹਾਬ ਨੇ ਆਪਣੇ ਮਨ ਦੀ ਭੜਾਸ ਵੀ ਕਢ ਲਈ ਤੇ ਆਪਣੇ ਤੇ ਆਂਚ ਵੀ ਨਹੀ ਆਉਣ ਦਿੱਤੀ । ਉਹਨਾਂ ਦਿਨਾਂ ਵਿਚ ਜੌਕ ਸਾਹਿਬ ਹੀ ਸ਼ਾਹ ਦੇ ਮੁਸਾਹਿਬ ਸਨ, ਭਾਵ ਕਿ ਬਹਾਦਰ ਸ਼ਾਹ ਜ਼ਫਰ ਦੇ ਉਸਤਾਦ ਸਨ ।
ਉਹਨਾਂ ਦਿਨਾਂ ਵਿਚ ਦਿੱਲੀ ਦੇ ਸਾਹਿਤਿਕ ਹਲਕਿਆਂ ਵਿਚ ਇਹ ਧਾਰਨਾ ਬਣੀ ਹੋਈ ਸੀ ਕਿ ਸ਼ਾਇਦ ਬਹਾਦਰ ਸ਼ਾਹ ਜ਼ਫਰ ਆਪ ਕਲਾਮ ਨਾ ਕਹਿੰਦੇ ਹੋਣ । ਸ਼ਾਇਦ ਆਪਣੇ ਉਸਤਾਦਾਂ  ਜੌਕ ਸਾਹਿਬ ਅਤੇ ਮਿਰਜ਼ਾ ਗ਼ਾਲਿਬ ਦੇ ਕਲਾਮ ਹੀ ਪੜ੍ਹਦੇ ਹੋਣ । ਸਮੇਂ ਦੀ ਸਿਤਮ ਜ਼ਰੀਫੀ ਦੇਖੋ ਕਿ ਬਹਾਦਰ ਸ਼ਾਹ ਜਫ਼ਰ ਨੂੰ ਬਰਤਾਨਵੀ ਹਕੂਮਤ ਨੇ ਗਦਰ ਭੜਕਾਉਣ ਦੇ ਜੁਲਮ ਚ ਦੇਸ ਤੋਂ ਜਲਾਵਤਨ ਕਰਕੇ ਰੰਗੂਨ ਦੇ ਜੇਲ ਵਿਚ ਸੁੱਟ ਦਿੱਤਾ । ਇਸ ਬਜ਼ੁਰਗ ਸ਼ਾਇਰ ਨੇ ਜਲਾਵਤਨੀ ਦੇ ਦੌਰ ਵਿਚ ਆਪਣੀ ਉਮਰ ਦੇ ਆਖ਼ਰੀ ਦਿਨ ਗਿਣਦਿਆਂ  ਆਪਣੇ ਕਲਾਮ ਵਿਚ ਜਲਾਵਤਨੀ ਦੇ ਦਰਦ ਦਾ ਅਜਿਹਾ ਇਜ਼ਹਾਰ ਕੀਤਾ ਕਿ ਸਾਹਿਤਿਕ ਹਲਕਿਆਂ ਵਿਚ ਇਹ ਸਿੱਧ ਕਰ ਦਿਤਾ ਕਿ ਜਫ਼ਰ ਸਾਹਿਬ ਆਪ ਕਿੰਨੇ ਕਮਾਲ ਦਾ ਸ਼ਾਇਰ ਸਨ । ਉਨ੍ਹਾਂ ਦੀ ਇਹ ਗ਼ਜ਼ਲ ਖਾਸ ਕਰਕੇ ਸਾਹਿਤਿਕ ਹਲਕਿਆਂ ਵਿਚ ਬਹੁਤ ਮਕਬੂਲ ਹੈ--
"ਲਗਤਾ ਨਹੀ ਹੈ ਦਿਲ ਮੇਰਾ ਉਜੜੇ ਦਿਆਰ ਮੇਂ,
ਕਿਸ ਕੀ ਬਨੀ ਹੈ ਆਲਮ-ਏ - ਨਾ ਪਾਏਦਾਰ ਮੇਂ ।"
ਕਿਹੜਾ ਪੱਥਰ ਦਿਲ ਇਨਸਾਨ ਹੋਵੇਗਾ ਜਿਸਦਾ ਦਿਲ ਇਸ ਗ਼ਜ਼ਲ ਦਾ ਮਕਤਾ ਸੁਣ ਕੇ ਪਸੀਜ ਨਹੀ ਜਾਵੇਗਾ । ਪਿਆਰੇ ਦੋਸਤੋ ਤੁਸੀਂ ਵੀ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਮਕਤਾ ਸੁਣੋਂ ।..
"ਕਿਤਨਾਂ  ਹੈ ਬਦਨਸੀਬ ਜਫ਼ਰ,  ਦਫਨ ਕੀ ਲੀਏ,
 ਦੋ ਗਜ਼ ਜਮੀਂ ਭੀ ਨਾ ਮਿਲੀ, ਕੂਏ ਯਾਰ ਮੇਂ ।"
ਜਦੋਂ ਕੋਈ ਸ਼ਾਇਰ ਆਪਣੇ ਤਖੱਲੁਸ ਦੀ ਬਾ-ਮਾਅਨੀ ਵਰਤੋਂ ਕਰਦਾ ਹੈ ਤਾਂ ਮਕਤਾ ਹੋਰ ਵੀ ਖ਼ੂਬਸੂਰਤ ਹੋ ਜਾਂਦਾ ਹੈ ।
"ਦੋ ਚਾਰ ਸ਼ਿਅਰ ਲਿਖ ਸਕਾਂ, ਲੋਕਾਂ ਨੂੰ ਯਾਦ ਰਹਿਣ,
ਭਗਵਾਨ ਕ੍ਰਿਸ਼ਨ ਤਾਂ ਨਹੀ, ਨਾ ਹੀ ਵਿਆਸ ਮੈਂ ।"
ਇਥੇ ਕ੍ਰਿਸ਼ਨ ਬਾ-ਮਾਅਨੀ ਅਰਥਾਂ ਵਿਚ ਵਰਤਿਆ ਗਿਆ ਹੈ । ਕਿਉਂ ਕਿ ਕ੍ਰਿਸ਼ਨ ਨੇ ਗੀਤਾ ਉਚਰੀ ਸੀ ਤੇ ਵੇਦ ਵਿਆਸ ਨੇ ਮਹਾਭਾਰਤ ਲਿਖਿਆ ਸੀ । ਇਸੇ ਤਰ੍ਹਾਂ ਇਕ ਮੁਸ਼ਾਇਰੇ ਵਿਚ ਮੈਂ ਆਪਣੀ ਗ਼ਜ਼ਲ ਦੇ ਮਕਤੇ ਦਾ ਪਹਿਲਾ ਮਿਸਰਾ ਕਿਹਾ ਤਾਂ ਮੁਕੱਰਰ ਮੁਕੱਰਰ ਦੀ ਅਵਾਜ਼ ਆਈ , ਜਿਸ ਦਾ ਭਾਵ ਸੀ ਕਿ ਮੈਂ ਉਹ ਮਿਸਰਾ ਦੁਬਾਰਾ ਪੜ੍ਹਾਂ । ਜਦ ਮੈਂ ਮਿਸਰਾ ਦੁਬਾਰਾ ਪੜ੍ਹਿਆ ਤਾਂ ਫਿਰ ਉਹੀ ਸ਼ਬਦ ਦੁਹਰਾਇਆ ਗਿਆ ਤੇ ਕਈ ਸ਼ਾਇਰਾਂ ਵਲੋਂ ਵਿਅੰਗ ਕੱਸੇ ਜਾਣ ਲੱਗੇ । ਜਦੋਂ ਮੈਂ ਆਪਣੇ ਮਕਤੇ ਦਾ ਪਹਿਲਾ ਮਿਸਰਾ ਮੁਕਾ ਕੇ ਦੂਸਰਾ ਮਿਸਰਾ ਕਿਹਾ ਤਾਂ ਵਿਅੰਗ ਕੱਸਣ ਵਾਲੇ ਬਗਲਾਂ ਝਾਕਣ ਲੱਗ ਪਏ । ਉਹ ਮਕਤਾ ਤੁਹਾਡੇ ਨਾਲ ਸਾਂਝਾ ਕਰਦਾ ਹਾਂ ।
"ਚੱਲੇ ਗ਼ਜ਼ਲ ਦੀ ਗੱਲ ਤਾਂ, ਤੇਰੇ ਤੇ ਮੁੱਕਦੀ,
ਪਿੱਛੇ ਖੜਾਂ ਏਂ ਕ੍ਰਿਸ਼ਨ ਤੂੰ ਲੰਮੀ ਕਤਾਰ ਦੇ ।"
ਦੂਸਰਾ ਮਿਸਰਾ ਕਹਿਣ ਨਾਲ ਸ਼ਿਅਰ ਦੇ ਅਰਥ ਉਲਟ ਗਏ । ਜਿਥੇ ਪਹਿਲੇ ਮਿਸਰੇ ਵਿੱਚੋਂ ਸ਼ਾਇਰੀ ਦਾ ਅਭਿਮਾਨ ਝਲਕਦਾ ਸੀ ਉਥੇ ਦੂਸਰੇ ਮਿਸਰੇ ਨੇ ਉਸ ਦੇ ਅਰਥ ਹੀ ਬਦਲ ਦਿੱਤੇ।  ਇਸ ਤਰ੍ਹਾਂ ਮਕਤੇ ਦੀ ਵੀ ਗ਼ਜ਼ਲ ਵਿਚ ਓਨੀ ਹੀ ਅਹਮੀਅਤ ਹੈ ਜਿਨੀ ਇਕ ਖ਼ੂਬਸੂਰਤ ਮਤਲੇ ਦੀ ।