Tuesday, 10 January 2017

ਗ਼ਜ਼ਲ ਦੇ ਸ਼ਿਅਰਾਂ ਦੀਆਂ ਖ਼ੂਬੀਆਂ

ਗ਼ਜ਼ਲ ਦੇ ਸ਼ਿਅਰਾਂ ਦੀਆਂ ਖ਼ੂਬੀਆਂ--
==
ਪਿਆਰੇ ਦੋਸਤੋ ਇਸ ਤੋਂ ਪਹਿਲਾਂ ਅਸੀਂ ਸ਼ਿਅਰਾਂ ਵਿਚ ਰਹਿ ਜਾਣ ਵਾਲੇ ਸੰਭਾਵਿਤ ਦੋਸ਼ਾਂ ਬਾਰੇ ਚਰਚਾ ਕਰ ਚੁੱਕੇ ਹਾਂ ।  ਸ਼ਿਅਰਾਂ ਵਿੱਚ ਰਹਿ ਜਾਣ ਵਾਲੀਆਂ ਕਮੀਆਂ ਦਾ ਜ਼ਿਕਰ ਅਸੀਂ ਇਸ ਕਰਕੇ ਪਹਿਲਾਂ ਕੀਤਾ ਹੈ, ਤਾਂ ਕਿ ਸਾਨੂੰ ਸ਼ਿਅਰਾਂ ਵਿੱਚ ਰਹਿ ਜਾਣ ਵਾਲੇ ਸੰਭਾਵਿਤ ਦੋਸ਼ਾਂ ਦੀ ਜਾਣਕਾਰੀ ਪਹਿਲਾਂ ਹੋ ਜਾਵੇ ਅਤੇ ਅਸੀਂ ਇਨ੍ਹਾਂ ਦੋਸ਼ਾਂ ਤੋਂ ਮੁਕਤ ਹੋ ਜਾਈਏ । ਜੇ ਸਾਡੀ ਸ਼ਾਇਰੀ ਦੋਸ਼ਾਂ ਤੋਂ ਮੁਕਤ ਹੋ ਜਾਵੇਗੀ ਤਾਂ ਅਸੀਂ ਸ਼ਿਅਰਾਂ ਵਿੱਚ ਖ਼ੂਬੀਆਂ ਪੈਦਾ ਕਰ ਸਕਾਂਗੇ ।

ਗ਼ਜ਼ਲ ਸਿਰਫ਼ ਪ੍ਰੰਪਰਾ ਤੇ ਹੀ ਰੁਕੀ ਨਹੀ ਰਹਿੰਦੀ ਸਗੋਂ ਵਕਤ ਦੇ ਅਨੁਸਾਰ ਆਪਣਾ ਮੁਹਾਂਦਰਾ ਵੀ ਬਦਲਦੀ ਰਹਿੰਦੀ ਹੈ , ਕੋਈ ਵਕਤ ਸੀ ਜਦੋਂ ਗ਼ਜ਼ਲ ਦਾ ਦਾਇਰਾ ਔਰਤਾਂ ਨਾਲ ਗੱਲਾਂ ਕਰਨ ਤੱਕ ਹੀ ਸੀਮਤ ਸੀ, ਫੇਰ ਏਸ ਵਿੱਚ ਰਿੰਦਾਨਾ ਰੰਗ ਵੀ ਆਉਣ ਲੱਗਾ, ਮਤਲਬ ਇਸ ਵਿੱਚ ਸਾਕੀ, ਸੁਰਾਹੀ, ਮਹਿਫਿਲ, ਜ਼ਾਮ ਵਗੈਰਾ ਦਾ ਜ਼ਿਕਰ ਵੀ ਆਉਣ ਲੱਗਾ, ਫਿਰ ਇਸ ਨੇ ਹੌਲੀ ਹੌਲੀ ਸੂਫੀਆਨਾ ਰੰਗ ਵੀ ਅਪਣਾ ਲਿਆ, ਯਾਨੀ ਇਸ ਵਿੱਚ ਆਸ਼ਕਾਨਾ, ਰਿੰਦਾਨਾ, ਤੇ ਸੂਫੀਆਨਾ ਵਿਸ਼ਿਆਂ ਦਾ ਬੋਲ-ਬਾਲਾ ਹੋ ਗਿਆ । ਅਜੋਕੇ ਦੌਰ ਦੀ ਗ਼ਜ਼ਲ ਵਿੱਚ ਜ਼ਿੰਦਗੀ ਦੇ ਹਰ ਸਰੋਕਾਰ ਦੀ ਗੱਲ ਹੋ ਸਕਦੀ ਹੈ । ਅੱਜ ਗ਼ਜ਼ਲ ਦਾ ਦਾਇਰਾ ਸਮਾਜਿਕ, ਰਾਜਨੀਤਿਕ, ਧਾਰਮਿਕ, ਬੌਧਿਕ, ਗੱਲ ਕੀ ਹਰ ਖੇਤਰ ਤੀਕ ਫੈਲਿਆ ਹੋਇਆ ਹੈ । ਵਿਸ਼ਿਆਂ ਦੇ ਅਨੁਸਾਰ  ਗ਼ਜ਼ਲ ਵਿੱਚ ਨਵੇਂ, ਰੂਪਕ, ਬਿੰਬ, ਤਸਬੀਹਾਂ, ਵਗੈਰਾ ਵਰਤੀਆਂ ਜਾਣ ਲੱਗੀਆਂ ਹਨ ।

ਗ਼ਜ਼ਲ ਦਾ ਸ਼ਾਇਰ ਆਪਣੇ ਸ਼ਿਅਰਾਂ ਨੂੰ ਖ਼ੂਬਸੂਰਤੀ ਪ੍ਰਦਾਨ ਕਰਨ ਵਾਸਤੇ ਉਨ੍ਹਾਂ ਨੂੰ ਅਲੰਕਾਰਾਂ, ਰੂਪਕਾਂ, ਤਸਬੀਹਾਂ, ਬਿੰਬਾਂ ਨਾਲ ਸ਼ਿੰਗਾਰਦਾ ਸੰਵਾਰਦਾ ਹੈ, ਕਿਉਂ ਕਿ

"ਸ਼ਬਦਾਂ ਦੀ ਵੀ ਆਪਣੀ, ਮਿਕਨਾਤੀਸੀ ਖਿੱਚ,
ਪੜ੍ਹਦੇ ਸੁਣਦੇ ਸਾਰ ਜੋ, ਉਤਰਨ ਦਿਲ ਦੇ ਵਿੱਚ ।"

ਸ਼ਬਦ ਤਾਂ ਉਹੀ ਹੁੰਦੇ ਹਨ, ਜੋ ਸਾਰੇ ਲੋਕ ਬੋਲਦੇ ਹਨ, ਪਰ ਸ਼ਬਦਾਂ ਵਿੱਚ ਮਿਕਨਾਤੀਸੀ ਖਿੱਚ ਪੈਦਾ ਕਰਨਾ ਸ਼ਾਇਰ ਦੇ ਹੱਥ ਵੱਸ ਹੁੰਦਾ ਹੈ । ਸ਼ਾਇਰ ਆਪਣੇ ਸ਼ਬਦਾਂ ਵਿੱਚ ਉਹ ਅਸਰ ਪੈਦਾ ਕਰਦਾ ਹੈ, ਕਿ ਪੜ੍ਹਨ ਸੁਣਨ ਵਾਲੇ ਦੇ ਦਿਲ ਵਿੱਚ ਉਤਰ ਜਾਂਦੇ ਹਨ । ਕੁਦਰਤ ਨੇ ਸ਼ਾਇਰ ਨੂੰ ਉਹ ਤੌਫੀਕ ਦਿੱਤੀ ਹੈ ਕਿ ਉਹ ਸ਼ਬਦਾਂ ਵਿੱਚ ਜਾਦੂ ਭਰ ਸਕਦਾ ਹੈ, ਕਿਉਂ ਕਿ--

"ਸ਼ਬਦਾਂ ਦੀ ਜਾਦੂਗਰੀ, ਸ਼ਾਇਰ ਨੂੰ ਦਰਕਾਰ,
ਸ਼ਬਦ ਨਾ ਰਹਿੰਦੇ ਸ਼ਬਦ ਫਿਰ, ਹੋ ਨਿਬੜਨ ਅਲੰਕਾਰ ।"

 ਸ਼ਬਦਾਂ ਵਿੱਚ ਜਾਦੂ ਜਗਾ ਕੇ ਸ਼ਿਅਰਾਂ ਵਿੱਚ ਮਿਕਨਾਤੀਸੀ ਖਿੱਚ ਕਿਸ ਤਰ੍ਹਾਂ ਪੈਦਾ ਕੀਤੀ ਜਾਵੇ, ਉਸਤਾਦ ਸ਼ਾਇਰਾਂ ਨੇ ਗੁਰ ਜਾਂ ਨੁਕਤੇ ਦਰਸਾਏ ਹਨ, ਉਨ੍ਹਾਂ ਦਾ ਸੰਖ਼ੇਪ ਜ਼ਿਕਰ ਕਰਦੇ ਹਾਂ । ਸ਼ਿਅਰਾਂ ਵਿੱਚ ਦੋ ਪ੍ਰਕਾਰ ਦੇ ਗੁਣ ਹੁੰਦੇ ਹਨ --

(1)  ਸ਼ਬਦ ਅਲੰਕਾਰ  (2) ਅਰਥ ਅਲੰਕਾਰ

(1)  ਸ਼ਬਦ ਅਲੰਕਾਰ--- ਜਾਂ ਸਨਅਤ ਲਫ਼ਜ਼ੀ (ਸ਼ਬਦਾਂ ਦੀ ਕਾਰੀਗਰੀ)  ਸ਼ਬਦਾਂ ਦੀ ਕਾਰੀਗਰੀ ਉਸ ਨੂੰ ਕਿਹਾ ਜਾਂਦਾ ਹੈ ਜਦੋਂ ਕੋਈ ਸ਼ਾਇਰ ਆਪਣੇ ਸ਼ਬਦਾਂ ਦੁਆਰਾ ਸ਼ਿਅਰਾਂ ਵਿਚ ਖ਼ੂਬਸੂਰਤੀ ਪੈਦਾ ਕਰਦਾ ਹੈ । ਸ਼ਾਇਰ ਆਪਣੇ ਸ਼ਿਅਰ ਵਿੱਚ ਸ਼ਬਦ ਦੀ ਜੜ੍ਹਤ ਇਸ ਤਰ੍ਹਾਂ ਕਰਦਾ ਹੈ ਕਿ ਪੜ੍ਹਨ ਸੁਣਨ ਵਾਲੇ ਦੇ ਦਿਲ ਚੋਂ ਆਪ ਮੁਹਾਰੇ ਵਾਹ ਵਾਹ ਨਿਕਲਦੀ ਹੈ, ਸ਼ਾਇਰਾਂ ਨੂੰ ਸਾਡਾ ਇਹੋ ਮਸ਼ਵਰਾ ਹੈ ਕਿ--
"ਮੰਗੇ ਤੋਂ ਮਿਲਦੀ ਨਹੀਂ, ਇਹ ਗੱਲ ਰੱਖੋ ਯਾਦ,
ਆਪ ਮੁਹਾਰੇ ਕ੍ਰਿਸ਼ਨ ਖ਼ੁਦ, ਲੋਕੀ ਦਿੰਦੇ ਦਾਦ ।"

2) ਅਰਥ ਅਲੰਕਾਰ-- ਅਰਥਾਂ ਦੀ ਕਾਰੀਗਰੀ ( ਸਨਅਤ ਮਾਅਨਵੀ ) ਉਸ ਨੂੰ ਕਹਿੰਦੇ ਹਨ, ਜਦੋਂ ਸ਼ਿਅਰ ਵਿੱਚ ਅਰਥਾਂ ਦੁਆਰਾ ਖ਼ੂਬਸੂਰਤੀ ਪੈਦਾ ਕੀਤੀ ਜਾਵੇ ।


ਹੁਣ ਪਹਿਲਾਂ ਅਸੀਂ ਸ਼ਬਦ ਅਲੰਕਾਰ ਬਾਰੇ ਜ਼ਿਕਰ ਕਰਾਂਗੇ । ਸ਼ਬਦ ਅਲੰਕਾਰ ਵਿੱਚ ਇੱਕੋ ਸ਼ਬਦ ਦਾ ਦੁਹਰਾਉ ( ਤਕਰਾਰ ਲਫ਼ਜ਼ੀ ) 2. ਇੱਕੋ ਸ਼ਬਦ ਜਿਸ ਦੇ ਵੱਖਰੇ ਵੱਖਰੇ ਅਰਥ ਨਿਕਲਦੇ ਹੋਣ (ਤਜਨੀਸ )  3. ਇੱਕੋ ਸ਼ਬਦ ਤੋਂ ਦੂਜਾ ਸ਼ਬਦ ਬਣਾਉਣਾ (ਇਸ਼ਤਕਾਕ) 4. ਇੱਕੋ ਸ਼ਬਦ ਉਲਟਾ ਕੇ ਦੂਜਾ ਸ਼ਬਦ ਬਣਾਉਣਾ ( ਮਾਅਕੂਸ ) 5. ਪਹਿਲਾ ਸ਼ਬਦ ਪਿੱਛੋਂ ਵਰਤਣਾ ਤੇ ਪਿਛਲਾ ਸ਼ਬਦ ਪਹਿਲਾਂ ਵਰਤਣਾ ( ਰੱਦ ਉਲ ਅਜ਼ਿਜ ਅਲੀ ਉਲ ਸਦਰ ) ਭਾਵ ਪਹਿਲੀ ਤੁਕ ਦੇ ਪਿਛਲਾ ਸ਼ਬਦ ਦੂਜੀ ਤੁਕ ਦੇ ਪਹਿਲਾਂ ਲਿਆਉਣਾ 6. ਸ਼ਿਅਰ ਵਿੱਚ ਹਿਸਾਬ ਦੇ ਹਿੰਦਸੇ ਵਰਤਣੇ  7, ਚਿਹਰਾ (ਮੁਹਾਂਦਰਾ ) 8. ਖੁੱਲ੍ਹੇ ਬੁੱਲ੍ਹ ( ਵਾਸਿਆ ਓ ਸ਼ਫਤੀਨ ) 9.  ਮਿਲੇ ਬੁੱਲ੍ਹ, ( ਵਾਸਲ ਓ ਸ਼ਫਤੀਨ ) 10. ਨਗੀਨੇ ਜੜ੍ਹਨਾ  ( ਤਰਸੀਹ)  11. ਚਾਰ ਖਾਨਾ 12. ਸਿੰਘ-ਅਵਲੋਕਨ ( ਤਬਦੀਲ ) 13. ਇਕਹਿਰਾ ਕਾਫੀਆ 14 ਦੂਹਰਾ ਕਾਫ਼ੀਆ 15. ਤੀਹਰਾ ਕਾਫ਼ੀਆ  16.  ਸਿਫ਼ਤ ਪ੍ਰਬੰਧ 17. ਤਲਮੀਹ ਵਗੈਰਾ ਸ਼ਬਦ ਅਲੰਕਾਰ ਹਨ ।


ਆਉ ਹੁਣ ਅਰਥ ਅਲੰਕਾਰ ਬਾਰੇ ਗੱਲ ਕਰੀਏ । ਅਰਥ ਅਲੰਕਾਰ ਜਾਂ ਅਰਥਾਂ ਦੀ ਕਾਰੀਗਰੀ (ਸਨਅਤ ਮਾਅਨਵੀ) , ਸ਼ਾਇਰਾਂ ਵੱਲੋਂ ਇਸ ਦੀ ਵਧੇਰੇ ਵਰਤੋਂ ਕਰਨ ਕਰਕੇ ਇਸ ਨੂੰ ਮਾਅਨਵੀ-ਲਫ਼ਜ਼ੀ (ਅਰਥਾਂ ਅਤੇ ਸ਼ਬਦਾਂ ) ਦੀ ਕਾਰੀਗਰੀ ਵੀ ਕਿਹਾ ਜਾਂਦਾ ਹੈ । 1. ਜਮਾਂ ਕਰਨ (ਮੁਰਾਤ ਓ ਨਜ਼ੀਰ)  2. ਤਜ਼ਾਦ ਜਾਂ ਤਕਾਬਲ 3.( ਭੁਲੇਖਾ)   ਈਹਾਮ 4. ਨਿਗਾਹਬਾਨੀ (ਇਰੁਸਾਦ) 5. ਸੁਚੱਜੀ ਸਿਫ਼ਤ (ਮਦਾਹ ਸਬੀਹ) 6. ਸਿਫ਼ਤੀ ਸ਼ਬਦਾਂ ਚ ਨਿੰਦਿਆ ਕਰਨੀ ( ਹਜਵ ਮਲੀਹ) 7. ਅਖ਼ਾਣ ਦੇ ਉਲਟ (ਕੌਲ ਬਿਲ ਮੂਜ਼ਬ)  8. ਦਲੀਲ ਨਾਲ ਗੱਲ ਕਰਨੀ ( ਮੁਦੱਲਲ) 9. ਦੋ ਅਰਥੀ ਸ਼ਬਦ ਵਰਤਣੇ (ਓਮਾਜ ) 10. ਮੁਹਾਵਰੇਬੰਦੀ (ਈਰਾਦ ਉਲ ਮਿਸਲ )  11. ਦੋ ਚੀਜ਼ਾਂ ਨੂੰ ਇੱਕੋ ਜਹੀਆਂ ਦੱਸਣਾ (ਮੁਜਾਵਿ ਜ਼ਾਹ) 12.  ਜਾਣਕੇ ਮੁਕਰਨਾ ( ਤਜਾਹੁਲ- ਆਰਫ) 13.  ਹਮਸ਼ਕਲ ਸ਼ਬਦ ਵਰਤਣੇ ( ਮੁਸ਼ਾਕਲ) 14. ਸ਼ਿਅਰ ਵਿੱਚ ਕਿਸੇ ਘਟਨਾ ਦਾ ਜ਼ਿਕਰ ਕਰਨਾ ( ਤਲਮੀਹ) 15. ਤਫ਼ਰੀਕ 16.  ਗੱਲ ਤੋਂ ਫਿਰਨਾ ( ਰੁਜੂਅ) 17. ਅਤਿ-ਕਥਨੀ  (ਮੁਬਾਲਗਾ )18. ਲਪੇਟਣਾ ਤੇ ਫੈਲਾਉਣਾ ( ਲਿਫ਼ ਓ ਨਸ਼ਰ) 19.  ਤਕਸੀਮ 20. ਜੋੜ 21. ਸੋਜ਼ ਓ ਗੁਦਾਜ਼ (ਦਰਦ ਦਾ ਅਸਰ ਭਰਪੂਰ ਜ਼ਿਕਰ) 22. ਸਾਦਗੀ 23. ਬਾਤ ਪੈਦਾ ਕਰਨਾ (ਇਨਸ਼ਾਂ) 24. ਸੰਕੇਤ( ਕਿਨਾਇਆ)  25. ਪਵਿੱਤਰਤਾ ( ਪਾਕੀਜ਼ਗੀ) 26. ਬਿਆਨ ਦੀ ਮਜ਼ਬੂਤੀ  ( ਪੁਖ਼ਤਗੀ)  27. ਸ਼ੋਖੀ ਜਾਂ ਸ਼ਰਾਰਤ  28. ਦ੍ਰਿਸ਼ ਚਿਤਰਣ ( ਮੰਜ਼ਰ ਨਿਗਾਰੀ )29.  ਤਾਸੀਰ 30. ਸੂਫੀਆਨਾ 31.  ਆਧੁਨਿਕਤਾ ( ਜਿੱਦਤ) 32. ਡੂੰਘੇ ਖ਼ਿਆਲ ( ਬਲਾਗ਼ਤ)  33. ਮਿਸਾਲ ਦੇਣਾ (ਤਮਸੀਲ) 34. ਵਿਅੰਗ 35. ਰੂਪਕ ( ਇਸਤਿਆਰਾ) 36. ਖ਼ੂਬਸੂਰਤ ਟੁਕੜੀਆਂ (ਤੇਵਰ) 37. ਕੁੱਜ਼ੇ ਵਿੱਚ ਸਮੁੰਦਰ ਬੰਦ ਕਰਨਾ ( ਇਖ਼ਤਿਸਾਰ )  38. ਖ਼ੂਬਸੂਰਤ ਬਿਆਨ (ਅੰਦਾਜ਼ੇ ਬਿਆਂ) 39. ਤਗ਼ਜ਼ਲ ਆਦਿ ਖ਼ੂਬੀਆਂ ਅਰਥ ਅਲੰਕਾਰ ਸ਼੍ਰੇਣੀ ਵਿੱਚ ਆਉਂਦੀਆਂ ਹਨ ।

ਪਿਆਰੇ ਦੋਸਤੋ ਇਸ ਤੋਂ ਪਹਿਲਾਂ ਅਸੀਂ ਗ਼ਜ਼ਲ ਦੇ ਸ਼ਿਅਰਾਂ ਵਿੱਚ ਰਹਿ ਗਈਆਂ ਕਮੀਆਂ ਬਾਰੇ ਜ਼ਿਕਰ ਕਰ ਚੁੱਕੇ ਹਾਂ । ਸ਼ਿਅਰਾਂ ਦੀਆਂ ਕਮੀਆਂ ਵੱਲ ਸੰਕੇਤ ਕਰਦਿਆਂ ਅਸੀਂ ਕਿਸੇ ਸ਼ਾਇਰ ਦਾ ਨਾਂ ਉਜਾਗਰ ਨਹੀ ਕੀਤਾ, ਕਿਉਂ ਕਿ ਸਾਡਾ ਮੰਤਵ ਕਿਸੇ ਸ਼ਾਇਰ ਵਿਸ਼ੇਸ਼ ਨੂੰ ਹੀਣਾ ਦਰਸਾਉਣਾ ਨਹੀ ਸਗੋਂ ਸ਼ਿਅਰਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਿਵਾਉਣਾ ਹੈ । ਅਸੀਂ ਸਾਰੇ ਸ਼ਾਇਰਾਂ ਦਾ ਤਹਿ ਦਿਲੋਂ  ਸਤਿਕਾਰ ਕਰਦੇ ਹਾਂ । ਸ਼ਿਅਰਾਂ ਵਿੱਚ ਰਹਿ ਗਈਆਂ ਕਮੀਆਂ ਬਾਰੇ ਪੜ੍ਹਕੇ ਬਹੁਤ ਸਾਰੇ ਸ਼ਾਇਰਾਂ ਨੇ ਸਾਡੇ ਨਾਲ ਨਿਜ਼ੀ ਸੰਪਰਕ ਕਰਕੇ ਸਾਡਾ ਸ਼ੁਕਰੀਆ ਅਦਾ ਕੀਤਾ ਹੈ , ਕਿ  ਅਸੀਂ ਉਨ੍ਹਾਂ ਦੀਆਂ ਕਮੀਆਂ ਬਾਰੇ ਉਨ੍ਹਾਂ ਨੂੰ ਸੁਚੇਤ ਕੀਤਾ ਹੈ । ਪਰ ਸਾਡੇ ਇਕ ਅਤਿ ਅਜ਼ੀਜ਼ ਸ਼ਾਇਰ ਨੇ ਰੋਸਾ ਵੀ ਪ੍ਰਗਟਾਇਆ ਹੈ । ਜਦੋਂ ਕੋਈ ਪੁਸਤਕ ਛਪ ਕੇ ਲੋਕ- ਅਰਪਣ ਹੋ ਜਾਂਦੀ ਹੈ ਤਾਂ ਉਹ ਸਮੁੱਚੇ ਸਮਾਜ ਦੀ ਮਲਕੀਅਤ ਹੋ ਜਾਂਦੀ ਹੈ , ਲੇਖਕ ਦੀ ਨਿਜੀ ਨਹੀ ਰਹਿੰਦੀ । ਆਲੋਚਨਾ ਸਹਿਣ ਦਾ ਜੇਰਾ ਹਰ ਲੇਖਕ ਵਿੱਚ ਹੋਣਾ ਚਾਹੀਦਾ ਹੈ , ਤਾਂ ਹੀ ਅਸੀਂ ਕੁਛ ਚੰਗਾ ਲਿਖ ਸਕਾਂਗੇ । ਗ਼ਜ਼ਲ ਦੇ ਸ਼ਿਅਰਾਂ ਦੀਆਂ ਖ਼ੂਬੀਆਂ ਦਾ ਜ਼ਿਕਰ ਕਰਦੇ ਹੋਏ ਅਸੀਂ ਸ਼ਾਇਰਾਂ ਦਾ ਜ਼ਿਕਰ ਵੀ ਜ਼ਰੂਰ ਕਰਾਂਗੇ, ਜਿਨ੍ਹਾਂ ਦੇ ਸ਼ਿਅਰ ਅਸੀਂ ਕੋਟ ਕਰਾਂਗੇ ।

ਗ਼ਜ਼ਲ ਦੇ ਸ਼ਿਅਰਾਂ ਦੇ ਗ਼ੁਣ,


ਤਕਰਾਰ ਲਫ਼ਜ਼ੀ- ਤਕਰਾਰ ਦਾ ਸ਼ਾਬਦਿਕ ਅਰਥ ਝਗੜ੍ਹਾ  ਹੁੰਦਾ ਹੈ ।ਸ਼ਾਇਰੀ ਦੀ ਜ਼ੁਬਾਨ ਵਿੱਚ  ਜੇ ਕਿਸੇ ਸ਼ਿਅਰ ਵਿੱਚ ਇੱਕੋ ਸ਼ਬਦ ਵਾਰ ਵਾਰ ਵਰਤਿਆ ਜਾਵੇ , ਤਾਂ ਉਸ ਵਿੱਚ ਤਕਰਾਰ ਦਾ ਗੁਣ ਪੈਦਾ ਹੋ ਜਾਂਦਾ ਹੈ ।

        ਮੁਸ਼ਕਲ ਨੂੰ ਮੁਸ਼ਕਲ ਜੇ ਸਮਝੇ ਤਾਂ ਜੀਣਾਂ ਮੁਸ਼ਕਲ ਹੋ ਜਾਂਦੈ
       ,,ਬਸ ਮੁਸ਼ਕਲ ਦਾ ਹੈ ਹੱਲ ਇੱਕੋ,ਕਿ ਮੁਸ਼ਕਲ ਦੀ ਨਾ ਗੱਲ ਕਰੀਏ      (ਉਲਫ਼ਤ ਬਾਜਵਾ)

  ਉਪਰੋਕਤ ਸ਼ਿਅਰ ਵਿੱਚ ਮੁਸ਼ਕਲ ਦਾ ਦੁਹਰਾਉ ਹੈ ਜੋ ਇਸ ਵਿੱਚ ਤਕਰਾਰ ਲਫ਼ਜ਼ੀ ਦਾ ਗੁਣ ਪੈਦਾ ਕਰਦਾ ਹੈ

ਤਜਨੀਸ-ਤਜਨੀਸ ਸ਼ਬਦ ਜਿਣਸ ਤੋਂ ਬਣਿਆਂ ਹੈ ਜਿਸਦਾ ਅਰਥ ਹੈ ਹਮਜਿਣਸ ,
ਸ਼ਾਇਰੀ  ਦੀ  ਜ਼ੁਬਾਨ ਵਿੱਚ  ਜਦੋਂ  ਇੱਕ ਸ਼ਿਅਰ ਵਿੱਚ  ਕੋਈ ਇੱਕ ਸ਼ਿਅਰ ਦੁਹਰਾਇਆ ਜਾਵੇ  ਜਿਸਦੇ ਦੋ ਵੱਖਰੇ ਅਰਥ ਨਿੱਕਲਦੇ ਹੋਣ ਤਾਂ ਤਜਨੀਸ ਦਾ ਗੁਣ ਪੈਦਾ ਹੋ ਜਾਂਦਾ ਹੈ ਪਿੰਗਲ ਵਿੱਚ ਇਸਨੂੰ ਯਮਕ ਅਲੰਕਾਰ ਕਿਹਾ ਜਾਂਦਾ ਹੈ ।
ਦੇਖ ਮੈਂ ਖ਼ੂਦ ਵੀ ਤਾਂ ਇੱਕ ਸ਼ੀਸ਼ਾ ਹਾਂ,
ਕਿੰਝ ਸ਼ੀਸ਼ੇ ਚ, ਉਤਰ ਜਾਵਾਂਗਾ ।        (ਜਸਪਾਲ ਘਈ)

ਉਪਰੋਕਤ ਸ਼ਿਅਰ ਵਿੱਚ ਸ਼ੀਸ਼ਾ ਦੋਹਰੇ ਅਰਥਾਂ ਵਿੱਚ ਵਰਤਿਆ ਗਿਆ ਹੈ ਇੱਕ ਵਸਤੂ ਦੇ ਤੌਰ ਤੇ ,ਦੂਜਾ ਮੁਹਾਵਰੇ ਦੇ ਰੂਪ ਵਿੱਚ ।

ਮੁਸਾਵਾਤ -ਮੁਸਾਵਾਤ ਦਾ ਅਰਥ ਬਰਾਬਰੀ ਤੋਂ ਹੈ, ਸ਼ਾਇਰੀ ਭਾਸ਼ਾ ਵਿੱਚ ਜਦੋਂ ਕਿਸੇ ਸ਼ਿਅਰ ਵਿੱਚ ਕੋਈ ਵੀ ਲਗ ਮਾਤਰਾ ਗਿਰਾਈ ਨਾ ਗਈ ਹੋਵੇ,
 ਵਜ਼ਨ ਪੂਰਾ ਕਰਨ ਵਾਸਤੇ ਕੋਈ ਵੀ ਭਰਤੀ ਦਾ ਸ਼ਬਦ ਨਾ ਵਰਤਿਆ ਗਿਆ ਹੋਵੇ, ਤੇ ਸ਼ਿਅਰ ਦੇ ਅਰਥ ਵੀ ਸ਼ਪਸ਼ਟ ਹੁੰਦੇ ਹੋਣ ਤਾਂ ਇਹ ਸ਼ਿਅਰ ਦੀ ਖੂ਼ਬੀ ਮੰਨੀ ਜਾਂਦੀ ਹੈ ।

ਜਦ ਖ਼ੁਸ਼ੀ ਜਾਂ ਗ਼ਮੀਂ ਨਾ ਸਮੋਈ ਗਈ ,
ਵਾਫਰੀ ਖ਼ੂਬਸੂਰਤ ਗ਼ਜ਼ਲ ਹੋ ਗਈ ।         (ਕ੍ਰਿਸ਼ਨ ਭਨੋਟ)

ਮੁਆਮਲਾਬੰਦੀ  ਜਾਂ ਮੁਹਾਕਾਤ-ਮੁਹਾਕਾਤ ਸ਼ਬਦ ਹਕਾਇਤ ਤੋਂ ਬਣਿਆ ਹੈ, ਹਕਾਇਤ ਦਾ ਅਰਥ ਹੈ ਕਹਾਣੀ ।ਸ਼ਾਇਰਾਨਾ ਜ਼ੁਬਾਨ ਵਿੱਚ ਜਦੋਂ ਕਿਸੇ ਸ਼ਿਅਰ ਵਿੱਚ ਹੁਸਨ, ਇਸ਼ਕ ਦੇ ਮੁਆਮਲੇ ਸਬੰਧੀ ਜ਼ਿਕਰ ਕੀਤਾ ਗਿਆ ਹੋਵੇ ਤਾਂ ਇਸ ਖ਼ੂਬੀ ਨੂੰ
ਮੁਆਮਲਾ ਬੰਦੀ  ਕਿਹਾ ਜਾਂਦਾ ਹੈ ।
ਘੜ੍ਹਾ ਕੱਚਾ ਹੀ ਮਿਲਦਾ ਹੈ,ਮੁਹੱਬਤ ਨੂੰ ਝਨਾਂ ਅੰਦਰ,
ਹੁਣੇ ਹੀ ਵਰਜ ਸੋਹਣੀ ਨੂੰ,ਸੰਭਲ ਜਾਵੇ, ਸੰਭਲ ਜਾਵੇ          (ਦਾਦਰ ਪੰਡੋਰਵੀ)

ਤਲਮੀਹ- ਤਲਮੀਹ ਦਾ ਅਰਥ, ਕਿਸੇ ਸ਼ਿਅਰ ਵਿੱਚ  ਕਿਸੇ  ਇਤਿਹਾਸਕ ਜਾਂ ਮਿਥਿਹਾਸਕ  ਕਹਾਣੀ ਵੱਲ ਇਸ਼ਾਰਾ ਕਰਨਾ ਹੁੰਦਾ ਹੈ ।ਮੁਆਮਲਾਬੰਦੀ ਅਤੇ ਤਲਮੀਹ ਵਿੱਚ ਸਿਰਫ ਏਨਾ ਹੀ ਫ਼ਰਕ ਹੁੰਦਾ ਹੈ ਕਿ ਮੁਆਮਲਾਬੰਦੀ ਵਿੱਚ  ਕਿਸੇ ਹੁਸਨ
ਇਸ਼ਕ ਦੀ ਘਟਨਾ ਦਾ ਜ਼ਿਕਰ ਹੁੰਦਾ ਹੈ ਤੇ ਤਲਮੀਹ ਵਿੱਚ ਕਾਸੇ ਹੋਰ ਇਤਿਹਾਸਕ,ਮਿਥਿਹਾਸਕ ਘਟਨਾ ਦਾ ।
ਉੱਚੇ ਟਿੱਬੇ ਤੋਂ ਸੁਰੀਲੀ ਤਾਨ ਸੁਣਕੇ,
ਵੱਗ ਹੀ ਮੁੜ੍ਹਦੇ ਨੇ ਹੇ ਗੋਪਾਲ ਤੇਰੇ,
ਮੁਕਟ ਲਾਹਕੇ ਜੇ ਵਜਾਉਂਦਾ ਬੰਸਰੀ ਤੂੰ ,
ਸਾਰਾ ਜੰਗਲ ਝੂੰਮਣਾਂ ਸੀ ਨਾਲ ਤੇਰੇ [      (ਜਸਵਿੰਦਰ)

ਏ ਸ ਸ਼ਿਅਰ ਵਿੱਚ ਮਹਾਂਭਾਰਤ ਦੇ ਨਾਇਕ ਕ੍ਰਿਸ਼ਨ ਦਾ ਜ਼ਿਕਰ ਕੀਤਾ ਗਿਆ ਹੈ ।
ਮੁਰਾਤ ਓ ਨਜ਼ੀਰ-ਮੁਰਾਤ ਓ ਨਜ਼ੀ ਰ ਦਾ ਅਰਥ ਹੈ ਜਮਾਂ ਕਰਨਾ ।ਸ਼ਾਇਰਾਨਾ ਜ਼ੁਬਾਨ ਵਿੱਚ ਜਦੋਂ ਕਿਸੇ ਸ਼ਿਅਰ ਵਿੱਚ ਅਜੇਹੇ ਸ਼ਬਦ ਵਰਤੇ ਜਾਣ ਜਿਨ੍ਹਾ ਦਾ ਆਪਸ ਵਿੱਚ ਸਬੰਧਹੋਵੇ,ਏਸ ਖ਼ੂਬੀ ਨੂੰ ਮੁਰਾਤ ਓ ਨਜ਼ੀਰ ਕਿਹਾ ਜਾਂਦਾ ਹੈ {
ਤਜ਼ਾਦ ਜ਼ਾਂ ਤਕਾਬਲ -ਤਜ਼ਾਦ ਦਾ ਅਰਥ ਵਿਰੋਧਤਾ ਤੇ ਤਕਾਬਲ ਦਾ ਅਰਥ ਹੈ ਮੁਕਾਬਲਾ ।ਇਹ ਦੋਵੇਂ ਸਮਅਰਥੀ ਸ਼ਬਦ ਹਨ,ਸ਼ਾਇਰਾਨਾ ਜ਼ੁਬਾਨ ਵਿੱਚ ,ਸ਼ਿਅਰ ਵਿੱਚ ਅਜੇਹੇ ਸ਼ਬਦ ਵਰਤਣੇ,ਜਿਨ੍ਹਾ ਦਾ ਆਪਸੈ ਵਿੋਰੋਧ ਹੋਵੇ ।
ਮਿਸਾਲ ਦੇ ਤੌਰ ਤੇ ਰਾਤ ਦਿਨ ਫੁੱਲ ,ਕੰਡੇ,ਅੱਗ, ਪਾਣੀ  ਵਗੈਰਾ ।
ਹੈ ਦਿਲ ਸ਼ੀਸ਼ੇ ਜਿਹਾ ,ਤੇ ਕਰ ਲਿਆ ਇਤਬਾਰ ਪੱਥਰ ਦਾ



,
ਮੈਂ ਟੁੱਟ ਜਾਵਾਂਗੀ,ਜਦ ਟੁੱਟ ਜਾਏਗਾ ਇਕਰਾਰ ਪੱਥਰ ਦਾ ।
     (ਅਨੁ ਬਾਲਾ)
ਉਪਰੋਕਤ ਸ਼ਿਅਰ ਵਿੱਚ ਪੱਥਰ ਤੇ ਸ਼ੀਸ਼ੇ ਦਾ ਤਜ਼ਾਦ ਹੈ ।

ਖ਼ੂਬਸੂਰਤ ਟੁਕੜੀਆਂ ਜਾਂ ਤੇਵਰ-,ਸ਼ਿਅਰਾਂ ਵਿੱਚ ਸ਼ਬਦਾਂ ਦੀਆਂ ਟੁਕੜ੍ਹੀਆਂ ਵਰਤਣਾਂ ਵੀ ਖ਼ੂਬੀ ਮੰਨੀ ਜਾਂਦੀ ਹੈ ।ਟੁਕੜ੍ਹੀਆਂ ਵਰਤਣ ਨੂੰ ਤੇਵਰ ਵੀ ਕਿਹਾ ਜਾਂਦਾ ਹੈ ।
 
ਪੀੜ੍ਹ,ਉਦਾਸੀ,ਬੇਚੈਨੀ ਚੁੱਪ ਤਨਹਾਈ,
ਰੋਜ਼ ਤਿਕਾਲੀਂ ਪਰਤਣ ਬੰਦੇ ਨਾਲ ਘਰੇ ।      (  ਵਿਜੇ  ਵਿਵੇਕ)

ਇਰਸ਼ਾਦ-(ਨਿਗਾਹਬਾਨੀ)ਸ਼ਾਇਰਾਨਾ ਜ਼ੁਬਾਨ ਵਿੱਚ ਅਜੇਹਾ ਸ਼ਿਅਰ ਕਹਿਣਾ ਕਿ ਦੂਜੀ ਤੁਕ ਵਿੱਚ ਲੱਗਣ ਵਾਲਾ ਕਾਫੀਆ ਸਰੋਤੇ ਜ਼ੁਬਾਨ ਤੇ ਅਪਣੇ ਆਪ  ਆ ਜਾਵੇ ਆਮ ਤੌਰ ਤੇ ਅਜੇਹਾ ਓਦੋਂ ਹੀ ਹੁੰਦੈ ਜਦੋਂ ਸ਼ਾਇਰ ਚੁਸਤ ਕਾਫੀਆ ਵਰਤਦੇ ਨੇ ।
ਇਸ ਤੋਂ ਤਾਂ ਚੰਗਾ ਉਹ ਮੇਰੇ ਹੋਵੇ ਨਾ ਸਾਮ੍ਹਣੇ,
ਹਰ ਵਾਰ ਆਕੇ ਇਸ ਤਰਾਂ,ਰੋਵੇ ਨਾ ਸਾਮ੍ਹਣੇ ।

 ਲਾਹੁਣਾ ਪਵੇਗਾ ਮੁਕਟ ਤੇ ਖੁਰਨੇ ਨੇ ਰੰਗ ਵੀ,
ਤਾਂ ਹੀ ਤਾਂ ਉਹ ਚਿਹਰਾ ਕਦੀ , ਧੋਵੇ ਨਾ ਸਾਮ੍ਹਣੇ ।   (ਸੁਰਿੰਦਰ ਸੀਹਰਾ)
ਦੂਜੀ ਤੁਕ ਦਾ ਤਾਂ ਹੀ ਤਾਂ ਉਹ ਚਿਹਰਾ ਕਦੀ, ਅਪਣੇ ਆਪ ਹੀ ਸੁਣਨ ਵਾਲੇ ਦੇ ਮੂਹੋਂ,ਅਗਲਾ ਕਾਫੀਆ ,ਧੋਵੇ ਨਿਕਲ ਜਾਂਦਾ
ਹੈ ।
 ਈਰਾਦੁ-ਉਲ-ਮਿਸਲ (ਮੁਹਾਵਰੇਬੰਦੀ) ਇਹਦਾ ਸ਼ਾਬਦਿਕ ਅਰਥ ਹੈ ਮਿਸਾਲ ਦੇਣੀ । ਇਹ ਖ਼ੂਬੀ ਸ਼ਿਅਰ ਵਿੱਚ ਉਦੋਂ ਪੈਦਾ ਹੁੰਦੀ ਹੈ ਸ਼ਾਇਰ ਅਪਣੇ ਸ਼ਿਅਰ ਵਿੱਚ ਕੋਈ ਮੁਹਾਵਰਾ ਬੰਨ੍ਹਦਾ ਹੈ ।

 ਸਾਵਣ ਦੇ ਅੰਨ੍ਹੇ ਤਾਂ ਭੋਲੇ ਭਾਲੇ ਨੇ,
ਇਨ੍ਹਾਂ ਨੂੰ ਕਿਹੜ੍ਹਾ ਸਮਝਾਏ, ਕੀ ਕਰੀਏ ।      (ਹਰਦਮ ਸਿੰਘ ਮਾਨ)
ਉਪਰੋਕਤ ਸ਼ਿਅਰ ਵਿੱਚ ਸਾਵਣ,ਦੇ ਅੰਨੇ ਮੁਹਾਵਰਾ ਵਰਤਿਆ ਗਿਆ ਹੈ ।
ਵਾਸੀਆ- ਓ -ਸ਼ਫਤੀਨ- ਵਾਸਿਅ ਦਾ ਅਰਥ ਹੈ  ਖੁਲ੍ਹਣਾ, ਸ਼ਫਤੀਨ ਦਾ ਅਰਥ ਹੈ ਦੋਵੇਂ ਬੁੱਲ੍ਹ ।ਇਹ ਗੁਣ ਸ਼ਿਅਰ ਵਿੱਚ ਓਦੋਂ ਪੈਦਾ ਹੁੰਦਾ ਹੈ ਕਿਸੇ ਸ਼ਿਅਰ ਵਿੱਚ ਸਾਰੇ ਅਜੇਹੇ ਸ਼ਬਦ ਹੀ ਵਰਤੇ ਜਾਣ ਜਿਨ੍ਹਾ ਨੂ ਉਚਾਰਦਿਆਂ ਹੋਇਆਂ ਬੁੱਲ੍ਹ
ਆਪੋ ਵਿੱਚ ਨਾ ਮਿਲਣ ।ਹਿੰਦੀ ਪਿੰਗਲ ਵਿੱਚ ਇਸ ਅਲੰਕਾਰ ਦਾ ਨਾਮ ਅਧਰ ਹੈ ।ਪੰਜਾਬੀ ਦੇ ਪੁਰਾਣੇ ਸਟੇਜੀ ਸ਼ਾਇਰ ਖ਼ਾਸ ਤੌਰ ਤੇ ਜਨਾਬ ਫ਼ਿਰੋਜ਼ ਦੀਨ ਸ਼ਰਫ ਤੇ ਉਸਤਾਦ ਸ਼ਾਇਰ, ਹਮਦਮਦੇ ਕਲਾਮ ਵਿੱਚ ਇਹ ਖੂਬੀ ਆਮ ਪਾਈ
ਜਾਂਦੀ ਹੈ । ਉਸਤਤਾਦ ਸ਼ਾਇਰ ਦੀਪਕ ਜੈਤੋਈ ਸਾਹਿਬ  ਆਪਣੀ ਕਿਤਾਬ, ਗ਼ਜ਼ਲ    ਕੀ ਹੈ, ਵਿੱਚ ਇਸਦੀ ਉਦਾਰਣ ਦਿੰਦੇ ਹਨ ਤਿਰੇ   ਹਿੱਸੇ ਹੀ ਆਈ ਹੈ,ਤਿਰੀ ਤਕਦੀਰ ਐ ਸ਼ੀਸ਼ੇ
              ਤਿਰੇ ਹੀ ਕੋਲ ਆਕੇ ਉਹ, ਸਦਾ ਲੈਂਦੇ ਨੇ ਅੰਗੜ੍ਹਾਈ ।

ਵਾਸਲ- ਓ ਦੇ -ਸ਼ਫ਼ਤੀਨ, ਵਾਸਲ ਦਾ ਅਰਥ ਹੈ ਮਿਲੇ ਹੋਏ ਤੇ ਸ਼ਫਤੀਨ ਦਾ ਅਰਥ ਹੈ ਦੋਵੇਂ ਬੁੱਲ੍ਹ-ਜਦੋਂ ਕਿਸੇ ਸ਼ਿਅਰ     ਵਿੱਚ ਅਜੇਹੇ ਸ਼ਬਦ ਵਰਤੇ ਜਾਣ ਜਿਨ੍ਹਾ  ਦੇ  ਨਾਲ ਬੁਲ੍ਹ ਮਿਲਦੇ ਹੋਣ ਮਤਲਬ ਹਰ ਸ਼ਬਦ ਪਵਰਗ ਤੋਂ ਸ਼ੁਰੂ ਹੁੰਦਾ ਹੋਵੇ ,
ਭਾਵ ਪ ਫ ਬ ਭ ਮ ਤੋਂ । ਜੈਤੋਈ ਸਾਹਿਬ  ਇਸਦੀ ਵੀ ਉਦਾਰਣ ਦਿੰਦੇ ਹਨ-ਮਰ ਗਏ ਮੁੱਹਬਤ ਵਿੱਚ ਭਾਵੇਂ,   ਮਨ ਫਿਰ ਵੀ ਮੁਹੱਬਤ ਮੰਗਦਾ ਹੈ ।

ਮੁਦੱਲਲ-ਦਾ ਅਰਥ ਹੈ ਦਲੀਲ ਨਾਲ ਗੱਲ ਕਰਨੀ-ਜਦੋਂ ਕਿਸੇ ਸ਼ਿਅਰ ਵਿੱਚ ਸ਼ਾਇਰ ਦਲੀਲ ਨਾਲ ਆਪਣੀ ਗੱਲ ਸਮਝਾਉਂਦਾ ਹੈ ਤਾਂ ਸ਼ਿਅਰ ਵਿੱਚ ਮੁਦੱਲਲ ਦੀ ਖੂ਼ਬੀ ਪੈਦਾ ਹੋ ਜਾਂਦੀ ਹੈ
ਭੰਵਰ ਦੀ ਥਾਹ ਕਿਵੇਂ ਪਾਵਣ, ਜੁ  ਕੰਢਿਆਂ ਤੇ ਖੜ੍ਹੇ,
ਕਿ ਥਾਹ ਉਹ ਪਾ ਸਕਣ ,ਜਿਹੜ੍ਹੇ ਭੰਵਰ ਵਿਚਾਲੇ ਹੋਣ  (ਕ੍ਰਿਸ਼ਨ ਭਨੋਟ)
ਉਪਰੋਕਤ ਸ਼ਿਅਰ ਵਿੱਚ ਦਲੀਲ ਨਾਲ ਇਹ ਗੱਲ ਸਮਝਾਈ ਗਈ ਕਿ ਕੰਢਿਆਂ ਤੇ ਖੜ੍ਹ ਕੇ ਪਾਣੀ ਦੀ ਗਹਿਰਾਈ ਨਹੀਂ ਮਾਪੀ ਜਾ ਸਕਦੀ ਸੋ ਏਥੇ ਮੁਦੱਲਲ ਦੀ ਖ਼ੂਬੀ ਆ ਗਈ ਹੈ।

ਮੰਜ਼ਰਕਸ਼ੀ -(ਦ੍ਰਿਸ਼-ਚਿਤਰਣ) ਸ਼ਿਅਰ ਵਿੱਚ ਇਹ ਗੁਣ ਉਦੋਂ ਪੈਦਾ ਹੁੰਦਾ ਹੈ ਜਦੋਂ ਸ਼ਾਇਰ ਆਪਣੇ ਸ਼ਿਅਰ ਵਿੱਚ ਸ਼ਬਦਾਂ ਦੀ  ਅਜੇਹੀ  ਕਾਰੀ ਗਰੀ ਦਿਖਾਉਂਦਾ  ਹੈ ਕਿ ਪਾਠਕ ਜਾਂ ਸਰੋਤੇ ਅੱਗੇ ਇੱਕ ਜੀਵੰਤ  ਦ੍ਰਿਸ਼ ਸਾਕਾਰ ਹੋ ਉਠਦਾ ਹੈ ।
ਪਰਿੰਦੇ ਉਡ ਗਏ ਤਾਂ ਓਸ ਟਹਿਣੀ ਨਾਲ ਪੱਤੇ,
ਵਿਦਾਈ ਦੀ ਅਦਾ ਵਿੱਚ ,ਦੇਰ ਤੱਕ ਹਿਲਦੇ ਰਹੇ ਨੇ । (ਕ੍ਰਿਸ਼ਨ ਭਨੋਟ)

ੳਪਰੋਕਤ ਸ਼ਿਅਰ ਵਿੱਚ ਪੰਛੀ ਦੇ ਉੱਡਣ ਤੋਂ ਮਗਰੋਂ ਟਹਿਣੀ ਨਾਲ ਪੱਤੇ ਹਿੱਲਣ ਦ੍ਰਿਸ਼ ਅੱਖਾਂ ਅੱਗੇ ਸਾਕਾਰ ਹੋ ਉਠਦਾ ਹੈ ।
-ਤਮਸੀਲ - ਦਾ ਅਰਥ ਹੈ ਮਿਸਾਲ ਦੇਕੇ ਆਪਣੀ ਗੱਲ ਸਮਝਾਉਣੀ-ਜਦੋਂ ਕਵੀ ਆਪਣੇ ਸ਼ਿਅਰ ਵਿੱਚ ਕਿਸੇ ਚੀਜ਼ ਦੀ ਮਿਸਾਲ ਦੇਕੇ ਆਪਣੀ ਗੱਲ ਸਮਝਾਊਂਦਾ ਹੈ ਤਾਂ ਏਸ ਖ਼ੂਬੀ ਨੂੰ ਤਮਸੀਲ ਆਖਦੇ ਹਨ,

ਅਸਾਡੀ ਤੁਹਾਡੀ ਮੁਲਾਕਾਤ ਹੋਈ,
ਜਿਵੇਂ ਸੜ੍ਹਦੇ ਜੰਗਲ ਤੇ ਬਰਸਾਤ ਹੋਈ (। ਸੁਰਜੀਤ ਪਾਤਰ)
ਉਪਰੋਕਤ ਸ਼ਿਅਰ ਵਿੱਚ ਸੜ੍ਹਦੇ ਜੰਗਲ ਤੇ ਬਰਸਾਤ ਹੋਣ ਦੀ ਮਿਸਾਲ ਦੇਕੇ ਮੁਲਾਕਾਤ ਦੀ ਸ਼ਿਦਤ ਨੂੰ ਬਿਆਨ ਕੀਤਾ ਗਿਆ ਹੈ

ਲਿਫ-ਨਸ਼ਰ-(ਲਪੇਟਣਾ-ਫੈਲਾਉਣਾ)-ਲਿਫ ਅਰਥ ਹੈ ਲਪੇਟਣਾ ਤੇ ਨਸ਼ਰ ਦਾ ਅਰਥ ਹੈ ਫੈਲਾਉਣਾ-ਜਦੋਂ ਕਿਸੇ ਸ਼ਿਅਰ ਵਿੱਚ ਕੁਝ ਅਜੇਹੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜਾਵੇ ਜਿਨ੍ਹਾ ਦਾ ਆਪਸ ਵਿੱਚ ਸਬੰਧ ਹੋਵੇ  ।
ਅੱਗ ਨੂੰ ਨਦੀ ਨੂੰ ਪੌਣ ਨੂੰ ਮਿਲਿਆ ਹਾਂ ਸਿਰਫ ਮੈਂ,
ਇਕ ਸਾੜ੍ਹੇ, ਦੂਜੀ ਖੋਰਦੀ, ਤੀਜੀ ਬਿਖੇਰਦੀ      ,(ਵਿਜੇ ਵਿਵੇਕ)
ਉਪਰੋਕਤ  ਸ਼ਿਅਰ ਦੀ ਪਹਿਲੀ ਤੁਕ ਵਿੱਚ  ਅੱਗ ਦਾ, ਨਦੀ ਦਾ, ਤੇ ਪੌਣ ਦਾ  ਜ਼ਿਕਰ ਆਇਆ ਹੈ ਅੱਗ ਦਾ ਸਬੰਧ ਸਾੜ੍ਹਨ ਨਾਲ ,ਨਦੀ ਦਾ ਸਬੰਧ ਖੋਰਨ ਨਾਲ,ਤੇ ਹਵਾ ਸਬੰਧ ਬਿਖੇਰਨ ਨਾਲ  ਹੈ । ਏਸ ਤਰ੍ਹਾਂ ਏਸ  ਸ਼ਿਅਰ ਵਿੱਚ ਲਫ -ਨਸ਼ਰ ਦੀ ਖ਼ੂਬੀ

ਪੈਦਾ ਹੋ ਗਈ ਹੈ ।

ਹਜਵ ਮਲੀਹ-ਇਸਦਾ ਅਰਥ ਹੈ ਅਜੇਹੇ ਸਬਦਾਂ ਵਿੱਚ ਤਾਰੀਫ ਕੀਤੀ ਜਾਵੇ ਜਿਹੜ੍ਹੀ ਦੇਖਣ ਵਿੱਚ ਤਾਂ ਤਾਰੀਫ ਲੱਗੇ ਪਰ ਹੋਵੇ ਨਿੰਦਿਆ,
ਓਸ ਦਾ ਧੂੰਆਂ ਤਾਂ ਸਾਰੀ ਛੱਤ ਕਾਲੀ ਕਰ ਗਿਆ,
ਜੋ ਅਸੀਂ ਦੀਵਾ ਜਗਾਇਆ ਸੀ ਤੁਹਾਡੀ ਯਾਦ ਵਿੱਚ।    (ਸਤੀਸ਼ ਗੁਲਾਟੀ)
ੳਪਰੋਕਤ ਸ਼ਿਅਰ ਵਿੱਚ ਦੇਖਣ ਨੂੰ ਤਾਂ ਭਾਵੇਂ ਸਿਫਤ ਕੀਤੀ ਗਈ ਹੈ ਪਰ ਅਸਲ ਵਿੱਚ ਹੈ ਇਹ ਨਿੰਦਿਆ।

ਕੌਲ- ਬਿਲ-ਮੂਜਬ (ਕਿਸੇ ਧਾਰਨਾ ਜਾਂ ਅਖਾਣ ਦੇ ਉਲਟ ਅਰਥ ਕੱਢਣੇ) ਜਦੋਂ ਸ਼ਾਇਰ ਕਿਸੇ ਪ੍ਰਚਲਤ ਧਾਰਨਾ  ਜਾਂ ਅਖਾਣ ਦੇ ਉਲਟ  ਅਰਥ ਕੱਢੇ ਪਰ ਹੋਣ ਉਹ ਬਾ-ਦਲੀਲ।
ਦੁਨੀਆਂ ਤੇ ਨ ਥਿਰ ਕੁਝ ਵੀ, ਕਹਿੰਨੇ ਓਂ  ਤਾਂ ਮੰਨ ਲਈਏ,
ਪਰ ਦਰਦ ਤੁਸੀਂ ਦੱਸੋ,ਕਿੳਂ ਦਿਲ ਚ,ਠਹਿਰ ਜਾਵੇ।    (ਕ੍ਰਿਸ਼ਨ ਭਨੋਟ)
ਉਪਰੋਕਤ ਸ਼ਿਅਰ ਵਿੱਚ ਕਿ ਦੁਨੀਆਂ ਤੇ ਕੁਝ ਵੀ ਥਿਰ ਨਹੀਂ ਦੀ ਧਾਰਨਾ ਦੇ ਬਾ-ਦਲੀਲ ਉਲਟ ਅਰਥ ਕੱਢੇ ਗਏ ਹਨ

ਇਖ਼ਤਿਸਾਰ-(ਕੁੱਜੇ ਵਿੱਚ ਸਾਗਰ ਬੰਦ ਕਰਨਾ)-
ਪਲ ਕੁ ਲਗਦੈ ਜ਼ਖ਼ਮ ਡੂੰਘਾ ਕਰਨ ਤੇ
ਉਮਰ ਲਗ ਜਾਂਦੀ ਹੈ ਲੇਕਿਨ ਭਰਨ ਤੇ।   (   ਸਤੀਸ਼ ਗੁਲਾਟੀ )

ਮੁਕੱਦਰ-ਮੁਕੱਦਰ ਦੇ ਅਰਥ ਹਨ ਅੰਦਾਜ਼ਾ ਕੀਤਾ ਗਿਆ।ਮੁਕੱਦਰ  -              ,ਸ਼ਿਅਰ ਦੀ ਉਸ ਖ਼ੂਬੀ ਨੂੰ ਕਿਹਾ ਜਾਂਦਾ ਹੈ ਜਦੋਂ  ਸ਼ਿਅਰ ਵਿੱਚ ਕੋਈ ਸ਼ਬਦ ਲਿਆਂਦਾ ਤਾਂ ਨਾ ਗਿਆ ਹੋਵੇ ਪਰ ਸ਼ਿਅਰ ਜੜ੍ਹੇ ਸ਼ਬਦਾਂ ਦੀ ਸੁਚੱਜਤਾ ਸਾਫ ਦੱਸੇ ਕਿ ਇਸ ਵਿੱਚ ਫਲਾਨਾ ਸ਼ਬਦ ਮੁਕੱਦਰ
ਹੈ ਯਾਨੀ ਸ਼ਿਅਰ ਵਿੱਚ ਕਿਸੇ ਸ਼ਬਦ ਦੇ ਨਾ ਹੋਣ ਦੇ ਬਾਵਜੂਦ ਇਹ ਅੰਦਾਜ਼ਾ ਕਰ ਲਿਆ ਜਾਂਦੈਂ   ਕਿ ਇਸ ਵਿੱਚ  ਇਹ ਸ਼ਬਦ ਮੁਕੱਦਰ ਹੈ-

ਚਿਰਾਂ ਤੋਂ ਦਰ - ਬ-ਦਰ ਰੁਲਦੇ ਰਹੇ, ਕੁਝ ਬਣਨ ਦੀ ਖ਼ਾਤਰ,
ਜਦੋਂ ਪਰਤੇ, ਤਾਂ  ਗਲ ਲੱਗ ਰੋ ਪਿਆ, ਵੀਰਾਨ ਘਰ ਯਾਰੋ
ਉਪਰੋਕਤ ਸ਼ਿਅਰ ਵਿੱਚ ਅਸੀਂ  ਸ਼ਬਦ ਮੁਕੱਦਰ ਹੈ ਮਤਲਬ ਕਿ ਜਦੋਂ ਅਸੀਂ ਕੁਝ ਬਣਨ ਦੀ ਖ਼ਾਤਰ ਦਰ -ਬ-ਦਰ ਰੁਲਕੇ ਘਰ ਪਰਤੇ ਤਾਂ ਵੀਰਾਨ ਘਰ ਸਾਡੇ ਗਲ਼ ਲੱਗਕੇ ਰੋ ਪਿਆ।
ਇਸ਼ਤਕਾਕ ਦਾ ਅਰਥ ਹੈ ਇੱਕ ਸ਼ਬਦ ਤੋਂ ਦੂਜਾ ਸ਼ਬਦ ਬਣਾਉਣਾ।  ਇਸ਼ਤਕਾਕ ਉਸ ਕਾਰੀਗਰੀ ਦਾ ਨਾਂ ਹੈ                              
-ਜਦੋਂ ਸ਼ਿਅਰ ਵਿੱਚ ਦੋ ਸ਼ਬਦ ਅਜੇਹੇ ਲਿਆਂਦੇ  ਜਾਣ ਜਿਹੜ੍ਹੇ ਇੱਕੋ ਜੜ੍ਹ ਤੋਂ ਨਿੱਕਲੇ ਹੋਣ ,
ਬੜੀ ਮੁਸ਼ਕਲ ਚ, ਛੱਡਿਆ ਸਾਥ ਜਦ  ਯਾਰਾਂ,ਬੜੀ ਹੋਈ,
ਘੜ੍ਹੀ ਔਖੀ ਚ, ਬਹੁੜ੍ਹੀ ਹੱਥ ਦੀ ਕਿਸਮਤ  ਘੜ੍ਹੀ ਹੋਈ।   (  ਤਰਲੋਕ ਜੱਜ)
ਉਪਰੋਕਤ ਸ਼ਿਅਰ ਵਿੱਚ ਬੜੀ ਸ਼ਬਦ ਦੋ ਅਰਥਾਂ ਵਿੱਚ ਆਇਆ ਤੇ ਏਸੇ ਤਰਾਂ ਘੜ੍ਹੀ ਸ਼ਬਦ ਵੀ ਦੋ ਅਰਥਾਂ ਵਿੱਚ।

ਤਫਰੀਕ-ਤਫਰੀਕ ਦਾ ਅਰਥ ਹੈ ਫਰਕ ਦੱਸਣਾ -ਜਦੋਂ ਕਿਸੇ ਸ਼ਿਅਰ ਵਿੱਚ ਸ਼ਾਇਰ ਇੱਕ ਚੀਜ਼ ਦਾ ਦੂਸਰੀ ਨਾਲੋਂ ਫਰਕ ਦਰਸਾਉਂਦਾ ਹੈ ਉਦੋਂ ਸ਼ਿਅਰ ਵਿੱਚ ਤਫਰੀਕ ਦੀ ਖ਼ੂਬੀ ਪੈਦਾ ਹੋ ਜਾਂਦੀ ਹੈ-
ਭਰਿਆ ਭਰਿਆ ਇੱਕ, ਤੇ ਇੱਕ  ਖ਼ਾਲੀ ਖ਼ਾਲੀ,
ਕਿੰਨਾ ਅੰਤਰ, ਤੇਰੇ ਮੇਰੇ ਪੱਲੇ ਵਿੱਚ (   ਕ੍ਰਿਸ਼ਨ ਭਨੋਟ)

ਉਪਰੋਕਤ ਸ਼ਿਅਰ ਵਿੱਚ ਦੋਨਾਂ ਪੱਲਿਆਂ ਵਿੱਚ ਅੰਤਰ ਦਰਸਾਇਆ ਗਿਆ ਹੈ,ਇਸ ਕਰਕੇ ਇਸ ਵਿੱਚ ਤਫਰੀਕ ਦਾ ਗੁਣ ਪੈਦਾ ਹੋ ਗਿਆ ਹੈ।

ਰਜੁਅ (ਕਹਿਕੇ ਮੁੱਕਰ ਜਾਣਾ)ਇਹ    ਗੁਣ ਸ਼ਿਅਰ ਵਿੱਚ ਓਦੋਂ ਪੈਦਾ ਹੁੰਦਾ ਹੈ ਜਦੋਂ ਸ਼ਾਇਰ ਆਪਣੇ ਸ਼ਿਅਰ ਵਿੱਚ ਕਿਸੇ ਚੀਜ਼ ਨੂੰ ਪਹਿਲਾਂ ਇੱਕ ਚੀਜ਼ ਨਾਲ ਤੁਲਨਾ ਦਿੰਦਾ ਹੈ ਤੇ ਫਿਰ ਆਪ ਹੀ ਉਸ ਤੋਂ ਮੁੱਕਰਕੇ ਉਸ ਚੀਜ਼ ਦੀ ਕਿਸੇ ਦੂਜੀ ਚੀਜ਼ ਨਾਲ ਤਸ਼ਬੀਹ ਕਰ
ਦਿੰਦਾ ਹੈ-ਤੇਰਾ ਮੁਖੜ੍ਹਾ ਗੁਲਾਬ ਵਰਗਾ ਹੈ,
ਜੀ ਨਹੀਂ ਆਫ਼ਤਾਬ ਵਰਗਾ ਹੈ।
ਉਪਰੋਕਤ ਸ਼ਿਅਰ ਵਿੱਚ ਪਹਿਲਾਂ ਸ਼ਾਇਰ ਮਹਿਬੂਬ ਦੇ ਮੁਖੜ੍ਹੇ ਨੂੰ ਗੁਲਾਬ ਨਾਲ ਤਸ਼ਬੀਹ ਦਿੰਦਾਂ ਹੈ ,ਫੇਰ ਅਪਣੀ ਗੱਲ ਤੋਂ ਮੁੱਕਰਕੇ ਮੁਖੜ੍ਹੇ ਦੀ ਤੁਲਨਾ ਆਫ਼ਤਾਬ ਨਾਲ ਕਰ ਦਿੰਦਾ ਹੈ।

ਤਸੱਵਫ਼-(ਸੂਫੀਆਨਾ ਰੰਗ)-ਗ਼ਜ਼ਲ ਵਿੱਚ ਸੂਫੀਆਨਾ ਰੰਗ ਵੀ ਕਮਾਲ ਪੈਦਾ ਕਰਦਾ ਹੈ, ਕੋਈ ਵਕ਼ਤ ਸੀ ਜਦੋਂ ਗ਼ਜ਼ਲ ਦੇ ਤਿੰ ਨ ਵਿਸ਼ੇਸ਼ ੍ਰੰਗ ਮੰਨੇ ਜਾਂਦੇ ਸਨ, ਆਸ਼ਕਾਨਾ, ਰਿੰਦਾਨਾ,ਤੇ ਸੂਫ਼ੀਆਨਾ ।

ਹਵਾ ਇਸ ਬੁਲਬਲੇ ਦੀ ਫਿਰ, ਹਵਾ ਵਿੱਚ ਜਾਣ ਵਾਲੀ ਹੈ,
ਲਿਆਈ ਸੀ ਹਵਾ ਮੈਨੂੰ, ਲਿਜਾਏਗੀ ਹਵਾ ਮੈਨੂੰ।    (ਉਲਫ਼ਤ ਬਾਜਵਾ)

ਉਪਰੋਕਤ ਸ਼ਿਅਰ ਵਿੱ ਚ  ਜ਼ਿ ਦਗੀ ਤੇ ਮੌਤ ਸਬੰਧੀ ਚਰਚਾ ਕੀਤੀ ਗਈ ਹੈ ਇਸ ਨਾਲ ਸ਼ਿਅਰ ਵਿੱਚ ਤਸੱਵਫ਼ ਦਾ ਰੰਗ ਪੈਦਾ ਹੋ ਗਿਆ ਹੈ।

ਕਨਾਇਆ-(ਰਮਜ਼)-ਗ਼ਜ਼ਲ ਦੇ ਸ਼ਿਅਰਾਂ ਵਿੱਚ ਸਪਾਟ ਬਿਆਨੀ ਨਹੀਂ ਕੀਤੀ ਜਾ ਸਕਦੀ,ਰਮਜ਼ ਤੇ ਇਸ਼ਾਰਾ ਗ਼ਜ਼ਲ ਦੀ ਜਿੰਦ-ਜਾਨ ਹੁੰਦੇ ਹਨ।ਸਾਡੇ ਲੋਕ ਗੀਤਾਂ ਵਿੱਚ ਵੀ ਇਹ ਰਮਜ਼ ਹੀ ਪ੍ਰਧਾਨ ਹੈ,ਲਓ ਲੋਕ ਗੀਤ ਦੀ ਹੀ ਇੱਕ ਮਿਸਾਲ ਪੇਸ਼ ਹੈ-
ਪੱਲਾ ਮਾਰਕੇ ਬੁਝਾ ਗਈ ਦੀਵਾ,
 ਅੱਖ ਨਾਲ ਗੱਲ ਗੱਲ ਕਰ ਗਈ।
ਉਪਰੋਕਤ ਲੋਕ ਬੋਲੀ ਵਿੱਚ ਕਿੰਨਾ ਖ਼ੂਬਸੂਰਤ ਇਸ਼ਾਰਾ ਕੀਤਾ ਗਿਆ ਹੈ।

ਸ਼ੋਖੀ-ਇਸਦਾ ਅਰਥ ਚੁਲਬਲਾਪਣ,  ਸ਼ਰਾਰਤ  ਹੈ,ਪੁਰਾਣੇ ਸ਼ਾਇਰ ਆਪਣੇ ਸ਼ਿਅਰਾਂ ਵਿੱਚ ਸਾਕੀ, ਜਾਮ , ਸੁਰਾਹੀ ਮੈਅਕਦਾ ਆਦਿ ਨਾਲ ਸ਼ਿਅਰਾਂ ਵਿੱਚ ,ਸ਼ੋਖੀ ਪੈਦਾ ਕਰ ਲੈਂਦੇ ਸਨ-ਮਿਸਾਲ  ਵਜੋਂ ਇੱਕ ਉਰਦੂ ਸ਼ਿਅਰ ਹਾਜ਼ਰ ਹੈ-
ਮੈਅਕਦੇ ਮੇਂ ਆਪ ਕੈਸੇ ,ਸ਼ੈਖ਼ ਜੀ,
ਹਮ ਦੋ ਬੈਠੇ ਹੈਂ ਜ਼ਰੂਰੀ ਕਾਮ ਸੇ।   (  ਸਰਦਾਰ ਪੰਛੀ)
ਉਪਰੋਕਤ ਸ਼ਿਅਰ ਵਿੱਚ ਇੱਕ ਰਿੰਦ ਯਾਨੀ ਸ਼ਰਾਬੀ ਦਾ ਇੱਕ ਸ਼ੈਖ਼ (ਪਰਹੇਜ਼ਗਾਰ ,ਜਿਹੜ੍ਹਾ ਸ਼ਰਾਬ ਨਹੀਂ ਪੀਂਦਾ) ਨੂੰ ਠੇਕੇ ਵਿੱਚ ਦੇਖਕੇ,ਇਹ ਸਵਾਲ ਪੁੱਛਣਾ ਕੀ ਉਹ ਠੇਕੇ ਵਿੱਚ ਕਿਵੇਂ ਆਇਆ ਹੈ ਤੇ ਆਪਣੇ ਬਾਰੇ ਕਹਿਣਾ ਕਿ ਮੈਂ ਤਾਂ ਭਲਾ ਜ਼ਰੂਰੀ ਕੰਮ ਆਇਆਂ ਹਾਂ ਸ਼ਿਅਰ ਵਿੱਚ ਲੋਹੜ੍ਹੇ ਦੀ ਸ਼ੋਖ਼ੀ ਪੈਦਾ ਕਰ ਦਿੰਦਾ ਹੈ।
ਫ਼ਬਤੀ-ਫ਼ਬਤੀ ਦਾ ਅਰਥ ਇਸ ਤਰਾਂ ਦੀ ਤਸ਼ਬੀਹ ਹੁੰਦਾ ਹੈ -ਜਦੋਂ ਇੱਕ ਚੀਜ਼ ਨੂੰ ਦੂਸਰੀ ਦੇ ਬਰਾਬਰ ਦੱਸਕੇ ਵਿਅੰਗ ਕਸਿਆ ਜਾਂਦਾ ਹੈ ,ਜਿਵੇਂ ਜੇ ਕੋਈ ਕਾਲਾ ਕਲੂਟਾ ਬੰਦਾ ਸਰ੍ਹੋਂ ਦੇ ਖਿੜ੍ਹੇ ਹੋਏ ਖੇਤ ਵਿੱਚ ਫਿਰਦਾ ਹੋਵੇ ਤਾਂ ਇਹ ਕਿਹਾ ਜਾਵੇ ਕਿ ਦੇਖੋ ਸਰ੍ਹੋਂ ਦੇ ਖੇਤ ਵਿੱਚ ਝੋਟਾ ਫਿਰਦਾ ਹੈ ।
ਤਸ਼ਬੀਹ ਅਤੇ ਫ਼ਬਤੀ ਵਿੱਚ ਫਰਕ ਏਨਾ ਕੁ ਹੁੰਦਾ ਹੈ ਕਿ ਤਸ਼ਬਬੀਹ ਤਾਂ ਥੋੜ੍ਹੇ ਬਹੁਤੇ ਫਰਕ ਨਾਲ ਦਿੱਤੀ ਜਾ ਸਕਦੀ ਹੈ ਪਰ ਫ਼ਬਤੀ ਓਨੀ ਦੇਰ ਨਹੀਂ ਕਸੀ ਜਾ ਸਕਦੀ ਜਿੰਨੈ ਦੇਰ ਹੂ-ਬ-ਹੂ ਨਾ ਮਿਲਦੀ ਹੋਵੇ , ਸਰ੍ਹੋਂ ਦੇ ਵਿੱਚ ਕਾਲਾ ਬੰਦੇ ਨੂੰ ਝੋਟਾ ਆਖਕੇ ਵਿਅੰਗ ਕਸਿਆ ਗਿਆ ਹੈ ਕਹਿਣ ਦਾ ਮਤਲਬ ਕਿ ਫ਼ਬਤੀ ਵਿੱਚ ਵਿਅੰਗ ਦੀ ਪੁੱਠ ਜ਼ਰੂਰੀ ਹੈ ।ਜਿਵੇਂ-
ਹਨ੍ਹੇਰੀ ਰਾਤ ਦੇ ਵਿੱਚ, ਹਬਸ਼ਣਾ ਕੁੜ੍ਹੀਆਂ ਜਦੋਂ ਨੱਚੀਆਂ,
ਨਜ਼ਰ ਆਇਆ ਜਿਵੇਂ, ਭੂਤਾਂ ਨੇ ਤੀਆਂ ਲਾਈਆਂ ਹੋਈਆਂ ਨੇ ।
ਉਪਰੋਕਤ ਸ਼ਿਅਰ ਵਿੱਚ ਸ਼ਾਇਰ ਨੇ ਹਨ੍ਹੇਰੀ ਰਾਤ ਵਿੱਚ ਨੱਚ ਰਹੀਆਂ ਹਬਸ਼ਣਾ ਕੁੜ੍ਹੀਆਂ ਨੂੰ ਭੂਤਾਂ ਕਹਿਕੇ ਫ਼ਬਤੀ ਕਸੀ ਹੈ


ਸਾਦਗੀ-ਸਾਦਗੀ ਸ਼ਿਅਰ ਦੀ ਸਭ ਤੋਂ ਵੱਡੀ ਖੂਬੀ ਮੰਨੀ ਜਾਂਦੀ ਹੈ ,ਸਾਦਗੀ ਭਰਪੂਰ ਸ਼ਿਅਰ ,ਪੜ੍ਹਨ ਸੁਣਨ ਵਾਲੇ ਦੀ ਜ਼ੁਬਾਨ ਤੇ ਝੱਟ ਪੱਟ ਚੜ੍ਹ ਜਾਂਦਾ ਹੈ । ਸਾਦਗੀ ਐਵੇਂ ਨਹੀਂ ਆ ਜਾਂਦੀ ਇਸ ਵਾਸਤੇ ਉਮਰ ਭਰ ਦੀ ਸਾਧਨਾ ਦਰਕਾਰ ਹੁੰਦੀ



ਹੈ
ਇਹ ਲੜ੍ਹਾਈ ਜ਼ਿੰਦਗੀ ਦੀ, ਮੈਂ ਲੜ੍ਹਾਂਗੀ ਉਮਰ ਭਰ,
ਮੈਂ ਨਹੀਂ ਸੁਕਰਾਤ ਜਿਸਨੇ, ਜ਼ਹਿਰ ਹਸਕੇ ਪੀ ਲਿਆ ।
ਉਪਰੋਕਤ ਸ਼ਿਅਰ ਵਿੱਚ ਸ਼ਾਇਰਾ ਨੇ ਬੜ੍ਹੇ ਸਿੱਧੇ ਸਾਦੇ ਢੰਗ ਨਾਲ ਆਪਣੀ ਵਿਚਾਰਧਾਰਾ ਦਾ ਇਜ਼ਹਾਰ ਕੀਤਾ ਹੈ ।

ਪੁਖ਼ਤਗੀ -ਪੁਖ਼ਤਗੀ ਦਾ ਅਰਥ  ਮਜ਼ਬੂਤੀ ,ਬਿਆਨ ਦਾ ਜ਼ੋਰ ਹੈ । ਸ਼ਾਇਰ ਦੇ ਕਲਾਮ ਵਿੱਚ ਜਿੰਨੀ ਪੁਖ਼ਤਗੀ ਹੋਵੇਗੀ ਉਹ


ਓਨਾ ਹੀ ਮਕਬੂਲ ਹੋਵੇਗਾ
ਪਲਾਂ ਵਿੱਚ ਕਰ ਲਈ ਉਸਨੇ, ਸ਼ਨਾਖ਼ਤ ਮੇਰੀ ਸ਼ਿੱਦਤ ਦੀ,
ਅਜੇ ਨਾ ਬੁੱਲ੍ਹ ਫਰਕੇ ਸੀ,ਨਾ ਦੱਸਿਆ ਸੀ ਮੈਂ ਸਿਰਨਾਵਾਂ ।       ( ਦੇਵਿੰਦਰ ਦਿਲਰੂਪ )
ਉਪਰੋਕਤ ਸ਼ਿਅਰ ਵਿੱਚ ਬਿਆਨ ਦੀ ਪੁਖ਼ਤਗੀ ਦੇਖਣਯੋਗ ਹੈ ।


 ਰੱਦੋ- ਉਲ-ਅਜ਼ਿਜ਼, ਅਲੀ -ਉਲ ਸਦਰ-(ਪਿੱਛਲਾ ਸ਼ਬਦ ਪਹਿਲਾਂ ਤੇ ਪਹਿਲਾ ਮਗਰੋਂ ਲਿਆਉਣਾ )-ਸ਼ਿਅਰ ਦੀ ਬਣਤਰ ਪੱਖੋਂ ਸ਼ਿਅਰ ਦੇ ਚਾਰ ਹਿੱਸੇ ਹੁੰਦੇ ਹਨ,ਪਹਿਲੀ ਤੁਕ  ਦੇ ਪਹਿਲੇ ਸ਼ਬਦ ਨੂੰ ਸਦਰ ਕਿਹ ਜਾਂਦਾ ਹੈ ਤੇ ਅਖੀਰਲੇ
ਸ਼ਬਦ ਨੂੰ ਅਰੂਜ਼,ਦੂਜੀ ਤੁਕ ਦੇ ਪਹਿਲੇ ਸ਼ਬਦ  ਨੂੰ ਇਬਤਦਾ ਕਹਿੰਦੇ ਹਨ ਤੇ ਮਗਰਲੇ ਨੂੰ ਅਜ਼ਿਜ਼ । ਇਨ੍ਹਾਂ ਚਾਰਾਂ ਸ਼ਬਦਾਂ ਦੇ ਆਪਸ ਵਿੱਚ ਸਥਾਨ ਬਦਲਣ ਨੂੰ ਹੀ ਰੱਦੋ-ਉਲ -ੳਜ਼ਿਜ਼ ਅਲੀ-ਉਲ -ਸਦਰ ਕਿਹਾ ਜਾਂਦਾ ਹੈ।ਜਦੋਂ ਸ਼ਾਇਰ ਆਪਣੇ
ਕਿਸੇ ਸ਼ਿਅਰ ਵਿੱਚ  ਪਹਿਲੀ ਤੁਕ ਦੇ ਸ਼ਬਦਾਂ ਨੂੰ ਦੂਜੀ ਤੁਕ ਵਿੱਚ ਉਲਟਾ ਦਿੰਦਾ ਤਾਂ ਉਸ ਵਿੱਚ ਉਪਰੋਕਤ ਗੁਣ ਪੈਦਾ ਹੋ ਜਾਂਦਾ ਹੈ,
ਮਿਰੇ ਦੋਸਤੋ ਇਹ ਜ਼ਮਾਨਾ ਬੁਰਾ
ਜ਼ਮਾਨਾ ਬੁਰਾ ਇਹ ਮਿਰੇ ਦੋਸਤੋ।
ਮਅਕੂਸ- ਮਾਅਕੂਸ ਸ਼ਬਦ ਅਕਸ ਤੋਂ ਬਣਿਆ ਹੈ ਜਿਸਦਾ ਅਰਥ ਹੈ ਪ੍ਰਤੀਬਿੰਬ ਯਾਨੀ ਪ੍ਰਛਾਈ-ਇਸਦਾ ਅਰਥ ਉਲਟਾ ਵੀ ਹੁੰਦਾ ਹੈ ਕੋਈ ਸ਼ਾਇਰ ਜਦੋਂ ਆਪਣੇ ਸ਼ਿਅਰ ਵਿੱਚ ਦੋ ਅਜੇਹੇ ਸ਼ਬਦ ਵਰਤਦਾ ਹੈ ਜੇ ਉਨ੍ਹਾਂ ਨੂੰ ਉਲਟਾਇਆ ਜਾਵੇ ਤਾਂ ਉਹ ਇੱਕ ਦੂਜੇ ਵਰਗੇ ਬਣ ਜਾਂਦੇ ਹਨ। ਜਦੋਂ ਅਸੀਂ ਸ਼ੀਸ਼ਾ ਦੇਖਦੇ ਹਾਂ ਤਾਂ ਸਾਡਾ ਅਕਸ ਯਾਨੀ ਬਿੰਬ ,ਉਲਟਾ ਦਿਸਦਾ ਹੈ,ਪ੍ਰਤੀਬਿੰਬ ਨਜ਼ਰ ਆਂਉਦਾ ਹੈ । ਮਿਸਾਲ ਵਜੋਂ-
ਤਾਰ ਦਿਲ ਵਿੱਚ ਫਿਰੀ ਹੈ ਮਿਰੇ ਜਿਸ ਤਰਾਂ,
ਰਾਤ ਭਰ ਹੀ ਤੁਸੀਂ ਯਾਦ ਆਂਉਦੇ ਰਹੇ ।

ਉਪਰੋਕਤ ਸ਼ਿਅਰ ਵਿੱਚ ਪਹਿਲੀ ਤੁਕ ਦਾ ਸ਼ਬਦ ਤਾਰ  ਦੂਜੀ ਤੁਕ ਵਿੱਚ ਉਲਟਕੇ ਰਾਤ ਬਣ ਗਿਆ ਹੈ ।ਇਸੇ ਤਰਾਂ ਜੇ ਅਸੀਂ ਰਾਤ ਸ਼ਬਦ ਨੂੰ ਉਲਟਾ ਦੇਈਏ ਤਾਂ ਉਹ ਤਾਰ ਬਣ ਜਾਵੇਗਾ।
ਇਸ ਤਰਾਂ ਇਸ ਸ਼ਿਅਰ ਵਿੱਚ ਮਾਅਕੂਸ ਦੀ ਖ਼ੂਬੀ ਪੈਦਾ ਹੋ ਗਈ ।
ਪੁਖ਼ਤਗੀ-ਪੁਖ਼ਤਗੀ ਦਾ ਅਰਥ ਹੈ ਮਜ਼ਬੂਤੀ,ਯਾਨੀ ਬਿਆਨ ਦਾ ਜ਼ੋਰਦਾਰ ਹੋਣਾ। ਸ਼ਿਅਰਾ ਵਿੱਚ ਪੁਖ਼ਤਗੀ ਹੀ ਸ਼ਿਅਰਾਂ ਨੂੰ ਖ਼ੂਬਸੂਰਤੀ ਬਖ਼ਸ਼ਦੀ ਹੈ ਕੱਚਾ ਪਿੱਲਾ ਸ਼ਿਅਰ ਸੁਣਨ ਜਾਂ ਪੜ੍ਹਨ ਵਾਲੇ ਦੇ ਮਨ ਤੇ ਅਸਰ    ਨਹੀਂ ਪਾਉਂਦਾ।
ਆਮ ਇਨਸਾਨ ਹਾਂ ਮੈਂ ,ਸਿਕੰਦਰ ਨਹੀਂ,
ਨਾ ਸੀ ਦੁਨੀਆਂ ਨੂੰ ਜਿੱਤਣ ਦੀ ਖਾਂਹਿਸ਼ ਕੋਈ,
 ਇਹ ਜ਼ਮਾਨਾ ਤਾਂ ਐਵੇਂ ਫਤਹਿ ਹੋ ਗਿਆ,
ਸਿਰਫ਼ ਤੈਨੂੰ ਫ਼ਤਹਿ ਕਰਦਿਆਂ,ਕਰਦਿਆਂ ।        ( ਸੁਰਜੀਤ ਸਖੀ )
ਉਪਰੋਕਤ ਸ਼ਿਅਰ ਵਿੱਚ ਬਿਆਨ ਦੀ ਪੁਖ਼ਤਗੀ ਮੱਲੋਮੱਲੀ ਧਿਆਨ ਖਿੱਚਦੀ ਹੈ ।

ਤਾਸੀਰ-ਤਾਸੀਰ ਦਾ ਅਰਥ ਹੈ ਅਸਰ ਭਰਪੂਰ ਹੋਣਾ ।ਖ਼ਿਆਲ ਭਾਵੇਂ ਕਿੰਨਾ ਵੀ ਬੁਲੰਦ ਕਿੳਂ ਨਾ ਹੋਵੇ ਜੇ ਉਸ ਵਿੱਚ ਤਾਸੀਰ ਪੈਦਾ ਨਾ ਕੀਤੀ ਜਾਵੇ,ਤਾਂ ਆਨੰਦ ਨਹੀਂ ਆਂਉਂਦਾ।ਸ਼ਿਅਰ ਵਿੱਚ ਅਸਰ ਪੈਦਾ ਕਰਨਾ ਬੜ੍ਹਾ ਵੱਡਾ ਗੁਣ ਸਮਝਿਆ ਜਾਂਦਾ ਹੈ ਤਾਸੀਰ ਦੀ ਖ਼ੂਬਸੂਰਤੀ ਨਾਲ ਸਧਾਰਣ ਖ਼ਿਆਲ ਵੀ ਬੁਲੰਦੀ ਤੇ ਪਹੁੰਚ ਜਾਂਦਾ ਹੈ ।
 
ਆਮ ਇਨਸਾਨ ਹਾਂ ਮੈਂ, ਸਿਕੰਦਰ ਨਹੀਂ,  
ਨਾ ਸੀ ਦੁਨੀਆਂ ਨੂੰ ਜਿੱਤਣ ਦੀ ਖ਼ਾਹਿਸ਼ ਕੋਈ;
ਇਹ ਜ਼ਮਾਨਾ ਐਂਵੇਂ ਫਤਹਿ ਹੋ ਗਿਆ,
ਸਿਰਫ਼ ਤੈਨੂੰ ਫਤਹਿ ਕਰਦਿਆਂ, ਕਰਦਿਆਂ ।

ਜੱਮਅ-ਜੱਮਅ ਦਾ ਅਰਥ ਹੈ ਜੋੜ-ਇਹ ਖ਼ੂਬੀ ਸ਼ਿਅਰ ਵਿੱਚ ਓਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਸ਼ਾਇਰ ੲੱਕ ਸ਼ਿਅਰ ਵਿੱਚ ਕਈ ਚੀਜ਼ਾਂ ਨੂੰ ਇੱਕ ਸ਼ਿਅਰ ਵਿੱਚ ਇੱਕੱਠਾ ਕਰ ਦੇਵੇ,ਜਿਵੇਂ-

ਦੋਸਤਾ  ਤੁਰ ਜਾਣੀਆਂ ਨੇ ਸਾਰੀਆਂ,
ਪਾਤਸ਼ਾਹੀਆਂ, ਪਦਵੀਆਂ, ਸਰਦਾਰੀਆਂ ।
ਅੱਜ ਦੇ ਅਹਿਸਾਸ ਦੀ ਨੇ ਆਰਸੀ,
ਸ਼ੁਹਰਤਾਂ, ਸ਼ੈਤਾਨੀਆਂ, ਮੱਕਾਰੀਆਂ ।     ( ਅਮਰੀਕ ਸਿੰਘ ਪੂਨੀ )
ਉਪਰੋਕਤ ਦੋਨਾਂ ਸ਼ਿਅਰਾਂ ਵਿੱਚ ,ਕ੍ਰਮਵਾਰ,ਪਾਤਸ਼ਾਹੀਆਂ,ਪਦਵੀਆਂ, ਸਰਦਾਰੀਆਂ ਤੇ ਸ਼ੁਹਰਤਾਂ,ਸ਼ੈਤਾਨੀਆਂ,ਮੱਕਾਰੀਆਂ ਇੱਕ ਜਗ੍ਹਾ ਇਕੱਠੀਆਂ ਕਰ ਦਿੱਤੀਆਂ ਗਈਆਂ ਹਨ । ਸੋ ਉਪਰੋਕਤ ਸ਼ਿਅਰ ਵਿੱਚ ਜੋੜ੍ਹ ਦੀ ਖੂਬੀ ਪੈਦਾ ਹੋ ਗਈ ਹੈ ।

ਮੁਬਾਲਗਾ-ਮੁਬਾਲਗਾ ਦਾ ਅਰਥ ਹੈ ਹੱਦੋਂ ਵੱਧ, ਅਸੰਭਵ, ਜੋ ਹੋ ਨਾ ਸਕਦਾ ਹੋਵੇ, ਕਿਸੇ ਸ਼ਿਅਰ ਵਿੱਚ ਮੁਬਾਲਗਾ ਦੀ ਖੂਬੀ
ਓਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਕਿਸੇ ਦੀ ਇਸ ਹੱਦ ਤੱਕ ਤਾਰੀਫ਼ ਜਾਂ ਨਿੰਦੀਆ ਕਰੇ ਕਿ
ਨਾ-ਮੁਮਕਿਨ ਲੱਗੇ । ਪਿੰਗਲ ਅਨੁਸਾਰ ਮੁਬਾਲਗਾ ਨੂੰ ਅਤਿ -ਕਥਨੀ ਅਲੰਕਾਰ ਕਿਹਾ ਜਾਂਦਾ ਹੈ, ਜਿਵੇਂ-
ਡੁੱਬਿਆ ਰਿ੍ਹਾ ਹਾਂ ਇਸ ਕਦਰ ਤੇਰੇ ਖ਼ਿਆਲ ਵਿੱਚ,
ਮਿਸ਼ਰੀ ਦੀ ਥਾਂ ਤੇ ਬੰਨ੍ਹ ਲਿਆ, ਪਾਣੀ ਰੁਮਾਲ ਵਿੱਚ ।           ( ਤਿਰਲੋਕ ਸਿੰਘ ਆਨੰਦ)
ਉਪਰੋਕਤ ਸ਼ਿਅਰ ਵਿੱਚ ਕਿਸੇ ਦੇ ਵਿੱਚ ਡੁੱਬਕੇ , ਰੁਮਾਲ ਵਿੱਚ ਪਾਣੀ ਬੰਨ੍ਹਣਾ ,ਮੁਬਾਲਗਾ ਦੀ ਖ਼ੂਬਸੂਰਤ ਮਿਸਾਲ ਹੈ ।

ਪਾਕੀਜ਼ਗੀ-ਪਾਕੀਜ਼ਗੀ ਦਾ ਅਰਥ ਹੈ ਪਵਿੱਤਰਤਾ । ਕਿਸੇ ਸ਼ਿਅਰ ਵਿੱਚ ਪਾਕੀਜ਼ਗੀ ਦੀ ਖ਼ੂਬੀ ਓਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਅਜੇਹੀ ਭਾਵਨਾ ਪੈਦਾ ਕਰੇ ਜਿਸ ਨਾਲ ਮਨ ਦੀ ਪਵਿੱਤਰਤਾ ਤੇ ਸੁਹਿਰਦਤਾ ਦਾ ਇਜ਼ਹਾਰ ਹੋਵੇ ।ਜਿਵੇਂ-
ਆ ਅੱਖਾਂ ਵਿੱਚ ਅੱਥਰੂ ਭਰਕੇ, ਦੋਵੇਂ ਕਰ ਲਈਏ ਇਕਬਾਲ,
ਕੀ ਕੀ ਆਪਾਂ ਝੂਠ ਬੋਲਿਆ, ਸੌਣ ਮਹੀਨੇ ਪਿਛਲੇ ਸਾਲ ।       (ਅਜਾਇਬ ਹੁੰਦਲ )
ਅੱਖਾਂ ਵਿੱਚ ਅੱਥਰੂ ਭਰਕੇ ,ਆਪਣੇ ਗ਼ੁਨਾਹ ਦਾ ਇਕਬਾਲ ਕਰਨਾ ਮਨ ਦੀ ਪਾਕੀਜ਼ਗੀ ਨੂੰ ਦਰਸਾਉਂਦਾ ਹੈ । ਏਸ ਕਰਕੇ ਇਸ ਸ਼ਿਅਰ ਵਿੱਚ ਪਾਕੀਜ਼ਗੀ ਦੀ ਖ਼ੂਬੀ ਪੈਦਾ ਹੋ ਗਈ ਹੈ ।ਇਹ ਪਾਕੀਜ਼ਗੀ ਖ਼ਿਆਲ ਨੂੰ ਬੁਲੰਦੀ ਬਖ਼ਸ਼ਦੀ ਹੈ।

ਬਲਾਗਤ-ਬਲਾਗਤ ਦਾ ਅਰਥ ਹੈ ਡੂੰਘੇ ਖ਼ਿਆਲਾਂ ਨੂੰ ਸਿੱਧੇ ਸਾਦੇ ਸ਼ਬਦਾਂ ਵਿੱਚ ਪੇਸ਼ ਕਰਨਾ-
ਕੁਝ ਇਕ ਚੇਤੇ ਸਾਹਵਾਂ ਵਰਗੇ ਹੁੰਦੇ ਨੇ,
ਅਪਣੇ ਪਿੰਡ ਦੇ ਰਾਹਵਾਂ ਵਰਗੇ ਹੁੰਦੇ ਨੇ,
ਕੁਝ ਸੱਜਣਾ ਦੀ ਯਾਦ ਆਏ ਤਾਂ ਸਿਰ ਝੁਕਦੈ,
ਪੈਗੰਬਰਾਂ ਦੇ ਨਾਵਾਂ ਵਰਗੇ ਹੁੰਦੇ ਨੇ ।         ( ਸਲੱਖਣ ਸਰਹੱਦੀ )

ਉਪਰੋਕਤ ਸ਼ਿਅਰ ਵਿੱਚ ਚੇਤਿਆਂ ਨੂੰ ਸਾਹਵਾਂ ਨਾਲ ਤਸ਼ਬੀਹ ਦੇਣੀ ਤੇ ਸੱਜਣਾ ਨੂੰ ਪੈਗੰਬਰ ਕਹਿਣਾ

, ਸ਼ਿਅਰ ਵਿੱਚ ਬਲਾਗਤ ਦੀ ਖ਼ੂਬੀ ਪੈਦਾ ਕਰਦਾ ਹੈ ।
ਰੂਪਕ-ਜਦ ਇੱਕ ਚੀਜ਼ ਨੂੰ ਬਿਲਕੁਲ ਦੂਜੀ ਵਰਗੀ ਦਰਸਾਇਆ ਜਾਵੇ-
ਮੈਨੂੰ ਤੇਰਾ ਸ਼ਬਾਬ ਲੈ ਬੈਠਾ,
ਰੰਗ ਗੋਰਾ ਗ਼ੁਲਾਬ ਲੈ ਬੈਠਾ ।   (ਸ਼ਿਵ ਕੁਮਾਰ ਬਟਾਲਵੀ )
ਉਪਰੋਕਤ ਸ਼ਿਅਰ ਵਿੱਚ ,ਗੋਰੇ ਨੂੰ ਗ਼ੁਲਾਬ ਕਿਹਾ ਗਿਆ ਹੈ।ਇਸ ਤਰ੍ਹਾਂ ਗੋਰਾ ਰੰਗ ਗ਼ੁਲਾਬ ਦਾ ਰੂਪਕ ਹੋ ਗਿਆ ਹੈ ।

ਤਨਜ਼-ਤਨਜ਼ ਦਾ ਅਰਥ ਹੈ-ਵਿਅੰਗ ਜਾਂ ਕਟਾਖਸ਼। ਕਿਸੇ ਦੀ ਕਮਜ਼ੋਰੀ ਜਾਂ ਔਗੁਣ ਤੇ ਵਿਅੰਗ ਕਸਣ ਨੂੰ ਹੀ ਤਨਜ਼ ਕਿਹਾ ਜਾਂਦਾ ਹੈ । ਤਨਜ਼  ਨੂੰ ਸ਼ਿਅਰ ਦੀ ਬਹੁਤ ਵੱਡੀ ਖ਼ੂਬੀ ਮੰਨਿਆ ਜਾਂਦਾ ਹੈ । ਤਨਜ਼ ਦੀ ਪੁੱਠ ਨਾਲ ਸਧਾਰਣ ਖ਼ਿਆਲ ਵੀ ਨਾਟਕੀ ਤੇ ਰੌਚਕ ਹੋ ਜਾਂਦਾ ਹੈ ।

ਬੇਠਕੇ ਇੱਕ ਭਵਨ ਵਿੱਚ , ਕੁਝ ਭੰਡ ਤੇ ਕੁਝ ਮਸਖ਼ਰੇ,
ਮਰਸੀਆ ਪੜ੍ਹਦੇ ਵਤਨ ਦਾ ,ਲੋਕ ਲਾਂਉਦੇ ਕਹਿਕਹੇ ।      (ਹਰਦਿਆਲ ਸਾਗਰ)
ਉਪਰੋਕਤ ਸ਼ਿਅਰ ਵਿੱਚ ਸ਼ਾਇਰ ਨੇ ਰਾਜਨੀਤਕ ਲੋਕਾਂ ਨੂੰ ਭੰਡ ਤੇ ਮਸਖਰੇ ਕਿਹਾ ਹੈ,ਜਿਹੜ੍ਹੇ ਸੰਸਦ ਵਿੱਚ ਬੈਠਕੇ ਦੇਸ ਦਾ ਮਰਸੀਆ ਪੜ੍ਹਦੇ ਹਨ ਤੇ ਲੋਕ ਉਨ੍ਹਾ ਦੀ ਕਾਰ-ਗੁਜ਼ਾਰੀ ਤੇ ਕਹਿਕਹੇ ਲਾਉਂਦੇ ਹਨ ।ਇਸ ਤਰ੍ਹਾਂ ਸ਼ਾਇਰ ਨੇ  ਰਾਜਨੀਤਕ ਲੋਕਾਂ ਤੇ ਤਨਜ਼ ਕੀਤੀ ਹੈ ।

ਜਿੱਦਤ-ਨੁਦਰਤ-( ਨਵੀਨਤਾ-ਅਨੋਖਾਪਣ )-ਜਦ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਕਿਸੇ ਸਧਾਰਣ ਗੱਲ ਨੂੰ ਅਜੇਹੇ ਅੰਦਾਜ਼ ਵਿੱਚ ਕਹੇ ਕਿ ਉਹ ਨਵੀਂ ਤੇ ਅਨੋਖੀ ਲੱਗੇ ਤਾਂ ਉਸਨੂੰ ਜਿੱਦਤ ਤੇ ਨੁਦਰਤ ਕਹਿੰਦੇ ਹਨ ।ਜਿਵੇਂ ਕਿ-
ਇਹ ਦਿਲ ਦਫ਼਼ਤਰ ਹੈ, ਦਫ਼ਤਰ ਵਿੱਚ ਮੁਲਾਜ਼ਮ ਆਂੳਂਦੇ ਜਾਂਦੇ ਨੇ,
ਤੇ ਕਾਰੋਬਾਰ ਦਿਲ ਦਾ ਧੜ੍ਹਕਣਾਂ, ਦਮ ਆਂਉਦੇ ਜਾਂਦੇ ਨੇ ;  (ਕ੍ਰਿਸ਼ਨ ਭਨੋਟ )
ਉਪਰੋਕਤ ਸ਼ਿਅਰ ਵਿੱਚ ਦਿਲ ਨੂੰ ਦਫ਼ਤਰ ਆਖਣਾਂ ਤੇ ਸਾਹਾਂ ਨੂੰ ਮੁਲਾਜ਼ਮ ਕਹਿਣਾ ਸ਼ਿਅਰ ਵਿੱਚ ਨਵੀਨਤਾ ਪੈਦਾ ਕਰਦੇ ਹਨ ।  ਇਸ ਤਰ੍ਹਾਂ ਇਸ ਸ਼ਿਅਰ ਵਿੱਚ ਜਿੱਦਤ ਤੇ ਨੁਦਰਤ ਦੈ ਖ਼ੂਬੀ ਪੈਦਾ ਹੋ ਗਈ ।

ਅੰਦਾਜ਼- ਏ-ਬਿਆਨ ( ਬਿਆਨ ਦੀ ਖ਼ੂਬਸੂ੍ਰਤੀ )-ਖ਼ੂਬਸੂਰਤ ਬਿਆਨ ਦਾਂ ਢੰਗ ਵੀ ਸ਼ਿਅਰ ਦੀ ਬਹੁਤ ਵੱਡੀ ਖ਼ੂਬੀ ਮੰਨੀ ਜਾਂਦੀ ਹੈ-ਮਿਰਜ਼ਾ ਗ਼ਾਲ਼ਿਬ ਦਾ ਇਹ ਮਕਤਾ ਜਣੇ ਖਣੇ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਹੈ-
 ਹੈਂ ਔਰ ਭੀ ਦੁਨੀਆਂ ਮੇਂ, ਸੁਖ਼ਨਵਰ ਬਹੁਤ ਅੱਛੇ.
ਕਹਿਤੇਂ ਹੇਂ ਕਿ ਗ਼ਾਲ਼ਿਬ ਕਾ, ਅੰਦਾਜ਼ -ਏ-ਬਿਆਂ ਹੈ ਔਰ ।
ਸੋ ਖ਼ੂਬਸੂਰਤ ਬਿਆਨ ਦੀ ਸ਼ਿਅਰ ਵਿੱਚ ਬਹੁਤ ਮਹੱਤਤਾ ਹੈ ਦਰਅਸਲ ਕਿਸੇ ਸ਼ਾਇਰ ਦਾ ਆਪਣਾ ਬਿਆਨ ਢੰਗ, ਸ਼ੈਲੀ ਜਾਂ ਸਟਾਈਲ ਹੀ ਉਸਨੂੰ ਦੂਜੇ ਸ਼ਾਇਰਾਂ ਨਾਲੋਂ ਵੱਖ ਕਰਦਾ ਹੈ। ਨਿਮਨ-ਲਿਖਤ ਸ਼ਿਅਰਾਂ ਵਿੱਚ ਅੰਦਾਜ਼- ਏ-

ਬਿਆਨ ਦੇਖਣਯੋਗ ਹੈ -
ਮੈਂ ਕਿਹਾ ਕੀ ਸੋਚਦੇ ਹੋ? ਯਾਰ ਬੋਲੇ ਕੁਝ ਨਹੀਂ,
ਮੈਂ ਉਹਨਾ ਨੂੰ ਪੁੱਛਿਆ ਸੌ ਵਾਰ, ਬੋਲੇ ਕੁਝ ਨਹੀਂ ।
ਕੁਝ ਨਹੀਂ ਦਾ ਅਰਥ ਕੀ ਸਮਝਾਂ ਮੈਂ, ਦੱਸੋਗੇ ਹਜ਼ੂਰ?
ਉਹ ਮੇਰੇ ਮੂੰਹੋਂ ਇਹ ਸੁਣਦੇ ਸਾਰ ਬੋਲੇ, ਕੁਝ ਨਹੀਂ।

ਓਮਾਜ-ਓਮਾਜ ਅਰਥ ਹੈ,ਦੂਹਰੇ ਅਰਥਾਂ ਵਾਲੇ ਸ਼ਬਦ-ਜਦੋਂ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਅਜੇਹਾ ਸ਼ਬਦ ਵਰਤੇ ਜਿਸਦੇ ਦੋ ਅਰਥ ਨਿੱਕਲਦੇ ਹੋਣ,ਤੇ ਦੋਵੇਂ ਅਰਥ ਸ਼ਿਅਰ ਵਿੱਚ ਪੂਰੀ ਤਰ੍ਹਾਂ ਢੁੱਕਦੇ ਹੋਣ, ਓਸ ਖ਼ੂਬੀ ਨੂੰ ਓਮਾਜ ਕਹਿੰਦੇ ਹਨ ।ਓਮਾਜ ਦੀ ਮਿਸਾਲ ਅਸੀਂ ਉਰਦੂ ਸ਼ਾਇਰੀ ਵਿੱਚੋਂ ਦਿਆਂਗੇ-
ਇੱਕ ਵਾਰੀ ਕਿਤੇ ਉਰਦੂ ਮੁਸ਼ਾਇਰਾ ਰੱਖਿਆ ਗਿਆ, ਮੁਸ਼ਾਇਰੇ ਦੇ ਪ੍ਰਬੰਧਕਾਂ ਨੇ ਜਾਾਣ ਬੁੱਝਕੇ ਅਜੇਹਾ ਤਰਹ-ਮਿਸਰਾ ( ਸਮੱਸਿਆ ) ਰੱਖ ਦਿੱਤਾ ਕਿ ਉਸ ਵਿੱਚ ਮੁਸਲਮਾਨ ਸ਼ਾਇਰ ਹੀ ਹਿੱਸਾ ਲੈ ਸਕਣ। ਇਸ ਮੁਸ਼ਾਇਰੇ ਵਾਸਤੇ ਜਨਾਬ ਹਰੀ ਚੰਦ ਅਖ਼ਤਰ ਨੂੰ ਵੀ ਸੱਦਾ ਪੱਤਰ ਮਿਲਿਆ । ਮੁਸ਼ਾਇਰੇ ਵਾਸਤੇ  ਤਰਹ ਮਿਸਰਾ ਸੀ-ਵੁਹ ਹੈਂ ਕਾਫ਼ਿਰ ,ਜੋ ਕਿ ਸ਼ੈਦਾਈ ਨਹੀਂ ਇਸਲਾਮ ਕੇ ।
ਜਨਾਬ ਹਰੀ ਚੰਦ ਅਖ਼ਤਰ ਉਰਦੂ ਦੇ ਉਸਤਾਦ ਸ਼ਾਇਰ ਸਨ, ਮੁਸ਼ਾਇਰੇ ਤੇ ਪਹੁੰਚੇ,ਜਦ ਉਨ੍ਹਾਂ ਦੀ ਕ਼ਲਾਮ ਪੜ੍ਹਨ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਤਰਹ ਮਿਸਰੇ ਵਾਲੇ ਸ਼ਿਅਰ ਤੇ ਐਸੈ ਗਿਰਹ ਲਾਈ ਕਿ ਸਰੋਤੇ ਅਸ਼ ਅਸ਼ ਕਰ ਉੱਠੇ, ਤੁਹਾਡੇ ਨਾਲ ਉਹ ਸ਼ਿਅਰ ਸਾਂਝਾ ਕਰਦੇ ਹਾਂ- ਹੋ ਸਕਦਾ ਹੈ ਕਿ ਅਸੀਂ ਸਹੀ ਸ਼ਿਅਰ ਨਾ ਕਹਿ ਸਕੀਏ ,ਪਰ ਓਮਾਜ ਵਾਲੇ ਸ਼ਬਦ ਬਾਰੇ ਕੋਈ ਭੂਲੇਖਾ ਨਹੀਂ-
ਜ਼ੁਲਫ ਬਲ ਖਾਤੀ ਹੈ ਰੁਖ ਪੇ ਯੂੰ ਮਿਰੇ ਘਨਸ਼ਾਮ ਕੇ;
ਵੁਹ ਹੈਂ ਕ਼ਾਫ਼ਿਰ ਜੋ ਕਿ ਸ਼ੈਦਾਈ ਨਹੀਂ ਇਸ ਲਾਮ ਕੇ ।
ਉਰਦੂ ਜ਼ੁਬਾਨ ਵਿੱਚ ਲਾਮ ਵਾਲਾਂ ਦੀ ਲਿਟ ਨੂੰ ਕਿਹਾ ਜਾਂਦਾ ਹੈ।
ਉਪਰੋਕਤ  ਸ਼ਿਅਰ ਵਿੱਚ ਇਸਲਾਮ ਸ਼ਬਦ ਦੋਹਰੇ ਅਰਥਾਂ ਵਿੱਚ ਵਰਤਿਆ ਗਿਆ ਹੈ, ਸੋ ਇਸ ਸ਼ਿਅਰ ਵਿੱਚ ਓਮਾਜ ਦੀ ਖ਼ੂਬੀ ਪੈਦਾ ਹੋ ਗਈ ।

ਹੁਸਨ-ਏ-ਤਰਤੀਬ-ਹੁਸਨ -ਏ ਤਰਤੀਬ ਦਾ ਅਰਥ ਹੈ ਸ਼ਬਦਾਂ ਨੂੰ ਤਰਤੀਬ ਅਨੁਸਾਰ ਰੱਖਣਾ , ਜਦੋਂ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਸ਼ਬਦਾਂ ਨੂੰ ਲੜ੍ਹੀਵਾਰ ਇਸ ਤਰ੍ਹਾਂ ਵਿੱਚ ਰੱਖਦਾ ਹੈ ਜਿਵੇਂ -ਦਿਨ,ਮਹੀਨਾ,ਸਾਲ,ਤਾਂ ਓਸ ਸ਼ਿਅਰ ਵਿੱਚ
ਹੁਸਨ-ਏ-ਤਰਤੀਬ ਦੀ ਖ਼ੂਬੀ ਪੈਦਾ ਹੋ ਜਾਂਦੀ ਹੈ,ਜਿਵੇਂ-
ਜ਼ਿਦਗੀ ਜ਼ਿੰਦਾਦਿਲੀ ਦਾ ਪਿਆਮ ਹੈ, ਮੌਤ ਹੀ ਮੁਰਦਾਦਿਲੀ ਦਾ ਨਾਮ ਹੈ,
ਹੋ ਰਹੀ ਹੈ ਜ਼ਿੰਦਗੀ ਏਦਾਂ ਬਤੀਤ,ਹੁਣ ਸੁਬਹ,ਹੁਣ ਦੋਪਹਿਰ,ਹੁਣ ਸ਼ਾਮ ਹੈ ।
ਉਪਰੋਕਤ ਸ਼ਿਅਰ ਵਿੱਚ ਸ਼ਾਇਰ ਨੇ,ਸੁਬਹ,ਦੋਪਹਿਰ, ਸਾਂਮ ਤਰਤੀਬ ਅਨੁਸਾਰ ਰੱਖੇ ਹਨ । ਇਸ ਕਰਕੇ ਇਸ ਸ਼ਿਅਰ ਵਿੱਚ ਹੁਸਨ-ਏ ਤਰਤੀਬ ਦੀ ਖ਼ੂਬੀ ਪੈਦਾ ਹੋ ਗਈ ।

ਈਜਾਜ਼- ਈਜਜ਼ ਦਾ ਅਰਥ ਹੁੰਦੈ ,ਸੰਖੇਪਤਾ। ਜਦੋਂ ਕੋਈ ਸ਼ਾਇਰ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਹੀ ਪੂਰੀ ਕਹਾਣੀ ਬਿਆਨ ਕਰ ਦੇਵੇ ਤਾਂ ਉਸ ਖ਼ੂਬੀ ਨੂੰ ਈਜਾਜ਼ ਕਹਿੰਦੇ ਹਨ। ਜਿਵੇਂ-
ਪੈਰੀਂ ਝਾਂਜਰ,ਹੋਠੀਂ ਤਾਲਾ ,ਲੁਕਵੇਂ ਹੰਝ,
ਦਿਲ ਦੇ ਬਦਲੇ ਤੁਹਫ਼ੇ ਤਾਂ ਵਡਮੁੱਲੇ ਨੇ    (  ਰਤਨੀਵ )
ਉਪਰੋਕਤ ਸਿਅਰ ਵਿੱਚ ਸ਼ਾਇਰਾ ਨੇ ਥੋੜ੍ਹੇ ਜਹੇ ਸ਼ਬਦਾਂ ਵਿੱਚ ਹੀ ਪੂ੍ਰੀ ਕਹਾਣੀ ਬਿਆਨ ਕਰ ਦਿੱਤੀ ਹੈ। ਪੈਰੀਂ ਝਾਂਜਰ ,ਹੋਠਾਂ ਤੇ ਤਾਲੇ ਲੁਕਵੇਂ ਹੰਝੂ ਸਿਰਫ਼ ਇਹ ਤਿੰਨੇ ਸ਼ਬਦ ਇੱਕ ਪੂਰੀ ਕਹਾਣੀ ਬਿਆਨ ਕਰ ਦਿੰਦੇ ਹਨ। ਸੋ ਇਸ ਤਰਾਂ ਏਸ ਸ਼ਿਅਰ ਵਿੱਚ ਈਜਜ਼ ਦੀ ਖ਼ੂਬੀ ਪੈਦਾ ਹੋ ਗਈ ਹੈ।
ਇਨਸ਼ਾ-ਦਾ ਅਰਥ ਹੈ ਬਾਤ ਪੈਦਾ ਕਰਨੀ। ਇਨਸ਼ਾ ਉਸ ਵਾਕ ਨੂੰ ਕਿਹਾ ਜਾਂਦਾ ਹੈ ਜਿਸ ਵਾਕ ਵਿੱਚ ਦਰਦ,ਖਾਹਿਸ਼ ਤੇ ਹੈਰਾਨੀ ਦੇ ਭਾਵ ਹੋਣ। ਇੱਕ ਸਧਾਰਣ ਖ਼ਬਰ ਨੂੰ ਵੀ ਸ਼ਾਇਰ ਆਪਣੇ ਕਮਾਲ ਨਾਲ ਇਨਸ਼ਾ ਬਣਾ ਲੈਂਦੇ ਹਨ। ਮਿਸਾਲ ਵਜ਼ੋਂ -
ਉਹ ਮਟਕ ਮਟਕ ਆਏ ,ਮੇਰੇ ਨਾਲ ਲੱਗਕੇ ਬਹਿ ਗਏ,
ਮੈਂਨੂੰ ਇਵੇਂ ਸੀ ਲੱਗਾ,ਜੀਕਣ ਮੈਂ ਖ਼ਾਬ ਡਿੱਠਾ ।
ਜੇ ਉਪਰੋਕਤ ਸ਼ਿਅਰ ਵਿੱਚ ਏਨੀ ਗੱਲ ਕਹੀ ਹੁੰਦੀ ਕਿ ਉਹ ਮੇਕ ਮਟਕ ਆਏ, ਮੇਰੇ ਨਾਲ ਲੱਗਕੇ ਬਹਿ ਗਏ,ਤਾਂ ਇਹ ਇੱਕ ਸਧਾਰਣ ਗੱਲ ਹੋਣੀ ਸੀ। ਪਰ ਮੈਨੂੰ ਇਵੇਂ ਸੀ ਲੱਗਾ ,ਜੀਕਣ ਮੈਂ ਖ਼ਾਬ ਡਿੱਠਾ। ਕਹਿਣ ਨਾਲ ਸ਼ਿਅਰ ਵਿੱਚ ਖ਼ੂਬਸੂਰਤੀ ਤੇ ਲੁਤਖ਼ ਪੈਦਾ ਹੋ ਗਿਆ ਹੇ
ਇਸ ਤਰਾਂ ਇਸ ਸ਼ਿਅਰ ਵਿੱਚ ਇਨਸ਼ਾ ਦੀ ਖ਼ੂਬੀ ਪੈਦਾ ਹੋ ਗਈ।

ਤਕਸੀਮ-( ਵੰਡਣਾ ) ਜਦੋਂ ਸ਼ਾਇਰ ਆਪਣੇ ਸ਼ਿਅਰ ਵਿੱਚ ਕੁਝ ਚੀਜ਼ਾਂ ਇਕੱਠੀਆਂ ਕਰਕੇ ਅੱਗੇ ਵੰਡਦਾ ਹੈ ਤਾਂ ਸ਼ਿਅਰ ਵਿੱਚ ਤਕਸੀਮ ਦੀ ਖ਼ੂਬੀ ਪੈਦਾ ਹੋ ਜਾਂਦੀ ਹੈ। ਉਦਾਹਰਣ ਦੇ ਤੌਰ ਤੇ-
ਆਡ  ਦਾ ਪਾਣੀ, ਖ਼ੂਸਬੂ, ਰਸਤਾ, ਖੰਭ, ਕ਼ਲਮ, ਰੰਗ, ਨੂਰ,
ਦਿਲ ਕਰਦੈ ਸਰਹੱਦੀ ਤੈਨੂੰ , ਇਹ ਸਭ ਲਕਬ ਦਿਆਂ।  (  ਸੁਲੱਖਣ  ਸਰਹੱਦੀ )
ਉਪਰੋਕਤ ਸ਼ਿਅਰ ਵਿੱਚ ਸ਼ਾਇਰ ਨੇ ਕੁਝ ਚੀਜ਼ਾਂ ਇਕੱਠੀਆਂ ਕਰਕੇ ਅੱਗੇ ਵੰਡ ਦਿੱਤੀਆਂ ਹਨ,
 ਇਸ ਤਰਾਂ ਇਸ ਸ਼ਿਅਰ ਵਿੱਚ ਤਕਸੀਮ ਦੀ ਖ਼ੂਬੀ ਪੈਦਾ ਹੋ ਗਈ ਹੈ।

ਈਹਾਮ- ਦਾ ਅਰਥ ਹੈ ਭੁਲੇਖਾ ਪਾਉਣਾ। ਜਦੋਂ ਕੋਈ ਸ਼ਾਇਰ ਆਪਣੇ ਸ਼ਿਅਰ ਵਿੱਚ ਕੋਈ ਅਜੇਹਾ ਸ਼ਬਦ ਵਰਤੇ ਜਿਸਦੇ ਦੋ ਅਰਥ ਨਿਕਲਦੇ ਹੋਣ , ਇੱਕ ਨੇੜ੍ਹੇ ਦਾ ,ਇੱਕ ਦੂਰ ਦਾ । ਸ਼ਾਇਰ ਦਾ ਮੰਤਵ ਦੂਰ ਦੇ ਅਰਥਾਂ ਤੋਂ ਹੋਵੇ ,ਪਰ ਸਰੋਤਾ ਜਾਂ ਪਾਠਕ ਨੇੜ੍ਹੇ ਦੇ ਅਰਥ ਕੱਢੇ ਤਾਂ ਸ਼ਿੳਰ ਵਿੱਚ ਈਹਾਮ ਦੀ ਖ਼ੂਬੀ ਪੈਦਾ ਹੋ ਜਾਂਦੀ ਹੈ।ਮਿਸਾਲ ਵਜ਼ੋਂ-
ਉਸਨੂੰ ਕਿਸਨੇ ਆਖਿਆ ਝੂਠੀ ਕਸਮ ।   (  ਗੁਰਚਰਨ ਕੌਰ ਕੋਚਰ )
ਖਾਣ ਵਾਲੀ ਚੀਜ਼ ਹੈ, ਖਾਇਆ ਕਰੋ।
ਉਪਰੋਕਤ ਸ਼ਿਅਰ ਵਿੱਚ ਇਹੋ ਖ਼ੂਬੀ ਹੈ।

ਚਾਰਖਾਨਾ-ਜਦੋਂ ਹਰ ਸ਼ਿਅਰ ਚਾਰ  ਵਿੱਚ ਵੰਡਿਆ ਹੋਵੇ ਤੇ ਹਰ ਹਿੱਸੇ ਵਿੱਚ ਵਿੱਚ ਨਵਾਂ ਕਾਫੀਆ ਹੋਵੇ ਤਾਂ ਓਸ ਸ਼ਿਅਰ ਵਿੱਚ ਚਾਰ ਖਾਨੇ ਦੀ ਖੂਬੀ ਪੈਦਾ ਹੋ ਜਾਂਦੀ ਹੈ। ਇਹ ਖੂਬੀ ਸਿਰਫ਼ ਲੰਮੀਆਂ ਬਹਿਰਾਂ ਵਿੱਚ ਹੀ ਪੈਦਾ ਹੋ ਸਕਦੀ ਹੈ,ਜਿਨਹਾ ਵਿੱਚ  ਰੁਕਨਾਂ ਦੇ ਦੋ ਦੋ ਟੋਟੇ ਕਰਕੇ  ਕਾਫ਼ੀਆਬੰਦ  ਕੀਤਾ ਜਾਂਦਾ ਹੈ। ਮਿਸਾਲ ਦੇ ਤੌਰ ਤੇ-
ਅਸੀਂ ਤਾਂ ਫਿਰਦੇ ਮਲੰਗ ਹੋਏ, ਤੇ ਜ਼ਿੰਦਗੀ ਤੋਂ ਹਾਂ ਤੰਗ ਹੋਏ,
ਤੁਸੀਂ  ਵੀ ਦਿਲਬਰ ਨਾ ਸੰਗ ਹੋਏ,ਅਜੇਹਾ ਜੀਣਾ ਨਿਸੰਗ ਹੋਏ।
ਨਾ ਪੁੱਛੋ ਕਿ ਸ਼ਬ ਕਿਵੇਂ ਬਿਤਾਈ, ਨਾ ਚੈਨ ਆਇਆ ਨਾ ਨੀਂਦ ਆਈ,
ਸਿਤਾਰੇ ਦਿੰਦੇ ਰਹੇ ਦੁਹਾਈ, ਵਿਚਾਰੇ ਤਕ ਤਕ ਕੇ  ਦੰਗ ਹੋਏ।
ਉਪਰੋਕਤ ਸ਼ਿਅਰ ਵਿੱਚ  ਮਲੰਗ, ਤੰਗ , ਸੰਗ, ਨਿਸੰਗ, ਪਹਿਲੀ ਤੁਕ ਵਿੱਚ  ਤੇ ਦੂਜਿ ਤੁਕ ਵਿੱਚ ਬਿਤਾਈ, ਆਈ, ਦੁਹਾਈ, ਵਗੈਰਾ ਚਾਰ ਚਾਰ ਕਾਫੀਏ ਸ਼ਿਅਰ ਵਿੱਚ ਚਾਰ ਖਾਨਾ ਦੀ ਖੂਬੀ ਪੈਦਾ ਕਰਦੇ ਹਨ।

ਤਰਸੀਹ ( ਨਗੀਨੇ ਜੜ੍ਹਨਾ )
ਤਰਸੀਹ ਦਾ ਅਰਥ ਹੈ ਨਗੀਨੇ ਜੜ੍ਹਨਾ, ਇਹ ਸ਼ਬਦ ਵੈਸੇ ਤਾਂ ਸਵਰਨਕਾਰਾਂ ਦੇ ਕਿੱਤੇ ਨਾਲ ਸਬੰਧਤ ਹੈ ਕਿਉਂਕਿ ਸਵਰਨਕਾਰ ਗਹਿਣੇ ਘੜ੍ਹਦਿਆਂ ਹੋਇਆਂ  ਗਹਿਣਿਆਂ ਵਿੱਚ ਨਗੀਨੇ ਜੜ੍ਹਦੇ ਹਨ, ਇਸ ਤਰ੍ਹਾਂ ਗਹਿਣਿਆਂ ਦੀ ਖ਼ੂਬਸੂਰਤੀ ਵਧ ਜਾਂਦੀ ਹੈ, ਐਪਰ ਸ਼ਾਇਰਾਨਾ ਜ਼ੁਬਾਨ ਵਿੱਚ ਜਦੋਂ ਕੋਈ ਸ਼ਾਇਰ ਦੋ ਤੁਕਾਂ ਵਿੱਚ ਕੁਝ ਅਜੇਹੇ ਸ਼ਬਦ ਵਰਤਦਾ ਹੈ, ਜਿਨ੍ਹਾਂ ਸ਼ਬਦਾਂ ਦਾ ਕ੍ਰਮਵਾਰ ਕਾਫੀਆ ਵੀ ਮਿਲਦਾ ਹੋਵੇ ਤੇ ਉਹ ਆਪਸ ਵਿੱਚ ਹਮਵਜ਼ਨ ਵੀ ਹੋਣ ,ਤਾਂ ਇਸ ਖ਼ੂਬੀ ਨੂੰ  ਤਰਸੀਹ ਯਾਨੀ ਨਗੀਨੇ ਜੜ੍ਹਨਾ ਕਿਹਾ ਜਾਂਦਾ ਹੈ। ਮਿਸਾਲ ਦੇ ਤੌਰ ਤੇ-

ਨਾਮ ਤੇਰਾ ਹੈ, ਜ਼ਿੰਦਗੀ ਮੇਰੀ ,
ਕਾਮ ਮੇਰਾ ਹੈ ,ਬੰਦਗੀ ਤੇਰੀ।

ਉਪਰੋਕਤ ਸ਼ਿਅਰ  ਦੀਆਂ ਦੋਨਾਂ ਤੁਕਾਂ ਵਿੱਚ ਕ੍ਰਮਵਾਰ , ਨਾਮ,ਕਾਮ, ਤੇਰਾ, ਮੇਰਾ,  ਜ਼ਿਦਗੀ, ਬੰਦਗੀ, ਮੇਰੀ, ਤੇਰੀ, ਸ਼ਬਦ  ਆਪਸ ਵਿੱਚ ਕਾਫੀਆਬੰਦ ਵੀ ਹਨ ਤੇ ਹਮਵਜ਼ਨ ਵੀ। ਇਸ ਤਰ੍ਹਾਂ ਇਸ ਸ਼ਿਅਰ ਵਿੱਚ ਤਰਸੀਹ ਦੀ ਖ਼ੂਬੀ ਪੈਦਾ ਹੋ ਗਈ ਹੈ।

ਨਾਜ਼ੁਕ-ਬਿਆਨੀ -    ਨਾਜ਼ੁਕ ਬਿਆਨੀ ਸ਼ਿਅਰ ਵਿੱਚ ਅੰਤਾਂ ਦੀ ਖ਼ੂਬਸੂਰਤੀ ਪੈਦਾ ਕਰ ਦਿੰਦੀ ਹੈ। ਸ਼ਾਇਰ ਜਦੋਂ  ਕਿਸੇ ਖਿਆਲ ਨੂੰ ਨਾਜ਼ੁਕਤਾ ਨਾਲ ਬਿਆਨ ਕਰਦਾ ਹੈ ਤਾਂ ਪਾਠਕ ਜਾਂ ਸਰੋਤੇ ਦੇ ਮੂੰਹੋਂ ਬਦੋ ਬਦੀ ਵਾਹ ਤੇ ਆਹ ਨਿਕਲ ਜਾਂਦੀਆਂ ਹਨ। ਨਾਜ਼ੁਕ ਬਿਆਨੀ ਦੀ   ਇੱਕ ਮਿਸਾਲ ਪੇਸ਼ ਹੈ-
ਫੁੱਲ ਦੀ ਪੱਤੀ ਵੀ, ਕਰ ਸਕਦੀ ਹੈ ਕੋਈ ਹਾਦਸਾ,
ਲਾਜ਼ਮੀ ਹੁੰਦਾ ਨਹੀਂ, ਪੱਥਰ ਹੀ ਠੋਕਰ ਵਾਸਤੇ।    (   ਜਸਵਿੰਦਰ  )

ਉਪਰੋਕਤ ਸ਼ਿਅਰ ਨਾਜ਼ੁਕ ਬਿਆਨੀ ਦੀ ਖ਼ੂਬਸੂਰਤ ਮਿਸਾਲ ਹੈ।

ਆਧੁਨਿੱਕਤਾ-ਬਦਲਦੇ ਸਮੇਂ ਅਨੁਸਾਰ ਪੰਜਾਬੀ ਗ਼ਜ਼ਲ ਵੀ ਸਮੇਂ ਦੀ ਹਾਣੀ ਹੁੰਦੀ ਰਹੀ ਹੈ।ਇਹ ਹਮੇਸ਼ਾਂ  ਨਵੇਂ ਵਿਚਾਰ, ਆਪਣੇ ਵਿੱਚ ਸਮਾਉਂਦੀ ਰਹੀ ਹੈ । ਜਿਵੇਂ  ਕਿ-
ਇਨ੍ਹਾਂ ਨੂੰ ਕੁਝ ਸਮਾਜਿਕ ਹੋਣ ਬਾਰੇ ਵੀ ਤੁਸੀਂ ਦੱਸੋ,
ਇਕੱਲਾ ਬੱਚਿਆਂ ਨੂੰ ਕਰਦੈ ਇੰਟਰਨੈੱਟ ਦਾ ਚੁੰਬਕ।

ਕਿਸੇ ਚੀਜ਼ ਖਾਤਰ , ਕਿਤੇ ਵਿਕ ਨਾ ਜਾਵਾਂ,
ਬਹੁਤ ਡਰ ਗਿਆਂ ਹਾਂ ਮੈਂ, ਬਾਜ਼ਾਰ  ਆਕੇ ।     (  ਦਵਿੰਦਰ ਪੂਨੀਆਂ  )

ਉਪਰੋਕਤ ਦੋਵੇਂ ਸ਼ਿਅਰ ਨਵੇਂ  ਭਾਵ-ਬੋਧ ਨੂੰ ਪ੍ਰਗਟਉਂਦੇ ਹਨ।
ਯਥਾਰਥਵਾਦ  ਜਾਂ ਹਕੀਕਤ  ਬਿਆਨੀ-ਜ਼ਿੰਦਗੀ ਦੀਆਂ ਹਕੀਕਤਾਂ ਨੂੰ  ਸ਼ਿਅਰ ਵਿੱਚ ਬਿਆਨ ਕਰਨਾ ਵੀ ਸ਼ਿਅਰ ਦੀ ਖ਼ੂਬੀ ਗਿਣੀ ਜਾਦੀ ਹੈ।ਜਿਵੇਂ
ਅਜੋਕੇ ਦੌਰ ਵਿੱਚ ਕੁਝ ਐਸੀਆਂ ਵੀ ਮੰਡੀਆਂ ਤੱਕੀਆਂ।     (   ਹਰਚਰਨ ਸ਼ਰੀਫ )
ਉਪਰੋਕਤ ਸ਼ਿਅਰਾਂ ਵਿੱਚ ਜ਼ਿੰਦਗੀ ਦੀਆਂ ਹਕੀਕਤਾਂ ਬਿਆਨੀਆਂ ਗਈਆਂ ਹਨ,।

 ਸ਼ੋਜ਼- ਓ- ਗੁਦਾਜ਼-    (    ਦਰਦ  ਤੇ  ਤੜ੍ਹਪ  ) -   ਸ਼ਿਅਰ ਵਿੱਚ  ਦਰਦ ਤੇ ਤੜ੍ਹਪ ਪੈਦਾ ਕਰਨੀ  ਸ਼ਿਅਰ ਦੀ ਖੂਬੀ ਮੰਨੀ ਜਾਂਦੀ ਹੈ ਦਰਦ ਤੇ ਤੜ੍ਹਪ ਹੀ ਸ਼ਿਅਰਾਂ ਵਿੱਚ ਤਾਸੀਰ ਪੈਦਾ ਕਰਦੇ ਹਨ। ਜਿਵੇਂ-

 ਖ਼ੂਸ਼ੀਆਂ ਨਹੀਂ ਤਾਂ ਨਾ ਸਹੀ,  ਹਉਕਾ ਤਾਂ ਭਰ ਸਕਾਂ,
 ਐਨਾ ਕੁ  ਹਕ ਤਾਂ ਦੇ, ਤੇਰੇ ਪਹਿਲੂ ਚ, ਮਰ ਸਕਾਂ।

 ਸੰਜਮ ਦੇ ਵਰ੍ਹ  ਤੂੰ , ਮੇਰੀ ਪਿਆਸ ਤੇ ਨਾ ਜਾ,
 ਐਨੀ ਨਮੀ ਨਾ ਨਾ ਦੇ  ਕਿ ਮੈਂ, ਔੜ੍ਹਾਂ ਨਾ ਜਰ ਸਕਾਂ।

 ਉਪਰੋਕਤ ਸ਼ਿਅਰਾਂ  ਵਿੱਚ  ਦਰਦ ਦੀ ਏਨੀ ਸ਼ਿੱਦਤ ਹੈ ਕਿ ਇਹ ਸ਼ਿਅਰ ਵਾਰ ਵਾਰ ਸੁਣਨ ਨੂੰ ਜੀਅ ਕਰਦਾ ਹੈ।

ਤੁਗ਼ਜ਼ਲ-ਤੁਗ਼ਜ਼ਲ ਸ਼ਿਅਰ ਦੀ  ਇੱਕ ਅਹਿਮ ਖ਼ੂਬੀ ਮੰਨਿਆ ਜਾਂਦਾ ਹੈ। ਤੁਗ਼ਜ਼ਲ ਭਰਪੂਰ ਸ਼ਿਅਰ ਉਹ ਹੁੰਦਾ ਹੈ  ਜਿਸ  ਵਿੱਚ ਮੁਹੱਬਤ ਦਾ  ਦਿਲ ਪਿਘਲਾ ਦੇਣ ਵਾਲਾ ਬਿਆਨ ਹੋਵੇ। ਤੁਗ਼ਜ਼ਲ ਸ਼ਿਅਰ ਦੀ ਜਿੰਦਜਾਨ ਮੰਨਿਆ ਜਾਂਦਾ ਹੈ। ਮਿਸਾਲ ਵਜ਼ੋਂ ਹੇਠ ਲਿਖੇ ਸ਼ਿਅਰ ਹਾਜ਼ਰ ਹਨ-

ਤੂੰ ਜੇ ਆਖੇਂ ਤਾਂ ਮਹੁਰਾ ਵੀ ਹਸ ਖਾ ਲਵਾਂ,
ਤੂੰ ਜੇ ਆਖੇਂ ਤਾਂ ਮੈਂ ਦੂਜਾ ਸਾਹ ਨਾ ਲਵਾਂ।
ਤੇਰੇ ਇਸ਼ਕ ਚ, ਪਾਗਲ ਹੋਈ ਰਾਂਝਣਾਂ,
ਬੇਲੇ ਹਿਜਰਾਂ ਦੇ ਦਿਨ ਰਾਤ ਗਾਹੁੰਦੀ  ਹਾਂ ਮੈਂ। (    ਸਿਮਰਨਜੋਤ ਮਾਨ  )

ਬੱਦਲੀ ਨਾ ਅਪਣੇ ਮੋਹ ਦੀ ਕਰ ਬੇਕਰਾਰ ਏਨੀ,
ਤੂੰ  ਠਹਿਰ ਹਾਲੇ ਮੇਰੇ ਦਿਲ ਨੇ ਜ਼ਮੀਨ ਹੋਣਾ।  (   ਅਨੂ ਬਾਲਾ  )

ਉਪਰੋਕਤ ਸ਼ਿਅਰ ਤੁਗ਼ਜ਼ਲ ਭਰਪੂਰ ਸ਼ਿਅਰ ਹਨ।

ਪਿਆਰੇ ਦੋਸਤੋ  ਇਨ੍ਹਾਂ ਖੂਬੀਆਂ ਤੋਂ ਇਲਾਵਾ ਕਾਫੀਏ ਸਬੰਧੀ ਖ਼ੂਬੀਆਂ, ਜਿਵੇਂ ਯਕ ਕਾਫੀਆ ਗ਼ਜ਼ਲ , ਜਿਸ ਵਿੱਚ ਸਾਰੀ ਗ਼ਜ਼ਲ ਵਿੱਚ ਇੱਕੋ ਕਾਫੀਆ (  ਯਕ ਕਾਫੀਆ ਗ਼ਜ਼ਲ ) ਗ਼ਜ਼ਲ ਜਿਸ ਵਿੱਚ ਇੱਕੋ ਕਾਫੀਆਂ ਵਰਤਿਆ ਜਾਵੇ,ਪਰ ਸ਼ਰਤ ਇਹ ਹੈ ਕਿ ਉਸਦਾ ਅਰਥ ਹਰ ਸ਼ਿਅਰ ਵਿੱਚ ਵੱਖੋ ਵੱਖਰਾ ਹੋਵੇ।

ਦੂਹਰੇ  ਕਾਫੀਏ   ਵਾਲੀ  ਗ਼ਜ਼ਲ-  ( ਜੂ ਕਾਫੀਆ ਗ਼ਜ਼ਲ )  -ਜਿਸ ਗ਼ਜ਼ਲ ਵਿੱਚ ਦੂਹਰਾ ਕਾਫੀਆਂ ਨਿਭਾਇਆ ਜਾਵੇ।

ਤੀਹਰੇ  ਕਾਫੀਏ ਵਾਲੀ ,ਚੌਹਰੇ ਕਾਫੀਏ ਵਾਲੀ ਤੇ ਤੀਕ ਕਿ  ਛੇ ਕਾਫੀਏ ਵਾਲੀ  ਗ਼ਜ਼ਲ ਵੀ ਲਿਖੀ ਜਾ ਸਕਦੀ ਹੈ। ਕਾਫੀਏ ਦੀ ਪਛਾਣ  ਤੁਸੀਂ ਆਪ ਹੀ ਕਰ ਲੈਣੀ ਹੈ ,ਏਸ ਕਰਕੇ  ਅਸੀਂ  ਉਦਾਹਰਣਾਂ  ਦੇਣੀਆਂ ਜ਼ਰੂਰੀ ਨਹੀਂ ਸਮਝਦੇ। ਗ਼ਜ਼ਲ ਦੇ  ਸ਼ਿਅਰਾਂ ਦੀਆਂ ਉਦਾਹਰਣਾਂ ਅਸੀਂ  ਸਾਡੇ ਕੋਲ ਉਪਲਭਦ ਸਮੱਗਰੀ  ਵਿੱਚੋਂ  ਹੀ ਦੇ ਸਕੇ ਹਾਂ, ਇਸਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਸ਼ਾਇਰ ਨਾਲ ਵਿਤਕਰਾ ਕਰਦੇ ਹਾਂ, ਅਸੀਂ ਸਾਰੇ ਸ਼ਾਇਰਾਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ। ਅਸੀਂ ਆਪਣੇ ਸ਼ਿਅਰਾਂ ਦੀ ਮਿਸਾਲ ਸਿਰਫ ਓਸ ਵੇਲੇ ਹੀ ਦਿੱਤੀ ਹੈ ਜਦੋਂ ਸਾਨੂੰ ਉਪਲਬਦ ਸਮੱਗਰੀ ਵਿੱਚੋਂ ਕੋਈ ਹੋਰ ਮਿਸਾਲ ਨਹੀਂ ਮਿਲੀ।






ਗ਼ਜ਼ਲ ਦੇ ਸ਼ਿਅਰਾਂ ਦੇ ਦੋਸ਼

ਗ਼ਜ਼ਲ ਦੇ  ਸ਼ਿਅਰਾਂ ਦੇ ਦੋਸ਼

ਪਿਆਰੇ ਦੋਸਤੋ ਗ਼ਜ਼ਲ ਪੰਜਾਬੀ ਵਿੱਚ ਏਨੀ ਕੁ ਹਰਮਨ ਪਿਆਰੀ ਹੋ ਚੁੱਕੀ ਹੈ ਕਿ  ਉਹ ਸ਼ਾਇਰ, ਜਿਹੜੇ ਗ਼ਜ਼ਲ ਨੂੰ ਕਾਵਿ-ਰੂਪ ਦੇ ਤੌਰ ਤੇ ਗੌਲ਼ਦੇ ਵੀ ਨਹੀ ਸਨ, ਉਨ੍ਹਾਂ ਦਾ ਰੁਝਾਨ ਵੀ ਗ਼ਜ਼ਲ ਵੱਲ ਨੂੰ ਹੋ ਤੁਰਿਆ ਹੈ । ਗ਼ਜ਼ਲ ਲਿਖਣ ਤੋਂ ਪਹਿਲਾਂ, ਗ਼ਜ਼ਲ ਦੇ ਵਿਧੀ-ਵਿਧਾਨ ਬਾਰੇ ਜਾਣਕਾਰੀ ਹਾਸਲ ਕਰਨੀ ਬੇ-ਹੱਦ ਜ਼ਰੂਰੀ ਹੈ । ਹਾਲੇ ਕਿ ਕੁਝ ਸ਼ਾਇਰਾਂ ਨੂੰ ਤਾਂ ਗ਼ਜ਼ਲ ਦੇ ਵਿਧੀ ਵਿਧਾਨ ਬਾਰੇ ਜਾਣਕਾਰੀ ਦੇਣ ਵਾਲਾ ਕੋਈ ਮਿਲਦਾ ਹੀ ਨਹੀ , ਅਤੇ ਕੁਝ ਸ਼ਾਇਰ ਕਿਸੇ ਤੋਂ ਜਾਣਕਾਰੀ ਲੈਣਾ ਆਪਣੀ ਸ਼ਾਨ ਦੇ ਖਿਲਾਫ਼ ਸਮਝਦੇ ਹਨ ।  ਗ਼ਜ਼ਲ ਪੰਜਾਬੀ ਵਿੱਚ ਭਾਵੇਂ ਲਿਖੀ ਤਾਂ ਧੜਾਧੜ ਜਾ ਰਹੀ ਹੈ ਪਰ ਬਹੁਤੀਆਂ ਪੰਜਾਬੀ ਗ਼ਜ਼ਲਾਂ ਵਿੱਚ ਪੁਖ਼ਤਗੀ  ਨਜ਼ਰ ਨਹੀ ਆਉਂਦੀ , ਜਿਹੜੀ ਕੀ ਗ਼ਜ਼ਲ ਵਿੱਚ ਹੋਣੀ ਚਾਹੀਦੀ ਹੈ । ਸ਼ਾਇਰਾਂ ਦੇ ਅਵੇਸਲ਼ੇ ਹੋਣ ਕਰਕੇ ਜਾਂ ਫਿਰ ਉਹਨਾਂ ਦੇ ਫਨੇ-ਸ਼ਾਇਰੀ ਤੋਂ ਕੋਰੇ ਹੋਣ ਕਰਕੇ ਉਹਨਾਂ ਦੀਆਂ ਗ਼ਜ਼ਲਾਂ ਵਿੱਚ ਕੁਛ ਊਣਤਾਈਆਂ ਰਹਿ ਜਾਣੀਆਂ ਸੁਭਾਵਿਕ ਹੀ ਹਨ । ਜੇ ਸ਼ਾਇਰ ਨੂੰ ਆਪਣੇ ਸ਼ਿਅਰਾਂ ਵਿੱਚ ਰਹਿ ਗਈਆਂ ਊਣਤਾਈਆਂ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਉਹ ਖ਼ੁਦ ਹੀ ਇਹਨਾਂ ਨੂੰ ਦੂਰ ਕਰਕੇ ਸ਼ਿਅਰ ਹੋਰ ਵੀ ਖ਼ੂਬਸੂਰਤ ਬਣਾ ਸਕਦਾ ਹੈ, ਜਾਂ ਕਿਸੇ ਉਸਤਾਦ ਸ਼ਾਇਰ ਕੋਲੋਂ ਇਸਲਾਹ ਲੈ ਸਕਦਾ ਹੈ । ਪਿਆਰੇ ਦੋਸਤੋ-
"ਜੀ ਸਦਕੇ ਕਹੀਏ ਗ਼ਜ਼ਲ, ਰਹੀਏ ਪਰ ਬਾ-ਹੋਸ਼,
ਆਉ ਕ੍ਰਿਸ਼ਨ ਪਛਾਣੀਂਏ, ਸ਼ਿਅਰਾਂ ਦੇ ਕੁਛ ਦੋਸ਼ ।"
ਗ਼ਜ਼ਲ ਦੇ ਸ਼ਿਅਰਾਂ ਵਿੱਚ ਰਹਿ ਗਏ ਦੋਸ਼ਾਂ ਦੀ ਪਛਾਣ ਕਰਦਿਆਂ, ਅਸੀਂ ਤੁਹਾਨੂੰ ਪਹਿਲਾਂ ਹੀ ਇਹ ਸਪਸ਼ਟ ਕਰ ਦੇਣਾ ਚਹੁੰਦੇ ਹਾਂ ਕਿ ਸਾਡਾ ਮੰਤਵ, ਕਿਸੇ ਵਿਸ਼ੇਸ਼ ਸ਼ਾਇਰ ਦੀਆਂ ਕਮੀਆਂ ਉਜਾਗਰ ਕਰਕੇ, ਕਿਸੇ ਸ਼ਾਇਰ ਨੂੰ ਛੁਟਿਆਉਣਾ ਨਹੀ ਸਗੋਂ ਸਮੁੱਚੀ ਗ਼ਜ਼ਲ ਦੇ ਸੰਦਰਭ ਵਿੱਚ, ਗ਼ਜ਼ਲ ਦੇ ਸ਼ਿਅਰਾਂ ਵਿੱਚ ਰਹਿ ਜਾਣ ਵਾਲੀਆਂ ਕਮੀਆਂ ਬਾਰੇ ਸੁਚੇਤ ਕਰਨਾ ਹੈ । ਅਸੀਂ ਸਾਰੇ ਸ਼ਾਇਰਾਂ ਦਾ ਤਹਿ-ਦਿਲੋਂ ਸਤਿਕਾਰ ਕਰਦੇ ਹੋਏ, ਕਿਸੇ ਵੀ ਸ਼ਾਇਰ ਦਾ ਨਾਮ ਲਏ ਬਗੈਰ, ਉਹਨਾਂ ਦੇ ਸ਼ਿਅਰਾਂ ਵਿੱਚ ਰਹਿ ਗਏ ਦੋਸ਼ਾਂ ਦੀ ਪਛਾਣ ਕਰਾਂਗੇ ।

1.  ਬੇ-ਵਜ਼ਨ ਸ਼ਿਅਰ-- ਵਜ਼ਨ ਬਹਿਰ ਕਵਿਤਾ ਦਾ ਮੁਢਲਾ ਗੁਣ ਮੰਨਿਆ ਜਾਂਦਾ ਹੈ । ਵਜ਼ਨ ਬਹਿਰ ਹੀ ਕਵਿਤਾ ਨੂੰ ਸੰਗੀਤਮਈ ਵੀ ਬਣਾਉਂਦਾ ਹੈ  ਅਤੇ  ਕਵਿਤਾ ਅਤੇ ਵਾਰਤਕ ਦਾ ਨਿਖੇੜਾ  ਕਰਨ ਦੀ ਕਸਵੱਟੀ ਵੀ ਹੈ । ਵਜ਼ਨ ਬਹਿਰ ਦੀ ਅਧੂਰੀ ਜਾਣਕਾਰੀ ਜਾਂ ਸ਼ਾਇਰਾਂ ਦੇ ਅਵੇਸਲੇਪਣ ਕਰਕੇ, ਕਈ ਵਾਰ ਕਿਸੇ ਸ਼ਿਅਰ ਦੀ ਪਹਿਲੀ ਤੁਕ ਹੋਰ ਵਜ਼ਨ ਵਿੱਚ ਕਹੀ ਜਾਂਦੀ ਹੈ ਤੇ ਦੂਜੀ ਤੁਕ ਕਿਸੇ ਹੋਰ ਵਜ਼ਨ ਵਿੱਚ, ਭਾਵੇਂ ਦੋਵੇਂ ਤੁਕਾਂ ਆਪੋ ਆਪਣੇ ਥਾਂ ਤੇ ਵਜ਼ਨ ਵਿੱਚ ਮੁਕੰਮਲ ਹੋਣ, ਪਰ ਇਸ ਸ਼ਿਅਰ ਨੂੰ ਬੇ-ਵਜ਼ਨ ਮੰਨਿਆ ਜਾਂਦਾ ਹੈ । ਜਿਵੇਂ--
"ਜਦ ਕਦੀ ਦਾਮਨ ਤੇ ਧੱਬਾ ਲੱਗਿਆ,
ਹੰਝੂ ਵਹਾ ਕੇ ਵੀ ਗਿਆ ਧੋਇਆ ਨਹੀ ।"
ਉਪਰੋਕਤ ਸ਼ਿਅਰ ਦਾ ਪਹਿਲਾ ਮਿਸਰਾ 'ਜਦ ਕਦੀ ਦਾਮਨ ਤੇ ਧੱਬਾ ਲੱਗਿਆ' ਬਹਿਰ ਰਮਲ ਮੁਸੰਮਨ ਮਹਿਜ਼ੂਫ ਵਿੱਚ ਕਿਹਾ ਗਿਆ ਹੈ, ਜਿਸ ਦੇ ਰੁਕਨ ਹਨ , ਫਾਇਲਾਤੁਨ, ਫਾਇਲਾਤੁਨ, ਫਾਇਲੁਨ । ਹੁਣ ਦੂਸਰਾ ਮਿਸਰਾ
' ਹੰਝੂ ਵਹਾ ਕੇ ਵੀ ਗਿਆ ਧੋਇਆ ਨਹੀ'
ਬਹਿਰ ਰਜਜ ਮੁਸੱਦਸ ਸਾਲਿਮ ਵਿੱਚ ਹੈ, ਜਿਸ ਦੇ ਰੁਕਨ ਹਨ , ਮੁਸਤਫ਼-ਇਲੁਨ, ਮੁਸਤਫ਼-ਇਲੁਨ, ਮੁਸਤਫ਼-ਇਲੁਨ ।
ਇਹ ਦੋਵੇਂ ਮਿਸਰੇ ਭਾਵੇਂ ਆਪੋ ਆਪਣੀਆਂ ਬਹਿਰਾਂ ਵਿੱਚ ਸਹੀ ਹਨ, ਪਰ ਫੇਰ ਵੀ ਇਸ ਸ਼ਿਅਰ ਨੂੰ ਬੇ-ਵਜ਼ਨ ਹੀ ਮੰਨਿਆ ਜਾਵੇਗਾ । ਕਿਉਂ ਕਿ ਸ਼ਿਅਰ ਦੇ ਦੋਨੋ ਮਿਸਰੇ ਹਮ-ਵਜ਼ਨ ਹੋਣੇ ਚਾਹੀਦੇ ਹਨ ।

2 ਬੇ-ਵਜ਼ਨ ਸ਼ਿਅਰ-- ਅਜਿਹੇ ਸ਼ਿਅਰ ਨੂੰ ਵੀ ਬੇ-ਵਜ਼ਨ ਹੀ ਮੰਨਿਆ ਜਾਂਦਾ ਹੈ ਜਿਸ ਵਿੱਚ ਕੋਈ ਅਜੇਹਾ ਅੱਖਰ ਜਾਂ ਸ਼ਬਦ ਆਉਂਦਾ ਹੈ, ਜੋ ਬੇ-ਲੋੜਾ ਹੋਵੇ, ਭਾਵ ਜਿਸ ਅੱਖਰ ਜਾਂ ਸ਼ਬਦ ਦੀ ਬਹਿਰ ਅਨੁਸਾਰ ਲੋੜ ਨਾ ਹੋਵੇ । ਜਿਵੇਂ--

"ਵਿੱਛੜੇ ਮਿਲਵਾਉਣ ਵਰਗਾ ਅਹਿਸਾਨ ਕਰਦਾ ਹੈ ਕੁਈ,
ਆਪ ਬੀਤੀ ਨਾਲ ਮਿਲਦੀ ਗੱਲ ਦੁਹਰਾਵੇ ਜਦੋਂ । "
ਇਹ ਸ਼ਿਅਰ ਬਹਿਰ ਰਮਲ ਮੁਸੰਮਨ ਮਹਿਜ਼ੂਫ ਵਿੱਚ ਕਿਹਾ ਗਿਆ ਹੈ, ਜਿਸ ਦਾ ਵਜ਼ਨ ਹੈ, ਫਾਇਲਾਤੁਨ, ਫਾਇਲਾਤੁਨ, ਫਾਇਲਾਤੁਨ, ਫਾਇਲਨ ਹੈ ।
ਇਸ ਬਹਿਰ ਅਨੁਸਾਰ ਪਹਿਲਾ ਮਿਸਰਾ ਇਸ ਤਰ੍ਹਾਂ ਹੋਣਾ ਚਾਹੀਦਾ ਸੀ । ਵਿੱਛੜੇ ਮਿਲਾਉਣ ਵਰਗਾ ਸਾਨ ਕਰਦਾ ਹੈ ਕੁਈ, ਇਸ ਕਰਕੇ ਅਹਿਸਾਨ ਸ਼ਬਦ ਦਾ 'ਅਹਿ' ਬੇ-ਲੋੜਾ ਹੈ, ਵਾਧੂ ਹੈ, ਇਸ ਕਰਕੇ ਇਹ ਸ਼ਿਅਰ ਵੀ ਬੇ-ਵਜ਼ਨ ਹੀ ਮੰਨਿਆ ਜਾਵੇਗਾ । ਕਿਉਂ ਕਿ ਬਹਿਰ ਕਿਸੇ 'ਲਗ ਮਾਤਰ' ਦਾ ਵਾਧੂ ਵਜ਼ਨ ਨਹੀ ਸਹਾਰਦੀ ।
3. ਬੇ-ਵਜ਼ਨ ਸ਼ਿਅਰ-- ਤੀਸਰਾ ਬੇ-ਵਜ਼ਨ ਸ਼ਿਅਰ ਉਹ ਹੁੰਦਾ ਹੈ ਜਿਹੜਾ ਕਿਸੇ ਵੀ ਬਹਿਰ ਵਿਚ ਨਾ ਆਉਂਦਾ ਹੋਵੇ , ਜਿਵੇਂ
"ਜਿਸ ਨੇ ਕਦੇ ਕੋਈ ਦੁਸ਼ਮਣ ਨਹੀ ਬਣਾਇਆ ਹੋਣਾ,
ਪਸੰਦ ਉਹ ਵੀ ਦੁਨੀਆਂ ਦੇ ਨਹੀ ਆਇਆ ਹੋਣਾ ।"
ਇਹ ਸ਼ਿਅਰ ਕਿਸੇ ਵੀ ਬਹਿਰ ਵਜ਼ਨ ਵਿੱਚ ਨਹੀ ਆਉਂਦਾ, ਭਾਵੇਂ ਕਿ ਸ਼ਾਇਰ ਨੇ ਆਪਣੇ ਜਾਣੀ , ਕਾਫ਼ੀਆ ਵੀ ਵਰਤਿਆ ਹੈ ਤੇ ਰਦੀਫ਼ ਵੀ ।
ਇਸ ਤਰ੍ਹਾਂ ਦੇ ਬੇ-ਬਹਿਰੇ ਸ਼ਿਅਰ ਕਹਿਣੇ, ਆਪਣਾ ਸਮਾਂ ਤੇ ਪ੍ਰਤਿਭਾ ਬਰਬਾਦ ਕਰਨ ਦੇ ਤੁੱਲ ਹੈ । ਪਾਣੀ ਵਰੋਲ ਕੇ ਕਦੇ ਵੀ ਮੱਖਣ ਨਹੀ ਕੱਢਿਆ ਜਾ ਸਕਦਾ । ਜੇ ਅਸੀਂ ਮਿਹਨਤ ਨਹੀ ਕਰਦੇ ਤਾਂ ਸਾਨੂੰ ਅਜਿਹੀਆਂ ਬੇ-ਬਹਿਰੀਆਂ ਗ਼ਜ਼ਲਾਂ ਲਿਖਣੀਆਂ ਛੱਡ ਕੇ ਕਵਿਤਾ ਦੀ ਕੋਈ ਹੋਰ ਸੌਖੀ ਵਿਧਾ ਅਪਣਾ ਲੈਣੀ ਚਾਹੀਦੀ ਹੈ ।

ਸਕਤਾ-- ਸਕਤਾ ਉਂਝ ਤਾਂ ਮਿਰਗੀ ਦੇ ਦੌਰੇ ਨੂੰ ਕਿਹਾ ਜਾਂਦਾ, ਜਿਸ ਵਿਅਕਤੀ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਤਾਂ ਕੁਝ ਦੇਰ ਲਈ ਉਸ ਦੇ ਅੰਗ ਬੇ-ਹਰਕਤ ਹੋ ਜਾਂਦੇ ਹਨ ਅਤੇ ਚੇਤਨਾਂ ਜਾਂਦੀ ਰਹਿੰਦੀ ਹੈ । ਅਰੂਜ਼ੀ ਪਰਿਭਾਸ਼ਾ ਅਨੁਸਾਰ ਸ਼ਿਅਰ ਵਿੱਚ ਸਕਤਾ ਉਦੋਂ ਪੈਂਦਾ ਹੈ ਜਦੋਂ ਸ਼ਾਇਰ ਆਪਣੇ ਸ਼ਿਅਰ ਵਿੱਚ ਅਜੇਹੇ ਅੱਖਰ ਗਿਰਾ ਦੇਵੇ ਜਿਨ੍ਹਾਂ ਦੇ ਗਿਰਾਉਣ ਦੀ ਇਜ਼ਾਜਤ ਨਾ ਹੋਵੇ । ਜਦੋਂ ਅਸੀਂ ਅਜਿਹਾ ਸ਼ਿਅਰ, ਉਸ ਵਿੱਚ ਵਰਤੀ ਗਈ ਬਹਿਰ ਅਨੁਸਾਰ ਪੜ੍ਹਦੇ ਹਾਂ ਅਜਿਹਾ ਸ਼ਬਦ ਪੜ੍ਹਦੇ ਸਾਰ ਹੀ ਸਾਡੀ ਜ਼ੁਬਾਨ ਅਟਕ ਜਾਂਦੀ ਹੈ , ਤੇ ਅਸੀਂ ਉਸ ਦਾ ਸਹੀ ਉਚਾਰਣ ਨਹੀ ਕਰ ਸਕਦੇ । ਇਸ ਨੂੰ ਹੀ ਸ਼ਿਅਰ ਵਿੱਚ ਸਕਤਾ ਪੈਣਾ ਕਹਿੰਦੇ ਹਨ, ਮਿਸਾਲ ਵਜ਼ੋਂ--
"ਪਿਆਰ ਤੱਕਣੀ ਤੇਰੀ ਫੁੱਲਾਂ ਦੀ ਜਿਵੇਂ ਬਰਸਾਤ ਹੈ,
ਜ਼ਿੰਦਗੀ ਦਾ ਥਲ ਇਦੇ ਸੰਗ ਸੰਗ ਲੰਘਾ ਲੈਂਦਾ ਹਾਂ ਮੈਂ ।"
ਉਪਰੋਕਤ ਸ਼ਿਅਰ ਬਹਿਰ ਰਮਲ ਮੁਸੰਮਨ ਮਹਿਜ਼ੂਫ ਵਿੱਚ ਕਿਹਾ ਗਿਆ ਹੈ, ਜਿਸ ਦੇ ਰੁਕਨ ਹਨ ਫਾਇਲਾਤੁਨ, ਫਾਇਲਾਤੁਨ, ਫਾਇਲਾਤੁਨ, ਫਾਇਲਨ ।
ਜਦੋਂ ਅਸੀਂ ਇਸ ਦਾ ਦੂਸਰਾ ਮਿਸਰਾ ਪੜ੍ਹਦੇ ਹਾਂ ਤਾਂ ਇਸ ਵਿੱਚ ਆਉਣ ਵਾਲੇ ਸ਼ਬਦ 'ਸੰਗ ਸੰਗ' ਦੀਆਂ ਦੋਵੇਂ ਟਿੱਪੀਆਂ ਗਿਰਾ ਦਿੱਤੀਆਂ ਜਾਂਦੀਆਂ ਹਨ , ਜਿਨ੍ਹਾਂ ਦੇ ਗਿਰਾਉਣ ਦੀ ਅਰੂਜ਼ੀ ਵਿਦਵਾਨਾਂ ਵੱਲੋਂ ਇਜ਼ਾਜਤ ਨਹੀ ਹੈ । ਜਦੋਂ ਅਸੀਂ ਸ਼ਿਅਰ ਨੂੰ ਇਸ ਵਿੱਚ ਦਿੱਤੀ ਗਈ ਬਹਿਰ ਅਨੁਸਾਰ ਪੜ੍ਹਦੇ ਹਾਂ ਤਾਂ 'ਸੰਗ ਸੰਗ' ਤੇ ਆ ਕੇ ਜ਼ੁਬਾਨ ਅਟਕ ਜਾਂਦੀ ਹੈ ਅਤੇ ਸਕਤਾ ਪੈਦਾ ਹੋ ਜਾਂਦਾ ਹੈ । ਸੰਗ ਸੰਗ ਨੂੰ ਇਥੇ ਸਗ ਸਗ ਦੇ ਵਜ਼ਨ ਤੇ ਬੰਨਿਆਂ ਗਿਆ ਹੈ ਜੋ ਕਿ ਅਰੂਜ਼ੀ ਨਿਯਮਾਂ ਦੇ ਬਿਲਕੁਲ ਉਲਟ ਹੈ ।

ਇਹ ਅਸੂਲ ਪੱਕੇ ਤੌਰ ਤੇ ਪੱਲੇ ਬੰਨਣ ਦੀ ਲੋੜ ਹੈ ਕਿ ਪੰਜਾਬੀ ਦੇ ਜਿਹੜੇ ਸ਼ਬਦ ਵਿੱਚ ਟਿੱਪੀ ਵਾਲੇ ਸ਼ਬਦ ਮਗਰ 'ਗ' ਮੁਕਤਾ ਯਾਨੀ ਕਿ ਮਾਤਰਾ ਤੋਂ ਬਿਨਾਂ ਲੱਗਦਾ ਹੈ, ਉਸ ਅੱਖਰ ਤੋਂ ਟਿੱਪੀ ਗਿਰਾਉਣ ਦੀ ਇਜ਼ਾਜਤ ਨਹੀ ਹੈ । । ਇਹ ਤੁਸੀਂ ਖ਼ੁਦ ਮਹਿਸੂਸ ਕਰੋਗੇ ਜਦੋਂ ਤੁਸੀਂ , ਸੰਗ, ਰੰਗ, ਵੰਗ, ਭੰਗ, ਨੰਗ ਆਦਿ ਨੂੰ ਸਗ, ਰਗ, ਵਗ, ਭਗ, ਨਗ  ਪੜੋਗੇ ਤਾਂ ਇਹਨਾਂ ਸ਼ਬਦਾਂ ਦੇ ਅਰਥਾਂ ਦੇ ਅਨਰਥ ਹੋ ਜਾਣਗੇ ।

ਐਬ ਏ ਤਅਦੀਦ, ਤਅਦੀਦ ਦੇ ਸ਼ਾਬਦਿਕ ਅਰਥ ਗੁੰਝਲ ਪੈ ਜਾਣ ਤੋਂ ਹਨ । ਪਰ ਅਰੂਜ਼ ਅਨੁਸਾਰ ਤਅਦੀਦ ਦਾ ਅਰਥ ਕਿਸੇ ਸ਼ਿਅਰ ਦੇ ਅਰਥ ਨਾ ਸਪਸ਼ਟ ਹੋਣ ਤੋਂ ਹੈ । ਇਹ ਗੁੰਝਲ ਦੋ ਤਰ੍ਹਾਂ ਦੀ ਹੁੰਦੀ ਹੈ । ਪਹਿਲੀ ਸ਼ਬਦ ਗੁੰਝਲ ਅਤੇ ਦੂਜੀ ਅਰਥ ਗੁੰਝਲ ।  ਸ਼ਬਦ ਗੁੰਝਲ ਉਦੋਂ ਕਹੀ ਜਾਂਦੀ ਹੈ ਜਦੋਂ ਸ਼ਿਅਰ ਵਿਚ ਦੋ ਨਾਲ ਨਾਲ ਆਉਣ ਵਾਲੇ ਸ਼ਬਦ ਇੱਕ ਦੂਸਰੇ ਤੋਂ ਦੂਰ ਚਲੇ ਜਾਂਦੇ ਹਨ । ਸ਼ਿਅਰ ਵਿੱਚ ਸ਼ਬਦ ਆਪਣੀ ਸਹੀ ਜਗ੍ਹਾ ਤੇ ਨਾ ਹੋਣ ਕਾਰਣ ਸ਼ਿਅਰ ਦੇ ਉਹ ਅਰਥ ਨਹੀ ਨਿੱਕਲਦੇ ਜੋ ਸ਼ਾਇਰ ਚਾਹੁੰਦਾ ਹੈ । ਗ਼ਜ਼ਲ ਦੇ ਸ਼ਿਅਰ ਵਿੱਚ ਖ਼ੂਬਸੂਰਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਢੁਕਵੇਂ ਸ਼ਬਦ ਆਪਣੀ ਢੁਕਵੀਂ ਥਾਂ ਤੇ ਹੋਣ । ਮਿਸਾਲ ਵਜ਼ੋਂ--

" ਪੋਲੇ ਪੋਲੇ ਪੱਥਰ ਤੇ ਪੱਬ ਧਰਦਾ ਹੈ,
ਤਿੜਕ ਜਾਣ ਤੋਂ ਪੰਛੀ ਕਿੰਨਾਂ ਡਰਦਾ ਹੈ ।"
ਉਪਰੋਕਤ ਸ਼ਿਅਰ ਦੇ ਦੋਹਾਂ ਮਿਸਰਿਆਂ ਵਿੱਚ ਸ਼ਬਦ ਆਪਣੇ ਅਸਲੀ ਥਾਂ ਤੋਂ ਦੂਰ ਚਲੇ ਗਏ ਹਨ । ਪਹਿਲੇ ਮਿਸਰੇ ਵਿੱਚ ਪੋਲੇ ਪੋਲੇ ਦਾ ਸਬੰਧ ਪੱਥਰ ਨਾਲ ਨਹੀ ਹੋ ਸਕਦਾ ਅਤੇ ਦੂਸਰੇ ਮਿਸਰੇ ਵਿੱਚ ਤਿੜਕ ਜਾਣ ਦਾ ਕੋਈ ਅਰਥ ਨਹੀ, ਇਹ ਗੁੰਝਲ ਦੂਰ ਹੋ ਸਕਦੀ ਸੀ ਜੇ ਇਹ ਮਤਲਾ ਇਸ ਤਰ੍ਹਾਂ ਆਖਿਆ ਜਾਂਦਾ--
"ਪੱਥਰ ਤੇ ਪੋਲੇ ਪੋਲੇ ਪੱਬ ਧਰਦਾ ਹੈ ,
ਤਿੜਕ ਨ ਜਾਵੇ ਪੱਥਰ ਪੰਛੀ ਡਰਦਾ ਹੈ ।"

ਅਰਥ ਗੁੰਝਲ--ਕਈ ਵਾਰੀ ਸ਼ਿਅਰ ਦੇ ਸ਼ਬਦਾਂ ਵਿੱਚ ਤਾਂ ਕੋਈ ਗੁੰਝਲ ਨਹੀ ਹੁੰਦੀ । ਬਹਿਰ ਕਾਫੀਆ ਰਦੀਫ਼ ਬਿਲਕੁਲ ਸਹੀ ਹੁੰਦੇ ਹਨ , ਪਰ ਸ਼ਾਇਰ ਕਹਿਣਾ ਕੀ ਚਾਹੁੰਦਾ ਹੈ , ਇਹ ਸਪਸ਼ਟ ਨਹੀ ਹੁੰਦਾ । ਮਿਸਾਲ ਵਜ਼ੋਂ--
"ਉਫ਼ ਇਹ ਲਾਚਾਰੀ ਕਿ ਪੰਛੀ ਵੇਚਦੇ ਨੇ ਪਿੰਜਰੇ,
ਉਫ਼ ਹਿਯਾਤੀ ਦੀ ਇਹ ਸੂਰਤ, ਮੌਤ ਜਿਸ ਤੋਂ ਡਰ ਗਈ ।"

ਪੰਛੀਆਂ ਦਾ ਲਾਚਾਰ ਹੋ ਪਿੰਜਰੇ ਵੇਚਣ ਨਾਲ ਸ਼ਿਅਰ ਦਾ ਕੋਈ ਅਰਥ ਸਪਸ਼ਟ ਨਹੀ ਹੁੰਦਾ । ਇਸ ਤਰ੍ਹਾਂ ਇਸ ਸ਼ਿਅਰ ਦੇ ਅਰਥਾਂ ਵਿੱਚ ਗੁੰਝਲ ਪੈ ਗਈ ਹੈ, ਅਤੇ ਇਹ ਪਤਾ ਨਹੀ ਲੱਗ ਰਿਹਾ ਕਿ ਸ਼ਾਇਰ ਕਹਿਣਾ ਕੀ ਚਾਹੁੰਦਾ ਹੈ ।

ਸ਼ੁਤਰ ਗੁਰਬਾ-- ਸ਼ੁਤਰ ਦੇ ਅਰਥ ਹਨ ਊਠ ਅਤੇ ਗੁਰਬਾ ਦੇ ਅਰਥ ਹਨ ਬਿੱਲੀ । ਅਰੂਜ਼ ਅਨੁਸਾਰ ਇਹ ਐਬ ਉਦੋਂ ਪੈਦਾ ਹੁੰਦਾ ਹੈ ਜਦੋਂ ਸ਼ਿਅਰ ਦੇ ਸੰਬੋਧਨ ਵਿੱਚ ਕਦੇ ਇੱਕ ਵਚਨ ਹੋਵੇ ਤੇ ਕਦੇ ਬਹੂਵਚਨ । ਜਿਵੇਂ--
"ਸੁਪਨਿਆਂ ਦੇ ਫਾਸਲੇ ਸਭ ਮਿਟਣ ਲਗਦੇ ਨੇ ਜਦੋਂ,
ਛਲਕਦਾ ਜ਼ਜਬਾਤ ਹੋਵੇ, ਸ਼ਬਦ ਹੋਵਣ ਬੇ-ਜ਼ੁਬਾਨ ।"

ਇਸ ਸ਼ਿਅਰ ਦੇ ਦੂਸਰੇ ਮਿਸਰੇ ਵਿੱਚ ਜ਼ਜਬਾਤ ਬਹੂਵਚਨ ਨਾਲ ਕਿਰਿਆ 'ਛਲਕਦਾ' ਇੱਕ ਵਚਨ ਲਾਈ ਹੋਈ ਹੈ । ਇਸ ਤਰ੍ਹਾਂ ਇਸ ਸ਼ਿਅਰ ਵਿੱਚ ਸ਼ੁਤਰ-ਗੁਰਬਾ ਦਾ ਦੋਸ਼ ਪੈਦਾ ਹੋ ਗਿਆ ।
 ਪੰਜਾਬੀ ਵਿੱਚ ਇਕ ਕਹਾਉਤ ਹੈ , ਊਠ ਬਲੇਦੇ ਦਾ ਸਾਥ' ਜਿਸਦਾ ਮਤਲਬ ਊਠ ਤੇ ਬਲਦ ਦੀ ਜੋੜੀ ਤੋਂ ਹੈ । ਇੰਝ ਹੀ ਸ਼ੁਤਰ ਗੁਰਬਾ ਵੀ ਏਹੋ ਅਣਜੋੜ ਦਾ ਸੰਕੇਤ ਕਰਦੇ ਹਨ ।

ਐਬ-ਏ-ਤਨਾਫ਼ਰ-- ਤਨਾਫਰ ਦਾ ਅਰਥ ਹੈ, ਨਫ਼ਰਤ । ਸ਼ਿਅਰ ਵਿੱਚ ਤਨਾਫ਼ਰ ਦਾ ਦੋਸ਼ ਉਦੋਂ ਪੈਦਾ ਹੁੰਦਾ ਹੈ ਜਦੋਂ ਕਿਤੇ ਸ਼ਬਦ ਦਾ ਅਖੀਰਲਾ ਮੁਕਤਾ ਅੱਖਰ ਅਤੇ ਅਗਲੇ ਸ਼ਬਦ ਦਾ ਮੁਢਲਾ ਮੁਕਤਾ ਅੱਖਰ ਇੱਕ ਹੀ ਹੋਵੇ । ਸ਼ਿਅਰ ਵਿੱਚ ਅਗਰ ਅਜਿਹੇ ਸ਼ਬਦ ਆਉਂਦੇ ਹੋਣ ਤਾਂ ਇਹਨਾਂ ਨੂੰ ਉਚਾਰਦਿਆਂ ਮੁਸ਼ਕਲ ਪੇਸ਼ ਆਉਂਦੀ ਹੈ । ਏਸ ਕਰਕੇ ਏਸ ਨੂੰ ਸ਼ਿਅਰ ਦਾ ਦੋਸ਼ ਗਿਣਿਆ ਜਾਂਦਾ ਹੈ । ਉਦਾਹਰਣ ਵਜੋਂ--
"ਧਰਤ ਚੋਂ ਹਲ਼ ਨਾਲ ਨਿਕਲੇ ਅੱਜ ਵੀ ਸੀਤਾ,
ਜਨਕ ਦੀ ਥਾਂ ਹਰ ਰਚੇ ਰਾਵਣ ਸੁਅੰਬਰ ।"
ਉਪਰੋਕਤ ਸ਼ਿਅਰ ਦੀ ਦੂਸਰੀ ਤੁਕ ਵਿਚ 'ਹਰ ਰਚੇ' ਸ਼ਬਦਾਂ ਚੋਂ ਪਹਿਲੇ ਸ਼ਬਦ ਹਰ ਦਾ ਆਖਰੀ ਮੁਕਤਾ ਅੱਖਰ 'ਰ' ਅਤੇ ਦੂਸਰੇ ਸ਼ਬਦ 'ਰਚੇ' ਦਾ ਪਹਿਲਾ ਮੁਕਤਾ ਅੱਖਰ  'ਰ' ਇੱਕ ਹੀ ਹਨ । ਇਸ ਤਰ੍ਹਾਂ ਇਸ ਸ਼ਿਅਰ ਵਿਚ ਤਨਾਫ਼ਰ ਦਾ ਦੋਸ਼ ਪੈਦਾ ਹੋ ਗਿਆ ਹੈ । ਇਹ ਸ਼ਿਅਰ ਤਨਾਫ਼ਰ ਮੁਕਤ ਹੋ ਸਕਦਾ ਸੀ ਅਗਰ ਇਸ ਨੂੰ ਇਸ ਤਰ੍ਹਾਂ ਕਹਿ ਲਿਆ ਜਾਂਦਾ--
"ਧਰਤ ਚੋਂ ਹਲ਼ ਨਾਲ ਨਿਕਲੇ ਅੱਜ ਵੀ ਸੀਤਾ,
ਜਨਕ ਦੀ ਥਾਂ ਤੇ ਰਚੇ ਰਾਵਣ ਸੁਅੰਬਰ ।"

ਸ਼ਬਦਾਂ ਦੀ ਘਾਟ (ਐਬ ਏ ਅਖ਼ਲਾਲ) ਕਈ ਵਾਰੀ ਸ਼ਿਅਰ ਵਿੱਚ ਕਿਸੇ ਸ਼ਬਦ ਦੀ ਘਾਟ ਮਹਿਸੂਸ ਹੁੰਦੀ ਹੈ, ਇਸ ਕਰਕੇ ਸ਼ਿਅਰ ਦੇ ਅਰਥ ਪੂਰੀ ਤਰ੍ਹਾਂ ਨਹੀ ਖੁੱਲ੍ਹਦੇ ।  ਜਿਸ ਤਰ੍ਹਾਂ ਵਾਰਤਕ ਵਿੱਚ ਵਿਆਕਰਣ ਨਿਯਮਾਂ ਦਾ ਪੂਰਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਹੀ ਸ਼ਾਇਰੀ ਵਿੱਚ ਵੀ  ਵਿਆਕਰਣਿਕ ਨਿਯਮਾਂ ਦੀ ਪਾਲਣਾ ਜ਼ਰੂਰੀ ਹੁੰਦੀ ਹੈ । ਸ਼ਿਅਰ ਵਿੱਚ ਕਰਤਾ, ਕਰਮ, ਕਿਰਿਆ, ਜਾਂ ਵਿਸ਼ੇਸ਼ਣ ਦੀ ਕਮੀ ਕਰਕੇ ਸ਼ਿਅਰ ਦੀ ਖ਼ੂਬਸੂਰਤੀ ਖਰਾਬ ਹੋ ਜਾਂਦੀ ਹੈ ਅਤੇ ਇਸ ਸ਼ਬਦਾਂ ਦੀ ਘਾਟ ਵਾਲੀ ਸ਼ਾਇਰੀ ਨੂੰ ਪਿਆਸੀ ਸ਼ਾਇਰੀ ਵੀ ਕਿਹਾ ਜਾਂਦਾ ਹੈ । ਜੇ ਕਿਸੇ ਸ਼ਿਅਰ ਵਿੱਚ ਸ਼ਬਦਾਂ ਦੀ ਥੁੜ ਮਹਿਸੂਸ ਹੋਵੇ ਤਾਂ ਉਸ ਨੂੰ ਐਬ ਏ ਅਖ਼ਲਾਲ ਕਿਹਾ ਜਾਂਦਾ ਹੈ । ਨਮੂਨੇ ਵਜ਼ੋਂ--

"ਕਦੇ ਪੌਣਾਂ ਚ ਮੈਂ ਖੁਸ਼ਬੂ ਤਰ੍ਹਾਂ ਸਾਂ,
ਮੈਂ ਆਖ਼ਰ ਖੁਰ ਗਿਆ ਰੰਗਾਂ ਚ ਵਹਿ ਕੇ ।"
ਉਪਰੋਕਤ ਸ਼ਿਅਰ ਦੀ ਪਹਿਲੀ ਤੁਕ ਵਿੱਚ ਖੁਸ਼ਬੂ ਦੇ ਨਾਲ 'ਦੀ' ਸ਼ਬਦ ਦੀ ਘਾਟ ਮਹਿਸੂਸ ਹੁੰਦੀ ਹੈ ਅਤੇ ਸ਼ਿਅਰ ਵਿੱਚ ਐਬ ਏ ਅਖ਼ਲਾਲ ਪੈਦਾ ਹੋ ਗਿਆ ਹੈ ।

ਹਸ਼ਵ ਕਬੀਹ, ਹਸ਼ਵ ਦਾ ਅਰਥ ਹੈ ਭਰਤੀ ਅਤੇ ਕਬੀਹ ਦਾ ਅਰਥ ਹੈ ਭੱਦੀ । ਇਹ ਦੋਸ਼ ਐਬ-ਏ- ਅਖ਼ਲਾਲ ਜਾਣੀ ਪਿਆਸੀ ਸ਼ਾਇਰੀ ਤੋਂ ਬਿਲਕੁਲ ਉਲਟ ਹੈ । ਸ਼ਿਅਰ ਦਾ ਵਜ਼ਨ ਪੂਰਾ ਕਰਨ ਲਈ ਸ਼ਾਇਰ ਅਕਸਰ ਸ਼ਿਅਰ ਵਿੱਚ ਅਜਿਹੇ ਸ਼ਬਦ ਵਰਤ ਲੈਂਦੇ ਹਨ ਜਿਨ੍ਹਾਂ  ਦਾ ਸ਼ਿਅਰ ਵਿਚ ਕੋਈ ਅਰਥ ਨਹੀ ਹੁੰਦਾ । ਅਜੇਹੇ ਬੇਲੋੜੇ ਸ਼ਬਦ ਜੇ ਸ਼ਿਅਰ ਵਿੱਚੋਂ ਕੱਢ ਵੀ ਦਿੱਤੇ ਜਾਣ ਤਾਂ ਸ਼ਿਅਰ ਦੇ ਅਰਥਾਂ ਵਿੱਚ ਕੋਈ ਫਰਕ ਨਹੀ ਪੈਂਦਾ ।
"ਲੋਕ ਏਥੇ ਅੱਗ ਦੇ ਅੰਗਿਆਰਿਆਂ ਤੇ ਨੱਚਦੇ,
ਮੋਮ ਦੇ ਹੀ ਲੋਕ ਨੇ ਜਿੱਥੇ, ਇਹ ਉਹ ਬਸਤੀ ਨਹੀ ।"

ਵਜ਼ਨ ਪੂਰਾ ਕਰਨ ਲਈ ਉਪਰੋਕਤ ਸ਼ਿਅਰ ਦੀ ਪਹਿਲੀ ਤੁਕ ਵਿਚ ਅੱਗ ਦੇ ਸ਼ਬਦ ਖ਼ਰਾਬ ਭਰਤੀ ਹੈ , ਕਿਉਂ ਕਿ ਅੰਗਿਆਰੇ ਤਾਂ ਹੁੰਦੇ ਹੀ ਅੱਗ ਦੇ ਹਨ । ਜੇ ਇਹ ਅੱਗ ਦੇ ਸ਼ਬਦ ਸ਼ਿਅਰ ਵਿੱਚੋਂ ਕੱਢ ਵੀ ਦਿੱਤਾ ਜਾਵੇ ਤਾਂ ਅਰਥ ਉੱਤੇ ਕੋਈ ਵੀ ਫਰਕ ਨਹੀ ਪੈਂਦਾ । ਜੇ ਇਸ ਸ਼ਿਅਰ ਵਿੱਚ ਕੋਈ ਅਜੇਹਾ ਸ਼ਬਦ ਪਾ ਲਿਆ ਜਾਂਦਾ ਜਿਹੜਾ ਕੇ ਬੇਲੋੜਾ ਨਾ ਲਗਦਾ ਤਾਂ ਸ਼ਿਅਰ ਦਾ ਇਹ ਦੋਸ਼ ਦੂਰ ਹੋ ਜਾਣਾ ਸੀ । ਜਿਵੇਂ,
"ਲੋਕ ਏਥੇ ਰਾਤ ਦਿਨ ਅੰਗਿਆਰਿਆਂ ਤੇ ਨੱਚਦੇ"

ਐਬ-ਏ-ਤਅਕੀਬ, ਤਅਕੀਬ ਦਾ ਅਰਥ ਹੈ ਪਿੱਛੇ ਚਲੇ ਜਾਣਾ । ਇਹ ਦੋਸ਼ ਸ਼ਿਅਰ ਵਿੱਚ ਉਦੋਂ ਪੈਦਾ ਹੁੰਦਾ ਹੈ ਜਦੋਂ ਜਿਹੜੇ ਸ਼ਬਦ ਸ਼ਿਅਰ ਵਿੱਚ ਪਹਿਲਾਂ ਆਉਣੇ ਚਾਹੀਦੇ ਸੀ ਉਹ ਪਿੱਛੇ ਚਲੇ ਜਾਣ । ਜਿਵੇਂ--
"ਉਮਰ ਭਰ ਦੇ ਵਾਸਤੇ ਇਕ ਦਰਦ ਪੱਲੇ ਪਾ ਲਿਆ,
ਯਾਰ ਤੇਰੇ ਹੀ ਹਿਜ਼ਰ ਨੇ ਵਾਂਗ ਘੁਣ ਦੇ ਖਾ ਲਿਆ ।"
ਇਸ ਸ਼ਿਅਰ ਦੀ ਦੂਸਰੀ ਤੁਕ ਵਿੱਚ ਵਾਂਗ ਤੋਂ ਪਹਿਲਾਂ ਘੁਣ ਸ਼ਬਦ ਆਉਣਾ ਚਾਹੀਦਾ ਸੀ, ਜੋ ਕਿ ਪਿੱਛੇ ਚਲਾ ਗਿਆ ਹੈ । ਦੂਸਰੇ ਮਿਸਰੇ ਵਿੱਚ ਭਾਵੇਂ ਹੋਰ ਵੀ ਦੋਸ਼ ਹਨ ਪਰ ਏਥੇ ਅਸੀਂ ਸਿਰਫ਼ ਐਬ-ਏ- ਤਅਕੀਬ ਦਾ ਹੀ ਜ਼ਿਕਰ ਕੀਤਾ ਹੈ । ਤਅਕੀਬ ਦਾ ਦੋਸ਼ ਇਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਸੀ,
"ਹਿਜ਼ਰ ਤੇਰੇ ਨੇ ਤਾਂ ਮੈਨੂੰ ਘੁਣ ਦੇ ਵਾਂਗੂ ਖਾ ਲਿਆ "

ਪਹਿਲੂ-ਏ-ਜਮ, ਪਹਿਲੂ ਦਾ ਅਰਥ ਹੈ ਪਾਸੇ, ਜਮ ਦਾ ਅਰਥ ਹੈ ਬੁਰਾਈ । ਜਿਹੜੇ ਸ਼ਿਅਰ ਵਿੱਚ ਨਗਨਤਾ ਜਾਂ ਅਸ਼ਲੀਲਤਾ ਪੈਦਾ ਹੁੰਦੀ ਹੈ ਉਸ ਵਿੱਚ ਪਹਿਲੂ-ਏ-ਜਮ ਦਾ ਦੋਸ਼ ਹੁੰਦਾ ਹੈ । ਅਜੇਹੇ ਸ਼ਿਅਰ ਵਿੱਚ ਦੂਹਰੇ ਮਤਲਬ ਵਾਲੇ ਸ਼ਬਦ ਜਿਨ੍ਹਾਂ ਵਿੱਚੋਂ ਅਸ਼ਲੀਲਤਾ ਝਲਕਦੀ ਹੋਵੇ, ਵੀ ਇਹ ਦੋਸ਼ ਪੈਦਾ ਕਰ ਦਿੰਦੇ ਹਨ । ਕਈ ਵਾਰ ਤਾਂ ਸ਼ਾਇਰ ਜਾਣ ਬੁਝ ਕੇ ਅਜੇਹਾ ਕਰਦਾ ਹੈ ਪਰ ਕਈ ਵਾਰ ਅਵੇਸਲੇਪਣ ਵਿੱਚ ਵੀ ਅਜਿਹਾ ਵਾਪਰ ਜਾਂਦਾ ਹੈ । ਅਜੇਹੇ ਸ਼ਿਅਰ ਦੀ ਮਿਸਾਲ ਦੇਣ ਤੋਂ ਅਸੀਂ ਸੰਕੋਚ ਹੀ ਕਰਦੇ ਹਾਂ ।

ਮੁਹਾਵਰਾ ਬਿਗਾੜਨਾ , ਜੁਅਫ਼-ਏ-ਤਾਲੀਫ, ਮੁਹਾਵਰੇ ਅਤੇ ਅਖ਼ਾਣ ਕਿਸੇ ਭਾਸ਼ਾ ਦੇ ਗਹਿਣਿਆਂ ਵਾਂਗ ਹੁੰਦੇ ਹਨ , ਜੋ ਭਾਸ਼ਾ ਨੂੰ ਖ਼ੂਬਸੂਰਤੀ ਪ੍ਰਦਾਨ ਕਰਦੇ ਹਨ । ਵਜ਼ਨ ਪੂਰਾ ਕਰਨ ਹਿਤ ਕਿਸੇ ਮੁਹਾਵਰੇ ਦੇ ਸ਼ਬਦਾਂ ਨੂੰ ਅੱਗੇ ਪਿੱਛੇ ਕਰ ਦੇਣਾ ਬਹੁਤ ਵੱਡਾ ਦੋਸ਼ ਹੈ ।
"ਤਾਰਿਆਂ ਨੂੰ ਗਿਣਦਿਆਂ ਬਹਿ ਕੇ ਗੁਜ਼ਾਰਾਂ ਮੈਂ,
ਕੋਈ ਪਾ ਕੇ ਸਿਲਵਟਾਂ ਜਾਂਦੈਂ  ਮੇਰੇ ਬਿਸਤਰ ਕਿਵੇਂ ।"

ਸਹੀ ਮੁਹਾਵਰਾ ਤਾਰੇ ਗਿਣਨਾ ਹੈ , ਉਪਰੋਕਤ ਸ਼ਿਅਰ ਵਿੱਚ ਸ਼ਾਇਰ ਨੇ ਆਪਣਾ ਵਜ਼ਨ ਬਹਿਰ ਪੂਰਾ ਕਰਨ ਹਿਤ ਮੁਹਾਵਰੇ ਦੇ ਸ਼ਬਦਾਂ ਨੂੰ ਅੱਗੇ ਪਿੱਛੇ ਕਰ ਕੇ ਮੁਹਾਵਰਾ ਵਿਗਾੜ ਦਿੱਤਾ ਹੈ । ਏਸੇ ਨੂੰ ਹੀ ਜ਼ੁਅਫ-ਏ-ਤਾਲੀਫ ਕਿਹਾ ਜਾਂਦਾ ਹੈ ।

ਗਲਤ ਮੁਹਾਵਰੇਬੰਦੀ, ਅਖਾਣ ਤੇ ਮੁਹਾਵਰੇ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਹੁੰਦੇ ਹਨ । ਮੁਹਾਵਰਿਆਂ ਦੇ ਸ਼ਾਬਦਿਕ ਅਰਥ ਨਹੀ ਬਲਕਿ ਭਾਵਅਰਥ ਹੁੰਦੇ ਹਨ । ਸ਼ਾਇਰ ਦਾ ਫਰਜ਼ ਬਣਦਾ ਹੈ ਕਿ ਉਹ ਮੁਹਾਵਰਿਆਂ ਦੀ ਸਹੀ ਵਰਤੋਂ ਕਰੇ । ਕਈ ਸ਼ਾਇਰ ਬਿਨਾ ਸੋਚੇ ਸਮਝੇ  ਹੀ ਗਲਤ ਮੁਹਾਵਰੇਬੰਦੀ ਕਰਕੇ ਸ਼ਿਅਰ ਦੀ ਖ਼ੂਬਸੂਰਤੀ ਵਿਗਾੜ ਦਿੰਦੇ ਹਨ ।

"ਜੇਕਰ ਤੈਨੂੰ ਨਜ਼ਰ ਵਿਛਾਉਣੀ ਆ ਜਾਂਦੀ,
ਮੈਨੂੰ ਮੇਰੀ ਵਾਟ ਮੁਕਾਉਣੀ ਆ ਜਾਂਦੀ ।"

ਸਹੀ ਮੁਹਾਵਰੇ ਅੱਖੀਆਂ ਵਿਛਾਉਣਾ ਹੈ, ਜਿਸ ਦਾ ਮਤਲਬ ਹੁੰਦਾ ਹੈ ਬੜੀ ਬੇਸਬਰੀ ਨਾਲ ਕਿਸੇ ਦੀ ਉਡੀਕ ਕਰਨੀ । ਉਪਰੋਕਤ ਸ਼ਿਅਰ ਦੀ ਪਹਿਲੀ ਤੁਕ ਵਿੱਚ ਨਜ਼ਰ ਵਿਛਾਉਣੀ ਵਰਤਿਆ ਹੈ ਜੋ ਕਿ ਸਹੀ ਜ਼ੁਬਾਨਦਾਨੀ ਨਹੀ ਹੈ । ਵੈਸੇ ਵੀ ਅਸੀਂ ਮਹਿਬੂਬ ਦੇ ਰਾਹਾਂ ਵਿੱਚ ਅੱਖੀਆਂ ਵਿਛਾਉਨੇ ਹਾਂ ਕਦੇ ਮਹਿਬੂਬ ਨੂੰ ਇਹ ਨਹੀ ਕਹਿੰਦੇ ਕਿ ਤੈਨੂੰ ਸਾਡੇ ਰਾਹਾਂ ਵਿੱਚ ਅੱਖੀਆਂ ਵਿਛਾਉਣੀਆਂ ਨਹੀ ਆਉਂਦੀਆਂ , ਇਹ ਮੁਹੱਬਤ ਦੀ ਭਾਵਨਾ ਦੇ ਵਿਰੋਧੀ ਗੱਲ ਹੈ ।

ਐਬ-ਏ-ਤਜ਼ਮੀਨ, ਇਹ ਦੋਸ਼ ਸ਼ਿਅਰ ਵਿੱਚ ਉਦੋਂ ਪੈਦਾ ਹੁੰਦਾ ਹੈ ਜਦੋਂ ਸ਼ਿਅਰ ਦੀ ਪਹਿਲੀ ਤੁਕ ਵਿੱਚ ਜਿਹੜਾ ਸ਼ਬਦ ਆਉਣਾ ਚਾਹੀਦਾ ਸੀ ਉਹ ਦੂਸਰੀ ਤੁਕ ਵਿੱਚ ਚਲਿਆ ਜਾਂਦਾ ਹੈ । ਜਿਵੇਂ--
"ਖ਼ਿਆਲਾਂ ਨੂੰ ਸੂਲੀ, ਉਮੀਦਾਂ ਨੂੰ ਫਤਵੇ,
ਮਿਲੇ, ਪਰ ਦੀਵਾਨਾ, ਦੀਵਾਨਾ ਰਿਹਾ ।"

ਇਸ ਸ਼ਿਅਰ ਦੀ ਪਹਿਲੀ ਤੁਕ ਵਿਚ ਫਤਵੇਂ ਮਿਲੇ ਸ਼ਬਦ ਲਗਦਾ ਤਾਂ ਹੀ ਇਸ ਦਾ ਅਰਥ ਸਪਸ਼ਟ ਹੋਣਾ ਸੀ। ਪਹਿਲੀ ਤੁਕ ਦਾ ਸ਼ਬਦ ਦੂਸਰੀ ਤੁਕ ਵਿੱਚ ਚਲੇ ਜਾਣ ਨਾਲ ਸ਼ਿਅਰ ਵਿੱਚ ਐਬ-ਏ-ਤਜ਼ਮੀਨ ਪੈਦਾ ਹੋ ਗਿਆ ਹੈ ।

ਐਬ-ਦੋ ਲਖਤ, ਲਖਤ ਦਾ ਅਰਥ ਹੈ ਟੁਕੜੇ । ਤਾਂ ਹੀ ਮਾਪੇ ਅਪਣੇ ਬੱਚਿਆਂ ਨੂੰ ਲਖ਼ਤੇ ਜਿਗਰ  ਆਖਦੇ ਹਨ । ਸ਼ਿਅਰ ਵਿੱਚ ਇਹ ਦੋਸ਼ ਉਦੋਂ ਪੈਦਾ ਹੁੰਦਾ ਹੈ ਜਦੋਂ ਪਹਿਲੀ ਤੁਕ ਵਿੱਚ ਕਿਸੇ ਹੋਰ ਵਿਸ਼ੇ ਬਾਰੇ ਖ਼ਿਆਲ ਪ੍ਰਗਟਾਇਆ ਹੋਵੇ ਅਤੇ ਦੂਸਰੀ ਤੁਕ ਵਿੱਚ ਕਿਸੇ ਹੋਰ ਵਿਸ਼ੇ ਬਾਰੇ--
"ਰਤ ਧਰਤ ਦੀ ਚੂਸੀ ਹੈ, ਅਗਨੀ ਦੇ ਠੇਕੇਦਾਰਾਂ ,
ਕਾਲਾ ਗੁਲਾਬ ਉਗਦਾ ਤਾਂ ਹੀ ਤਾਂ ਹੈ ਬਥੇਰਾ ।"

ਇਸ ਸ਼ਿਅਰ ਦੀ ਪਹਿਲੀ ਤੁਕ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਖਸੁੱਟ ਦਾ ਜ਼ਿਕਰ ਹੈ, ਜਦ ਕਿ ਦੂਸਰੀ ਤੁਕ ਵਿੱਚ ਕਾਲੇ ਗੁਲਾਬ ਦੇ ਉੱਗਣ ਦਾ ਲੁੱਟ ਖਸੁੱਟ ਨਾਲ ਕੋਈ ਸਬੰਧ ਨਹੀ । ਇਸ ਤਰ੍ਹਾਂ ਇਸ ਸ਼ਿਅਰ ਵਿੱਚ ਐਬ ਦੋ ਲਖਤ ਪੈਦਾ ਹੋ ਗਿਆ ਹੈ ।

ਐਬ ਜ਼ਿਆਦਤੀ ਏ ਰੁਕਨ,  ਕਈ ਵਾਰ ਸ਼ਾਇਰ ਆਪਣੇ ਸ਼ਿਅਰ ਦੀ ਇਕ ਤੁਕ ਵਿਚ ਪੂਰਾ ਰੁਕਨ ਵਧਾ ਦਿੰਦੇ ਹਨ । ਆਪਣੀ ਪੁਸਤਕ 'ਗ਼ਜ਼ਲ ਕੀ ਹੈ' ਵਿੱਚ ਜਨਾਬ ਦੀਪਕ ਜੈਤੋਈ , ਸਵਰਗੀ ਨੰਦ ਲਾਲ ਨੂਰਪੁਰੀ ਦੇ ਇੱਕ ਸ਼ਿਅਰ ਦੀ ਉਦਾਹਰਣ ਦਿੰਦੇ ਹਨ--
"ਨੂਰਪੁਰੀਆ ਜ਼ਿਕਰ ਤੇਰਾ ਹੁੰਦਾ ਹੁੰਦਾ ਸੀ ਕਦੇ,
ਹੁਣ ਤਾਂ ਤੇਰਾ ਜ਼ਿਕਰ ਹੈ ਨਾ ਨਾਮ ਹੈ ।""
ਉਪਰੋਕਤ ਸ਼ਿਅਰ ਦੀ ਪਹਿਲੀ ਤੁਕ ਵਿੱਚ ਇਕ ਪੂਰਾ ਰੁਕਨ 'ਫਾਇਲਾਤੁਨ' ਵਧ ਗਿਆ ਹੈ । ਏਸੇ ਨੂੰ ਹੀ ਜਿਆਦਤੀ ਏ ਰੁਕਨ ਦਾ ਦੋਸ਼ ਮੰਨਿਆ ਜਾਂਦਾ ਹੈ ।

ਐਬ-ਏ-ਕਮ ਰੁਕਨ, ਇਹ ਦੋਸ਼ ਐਬ ਏ ਜ਼ਿਆਦਤੀ ਰੁਕਨ ਦੇ ਬਿਲਕੁਲ ਉਲਟ ਦੋਸ਼ ਹੈ । ਇਸ ਦੋਸ਼ ਦੇ ਤਹਿਤ ਕਈ ਵਾਰ ਸ਼ਾਇਰ ਆਪਣੇ ਸ਼ਿਅਰ ਵਿੱਚ ਲੋੜੀਂਦੇ ਰੁਕਨ ਨਾਲੋਂ ਇਕ ਰੁਕਨ ਘਟਾ ਦਿੰਦੇ ਹਨ । ਉਦਾਹਰਣ ਵਜੋਂ--
"ਨਾ ਨਾ ਨਾ ਨਾ ਨਾ ਨਾ ਨਾ ਜੀ ਨਾ,
ਦਰਦ ਨਾ ਕੱਢਿਉ ਦਿਲ ਚੋਂ ਬੰਦਾ ਘਰ ਦਾ ਹੈ ।"

ਉਪਰੋਕਤ ਸ਼ਿਅਰ ਦਾ ਵਜ਼ਨ ਫਿਅਲੁਨ, ਫਿਅਲੁਨ, ਫਿਅਲੁਨ, ਫਿਅਲੁਨ , ਫਿਅਲੁਨ ਫੇ ਹੈ । ਪਰ ਸ਼ਾਇਰ ਨੇ ਪਹਿਲੀ ਤੁਕ ਵਿੱਚ ਇਕ ਪੂਰਾ ਰੁਕਨ ਘਟਾ ਦਿੱਤਾ ਹੈ । ਯਾਨੀ ਕਿ ਮਿਸਰਾ ਫਿਅਲੁਨ,ਫਿਅਲੁਨ,ਫਿਅਲੁਨ,ਫਿਅਲੁਨ ਫੇ ਰਹਿ ਗਿਆ ਹੈ ।

ਐਬ ਮੁਖਾਲਿਫ ਲੁਗਤ, ਇਸ ਦਾ ਸ਼ਾਬਦਿਕ ਅਰਥ , ਸ਼ਬਦ ਕੋਸ਼ ਦੇ ਵਿਰੁੱਧ ਹੈ । ਜਦੋਂ ਸ਼ਿਅਰ ਵਿੱਚ ਕੋਈ ਸ਼ਬਦ, ਸ਼ਬਦਕੋਸ਼ ਵਿੱਚ ਦਿੱਤੇ ਗਏ ਉਸ ਸ਼ਬਦ ਦੇ ਉਚਾਰਣ ਤੋਂ ਉਲਟ ਬੰਨਿਆ ਜਾਵੇ ਤਾਂ ਤਾਂ ਉਸ ਨੂੰ ਐਬ ਮੁਖ਼ਾਲਿਫ ਲੁਗਤ ਕਿਹਾ ਜਾਂਦਾ ਹੈ । ਇਹ ਐਬ ਖਾਸ ਕਰਕੇ ਤਿੰਨ ਅੱਖਰੇ ਸ਼ਬਦਾਂ ਤੇ ਲਾਗੂ ਹੁੰਦਾ ਹੈ । ਸ਼ਬਦਾਂ ਨੂੰ ਉਹਨਾਂ ਦੇ ਸਹੀ ਉਚਾਰਣ ਤੇ ਬੰਨਣਾ ਹੀ ਸ਼ਾਇਰਾਂ ਦੀ ਖ਼ੂਬੀ ਮੰਨੀ ਜਾਂਦੀ ਹੈ , ਕਿਉਂ ਕਿ ਵਾਰਤਿਕ ਵਿੱਚ ਤਾਂ ਕਿਸੇ ਸ਼ਬਦ ਦੇ ਸਹੀ ਉਚਾਰਣ ਦਾ ਪਤਾ ਹੀ ਨਹੀ ਲੱਗਦਾ । ਸ਼ਬਦਾਂ ਦਾ ਸਹੀ ਉਚਾਰਣ ਸ਼ਿਅਰ ਵਿੱਚ ਖ਼ੂਬਸੂਰਤੀ ਪੈਦਾ ਕਰਦਾ ਹੈ । ਮਿਸਾਲ ਵਜੋਂ ਹੁਸਨ ਸ਼ਬਦ ਦਾ ਉਚਾਰਣ ਸ਼ਬਦ ਕੋਸ਼ ਅਨੁਸਾਰ ਹੁਸ+ਨ ਹੈ , ਪਰ ਜੇ ਅਸੀਂ ਸ਼ਿਅਰ ਵਿੱਚ ਇਸ ਨੂੰ ਹੁ+ਸਨ ਦੇ ਵਜ਼ਨ ਤੇ ਬੰਨ੍ਹ ਦੇਈਏ ਤਾਂ ਇਹ ਘਸੁੰਨ ਵਰਗਾ ਲਗਦਾ ਹੈ । ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀ ਦੇ ਹਮਾਤੜ ਤਮਾਤੜ੍ਹ ਸ਼ਾਇਰ ਤਾਂ ਕੀ ਬਲਕਿ ਕਹਿੰਦੇ ਕਹਾਉਂਦੇ ਸ਼ਾਇਰ ਵੀ ਇਸ ਦੋਸ਼ ਤੋਂ ਮੁਕਤ ਨਹੀ ਹਨ ।
"ਉਹ ਮੇਰੇ ਕੋਲ ਆਉਂਦਾ ਹੈ, ਤਲਬ ਦੀ ਬਾਤ ਪਾਉਂਦਾ ਹੈ,
ਤਲਬ ਦੀ ਬਾਤ ਪਾਉਂਦਾ ਹੈ, ਸਬਰ ਨੂੰ ਸੰਨ੍ਹ ਲਾਉਂਦਾ ਹੈ ।"

ਜਦੋਂ ਉਹ ਪੱਥਰਾਂ ਨੂੰ ਝਰਨਿਆਂ ਦੇ ਸੁਰ ਸੁਣਾਉਂਦਾ ਹੈ,
ਤਾਂ ਉਹਦੇ ਹੁਨਰ ਦੀ ਲੈਅ ਤੇ ਹਿਮਾਲਾ ਤਿਲਮਿਲਾਉਂਦਾ ਹੈ ।

ਉਪਰੋਕਤ ਸ਼ਿਅਰਾਂ ਵਿੱਚੋਂ ਪਹਿਲੇ ਸ਼ਿਅਰ ਵਿਚ ਵਰਤੇ ਗਏ ਸਬਰ ਤੇ ਤਲਬ ਸ਼ਬਦਾਂ ਦਾ ਉਚਾਰਣ ਸਬ+ਰ ਤੇ ਤਲ+ਬ ਹੈ ਪਰ ਇਨ੍ਹਾਂ ਸ਼ਬਦਾਂ ਨੂੰ ਸ਼ਾਇਰ ਨੇ ਸ+ਬਰ ਤੇ ਤ+ਲਬ ਦੇ ਵਜ਼ਨ ਤੇ ਬੰਨਿਆ ਹੈ । ਇਸੇ ਤਰ੍ਹਾਂ ਦੂਸਰੇ ਸ਼ਿਅਰ ਵਿਚਲੇ ਸ਼ਬਦ ਹੁਨਰ ਦਾ ਉਚਾਰਣ ਹੁ+ਨਰ ਦੇ ਵਜ਼ਨ ਤੇ ਹੈ ਪਰ ਸ਼ਾਇਰ ਨੇ ਇਸ ਨੂੰ ਹੁਨ+ਰ ਦੇ ਵਜ਼ਨ ਤੇ ਬੰਨਿਆ ਹੈ ।

ਬੇਲੋੜੇ ਨੂੰ ਦੀ ਵਰਤੋਂ, ਕਈ ਵਾਰ ਸ਼ਾਇਰ ਵਜ਼ਨ ਬਹਿਰ ਦੀ ਪੂਰਤੀ ਕਰਨ ਖਾਤਰ ਉਹਨਾਂ ਸ਼ਬਦਾਂ ਨਾਲ ਵੀ ਨੂੰ ਸ਼ਬਦ ਵਰਤਦੇ ਹਨ ਜਿੱਥੇ ਇਸ ਦੀ ਲੋੜ ਹੀ ਨਹੀ ਹੁੰਦੀ । ਬੇਲੋੜੀ ਥਾਂ ਤੇ ਵਰਤਿਆ ਗਿਆ 'ਨੂੰ' ਸ਼ਿਅਰ ਵਿਚ ਬੇ-ਸੁਆਦੀ ਪੈਦਾ ਕਰਦਾ ਹੈ ।
"ਜੋ ਖਾਂਦੇ ਪਿੰਜਰਿਆਂ ਵਿੱਚ ਦਾਣਿਆਂ ਨੂੰ,
ਕਰਨਗੇ ਕੀ ਉਹ ਸੋਨੇ ਦੇ ਪਰਾਂ ਨੂੰ ।"
ਇਸ ਸ਼ਿਅਰ ਵਿੱਚ ਦਾਣਿਆਂ ਦੇ ਨਾਲ ਬੇ-ਲੋੜਾ 'ਨੂੰ' ਵਰਤਿਆ ਗਿਆ ਹੈ । ਦਾਣੇ ਖਾਣਾ ਕਹਿਣ ਨਾਲ ਵੀ ਸਰ ਜਾਣਾ ਸੀ । ਵੈਸੇ ਪੰਛੀ ਦਾਣਾ ਖਾਂਦੇ ਨਹੀ ਚੁਗਦੇ ਹਨ ।

///////////////////////////////////////////////
ਗ਼ਜ਼ਲ ਦੇ ਸ਼ਿਅਰਾਂ ਦੇ ਦੋਸ਼--
ਐਬ ਗ਼ੈਰ ਮਾਨੂਸ ਜਾਂ ਗਰਾਬਤ ਏ ਲਫ਼ਜੀ, ਇਹ ਦੋਸ਼ ਉਦੋਂ ਪੈਦਾ ਹੁੰਦਾ ਹੈ, ਜਦੋਂ ਕਿਸੇ ਸ਼ਿਅਰ ਵਿੱਚ ਉਹ ਸ਼ਬਦ ਵਰਤੇ ਜਾਣ, ਜਿਹੜੇ ਅਜ਼ੀਬੋ ਗ਼ਰੀਬ ਹੋਣ, ਜੋ ਸੁਣਨ ਵਾਸਤੇ ਚੰਗੇ ਨਾ ਲੱਗਣ । ਅਜੇਹੇ ਸ਼ਬਦ ਵਰਤਣ ਨਾਲ ਸ਼ਿਅਰਾਂ ਦੀ ਸੰਗੀਤਆਤਕਮਕਤਾ ਭੰਗ ਹੁੰਦੀ ਹੋਵੇ, ਗ਼ਜ਼ਲ ਦੀ ਜ਼ੁਬਾਨ ਇਕ ਖਾਸ ਕਿਸਮ ਦੀ ਜ਼ੁਬਾਨ ਹੁੰਦੀ ਹੈ , ਇਸ ਵਿੱਚ ਵਰਤੇ ਜਾਣ ਵਾਲੇ ਸ਼ਬਦ ਅਤਿ ਕੋਮਲ ਹੋਣੇ ਚਾਹੀਦੇ ਹਨ ।

"ਏਥੇ ਸੌਂ ਕੇ , ਬੰਨ੍ਹੀਏ ਸੁਪਨੇ ਵਿਚ ਓਥੇ,
ਪੰਜ ਕਲਿਆਣੀ, ਤੋਕੜ, ਕਾਲੀ ਬੱਲ੍ਹੀ, ਬੂਰੀ ।"

ਉਪਰੋਕਤ ਸ਼ਿਅਰ ਵਿੱਚ ਆਏ ਸ਼ਬਦ ਪੰਜ-ਕਲਿਆਣੀ, ਤੋਕੜ, ਕਾਲੀ, ਬੂਰੀ ਵਗੈਰਾ ਮੱਝਾਂ ਦੀਆਂ ਕਿਸਮਾਂ ਬਿਆਨ ਕਰਦੇ ਹਨ । ਸ਼ਾਇਰ ਨੇ ਸ਼ਿਅਰ ਵਿੱਚ ਪੂਰਾ ਪਸ਼ੂਆਂ ਦਾ ਚੌਣਾ ਛੱਡ ਦਿੱਤਾ ਹੈ । ਸ਼ਿਅਰ ਦਾ ਹਸ਼ਰ ਤੁਸੀਂ ਆਪ ਹੀ ਦੇਖ ਲਵੋ, ਤਰੰਨੁਮ ਚ ਪੜ੍ਹਦਿਆਂ ਕੀ ਨਜ਼ਾਰਾ ਬੱਝੇਗਾ, ਏਸ ਦਾ ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਲਵੋ । ਉਪਰੋਕਤ ਸ਼ਿਅਰ ਵਿੱਚ ਐਬ ਗੈਰ ਮਾਨੂਸ ਰੜਕਦਾ ਹੈ । ਅਜੇਹੇ ਸ਼ਬਦ ਅਤੇ ਵਿਸ਼ੇ ਗ਼ਜ਼ਲ ਵਿੱਚ ਵਰਤਣ ਤੋਂ ਸੰਕੋਚ ਹੀ ਕਰਨਾ ਚਾਹੀਦਾ ਹੈ । ਗ਼ਜ਼ਲ ਦੇ ਪਾਠਕ ਜਾਂ ਸਰੋਤੇ ਪਹਿਲਾਂ ਹੀ ਬਹੁਤ ਘੱਟ ਹਨ ।

ਨ ਅਤੇ ਣ ਦਾ ਕਾਫ਼ੀਆ--
ਕਈ ਸ਼ਾਇਰ ਆਪਣੇ ਸ਼ਿਅਰ ਵਿੱਚ ਕਾਫ਼ੀਆ ਬੰਨ੍ਹਦਿਆਂ ਕਈ ਵਾਰੀ ਨ ਬੰਨ੍ਹਦੇ ਹਨ ਤੇ ਕਈ ਵਾਰ ਣ । ਇਹ ਜ਼ਾਇਜ ਨਹੀ ਠਹਿਰਾਇਆ ਜਾ ਸਕਦਾ । ਗ਼ਜ਼ਲ ਕਾਫ਼ੀ ਸੂਖਮ ਕਾਵਿ ਰੂਪ ਹੈ । ਇਸ ਤਰਾਂ ਦੀ ਛੇੜ ਛਾੜ ਵੀ ਇਹ  ਝੱਲਦੀ ਨਹੀ ।
"ਜ਼ਿੰਦਗੀ ਨੂੰ ਜੀਣ ਦਾ ਕੋਈ ਬਹਾਨਾ ਲੱਭ ਦਿੱਲਾ,
ਯਾਰ ਹੁਣ ਕੋਈ ਨਵਾਂ ਜਾਂ ਫਿਰ ਪੁਰਾਣਾ ਲੱਭ ਦਿਲਾ ।"
ਉਪਰੋਕਤ ਸ਼ਿਅਰ ਨ ਤੇ ਣ ਦਾ ਕਾਫ਼ੀਆ ਰੜਕਦਾ ਹੈ । ਕਰਤਾ ਵਿਹੂਣੇ ਸ਼ਿਅਰ ਵੀ ਕਹਿ ਜਾਂਦੇ ਹਨ ਜਿਨ੍ਹਾਂ ਵਿੱਚ ਕਰਤਾ ਗ਼ੈਰ-ਹਾਜ਼ਰ ਹੁੰਦਾ ਹੈ, ਇਹ ਵੀ ਇੱਕ ਐਬ ਹੈ ।
"ਕਣਕ ਬਥੇਰੀ ਉਗਦੀ ਫਿਰ ਵੀ ਖਾਂਦੇ ਨੇ,
ਮੁਰਗੇ, ਬੱਕਰੇ, ਗਾਵਾਂ ਵਿੱਚ ਪ੍ਰਦੇਸਾਂ ਦੇ ।"

ਉਪਰੋਕਤ ਸ਼ਿਅਰ ਵਿਚ ਇਹ ਪਤਾ ਨਹੀ ਲਗਦਾ ਕਿ ਮੁਰਗੇ, ਬੱਕਰੇ ਗਾਵਾਂ ਕੌਣ ਖਾਂਦੇ ਹਨ , ਸੋ ਇਸ ਤਰ੍ਹਾਂ ਉਪਰੋਕਤ ਸ਼ਿਅਰ  ਕਰਤਾ ਵਿਹੂਣਾ ਹੈ । ਵੈਸੇ ਵੀ ਦੁੱਖ ਦਾ ਸਬੰਧ ਭੁੱਖ ਨਾਲ ਹੈ । ਮੁਰਗੇ ਬੱਕਰੇ ਖਾਣ ਨਾਲ ਭੁੱਖ ਦਾ ਕੀ ਸਬੰਧ ਹੈ । ਵੈਸੇ ਵੀ ਅਜੇਹੇ ਸ਼ਬਦ ਗ਼ਜ਼ਲ ਦੇ ਅਨੁਕੂਲ ਨਹੀ ।

ਹਰਫ਼ ਏ ਇਸ਼ਾਰਾ ਜਾਂ ਸੰਕੇਤਕ ਅੱਖਰ ਦੀ ਘਾਟ--
ਕਈ ਵਾਰ ਸ਼ਿਅਰ ਵਿੱਚ ਮਹਿਬੂਬ ਦਾ ਜ਼ਿਕਰ ਕਰਦਿਆਂ ਸੰਕੇਤ ਦੀ ਘਾਟ ਰੜਕਦੀ ਹੈ । ਪਾਠਕ ਨੂੰ ਇਹ ਪਤਾ ਨਹੀ ਲਗਦਾ ਕਿ ਸ਼ਾਇਰ ਕਿਸ ਦੀ ਤਰਫ਼ ਇਸ਼ਾਰਾ ਕਰਦਾ ਹੈ ਏਸ ਕਰਕੇ ਸ਼ਿਅਰ ਦੇ ਅਰਥ ਸਪਸ਼ਟ ਨਹੀ ਹੁੰਦੇ, ਸੋ ਪਾਠਕ ਜਾਂ ਸਰੋਤਾ ਸ਼ਿਅਰ ਦਾ ਪੂਰਾ ਲੁਤਫ਼ ਨਹੀ ਉਠਾ ਸਕਦਾ

"ਆਖ ਦੇਵੋ ਹੁਣ ਤੁਸੀਂ ਹੀ ਦੋਸਤੋ,
ਇਸ ਤਰ੍ਹਾਂ ਤਾਂ ਜ਼ੁਲਮ ਨਾ ਢਾਇਆ ਕਰੇ।"

ਉਪਰੋਕਤ ਸ਼ਿਅਰ ਵਿੱਚ ਇਹ ਪਤਾ ਨਹੀ ਲਗਦਾ ਕਿ ਕੌਣ ਕਿਸ ਉੱਤੇ ਜ਼ੁਲਮ ਨਾ ਢਾਵੇ, ਦੋਵੇਂ ਧਿਰਾਂ ਗ਼ੈਰ-ਹਾਜ਼ਰ ਨੇ, ਇਹ ਤਾਂ ਹਵਾ ਚ ਡਾਗਾਂ ਮਾਰਨ ਵਾਲੀ ਗੱਲ ਹੈ । ਇਹ ਸ਼ਿਅਰ ਜੇ ਇਸ ਤਰ੍ਹਾਂ ਕਿਹਾ ਜਾਂਦਾ ਤਾਂ ਦੋਹਾਂ ਧਿਰਾਂ ਦੀ ਹਾਜ਼ਰੀ ਲੱਗ ਜਾਣੀ ਸੀ, ਤੇ ਇਹ ਸ਼ਿਅਰ ਸਪਸ਼ਟ ਹੋ ਜਾਣਾ ਸੀ ।
"ਆਖ ਦੇਵੋ ਹੁਣ ਤੁਸੀਂ ਹੀ ਓਸ ਨੂੰ,
ਅਪਣਿਆਂ ਤੇ ਜ਼ੁਲਮ ਨਾ ਢਾਇਆ ਕਰੇ ।"

ਸੋ ਸ਼ਿਅਰ ਵਿੱਚ ਹਰਫ਼-ਏ-ਇਸ਼ਾਰਾ ਬਹੁਤ ਜ਼ਰੂਰੀ ਹੈ ।

ਅੱਧਕ ਦੋਸ਼--
ਕਈ ਵਾਰੀ ਸ਼ਾਇਰ ਆਪਣੇ ਸ਼ਿਅਰ ਵਿੱਚ, ਅਜੇਹੇ ਕਾਫ਼ੀਏ ਲੈ ਲੈਂਦੇ ਹਨ ਜਿਨ੍ਹਾਂ ਵਿੱਚੋਂ ਕੁਛ ਕਾਫੀਏ ਅੱਧਕ ਵਾਲੇ ਹੁੰਦੇ ਹਨ, ਤੇ ਕੁਛ ਬਿਨਾਂ ਅੱਧਕ ਦੇ, ਇਸ ਤਰ੍ਹਾਂ ਸ਼ਿਅਰ ਦੀ ਖ਼ੂਬਸੂਰਤੀ ਭੰਗ ਹੋ ਜਾਂਦੀ ਹੈ ਤੇ ਅਰਥਾਂ ਦਾ ਵੀ ਅਨਰਥ ਹੋ ਜਾਂਦਾ ਹੈ ।

"ਪੀੜ ਧੁਖੀ ਤਾਂ ਸਫ਼ਿਆਂ ਉੱਤੇ ਹਰਫ਼ ਉਲੀਕਣ ਲੱਗ ਪੈਣਾ,
ਸਾਡਾ ਕੀ ਏ, ਅੱਥਰੂਆਂ ਦਾ, ਮਨ ਭਰਿਆ ਤਾਂ ਵਗ ਪੈਣਾ ।"

ਇਸ ਤਰ੍ਹਾਂ ਉਪਰੋਕਤ ਮਤਲੇ ਵਿੱਚ ਲੱਗ ਤੇ ਵਗ ਕਾਫੀਏ ਹਨ । ਜੋ ਕਿ ਵੱਖੋ ਵੱਖਰੀ ਤਰ੍ਹਾਂ ਦੇ ਹਨ । ਲੱਗ ਉੱਤੇ ਅਧਕ ਲਗਦੀ ਹੈ ਪਰ ਵਗ ਤੇ ਨਹੀ ਲਗਦੀ । ਜੇਕਰ ਵਗ ਤੇ ਅੱਧਕ ਲਾ ਦੇਈਏ ਤਾਂ ਇਹ ਵੱਗ ਬਣ ਜਾਂਦਾ ਹੈ ਅਤੇ ਇਸ ਦਾ ਅਰਥ ਵੀ ਬਦਲ ਜਾਂਦਾ ਹੈ । ਵੱਗ ਪਸ਼ੂਆਂ ਦੇ ਇਕੱਠ ਨੂੰ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਜੇ ਲੱਗ ਦਾ ਅੱਧਕ ਹਟਾ ਦਿੱਤਾ ਜਾਵੇ ਤਾਂ ਇਹ ਲਗ ਰਹਿ ਜਾਂਦਾ ਹੈ, ਜੋ ਕਿ ਇਕ ਮਾਤਰਾ  ਨੂੰ ਕਿਹਾ ਜਾਂਦਾ ਹੈ । ਇਸ ਲਈ ਅਰਥਾਂ ਤੋਂ ਅਨਰਥ ਕਰਨ ਵਾਲੇ ਕਾਫ਼ੀਏ ਵਰਤਣ ਤੋਂ ਸੰਕੋਚ ਕਰਨਾ ਚਾਹੀਦਾ ਹੈ ।

ਐਬ-ਤਕਾਬੁਲ ਏ ਰਦੀਫ਼ ਐਨ, --ਤਕਾਬੁਲ ਦਾ ਅਰਥ ਹੈ ਮੁਕਾਬਲਾ । ਤਕਾਬੁਲ ਵੈਸੇ ਸ਼ਿਅਰ ਦਾ ਗੁਣ ਮੰਨਿਆਂ ਜਾਂਦਾ ਹੈ । ਤਕਾਬੁਲ ਦੋਸ਼ ਉਦੋਂ ਬਣਦਾ ਹੈ ਜਦੋਂ ਕਿਸੇ ਸ਼ਿਅਰ ਦੀ ਪਹਿਲੀ ਤੁਕ ਦੇ ਅਖ਼ੀਰ ਉੱਤੇ ਉਹੀ ਲਗਾਂ ਜਾਂ ਅੱਖਰ ਆ ਰਹੇ ਹੋਣ ਜਿਹੜੇ ਦੂਜੀ  ਤੁਕ ਦੇ ਅਖ਼ੀਰ ਵਿੱਚ ਆਉਂਦੇ ਹੋਣ । ਦੂਸਰੀ ਤੁਕ ਦੇ ਅਖ਼ੀਰ ਵਿੱਚ ਰਦੀਫ ਹੋਣ ਕਰਕੇ ਇਸ ਨੂੰ ਰਦੀਫ ਦਾ ਟਕਰਾਉ ਕਿਹਾ ਜਾਂਦਾ ਹੈ । ਜੇ ਰਦੀਫ ਦੇ ਬਗੈਰ ਵੀ ਸ਼ਿਅਰ ਹੋਵੇ ਤਾਂ ਇਹ ਕਾਫ਼ੀਏ ਨਾਲ ਟਕਰਾਉ ਪੈਦਾ ਕਰਦਾ ਹੈ ਅਤੇ ਇਹ ਦੋਸ਼ ਮੰਨਿਆ ਜਾਂਦਾ ਹੈ --

"ਹਨੇਰੇ  ਦੇ ਜਦ ਵੀ, ਤੁਸੀਂ ਬੀਜ ਬੀਜੇ,
ਅਸੀਂ ਵੀ ਘਰਾਂ ਵਿੱਚ ਉਗਾਲਾਂਗੇ ਦੀਵੇ ।"

ਉਪਰੋਕਤ ਸ਼ਿਅਰ ਵਿੱਚ, ਦੂਜੀ ਤੁਕ ਵਿਚ ਦੀਵੇ, ਗ਼ਜ਼ਲ ਦਾ ਰਦੀਫ਼ ਹੈ । ਪਹਿਲੀ ਤੁਕ ਦੇ ਅਖ਼ੀਰ ਉੱਤੇ ਬੀਜੇ ਸ਼ਬਦ ਬੰਨ੍ਹਿਆ ਗਿਆ ਹੈ, ਇਸ ਤਰ੍ਹਾਂ ਸ਼ਿਅਰ ਮਤਲੇ ਦਾ ਭੁਲੇਖਾ ਪਾ ਜਾਂਦਾ ਹੈ ।

ਲ, ਲ਼ ਤੇ ਲ੍ਹ ਦਾ ਕਾਫ਼ੀਆ ਬੰਨਣਾ-- ਕਈ ਵਾਰੀ ਸ਼ਾਇਰ ਆਪਣੇ ਸ਼ਿਅਰਾਂ ਵਿਚ ਲ, ਲ਼, ਲ੍ਹ ਦਾ ਕਾਫੀਆ ਬੰਨ੍ਹ ਲੈਂਦੇ ਹਨ । ਇਨ੍ਹਾਂ ਅੱਖਰਾਂ ਦਾ ਉਚਾਰਣ ਵੱਖੋ- ਵੱਖਰਾ ਹੋਣ ਕਰਕੇ ਇਹ ਕਾਫੀਆ ਦਰੁਸਤ ਨਹੀ ਮੰਨਿਆ ਜਾਂਦਾ--
"ਕਿਸਮਤ ਦੇ ਸੁੱਕੇ ਬੀਜ਼ ਚੋਂ ਫੁੱਲਾਂ ਨੂੰ ਟੋਲ੍ਹਦੇ,
ਮਿੱਟੀ ਦੀਆਂ ਹੀ ਰਹਿ ਗਏ ਪਰਤਾਂ ਫਰੋਲ਼ਦੇ ।"

ਉਪਰੋਕਤ ਸ਼ਿਅਰ ਵਿੱਚ ਪਹਿਲੀ ਤੁਕ ਵਿੱਚ ਲ੍ਹ ਅਤੇ ਦੂਸਰੀ ਤੁਕ ਵਿੱਚ ਲ ਦਾ ਕਾਫੀਆ ਬੰਨ੍ਹਿਆ ਗਿਆ ਹੈ ।

ਐਬ ਇਤਸਾਲ, ਬਾਅਦ ਸਕੂਤ--- ਇਤਸਾਲ ਦਾ ਅਰਥ ਹੈ ਮਿਲਣਾ ਅਤੇ ਸਕੂਤ ਦਾ ਅਰਥ ਹੈ ਡਿਗਣਾ । ਭਾਵ ਕਿਸੇ ਅੱਖਰ ਦਾ ਮਿਲਣ ਮਗਰੋਂ ਡਿਗਣਾ ।  ਇਹ ਵੀ ਐਬ ਤਨਾਫ਼ਰ ਦਾ ਹੀ ਰੂਪ ਹੈ । ਐਬ ਏ ਤਨਾਫਰ ਕਿਸੇ ਸ਼ਬਦ ਦੇ ਅਖ਼ੀਰਲੇ ਅਤੇ ਉਸ ਤੋਂ ਅਗਲੇ ਸ਼ਬਦ ਦੇ ਪਹਿਲੇ ਅੱਖਰ ਦਾ ਟਕਰਾਉਣਾ ਹੈ । ਐਬ ਇਤਸਾਲ ਬਾਅਦ ਸਕੂਤ ਦਾ ਮਤਲਬ ਅੱਖਰ ਦਾ ਡਿਗਣ ਮਗਰੋਂ ਟਕਰਾਉਣਾ ਹੈ । ਸ਼ਿਅਰ ਵਿੱਚ ਕਈ ਵਾਰ ੳ, ਅ, ੲ ਜਾਂ ਫਿਰ ਕੋਈ ਦੀਰਘ ਲਗ ਬਹਿਰ ਦੀ ਮਜ਼ਬੂਰੀ ਕਾਰਣ ਗਿਰਾਉਣੀ ਪੈਂਦੀ ਹੈ, ਪਰ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਅੱਖਰ ਗਿਰਾਉਣ ਮਗਰੋਂ ਅਗਲੇ ਤੇ ਪਿਛਲੇ ਦੋਵੇਂ ਅੱਖਰ ਇੱਕੋ ਜਹੇ ਰਹਿ ਜਾਂਦੇ ਹਨ ਅਤੇ ਆਪਸ ਵਿੱਚ ਟਕਰਾ ਜਾਂਦੇ ਹਨ । ਇਸ ਤਰ੍ਹਾਂ ਸ਼ਿਅਰ ਵਿੱਚ ਇਤਸਾਲ ਬਾਅਦ ਸਕੂਤ ਦਾ ਦੋਸ਼ ਪੈਦਾ ਹੋ ਜਾਂਦਾ ਹੈ ।
"ਜਗੇ ਸੁਪਨੇ ਨੂੰ ਦੇ ਕੇ ਨੀਂਦ ਦੀ ਗੋਲੀ ਸੁਆਉਂਦੇ ਨੇ,
ਕਿ ਮਾਲੀ ਪਤਝੜਾਂ ਹੱਥੀਂ ਬਹਾਰਾਂ ਵੇਚ ਆਉਂਦੇ ਨੇ ।"

ਉਪਰੋਕਤ ਮਤਲੇ ਦੀ ਪਹਿਲੀ ਤੁਕ ਵਿਚ ਜਗੇ ਸੁਪਨੇ ਤੋਂ ਅਗਲੇ ਸ਼ਬਦ ਨੂੰ ਤੋਂ ਬਹਿਰ ਦੀ ਮਜ਼ਬੂਰੀ ਕਾਰਨ ਟਿੱਪੀ ਅਤੇ ਦੁਲੈਂਕੜ ਗਿਰਾਉਣੇ ਪੈਂਦੇ ਹਨ, ਇਸ ਤਰ੍ਹਾਂ  ਕੇਵਲ ਨ ਅੱਖਰ ਬਚਦਾ ਹੈ ਜੋ ਪਹਿਲੇ ਸ਼ਬਦ ਨੇ ਨਾਲ ਟਕਰਾਉਂਦਾ ਹੈ ।

ਗ਼ੈਰ ਫ਼ਸੀਹ ਐਬ--
ਫਸੀਹ ਦਾ ਅਰਥ ਹੁੰਦਾ ਹੈ ਖ਼ੁਸ਼ ਬਿਆਨੀ । ਕਹਿਣ ਦਾ ਮਤਲਬ ਹੈ ਜਦੋਂ ਸ਼ਬਦ ਗੈਰ-ਕਾਵਿਕ ਹੋਣ ਤਾਂ ਸੁਣਦਿਆਂ ਚੰਗੇ ਨਹੀ ਲੱਗਦੇ । ਅਜੇਹੇ ਸ਼ਬਦਾਂ ਤੇ ਗ਼ੈਰ ਫਸੀਹ ਹੋਣ ਦਾ ਦੋਸ਼ ਲਗਦਾ ਹੈ । ਕਿਉਂ ਕਿ ਖ਼ੁਸ਼ ਬਿਆਨੀ ਗ਼ਜ਼ਲ ਦੀ ਜਿੰਦ ਜਾਨ ਹੈ ।
"ਹਮੇਸ਼ਾ ਤਾਰਦਾ ਮੈਂ ਦੀਪ ਨੂੰ ਰਸਤਾ ਦਿਖਾਵਣ ਨੂੰ,
ਤਰਾ ਕੇ ਹੁਣ ਡੁਬੋਵਣ ਦਾ ਕੋਈ ਕਾਰਣ ਵੀ ਤਾਂ ਹੋਵੇ ।"

ਉਪਰੋਤਕ ਸ਼ਿਅਰ ਦੀ ਪਹਿਲੀ ਤੁਕ ਦਾ ਸ਼ਬਦ ਦਿਖਾਵਣ ਅਤੇ ਦੂਸਰੀ ਤੁਕ ਦਾ ਸ਼ਬਦ ਡੁਬੋਵਣ ਗ਼ੈਰ ਫਸੀਹ ਹਨ । ਅਜੇਹੇ ਸ਼ਬਦ ਵਰਤਣ ਨਾਲ ਸ਼ਿਅਰ ਦੀ ਖ਼ੂਬਸੂਰਤੀ ਜਾਂਦੀ ਰਹਿੰਦੀ ਹੈ ।

ਹਰਫ਼ੇ ਨਿਦਾ ਦੀ ਘਾਟ-- ਨਿਦਾ ਦਾ ਅਰਥ ਹੈ ਸੰਬੋਧਨ ਕਰਨਾ ਜਾਂ ਮੁਖ਼ਾਤਿਬ ਹੋਣਾ । ਐ ਜਾਂ ਓ ਸ਼ਬਦ ਹਰਫ਼ੇ ਨਿਦਾ ਜਾਂ ਸੰਬੋਧਨੀ ਸ਼ਬਦ ਕਹਾਉਂਦੇ ਹਨ । ਹਰਫ਼ੇ ਨਿਦਾ ਬਿਨਾਂ ਸ਼ਿਅਰ ਸਪਸ਼ਟ ਨਹੀ ਹੁੰਦਾ ।

" ਉਹ ਮੋਏ ਦਾ ਸੁਣ ਕੇ, ਖ਼ੁਸ਼ੀ ਨਾਲ ਆਇਆ,
ਫਰਿਸ਼ਤੇ ਅਜ਼ਲ ਤੂੰ ਰਹੀਂ ਰੋਜ਼ ਆਉਂਦਾ ।"

ਉਪਰੋਕਤ ਸ਼ਿਅਰ ਦੀ ਦੂਜੀ ਤੁਕ ਵਿੱਚ ਫਰਿਸ਼ਤੇ ਤੋਂ ਪਹਿਲਾਂ ਐ ਫਰਿਸ਼ਤੇ ਸੰਬੋਧਨੀ ਸ਼ਬਦ ਆਉਣਾ ਚਾਹੀਦਾ ਸੀ, ਤਾਂ ਹੀ ਸ਼ਿਅਰ ਖ਼ੂਬਸੂਰਤ ਹੋ ਸਕਦਾ ਸੀ ।

ਪਿਛਲੀਆਂ ਕਿਸ਼ਤਾਂ ਵਿੱਚ ਕਾਫ਼ੀਏ ਦਾ ਜ਼ਿਕਰ ਕਰਦੇ ਹੋਏ ਕਾਫ਼ੀਏ ਦੇ ਦੋਸ਼ਾਂ ਬਾਰੇ ਚਰਚਾ ਹੋ ਚੁੱਕੀ ਹੈ । ਹੁਣ ਕਾਫ਼ੀਏ ਦੇ ਦੋਸ਼ ਨਹੀ ਦੁਹਾਰਾਵਾਂਗੇ ।

ਜ਼ੁਬਾਨਦਾਨੀ---
ਅਜੋਕੇ ਦੌਰ ਵਿੱਚ ਸ਼ਾਇਰ ਅਣਗਹਿਲੀ ਕਰਕੇ ਜਾਂ ਨਾਦਾਨੀ ਕਰਕੇ ਚੰਗੀ ਭਲੀ ਜ਼ੁਬਾਨ ਵਿਗਾੜ ਰਹੇ ਹਨ । ਹਾਲਾਤ ਅਤੇ ਜਜ਼ਬਾਤ ਦੋਵੇਂ ਕ੍ਰਮਵਾਰ ਹਾਲਤ ਅਤੇ ਜਜ਼ਬੇ ਦੇ ਬਹੂਵਚਨ ਹਨ । ਪਰ ਕੁਝ ਸ਼ਾਇਰ ਹਾਲਾਤਾਂ ਅਤੇ ਜਜ਼ਬਾਤਾਂ ਦਾ ਕਾਫ਼ੀਆ ਬੰਨ੍ਹ ਰਹੇ ਹਨ, ਜੋ ਕਿ ਗ਼ਲਤ ਹੈ, ਕਿਉਂ ਕਿ ਬਹੂਵਚਨ ਦਾ ਅੱਗੇ ਹੋਰ ਬਹੂਵਚਨ ਕਰਨਾ ਹਾਸੋ-ਹੀਣਾ ਹੈ । ਇਸੇ ਤਰ੍ਹਾਂ ਕੁਝ ਸ਼ਾਇਰ ਰਵਾਨੀ ਦੀ ਥਾਂ ਤੇ ਰਵਾਨਗੀ ਸ਼ਬਦ ਵਰਤਕੇ ਅਰਥਾਂ ਦਾ ਅਨਰਥ ਕਰ ਦਿੰਦੇ ਹਨ । ਕਿਉਂ ਕਿ ਰਵਾਨੀ ਦਾ ਅਰਥ ਚਾਲ (Flow) ਅਤੇ ਰਵਾਨਗੀ ਦਾ ਅਰਥ ਵਿਦਾਇਗੀ ਹੈ । ਇਸੇ ਤਰ੍ਹਾਂ ਹੀ ਰੋਸੇ ਦੀ ਥਾਂ ਰੁਸਵਾਈ ਸ਼ਬਦ ਵਰਤਦਿਆਂ ਵੀ ਸਥਿਤੀ ਹਾਸੋ ਹੀਣੀ ਹੋ ਜਾਂਦੀ ਹੈ, ਕਿਉਂ ਕਿ ਰੁਸਵਾਈ ਸ਼ਬਦ ਦਾ ਮਤਲਬ ਬਦਨਾਮੀ ਹੁੰਦਾ ਹੈ । ਅਖ਼ਬਾਰ ਅਪਣੇ ਆਪ ਵਿੱਚ ਖ਼ਬਰਾਂ ਦਾ ਬਹੂਵਚਨ ਹੈ । ਪਰ ਅਸੀਂ ਅਖ਼ਬਾਰ ਤੋਂ ਅਖ਼ਬਾਰਾਂ ਬਣਾ ਰਹੇ ਹਾਂ । ਇਸੇ ਤਰ੍ਹਾਂ ਰੌਸ਼ਨੀ ਦੀ ਥਾਂ ਰੁਸ਼ਨਾਈ ਵਰਤ ਲਿਆ ਜਾਂਦਾ ਹੈ ਜਦਕਿ ਰੁਸ਼ਨਾਈ ਦਾ ਮਤਲਬ ਸ਼ਿਆਹੀ ਹੁੰਦਾ ਹੈ । ਜ਼ੁਬਾਨਦਾਨੀ ਦਾ ਖ਼ਿਆਲ ਰੱਖਣਾ ਸ਼ਾਇਰ ਵਾਸਤੇ ਬਹੁਤ ਜ਼ਰੂਰੀ ਹੈ । ਜਿਹੜੇ ਸ਼ਬਦ ਦੇ ਅਰਥ ਤੁਹਾਨੂੰ ਖ਼ੁਦ ਨੂੰ ਸਪਸ਼ਟ ਨਾ ਹੋਣ ਅਜਿਹੇ ਸ਼ਬਦ ਵਰਤਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ।

ਜ਼ਿਹਾਫ਼ਾਂ ਦਾ ਵੇਰਵਾ

ਜ਼ਿਹਾਫ਼ਾਂ ਦਾ ਵੇਰਵਾ

ਪਿਆਰੇ ਦੋਸਤੋ ਹੁਣ ਤੱਕ ਆਪਾਂ ਗ਼ਜ਼ਲ ਦੀਆਂ ਬਹਿਰਾਂ ਅਤੇ ਬਹਿਰਾਂ ਵਿੱਚ ਲਈਆਂ ਜਾਣ ਵਾਲੀਆਂ ਖੁੱਲ੍ਹਾਂ, ਭਾਵ ਅੱਖਰ ਗਿਰਾਉਣ ਦੇ ਵਿਧੀ ਵਿਧਾਨ ਬਾਰੇ ਚਰਚਾ ਕਰ ਚੁੱਕੇ ਹਾਂ । ਹੁਣ ਆਪਾਂ ਗ਼ਜ਼ਲ ਦੇ ਇੱਕ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਅੰਗ ਜ਼ਿਹਾਫ ਬਾਰੇ ਵਿਚਾਰ ਚਰਚਾ ਕਰਾਂਗੇ ।  ਜਿਵੇਂ ਕਿ ਆਪਾਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਕਿ ਗ਼ਜ਼ਲ ਦੀਆਂ ਉੱਨੀ (19) ਸਾਲਮ ਬਹਿਰਾਂ ਹਨ , ਪਰ ਇਨ੍ਹਾਂ ਤੇ ਜ਼ਿਹਾਫ ਲਾ ਕੇ ਅਸੀਂ ਇੱਕ ਇੱਕ ਸਾਲਮ ਬਹਿਰ ਦੇ ਅਨੇਕਾਂ ਰੂਪ ਬਣਾ ਸਕਦੇ ਹਾਂ । ਜਿਹਾਫ਼ਾਂ ਬਾਰੇ ਜਾਣਕਾਰੀ ਸਾਡੇ ਲਈ ਬੇਹੱਦ ਮਹੱਤਵਪੂਰਨ ਹੈ, ਕਿਉਂ ਕਿ ਜਿਹਾਫ਼ਾ ਦੀ ਜਾਣਕਾਰੀ ਤੋਂ ਬਗੈਰ ਨਾ ਤਾਂ ਅਸੀਂ ਖ਼ੁਦ ਗ਼ਜ਼ਲ ਲਿਖ ਸਕਦੇ ਹਾਂ ਤੇ ਨਾ ਹੀ ਦੂਸਰੇ ਸ਼ਾਇਰਾਂ ਦੀਆਂ ਲਿਖੀਆਂ ਹੋਈਆਂ ਗ਼ਜ਼ਲਾਂ ਦੀਆਂ ਬਹਿਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ  ਹਾਂ । ਕਿਉਂ ਕਿ ਇੱਕ ਬਹਿਰ ਤੇ ਵੱਖ ਵੱਖ ਜਿਹਾਫ਼ ਲਾ ਕੇ ਅਸੀਂ ਉਸੇ ਬਹਿਰ ਨੂੰ ਅਨੇਕਾਂ ਢੰਗਾਂ ਨਾਲ ਵਰਤ ਸਕਦੇ ਹਾਂ । ਇਸ ਤਰ੍ਹਾਂ ਜ਼ਿਹਾਫਾਂ ਦੀ ਜਾਣਕਾਰੀ ਹੋਣ ਨਾਲ ਹੀ ਅਸੀਂ ਕਿਸੇ ਗ਼ਜ਼ਲ ਦੀ ਸਹੀ ਤਕਤੀਹ ਕਰਕੇ ਦੱਸ ਸਕਦੇ ਹਾਂ ਕਿ ਇਹ ਗ਼ਜ਼ਲ ਕਿਸ ਬਹਿਰ ਵਿੱਚ ਲਿਖੀ ਗਈ ਹੈ ਅਤੇ ਇਸ ਵਿਚ ਕਿਹੜੇ ਕਿਹੜੇ ਜ਼ਿਹਾਫ ਵਰਤੇ ਗਏ ਹਨ । ਸਾਲਮ ਬਹਿਰ ਤੋਂ ਇਲਾਵਾ ਜੇ ਕਿਸੇ ਹੋਰ ਬਹਿਰ ਦਾ ਨਾਮ ਨਿਰਧਾਰਿਤ ਕਰਨਾ ਹੋਵੇ ਤਾਂ ਉਸ ਵਿੱਚ ਵਰਤੇ ਗਏ ਜ਼ਿਹਾਫ ਦੇ ਅਧਾਰ ਤੇ ਹੀ ਉਸ ਦਾ ਨਾਮ ਨਿਸ਼ਚਿਤ ਕੀਤਾ ਜਾਂਦਾ ਹੈ , ਜਾਂ ਇਹ ਕਹਿ ਲਿਆ ਜਾਵੇ ਕਿ ਕਿਸੇ ਬਹਿਰ ਦਾ ਨਾਮ ਹੀ ਇਹ ਸੰਕੇਤ ਦੇ ਦਿੰਦਾ ਹੈ ਕਿ ਉਸ ਵਿੱਚ ਕਿਹੜੇ ਕਿਹੜੇ ਜ਼ਿਹਾਫ ਵਰਤੇ ਗਏ ਹਨ ।

ਅਜੋਕੇ ਦੌਰ ਵਿਚ ਅਰੂਜ਼ ਸਬੰਧੀ ਭਾਵੇਂ ਇੱਕ ਦਰਜਣ ਤੋਂ ਵੱਧ ਅਰੂਜ਼ ਦੇ ਵਿਦਵਾਨਾਂ ਦੀਆਂ ਪੁਸਤਕਾਂ ਉਪਲਬਧ ਹਨ, ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਜ਼ਿਹਾਫਾਂ ਬਾਰੇ ਜਾਣਕਾਰੀ ਦਿੰਦਿਆਂ ਬਹੁਤੇ ਵਿਦਾਵਾਨਾਂ ਨੇ ਗਿਣਤੀ ਦੇ ਜ਼ਿਹਾਫਾਂ ਦਾ ਹੀ ਵੇਰਵਾ ਦਿੱਤਾ ਹੈ, ਜਦ ਕਿ ਜਿਹਾਫ਼ਾਂ ਦੀ ਗਿਣਤੀ ਤਰਤਾਲੀ (43) ਦੇ ਲੱਗਪੱਗ ਬਣਦੀ ਹੈ ।

ਡਾ: ਨਰੇਸ਼ ਨੇ ਆਪਣੀ ਪੁਸਤਕ ਗ਼ਜ਼ਲ ਦੀ ਪਰਖ਼ ਅਤੇ ਠਾਕਰ ਭਾਰਤੀ ਨੇ ਪੰਜਾਬੀ ਕਵਿਤਾ ਵਿਧਾਨ, ਨਾਮੀ ਪੁਸਤਕ ਵਿਚ ਜ਼ਿਹਾਫਾਂ ਬਾਰੇ ਕੋਈ ਵੀ ਜ਼ਿਕਰ ਨਹੀ ਕੀਤਾ । ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਕਹੇ ਜਾਂਦੇ ਦੀਪਕ ਜੈਤੋਈ ਹੋਰਾਂ ਨੇ ਆਪਣੀ ਪੁਸਤਕ 'ਗ਼ਜ਼ਲ ਕੀ ਹੈ' ਵਿਚ ਤੇਈ (23) ਕੁ ਜਿਹਾਫ਼ਾਂ ਬਾਰੇ, ਸੁਲੱਖਣ ਸਰਹੱਦੀ ਹੋਰਾਂ ਨੇ ਆਪਣੀ ਪੁਸਤਕ ' ਸਰਲ ਪਿੰਗਲ ਤੇ ਅਰੂਜ਼' ਵਿੱਚ ਅਤੇ ਡ: ਐਸ ਤਰਸੇਮ ਨੇ ਆਪਣੀ ਪੁਸਤਕ ਵਿਚ ਬਾਈ ਬਾਈ (22) ਜਿਹਾਫ਼ਾਂ ਬਾਰੇ ਜਾਣਕਾਰੀ ਦਿੱਤੀ ਹੈ । ਇਸੇ ਤਰ੍ਹਾਂ ਅਮਰਜੀਤ ਸਿੰਘ ਸੰਧੂ ਹੁਰਾਂ ਦੀ ਪੁਸਤਕ ' ਆਉ ਗ਼ਜ਼ਲ ਲਿਖੀਏ' ਵਿਚ ਜਿਹਾਫ਼ਾਂ ਬਾਰੇ ਕੋਈ ਵੱਖਰਾ ਅਧਿਆਏ ਤਾਂ ਨਹੀ ਦਿੱਤਾ ਪਰ ਤਕਤੀਹ ਵਾਲੇ ਅਧਿਆਏ ਵਿੱਚ ਸ਼ਿਅਰਾਂ ਦੀ ਤਕਤੀਹ ਕਰਦਿਆਂ ਕੁਝ ਕੁ ਜ਼ਿਹਾਫਾਂ ਦੀ ਵਿਆਖਿਆ ਕੀਤੀ ਹੈ । ਹਾਂ ਡਾ: ਜੋਗਿੰਦਰ ਸਿੰਘ ਨੇ ਆਪਣੀ ਪੁਸਤਕ 'ਪਿੰਗਲ ਤੇ ਅਰੂਜ਼ ' ਵਿੱਚ ਜ਼ਿਹਾਫਾਂ ਬਾਰੇ ਮੁਕੰਮਲ ਜਾਣਕਾਰੀ ਜ਼ਰੂਰ ਦਿੱਤੀ ਹੈ ।

ਸਾਡੇ ਖਿਆਲ ਅਨੁਸਾਰ ਸਾਡੇ ਅਰੂਜ਼ੀ ਵਿਦਵਾਨਾਂ ਨੇ ਕੇਵਲ ਉਨ੍ਹਾਂ ਜ਼ਿਹਾਫਾਂ ਬਾਰੇ ਜਾਣਕਾਰੀ ਦੇਣੀ ਹੀ ਮੁਨਾਸਿਬ ਸਮਝੀ ਹੈ, ਜੋ ਪੰਜਾਬੀ ਵਿੱਚ ਪ੍ਰਚਲਿਤ ਹਨ । ਪਿਆਰੇ ਦੋਸਤੋ ਆਉਣ ਵਾਲੀਆਂ ਨਸਲਾਂ ਵਾਸਤੇ ਸਾਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਜ਼ਰੂਰਤ ਹੈ , ਜੇ ਅਸੀਂ ਕੁਝ ਬਹਿਰਾਂ ਵਿੱਚ ਹੀ ਗ਼ਜ਼ਲਾਂ ਕਹਿ ਸਕੇ ਹਾਂ ਤਾਂ ਇਹ ਜ਼ਰੂਰੀ ਨਹੀ ਕਿ ਆਉਣ ਵਾਲੀਆਂ ਨਸਲਾਂ ਵੀ ਉਨ੍ਹਾਂ ਕੁਝ ਕੁ ਬਹਿਰਾਂ ਵਿੱਚ ਹੀ ਆਪਣੀਆਂ ਗ਼ਜ਼ਲਾਂ ਕਹਿਣ ।

ਸਾਡੀਆਂ ਆਉਣ ਵਾਲੀਆਂ ਨਸਲਾਂ ਤੇਜ਼ ਤਰਾਰ ਬੁੱਧੀ ਵਾਲੀਆਂ ਹੋਣਗੀਆਂ । ਅੱਜ ਅਸੀਂ ਕਲਾ ਦੇ ਖ਼ੇਤਰ ਵਿੱਚ ਜਿਸ ਮੁਕਾਮ ਤੱਕ ਪਹੁੰਚੇ ਹਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਸ਼ੁਰੂਆਤ ਏਥੋਂ ਹੀ ਹੋਵੇਗੀ, ਵਿਕਾਸ ਦਾ ਰੁਖ਼ ਹਮੇਸ਼ਾ ਅਗਰਗਾਮੀ ਰਿਹਾ ਹੈ । ਇਹ ਸਾਡਾ ਵਿਸ਼ਾਵਾਸ ਹੀ ਨਹੀ ਸਗੋਂ ਇੱਟ ਵਰਗਾ ਪੱਕਾ ਯਕੀਨ ਹੈ, ਏਸੇ ਕਰਕੇ ਹੀ ਬੱਚੇ ਨੂੰ ਮਨੁੱਖ ਦਾ ਪਿਉ ਕਿਹਾ ਜਾਂਦਾ ਹੈ , ਅਤੇ ਪੰਜਾਬੀ ਦਾ ਅਖਾਣ ਵੀ ਹੈ ਕਿ ਦੁਨੀਆਂ ਪਰੇ ਤੋਂ ਪਰੇ ਪਈ ਹੈ । ਕਿਸੇ ਵੇਲੇ ਮਨੁੱਖ ਦਾ ਮਾਊਂਟ ਐਵਰੈਸਟ ਤੇ ਚੜ੍ਹਨਾਂ ਅਸੰਭਵ ਮੰਨਿਆ ਜਾਂਦਾ ਸੀ, ਪਰ ਅੱਜ ਇਹ ਇੱਕ ਸਧਾਰਾਣ ਵਤੀਰਾ ਬਣ ਗਿਆ ਹੈ ।

ਸਾਡੇ ਏਸ ਕਥਨ ਦੀ ਪੁਸ਼ਟੀ ਵਾਸਤੇ ਅਸੀਂ ਇਕ ਉਦਾਹਰਣ ਦੇਣੀ ਚਾਹੁੰਦੇ ਹਾਂ  ਕਿ ਕੁਝ ਦਹਾਕੇ ਪਹਿਲਾਂ ਪੰਜਾਬੀ ਭਾਸ਼ਾ ਤੇ ਕਥਿਤ ਵਿਦਵਾਨਾਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਗ਼ਜ਼ਲ ਪੰਜਾਬੀ ਵਿੱਚ ਲਿਖੀ ਹੀ ਨਹੀ ਜਾ ਸਕਦੀ ਕਿਉਂ ਕਿ ਪੰਜਾਬੀ ਭਾਸ਼ਾ ਗ਼ਜ਼ਲ ਦੇ ਅਨੁਕੂਲ ਹੀ ਨਹੀਂ । ਉਨ੍ਹਾਂ ਦਾ ਮੱਤ ਸੀ ਕਿ ਪੰਜਾਬੀ ਭਾਸ਼ਾ ਇਕ ਗੰਵਾਰੂ ਭਾਸ਼ਾ ਹੈ, ਇਹ ਤਾਂ ਸਿਰਫ਼ ਗਾਲ਼੍ਹਾਂ ਕੱਢਣ ਦੇ ਹੀ ਕੰਮ ਆਉਂਦੀ ਹੈ । ਅਸਲ ਵਿੱਚ ਇਹ ਕਮਜ਼ੋਰੀ ਪੰਜਾਬੀ ਜ਼ੁਬਾਨ ਵਿੱਚ ਨਹੀ ਸੀ ਬਲਕਿ ਉਹਨਾਂ ਦੇ ਆਪਣੇ ਬੌਧਿਕ ਦਿਵਾਲੀਏ ਹੋਣ ਦਾ ਪ੍ਰਮਾਣ ਸੀ । ਪ੍ਰਤੱਖ ਨੂੰ ਪਰਮਾਣ ਦੀ ਕੀ ਲੋੜ ਦੇ ਕਥਨ ਅਨੁਸਾਰ ਅੱਜ ਗ਼ਜ਼ਲ ਪੰਜਾਬੀ ਵਿੱਚ ਨਾ ਸਿਰਫ਼  ਧੜੱਲੇ ਨਾਲ ਲਿਖੀ ਜਾ ਰਹੀ ਹੈ ਬਲਕਿ ਪੰਜਾਬੀ ਦੇ ਦੂਸਰੇ ਕਾਵਿ ਰੂਪਾਂ ਨਾਲੋਂ ਵਧੇਰੇ ਪ੍ਰਵਾਨ ਵੀ ਚੜ੍ਹ ਰਹੀ ਹੈ ।

1960 ਤੋਂ ਮਗਰੋਂ ਕੁਝ ਸ਼ਾਇਰਾਂ ਨੇ ਗ਼ਜ਼ਲ ਕਹਿਣ ਵੱਲ ਤਵੱਜ਼ੋਂ ਦਿੱਤੀ । ਪਹਿਲਾਂ ਪਹਿਲਾਂ ਉਨ੍ਹਾਂ ਨੇ ਕੁਝ ਮੁਫ਼ਰਦ ਬਹਿਰਾਂ ਤੇ ਹੀ ਕ਼ਲਮ ਆਜ਼ਮਾਈ, ਖਾਸ ਤੌਰ ਤੇ ਬਹਿਰ ਹਜਜ਼, ਬਹਿਰ ਰਮਲ, ਬਹਿਰ ਮੁਤਦਾਰਿਕ ਅਤੇ ਬਹਿਰ ਮੁਤਕਾਰਿਬ ਵਿੱਚ ਗ਼ਜ਼ਲਾਂ ਕਹੀਆਂ । ਬਹਿਰ ਰਜ਼ਜ ਵੱਲ ਵੀ ਘੱਟ ਧਿਆਨ ਦਿੱਤਾ ਜਾਂਦਾ ਰਿਹਾ, ਕਿਉਂ ਕਿ ਇਹ ਬਹਿਰ ਆਪਣੇ ਰੁਕਨਾਂ  ਦੀ ਖਾਸ ਬਣਤਰ ਕਰਕੇ ਬੀਰ ਰਸੀ, ਜੰਗ ਜੂ ਵਿਸ਼ੇ ਹੀ ਲਈ ਅਨੁਕੂਲ ਮੰਨੀ ਜਾਂਦੀ ਹੈ ।

ਦੋ ਮੁਫਰਦ ਬਹਿਰਾਂ, ਬਹਿਰ ਕਾਮਲ ਅਤੇ ਬਹਿਰ ਵਾਫ਼ਰ ਵਿਚ ਗ਼ਜ਼ਲ ਲਿਖਣਾ ਤਾਂ ਕਿ ਸ਼ਾਇਰ ਸੋਚਣ ਤੋਂ ਵੀ ਗੁਰੇਜ਼ ਕਰਦੇ ਸਨ । ਅੱਜ ਸਥਿਤੀ ਇਹ ਹੈ ਕਿ ਪੰਜਾਬੀ ਦੇ ਅਨੇਕਾਂ ਗਜ਼ਲਗੋਆਂ ਨੇ ਬਹਿਰ ਕਾਮਲ, ਸਫ਼ਲਤਾ ਸਹਿਤ ਨਿਭਾਈ ਹੈ । ਇਸੇ ਤਰ੍ਹਾਂ ਹੀ ਉਸਤਾਦ ਸ਼ਾਇਰ ਬਹਿਰ ਵਾਫ਼ਰ ਵਿੱਚ ਵੀ ਗ਼ਜ਼ਲ ਕਹਿਣ ਤੋਂ ਝਿਜਕਦੇ ਸਨ । ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਕਹੇ ਜਾਂਦੇ ਦੀਪਕ ਜੈਤੋਈ ਦੇ ਬਹਿਰ ਵਾਫ਼ਰ ਬਾਰੇ ਇਹ ਖਿਆਲ ਸਨ --

"ਵਾਫਰ ਦਾ ਅਰਥ ਹੁੰਦਾ ਹੈ, ਬਹੁਤ ਜਿਆਦਾ । ਇਸ ਬਹਿਰ ਵਿਚ ਚੂੰਕਿ ਹਰਕਤਾਂ ਬਹੁਤ ਜ਼ਿਆਦਾ ਹਨ, ਯਾਨੀ ਸੱਤ ਅੱਖਰਾਂ ਦੇ ਇਸ ਮੁਫਾ-ਇਲੁ-ਤੁਨ ਰੁਕਨ ਵਿਚ ਪੰਜ ਅੱਖਰ ਮੁਤਹੱਰਕ ਹਨ, ਅਤੇ ਕੇਵਲ ਦੋ ਸਾਕਿਨ ਹਨ । ਪੰਜਾਬੀ ਵਿਚ ਇਹ ਸੰਭਵ ਨਹੀ ।"

ਦੀਪਕ ਸਾਹਿਬ ਨੂੰ ਕੀ ਪਤਾ ਸੀ ਕਿ ਪੰਜਾਬੀ ਗ਼ਜ਼ਲ ਨੂੰ ਜਨੂਨ ਦੀ ਹੱਦ ਤੱਕ ਪਿਆਰ ਕਰਨ ਵਾਲੇ ਕੁਝ ਸ਼ਾਇਰ ਭਾਸ਼ਾ ਦੀਆਂ ਹੱਦਾਂ ਤੋੜ ਕੇ ਇਹ ਬਹਿਰ ਵੀ  ਪੰਜਾਬੀ ਵਿੱਚ ਨਿਭਾ ਲੈਣਗੇ । ਪੰਜਾਬੀ ਜ਼ੁਬਾਨ ਦੀ ਸਮਰੱਥਾ ਬਾਰੇ ਸਾਡਾ ਭੁਲੇਖਾ ਵੀ ਕਈ ਵਾਰ ਸਾਨੂੰ ਅਜੇਹੀਆਂ ਗ਼ਲਤ-ਫਹਿਮੀਆਂ ਪਾਲਣ ਲਾ ਦਿੰਦਾ ਹੈ । ਹੁਣ ਬਹਿਰ ਵਾਫ਼ਰ ਨੂੰ ਕੁਝ ਸ਼ਾਇਰਾਂ ਨੇ ਸਫ਼ਲਤਾ ਪੂਰਵਕ ਨਿਭਾ ਕੇ ਪੰਜਾਬੀ ਜ਼ੁਬਾਨ ਦੀ ਸਮਰੱਥਾ ਦਾ ਸਬੂਤ ਦਿੱਤਾ ਹੈ । ਬਹਿਰ ਵਾਫ਼ਰ ਦੀਆਂ ਉਦਾਹਰਣਾਂ ਅਸੀਂ ਅੱਗੇ ਚੱਲ ਕੇ ਦਿਆਂਗੇ । ਅੱਜ ਸਾਨੂੰ ਇਹ ਕਹਿੰਦਿਆਂ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਅਰੂਜ਼ ਦੀਆਂ ਉੱਨੀ ਦੀਆਂ ਉੱਨੀ ਬਹਿਰਾਂ ਪੰਜਾਬੀ ਸ਼ਾਇਰਾਂ ਨੇ ਨਿਭਾ ਲਈਆਂ ਹਨ । ਹੁਣ ਕਈ ਸ਼ਾਇਰ ਅਸੰਭਵ ਮੰਨੀਆਂ ਜਾਣ ਵਾਲੀਆਂ ਬਹਿਰਾਂ ਵਿੱਚ ਗ਼ਜ਼ਲਾਂ ਲਿਖ ਰਹੇ ਹਨ । ਪੰਜਾਬੀ ਵਿੱਚ ਗ਼ਜ਼ਲ ਦੇ ਹਰਮਨ ਪਿਆਰੀ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਹੁਣ ਤਕ ਅਰੂਜ਼ ਦੀਆਂ ਅਨੇਕਾਂ ਪੁਸਤਕਾਂ ਛਪ ਚੁੱਕੀਆਂ ਹਨ । ਅਸੀਂ ਪਿਛਲ ਝਾਤ ਮਾਰੀਏ ਤਾਂ 1978-79 ਵਿੱਚ ਜਦ ਅਸੀਂ ਗ਼ਜ਼ਲ ਕਹਿਣੀ ਸ਼ੁਰੂ ਕੀਤੀ ਤਾਂ ਉਸ ਵੇਲੇ ਸਰਦਾਰ ਜੋਗਿੰਦਰ ਸਿੰਘ ਦੀ ਅਰੂਜ਼ ਦੀ ਕੇਵਲ ਇੱਕੋ ਇੱਕ ਪੁਸਤਕ 'ਪਿੰਗਲ ਤੇ ਅਰੂਜ਼ ' ਹੀ ਪ੍ਰਕਾਸ਼ਿਤ ਹੋਈ ਸੀ । ਉਹ ਵੀ ਐਡੀਸ਼ਨ ਖ਼ਤਮ ਹੋਣ ਕਰਕੇ ਕਿਤਿਉਂ ਵੀ ਮਿਲ ਨਹੀ ਸੀ ਰਹੀ । ਸਾਨੂੰ ਬੜੀ ਮੁਸ਼ਕਲ ਨਾਲ ਉਹ ਪੁਸਤਕ ਦੇਖਣੀ ਨਸੀਬ ਹੋਈ ਸੀ ।

ਆਪਾਂ ਗੱਲ ਜ਼ਿਹਾਫਾਂ ਬਾਰੇ ਸ਼ੁਰੂ ਕੀਤੀ ਸੀ, ਹੁਣ ਏਸ ਮੁੱਦੇ ਤੇ ਆਉਂਦੇ ਹਾਂ, ਪਹਿਲਾਂ ਸਾਡੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਜ਼ਿਹਾਫ ਹਨ ਕੀ ?

"ਕਰੀਏ ਸ਼ਬਦ ਜ਼ਿਹਾਫ ਦਾ ਆਪਾਂ ਮਤਲਬ ਸਾਫ਼,
ਕਾਂਟ ਛਾਂਟ ਅਰਕਾਨ ਦੀ, ਉਸ ਨੂੰ ਕਹਿਣ ਜ਼ਿਹਾਫ "

ਜ਼ਿਹਾਫ ਦਾ ਸ਼ਾਬਦਿਕ ਅਰਥ ਹੈ ਅਸਲੋਂ ਦੂਰ ਜਾਣਾ, ਜਾਂ ਤੀਰ ਨਿਸ਼ਾਨੇ ਤੇ ਨਾ ਲੱਗਣਾ ਪਰ ਨਿਸ਼ਾਨੇ ਦੇ ਨੇੜੇ ਤੇੜੇ ਪਹੁੰਚ ਜਾਣਾ । ਪਰ ਅਰੂਜ਼ ਦੀ ਪਰਿਭਾਸ਼ਾ ਅਨੁਸਾਰ ਰੁਕਨਾਂ ਦੀ ਕਾਂਟ ਛਾਂਟ ਜਾਂ ਰੁਕਨਾਂ ਦੇ ਹਰਫਾਂ ਵਿਚ ਵਾਧਾ ਘਾਟਾ ਕਰਨਾ । ਰੁਕਨਾਂ ਵਿੱਚ ਇਹ ਤਬਦੀਲੀ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ ।-
1. ਰੁਕਨਾਂ ਦੇ ਹਰਫਾਂ ਵਿੱਚ ਵਾਧਾ ਕਰਕੇ
2. ਰੁਕਨਾਂ ਦੇ ਹਰਫਾਂ ਨੂੰ ਘਟਾ ਕੇ
3. ਰੁਕਨਾਂ ਦੇ ਮੁਤਹੱਰਕ ਅੱਖਰਾਂ ਨੂੰ ਸਾਕਿਨ ਕਰਕੇ

ਰੁਕਨਾਂ ਦੇ ਹਰਫਾਂ ਵਿਚ ਵਾਧਾ ਤਾਂ ਇੱਕ ਜਾਂ ਦੋ ਹਰਫਾਂ ਦਾ ਹੀ ਹੁੰਦਾ ਹੈ । ਪਰ ਰੁਕਨਾਂ ਵਿਚ ਹਰਫਾਂ ਦੀ ਕਾਂਟ ਛਾਂਟ ਦੇ ਨੁਕਤੇ ਤੋਂ ਇਸ ਵਿੱਚ ਗੰਭੀਰ ਤਬਦੀਲੀਆਂ ਆਉਂਦੀਆਂ ਹਨ । ਜ਼ਿਹਾਫਾਂ ਦੀ ਕਾਢ ਅਰੂਜ਼ੀ ਵਿਦਵਾਨਾਂ ਨੇ ਏਸ ਕਰਕੇ ਕੱਢੀ ਕਿ ਰੁਕਨਾਂ ਤੇ ਜ਼ਿਹਾਫਾਂ ਮਿਲ ਕੇ ਹਰ ਇੱਕ ਸ਼ਬਦ ਦਾ ਸਹੀ ਨਾਪ ਤੋਲ ਕਰ ਸਕਣ । ਸਾਰੇ ਰੁਕਨ ਪੰਜ ਹਰਫ਼ੀ ਜਾਂ ਸੱਤ ਹਰਫ਼ੀ ਹਨ ਤੇ ਇਨ੍ਹਾਂ ਰੁਕਨਾਂ ਵਿਚ ਸਬੱਬ ਜਾਂ ਵਤਦ ਦੀ ਅਦਲਾ ਬਦਲੀ ਕਰਨ ਦੇ ਨਾਲ ਇਹ ਹਰ ਤਰ੍ਹਾਂ ਦੇ ਪੰਜ ਹਰਫ਼ੀ ਤੇ ਸੱਤ ਹਰਫ਼ੀ ਸ਼ਬਦਾਂ ਦੇ ਵਜ਼ਨ ਹਾੜਨ ਵਾਸਤੇ ਕਾਰਆਮਦ ਹਨ । ਪਰ ਜਿਹੜੇ ਹਰਫ਼ ਪੰਜ ਜਾਂ ਸੱਤ ਹਰਫ਼ਾਂ ਤੋਂ ਵੱਧ ਜਾਂ ਘੱਟ ਹਨ ਉਹਨਾਂ ਦੇ ਵਜ਼ਨ ਹਾੜਨ ਵਾਸਤੇ ਜ਼ਿਹਾਫਾਂ ਦੀ ਲੋੜ ਪੈਂਦੀ ਹੈ । ਇਨ੍ਹਾਂ ਜ਼ਿਹਾਫਾਂ ਨਾਲ ਦੋ ਹਰਫਾਂ ਤੋਂ ਲੈ ਕੇ ਨੌ ਹਰਫ਼ਾਂ ਤੱਕ ਵਾਲੇ ਸ਼ਬਦਾਂ ਦੇ ਵਜ਼ਨ ਦਾ ਨਾਪ ਤੋਲ ਕੀਤਾ ਜਾ ਸਕਦਾ ਹੈ । ਸੋ ਜ਼ਿਹਾਫਾਂ ਦੀ ਮਦਦ ਨਾਲ ਸ਼ਿਅਰ ਵਿਚ ਵਰਤੇ ਹਰ ਤਰ੍ਹਾਂ ਦੇ ਸ਼ਬਦ ਦਾ ਵਜ਼ਨ ਹਾੜਿਆ ਜਾ ਸਕਦਾ ਹੈ ।

" ਇਕ ਦੋ ਹਰਫਾਂ ਦਾ ਕਰਨ, ਰੁਕਨਾਂ ਵਿੱਚ ਵਿਸਤਾਰ,
ਪਹਿਲ ਪ੍ਰਿਥਮ ਜ਼ਿਹਾਫ ਉਹ, ਲਈਏ ਕ੍ਰਿਸ਼ਨ ਵਿਚਾਰ ।"

ਪਹਿਲਾਂ ਆਪਾਂ ਉਹਨਾਂ ਜ਼ਿਹਾਫਾਂ ਤੇ ਵਿਚਾਰ ਕਰਦੇ ਹਾਂ ਜਿਹੜੇ ਜ਼ਿਹਾਫ ਰੁਕਨਾਂ ਦੇ ਅਖੀਰ ਤੇ ਇਕ ਦੋ ਹਰਫਾਂ ਦਾ ਵਾਧਾ ਕਰ ਦਿੰਦੇ ਹਨ । ਕੇਵਲ ਤਿੰਨ ਹੀ ਜ਼ਿਹਾਫ ਅਜਿਹੇ ਹਨ ਜਿਨ੍ਹਾਂ ਨਾਲ ਰੁਕਨ ਵਿਚ ਇੱਕ ਜਾਂ ਦੋ ਹਰਫਾਂ ਦਾ ਵਾਧਾ ਕੀਤਾ ਜਾ ਸਕਦਾ ਹੈ ।

1. ਇਜ਼ਾਲ--- ਇਜ਼ਾਲ ਦਾ ਅਰਥ ਹੈ 'ਪੱਲਾ ਅੱਡਣਾ', ਪਰ ਅਰੂਜ਼ੀ ਪਰਿਭਾਸ਼ਾ ਅਨੁਸਾਰ ਜਿਨ੍ਹਾਂ ਰੁਕਨਾਂ ਦੇ ਅਖੀਰ ਤੇ ਵਤਦ ਮਜ਼ਮੂਅ ਯਾਨੀ  IS ਆਉਂਦਾ ਹੈ ਉਸ ਦੇ ਅਖ਼ੀਰਲੇ ਸਾਕਿਨ ਅੱਖਰ ਤੋਂ ਪਹਿਲਾਂ ਕੰਨਾਂ ਵਧਾਉਣ ਦੀ ਕਿਰਿਆ ਹੈ । ਇਹ ਜ਼ਿਹਾਫ ਮੁਤੁਫਾਇਲੁਨ (IISIS) ਫਾਇਲੁਨ (SIS) ਅਤੇ ਮੁਸਤਫ਼ਇਲੁਨ (SSIS) ਰੁਕਨਾਂ ਦੇ ਅਖ਼ੀਰਲੇ ਸਾਕਿਨ ਅੱਖਰ, ਨ  ਤੋਂ ਪਹਿਲਾਂ ਇਕ ਕੰਨਾਂ ਵਧਾ ਕੇ ਲਾਗੂ ਕੀਤਾ ਜਾਂਦਾ ਹੈ । ਇਸ ਤਰ੍ਹਾਂ ਇਹ ਰੁਕਨ ਕ੍ਰਮਵਾਰ ਮੁਤੁਫਾਇਲਾਨ, ਫਾਇਲਾਨ ਅਤੇ ਮੁਸਤਫ਼ਇਲਾਨ ਬਣ ਜਾਂਦੇ ਹਨ । ਇੱਥੇ ਹੁਣ ਮੁਕਤਾ ਅੱਖਰ ਨ ਕੇਵਲ ਬਿੰਦੀ ਦੀ ਅਵਾਜ਼ ਪੈਦਾ ਕਰਦਾ ਹੈ ਅਤੇ ਇਹ ਰੁਕਨ ਕ੍ਰਮਵਾਰ ਮੁਤੁਫਾਇਲਾਂ, ਫਾਇਲਾਂ, ਤੇ ਮੁਸਤਫਇਲਾਂ ਬਣ ਜਾਣਗੇ । ਭਾਵੇਂ ਇਸ ਤਰ੍ਹਾਂ ਕਰਨ ਨਾਲ ਰੁਕਨ ਦੇ ਵਜ਼ਨ ਵਿਚ ਕੋਈ ਫਰਕ ਨਹੀ ਪੈਂਦਾ, ਕਿਉਂ ਕਿ ਬਿੰਦੀ ਵਜ਼ਨ ਵਿੱਚ ਗਿਣੀ ਹੀ ਨਹੀ ਜਾਂਦੀ । ਪਰ ਗਾਇਕ ਅਖ਼ੀਰ ਤੇ ਬਿੰਦੀ ਦੀ ਅਵਾਜ਼ ਅਦਾ ਕਰ ਸਕੇਗਾ, ਜੇ ਇਹ ਬਿੰਦੀ ਅਖੀਰਲੇ ਅੱਖਰ ਤੇ ਆਉਣ ਦੀ ਬਜਾਇ ਕਿਸੇ ਹੋਰ ਅੱਖਰ ਤੇ ਹੁੰਦੀ ਤਾਂ ਇਹ ਵਜ਼ਨੋਂ ਖਾਰਜ ਹੋ ਜਾਣੀ ਸੀ । ਇਹ ਰੁਕਨ ਅਖੀਰ ਤੇ ਬਿੰਦੀ ਲਾਉਣ ਨਾਲ ਭਾਵੇਂ ਸਿਧਾਂਤਕ ਤੌਰ ਤੇ ਅੱਠ ਅੱਖਰਾਂ ਦੇ ਹੋ ਗਏ ਹਨ ਪਰ ਉਚਾਰਣ ਵਿੱਚ ਸਿਰਫ ਸੱਤ ਅੱਖਰ ਹੀ ਗਿਣੇ ਜਾਣਗੇ । ਇਹ ਜ਼ਿਹਾਫ ਰਜਜ਼, ਮੁਤਦਾਰਿਕ, ਬਸੀਤ, ਕਾਮਿਲ, ਸਰੀਅ, ਮੁਨਸਰਿਹ ਅਤੇ ਮੁਕਤਜ਼ਬ ਬਹਿਰਾਂ ਤੇ ਲਾਗੂ ਹੁੰਦੀ ਹੈ ।

2. ਤਸਬੀਗ--- ਤਸਬੀਗ ਦਾ ਅਰਥ ਹੈ, ਪੂਰਾ ਕਰਨਾ । ਅਰੂਜ਼ੀ ਭਾਸ਼ਾ ਅਨੁਸਾਰ ਸਬੱਬ ਖਫੀਫ ਯਾਨੀ S ਤੇ ਮੁੱਕਣ ਵਾਲੇ ਰੁਕਨਾਂ ਵਿੱਚ ਸਾਕਿਨ ਹਰਫ਼ ਤੋਂ ਪਹਿਲਾਂ ਕੰਨਾਂ ਵਧਾਉਣ ਦੀ ਕਿਰਿਆ ਨੂੰ ਤਸਬੀਗ ਕਿਹਾ ਜਾਂਦਾ ਹੈ । ਇਹ ਜਿਹਾਫ਼ ਸਿਰਫ ਉਹਨਾਂ ਰੁਕਨਾਂ ਤੇ ਲਾਗੂ ਹੁੰਦੀ ਹੈ, ਜਿਨ੍ਹਾਂ ਰੁਕਨਾਂ ਦੇ ਅਖੀਰ ਵਿੱਚ ਦੋ ਸਬੱਬ ਖਫੀਫ ਭਾਵ SS ਹੋਣ । ਇਹ ਕੇਵਲ  ਫਾਇਲਾਤੁਨ (SISS) ਮੁਫਾਈਲੁਨ (ISSS), ਤੇ ਫਊਲੁਨ (ISS) ਤੇ ਲਾਗੂ ਹੁੰਦੀ ਹੈ । ਤਸਬੀਗ ਜਿਹਾਫ਼ ਲਾ ਕੇ ਇਹ ਰੁਕਨ ਕ੍ਰਮਵਾਰ ਫਾਇਲਾਤਾਨ, ਮੁਫਾਈਲਾਨ, ਅਤੇ ਫਊਲਾਨ ਬਣ ਜਾਂਦੇ ਹਨ ਅਤੇ ਫਿਰ ਤੋਂ ਅਖੀਰਲਾਂ ਨ ਕੇਵਲ ਬਿੰਦੀ ਦੀ ਅਵਾਜ਼ ਅਦਾ ਕਰਦਾ ਹੈ ਇਸ ਤਰ੍ਹਾਂ ਇਹਨਾਂ ਰੁਕਨਾਂ ਨੂੰ ਕ੍ਰਮਵਾਰ ਫਾਇਲਾਤਾਂ, ਮੁਫਾਈਲਾਂ ਅਤੇ ਫਊਲਾਂ ਕਿਹਾ ਜਾਂਦਾ ਹੈ । ਇਕ ਵਾਰ ਫਿਰ ਤੋਂ  ਸਪਸ਼ਟ ਕਰ ਦਈਏ ਕਿ ਇਸ ਜ਼ਿਹਾਫ ਨਾਲ ਰੁਕਨ ਦੇ ਵਜ਼ਨ ਤੇ ਕੋਈ ਫਰਕ ਨਹੀ ਪੈਂਦਾ ਪਰ ਗਾਉਣ ਦੇ ਵਕਤ ਗਾਇਕ ਅੰਤ ਵਿੱਚ ਬਿੰਦੀ ਦੀ ਅਵਾਜ਼ ਅਦਾ ਕਰ ਸਕਦਾ ਹੈ । ਇਹ ਰੁਕਨ ਵੀ ਸਿਧਾਂਤਕ ਤੌਰ ਤੇ ਅੱਠ ਹਰਫ਼ੇ ਹੁੰਦੇ ਹੋਏ ਵੀ ਸੱਤ ਹਰਫ਼ੇ ਰੁਕਨਾਂ ਵਾਂਗ ਹੀ ਉਚਾਰੇ ਜਾਂਦੇ ਹਨ , ਕਿਉਂ ਕਿ ਬਿੰਦੀ ਗਿਣਤੀ ਚ ਨਹੀ ਆਉਂਦੀ ।

3. ਤਰਫ਼ੀਲ--- ਤਰਫ਼ੀਲ ਦਾ ਅਰਥ ਹੈ, ਪੱਲਾ ਘੜੀਸਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਜਿਨ੍ਹਾਂ ਰੁਕਨਾਂ ਦੇ ਅੰਤ ਵਿੱਚ ਵਤਦ ਮਜ਼ਮੂਅ ਯਾਨੀ IS ਹੈ ਉਹਨਾਂ ਵਿੱਚ ਅਖ਼ੀਰਲੇ ਰੁਕਨ ਨਾਲ ਇੱਕ ਸਬੱਬ ਖਫ਼ੀਫ ਯਾਨੀ S ਵਧਾਉਣ ਦੀ ਕ੍ਰਿਆ ਦਾ ਨਾਮ ਹੈ । ਇਹ ਜ਼ਿਹਾਫ ਮੁਸਤਫਇਲੁਨ (SSIS) ਮੁਤੁਫਾਇਲੁਨ (IISIS) ਦੋਹਾਂ ਰੁਕਨਾਂ ਤੇ ਹੀ ਲਾਗੂ ਹੁੰਦੀ ਹੈ । ਇਸ ਨੂੰ ਫਾਇਲੁਨ (SIS) ਰੁਕਨ ਤੇ ਲਾਗੂ ਨਹੀ ਕੀਤਾ ਜਾ ਸਕਦਾ ਭਾਵੇਂ ਕਿ ਇਸ ਦੇ ਅਖੀਰ ਤੇ ਵੀ ਵਤਦ ਮਜ਼ਮੂਅ ਹੈ। ਇਹਨਾਂ ਦੋਨਾਂ ਰੁਕਨਾਂ ਤੇ ਤਰਫ਼ੀਲ ਜ਼ਿਹਾਫ ਲਾਗੂ ਕਰਨ ਨਾਲ ਇਨ੍ਹਾਂ ਦਾ ਰੂਪ  ਕ੍ਰਮਵਾਰ ਮੁਸਤਫ਼ਇਲਨਤੁਨ, ਅਤੇ ਮੁਤੁਫਾਇਲੁਨਤੁਨ ਬਣ ਜਾਂਦਾ ਹੈ ਤੇ ਅਸੀਂ ਇਹਨਾਂ ਨੂੰ ਮੁਸਤਫ਼ਇਲਾਤੁਨ ਅਤੇ ਮੁਤੁਫਾਇਲਾਤੁਨ ਦੇ ਨਾਲ ਬਦਲ ਲੈਂਦੇ ਹਾਂ ।
 ਜਿਹੜੀਆਂ ਬਹਿਰਾਂ ਤੇ ਇਜ਼ਾਲ, ਤਸਬੀਗ ਅਤੇ ਤਫ਼ਰੀਲ ਜ਼ਿਹਾਫ ਲਾਗੂ ਹੋਣ ਉਹਨਾਂ ਬਹਿਰਾਂ ਦੇ ਨਾਮ ਨਾਲ ਕ੍ਰਮਵਾਰ ਮੁਜ਼ਾਲ, ਮੁਸੱਬਗ ਤੇ ਮੁਰੱਫਲ ਵਰਤਿਆ ਜਾਂਦਾ ਹੈ । ਕਿਉਂ ਕਿ ਹਰੇਕ ਜ਼ਿਹਾਫ ਦਾ ਨਾਮ ਬਹਿਰ ਵਿੱਚ ਵਰਤਣ ਨਾਲ ਇਹ ਸ਼ਬਦ ਕ੍ਰਿਆ ਵਾਚੀ ਰੂਪ ਵਿੱਚ ਬਦਲ ਜਾਂਦੇ ਹਨ । ਜਿਵੇਂ ਪੰਜਾਬੀ ਵਿੱਚ ਦੌੜ ਤੋਂ ਦੌੜਨਾ, ਖੇਡ ਤੋਂ ਖੇਡਣਾ ਅਤੇ ਕੱਟ ਤੋਂ ਕੱਟਣਾ ਕ੍ਰਮਵਾਰ ਦੌੜ, ਖੇਡ, ਅਤੇ ਕੱਟ ਦੇ ਕ੍ਰਿਆਵਾਚੀ ਰੂਪ ਹਨ ।

ਪਿਆਰੇ ਦੋਸਤੋ ਹੁਣ ਆਪਾਂ ਉਹਨਾਂ ਜ਼ਿਹਾਫਾਂ ਦਾ ਵਰਣਨ ਕਰਾਂਗੇ ਜਿਹੜੇ ਜ਼ਿਹਾਫ ਬਹਿਰ ਦੇ ਸਿਰਫ਼ ਇਕ ਹਰਫ਼ ਤੇ ਹੀ ਅਸਰ ਕਰਦੇ ਹਨ । ਇਹ ਤਬਦੀਲੀ ਇਸ ਤਰ੍ਹਾਂ ਹੋ ਸਕਦੀ ਹੈ ।
(1) ਇੱਕ ਸਾਕਿਨ ਅੱਖਰ ਨੂੰ ਉਡਾਉਂਦੇ ਹਨ ।
(2) ਇੱਕ ਮੁਤਹੱਰਕ ਅੱਖਰ ਨੂੰ ਉਡਾਉਂਦੇ ਹਨ ।
(3) ਇੱਕ ਮੁਤਹੱਰਕ ਅੱਖਰ ਨੂੰ ਸਾਕਿਨ ਕਰ ਦਿੰਦੇ ਹਨ ।

ਇੱਕ ਸਾਕਿਨ ਅੱਖਰ ਨੂੰ ਉਡਾਉਣ ਵਾਲੇ ਜ਼ਿਹਾਫ

1. ਖ਼ਬਨ--- ਖ਼ਬਨ ਦਾ ਅਰਥ ਹੈ ਚੌੜਾ ਕਰਨਾਂ ਜਾਂ ਪਲੇਟ ਪਾਉਣੇ ਤਾਂ ਜੋ ਪੱਲਾ ਛੋਟਾ ਹੋ ਜਾਵੇ । ਅਰੂਜ਼ੀ ਪਰਿਭਾਸ਼ਾ ਅਨੁਸਾਰ ਕਿਸੇ ਰੁਕਨ ਦੇ ਦੂਸਰੇ ਸਾਕਿਨ ਹਰਫ਼ ਉਡਾ ਦੇਣ ਨੂੰ ਖ਼ਬਨ ਆਖਦੇ ਹਨ । ਇਹ ਜ਼ਿਹਾਫ ਕੇਵਲ ਉਹਨਾਂ ਰੁਕਨਾਂ ਤੇ ਹੀ ਲਾਗੂ ਹੁੰਦਾ ਹੈ ਜਿਨ੍ਹਾਂ ਰੁਕਨਾਂ ਦਾ ਦੂਜਾ ਹਰਫ਼ ਸਾਕਿਨ ਹੋਵੇ । ਇਸ ਤਰ੍ਹਾਂ ਖ਼ਬਨ ਜ਼ਿਹਾਫ ਫਾਇਲਾਤੁਨ (SISS), ਮੁਸਤਫ਼ਇਲੁਨ (SSIS), ਫਾਇਲੁਨ (SIS) ਅਤੇ ਮਫ਼ਊਲਾਤ (SSSI) ਤੇ ਲਾਗੂ ਹੁੰਦੀ ਹੈ  , ਕਿਉਂ ਕਿ ਇਹ ਰੁਕਨ ਸਬੱਬ ਖਫੀਫ ਯਾਨੀ S ਤੋਂ ਸ਼ੁਰੂ ਹੁੰਦੇ ਹਨ । ਆਉ ਦੇਖੀਏ ਖ਼ਬਨ ਜ਼ਿਹਾਫ ਨਾਲ ਇਨ੍ਹਾਂ ਰੁਕਨਾਂ ਵਿੱਚ ਕੀ ਤਬਦੀਲੀ ਆਉਂਦੀ ਹੈ ।
(ੳ)...ਫਾਇਲਾਤਨੁ ਰੁਕਨ ਦਾ ਦੂਜਾ ਸਾਕਿਨ ਅੱਖਰ ਕੰਨਾਂ ਗਿਰਾ ਦੇਣ ਨਾਲ ਇਹ ਰੁਕਨ ਫਇਲਾਤੁਨ ਦਾ ਰੂਪ ਲੈ ਲੈਂਦਾ ਹੈ ਯਾਨੀ ਫਾਇਲਾਤੁਨ ਦਾ ਰੂਪ IISS ਹੋ ਜਾਵੇਗਾ । ਸਬੱਬ ਖਫੀਫ਼ ਸਬੱਬ ਸਕੀਲ ਬਣ ਜਾਵੇਗਾ ।

(ਅ)... ਮੁਸਤਫ਼ਇਲੁਨ ਰੁਕਨ ਦਾ ਦੂਜਾ ਹਰਫ਼ ਸ ਮੁਕਤਾ ਉਡ ਜਾਵੇਗਾ ਤੇ ਇਹ ਮੁਤਫਇਲੁਨ ਯਾਨੀ ਮੁ ਤਫ਼ ਇ ਲੁਨ ਬਣ ਜਾਵੇਗਾ । ਮੁਤਫ਼ ਦੇ ਬਰਵਜ਼ਨ ਸ਼ਬਦ ਮੁਫਾ ਹੈ ਇਸ ਲਈ ਇਸ ਨੂੰ ਮੁਫਾਇਲੁਨ ਯਾਨੀ ISIS ਰੁਕਨ ਦੇ ਬਰਾਬਰ ਕਰ ਲਿਆ ਜਾਵੇਗਾ ।

(ੲ) ... ਫਾਇਲੁਨ ਰੁਕਨ ਦਾ ਦੂਜਾ ਸਾਕਿਨ ਅੱਖਰ ਕੰਨਾਂ ਝੜ ਜਾਵੇਗਾ ਅਤੇ ਇਹ ਫਇਲੁਨ ਰਹਿ ਜਾਵੇਗਾ, ਯਾਨੀ IIS, ਯਾਨੀ ਸਬੱਬ ਸਕੀਲ + ਸਬੱਬ  ਖਫ਼ੀਫ  ਯਾਨੀ ਕਿ ਵਤਦ ਕਸਰਤ ।
(ਸ)... ਮਫ਼ਊਲਾਤ ਰੁਕਨ ਦਾ ਦੂਜਾ ਸਾਕਿਨ ਅੱਖਰ ਫ਼ ਝੜ ਕੇ ਮ ਊ ਲਾ ਤੁ ਰਹਿ ਜਾਵੇਗਾ । ਮਊ ਕਿਉਂ ਕਿ ਵਤਦ ਮਜ਼ਮੂਅ ਯਾਨੀ ਕਿ IS  ਦੇ ਬਰਵਜ਼ਨ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਇਸ ਵਾਸਤੇ ਪ੍ਰਚਲਤ ਸ਼ਬਦਾ ਫ਼ਊ ਨਾਲ ਬਦਲ ਜਾਵੇਗਾ ਅਤੇ ਫ਼ਊਲਾਤ ਕਿਹਾ ਜਾਵੇਗਾ ।
ਜਿਸ ਬਹਿਰ ਵਿੱਚ ਇਹ ਜਿਹਾਫ਼ ਲਾਗੂ ਹੋਵੇਗੀ ਉਸ ਦੇ ਨਾਮ ਨਾਲ ਮਖ਼ਬੂਨ ਸ਼ਬਦ ਜੋੜ ਲਿਆ ਜਾਵੇਗਾ ।

2. ਤੈ ----- ਤੈ ਦਾ ਅਰਥ ਹੈ ਲਪੇਟਣਾ, ਅਰੂਜ਼ੀ ਪਰਿਭਾਸ਼ਾ ਵਿੱਚ ਤੈ ਰੁਕਨ ਦੇ ਮੁੱਢ ਵਿੱਚੋਂ ਚੌਥੇ ਸਾਕਿਨ ਅੱਖਰ ਨੂੰ ਝਾੜਨ ਵਾਸਤੇ ਵਰਤਿਆ ਜਾਂਦਾ ਹੈ । ਇਸ ਨਾਲ ਇਕ ਹੋਰ ਸ਼ਰਤ ਇਹ ਵੀ ਹੈ ਕਿ ਇਹ ਸਾਕਿਨ ਹਰਫ਼ ਨਾਲ ਨਾਲ ਆਉਣ ਵਾਲੇ ਦੋ ਸਬੱਬ ਖਫ਼ੀਫਾਂ ਵਿੱਚ ਆਉਂਦਾ ਹੋਵੇ । ਦੋ ਸਬੱਬ ਖਫ਼ੀਫਾਂ ਨਾਲ ਸ਼ੁਰੂ ਹੋਣ ਵਾਲੇ ਰੁਕਨਾਂ, ਮੁਸਤਫ਼ਇਲੁਨ ਅਤੇ ਮਫ਼ਊਲਾਤ ਉੱਤੇ ਹੀ ਇਹ ਜ਼ਿਹਾਫ ਲਾਗੂ ਹੁੰਦੀ ਹੈ । ਆਉ ਦੇਖੀਏ ਕਿ ਤੈ ਜ਼ਿਹਾਫ ਲਾਉਣ ਨਾਲ ਰੁਕਨਾਂ ਦਾ ਕੀ ਰੂਪ ਬਣਦਾ ਹੈ ।

(ੳ) ਮੁਸਤਫ਼ਇਲੁਨ- ਇਸ ਰੁਕਨ ਦਾ ਚੌਥਾ ਸਾਕਿਨ ਅੱਖਰ ਫ਼ ਝੜ ਕੇ ਇਹ ਰੁਕਨ ਮੁਸ ਤ ਇ ਲੁਨ ਰਹਿ ਜਾਂਦਾ ਹੈ । ਹੁਣ ਪਹਿਲਾਂ ਸਬੱਬ ਖਫ਼ੀਫ  S ਯਾਨੀ ਮੁਸ ਨੂੰ ਇਸ ਦੇ ਬਰਵਜ਼ਨ ਸ਼ਬਦ ਮੁਫ਼ ਨਾਲ ਬਦਲ ਕੇ ਇਹ ਰੁਕਨ ਮੁਫ਼ਤੁਇਲੁਨ ਬਣ ਜਾਵੇਗਾ । ਇਸ ਤਰ੍ਹਾਂ ਇਸ ਦਾ ਰੂਪ  SSIS  ਤੋਂ ਬਦਲ ਕੇ SIIS ਹੋ ਜਾਵੇਗਾ ।

(ਅ) ਮਫ਼ਊਲਾਤ- ਰੁਕਨ ਦਾ ਚੌਥਾ ਸਾਕਿਨ ਅੱਖਰ ਦੁ਼ਲੈਂਕੜੇ ਝੜਕੇ ਇਹ ਮਫ਼ ੳ ਲਾ ਤ ਰਹਿ ਜਾਵੇਗਾ । ਯਾਨੀ ਇਸ ਰੁਕਨ ਦਾ ਰੂਪ SSSI ਤੋਂ SISI ਯਾਨੀ ਫਾਇਲਾਤ ਬਣ ਜਾਵੇਗਾ । ਬਹਿਰ ਵਿੱਚ ਇਸ ਜ਼ਿਹਾਫ ਦਾ ਨਾਮ ਮਤਵੀ ਸ਼ਬਦ ਜੋੜ ਕੇ ਦਰਸਾਇਆ ਜਾਂਦਾ ਹੈ ।

3. ਕਬਜ਼---- ਕਬਜ਼ ਦਾ ਅਰਥ ਹੈ ਪਕੜਨਾ, ਫੜਨਾ ਅਰੂਜ਼ੀ ਪਰਿਭਾਸ਼ਾ ਅਨੁਸਾਰ ਕੇਵਲ ਦੋ ਰੁਕਨਾ, ਮੁਫਾਈਲੁਨ ਤੇ ਫਊਲੁਨ ਦੇ ਪੰਜਵੇਂ ਸਾਕਿਨ ਹਰਫ਼ ਨੂੰ ਝਾੜਨ ਦਾ ਨਾਮ ਹੈ । ਇਹਨਾਂ ਦੋਹਾਂ ਰੁਕਨਾਂ ਤੇ ਕਬਜ਼ ਜ਼ਿਹਾਫ ਲਾ ਕੇ ਇਹ ਰੁਕਨ ਕਿਸ ਤਰ੍ਹਾਂ ਦੀ ਸ਼ਕਲ ਇਖ਼ਿਤਿਆਰ ਕਰਦੇ ਹਨ ਆਉ ਦੇਖੀਏ ।

(ੳ) ਮੁਫਾਈਲੁਨ ਰੁਕਨ ਦਾ ਪੰਜਵਾਂ ਸਾਕਿਨ ਹਰਫ਼ੀ ਗਿਰਕੇ ਇਹ ਰੁਕਨ ਮੁਫਾਇਲੁਨ ਦਾ ਰੂਪ ਲੈ ਲੈਂਦਾ ਹੈ, ਜਿਵੇਂ ਕਿ ਅੱਖਰ ਗਿਰਾਉਣ ਵਧਾਨ ਅਧੀਨ ਆਪਾਂ ਪੜ੍ਹ ਚੁੱਕੇ ਹਾਂ ਕਿ ਬਿਹਾਰੀ ਗਿਰ ਕੇ ਸਿਹਾਰੀ  ਵਿਚ ਤਬਦੀਲ ਹੋ ਜਾਂਦੀ ਹੈ । ਯਾਨੀ ਮੁਫਾਈਲੁਨ (ISSS) ਰੁਕਨ ਕਬਜ਼ ਜ਼ਿਹਾਫ ਲਾ ਕੇ ਮੁਫਾਇਲੁਨ (ISIS)ਬਣ ਜਾਂਦਾ ਹੈ ।

(ਅ) ਫਊਲੁਨ ਰੁਕਨ ਦਾ ਪੰਜਵਾਂ ਸਾਕਿਨ ਹਰਫ਼ ਨ ਝਾੜ ਦਿੱਤਾ ਜਾਂਦਾ ਹੈ ਅਤੇ ਫਊਲੁਨ ਦਾ ਫਊਲ (ISI) ਹੋ ਕੇ ਰਹਿ ਜਾਂਦਾ ਹੈ ।

ਜਿਸ ਬਹਿਰ ਤੇ ਇਹ ਜ਼ਿਹਾਫ ਲਾਗੂ ਹੋਵੇ ਉਸ ਦੇ ਨਾਮ ਨਾਲ ਮਕਬੂਜ਼ ਸ਼ਬਦ ਜੋੜ ਦਿੱਤਾ ਜਾਂਦਾ ਹੈ ।

4  ਕਫ਼------- ਕਫ਼ ਦਾ ਅਰਥ ਹੈ ਰੋਕਣਾ । ਪ੍ਰੰਤੂ ਅਰੂਜ਼ੀ ਪਰਿਭਾਸ਼ਾ ਅਨੁਸਾਰ ਕੇਵਲ ਦੋ ਰੁਕਨਾਂ ਫਾਇਲਾਤੁਨ ਤੇ ਮੁਫਾਈਲੁਨ ਦੇ ਸੱਤਵੇਂ ਸਾਕਿਨ ਹਰਫ਼ ਨ ਨੂੰ ਉਡਾਉਣ ਦੀ ਕਿਰਿਆ ਨੂੰ ਕਫ਼ ਕਿਹਾ ਜਾਂਦਾ ਹੈ । ਇਹਨਾਂ ਦੋਨਾਂ ਰੁਕਨਾਂ ਦਾ ਸੱਤਵਾਂ ਸਾਕਿਨ ਅੱਖਰ ਉਡਾ ਕੇ ਹੇਠ ਲਿਖੇ ਰੂਪ ਬਣਦੇ ਹਨ ।

(ੳ)  ਫਾਇਲਾਤੁਨ ਦਾ ਸੱਤਵਾਂ ਸਾਕਿਨ ਅੱਖਰ 'ਨ' ਹੈ ਅਗਰ ਇਸ ਜ਼ਿਹਾਫ ਤਹਿਤ ਇਹ ਅੱਖਰ ਗਿਰਾ ਦਿੱਤਾ ਜਾਵੇ ਤਾਂ ਰੁਕਨ ਫਾਇਲਾਤੁਨ ਤੋਂ ਫਾਇਲਾਤ ਰਹਿ ਜਾਂਦਾ ਹੈ । ਭਾਵ SISS ਤੋਂ ਬਦਲ ਕੇ SISI ਦਾ ਰੂਪ ਲੈ ਲੈਂਦਾ ਹੈ ।

(ਅ) ਇਸੇ ਤਰ੍ਹਾਂ ਹੀ ਮੁਫਾਈਲੁਨ ਦਾ ਸੱਤਵਾਂ ਸਾਕਿਨ ਅੱਖਰ 'ਨ' ਗਿਰਾ ਦਿਤਾ ਜਾਵੇ ਤਾਂ ਇਹ ਮੁਫਾਈਲ ਰਹਿ ਜਾਂਦਾ ਹੈ ਅਤੇ ISSS ਤੋਂ ਬਦਲ ਕੇ ਇਹ ISSI ਰਹਿ ਜਾਂਦਾ ਹੈ ।

ਇਹ ਜ਼ਿਹਾਫ ਜਿਸ ਬਹਿਰ ਤੇ ਲਾਗੂ ਕੀਤਾ ਜਾਵੇ ਉਸ ਬਹਿਰ ਦੇ ਨਾਮ ਨਾਲ ਮਕਫੂਫ ਵਰਤਿਆ ਜਾਂਦਾ ਹੈ ।
ਹੁਣ ਤੱਕ ਆਪਾਂ ਇਕ ਸਾਕਿਨ ਅੱਖਰ ਗਿਰਾਉਣ ਵਾਲੀਆਂ ਜ਼ਿਹਾਫਾਂ ਤੇ ਵਿਚਾਰ ਕੀਤਾ ਹੈ । ਹੁਣ ਆਪਾਂ ਮੁਤਹੱਰਕ ਅੱਖਰ ਗਿਰਾਉਣ ਵਾਲੀਆਂ ਜ਼ਿਹਾਫਾਂ ਬਾਰੇ ਗੱਲ ਕਰਦੇ ਹਾਂ ।

ਪਹਿਲਾ ਮੁਤਹੱਰਕ ਅੱਖਰ ਗਿਰਾਉਣਾ
ਪਹਿਲਾ ਮੁਤਹੱਰਕ ਅੱਖਰ ਗਿਰਾਉਣ ਵਾਲੀਆਂ ਤਿੰਨ ਜ਼ਿਹਾਫਾਂ ਹਨ । ਇਹ ਤਿੰਨੇ ਜ਼ਿਹਾਫਾਂ ਕੇਵਲ ਉਹਨਾਂ ਰੁਕਨਾਂ ਤੇ ਹੀ ਲਾਗੂ ਹੁੰਦੀਆਂ ਹਨ ਜਿਹੜੇ ਰੁਕਨ ਵਤਦ ਮਜ਼ਮੂਅ ਯਾਨੀ ਕਿ IS ਤੋਂ ਸ਼ੁਰੂ ਹੁੰਦੇ ਹੋਣ । ਜਿਵੇਂ  ਮੁਫਾਈਲੁਨ(ISSS), ਫਊਲੁਨ (ISS), ਮੁਫਾਇਲੁਤੁਨ (ISIIS) ।
ਇਹ ਗੱਲ ਵਿਸ਼ੇਸ਼ ਤੌਰ ਤੇ  ਯਾਦ ਰੱਖਣ ਵਾਲੀ ਹੈ ਕਿ ਇਨਾਂ ਤਿੰਨਾਂ ਵੱਖਰੇ ਵੱਖਰੇ ਰੁਕਨਾਂ ਦਾ ਪਹਿਲਾ ਮੁਤਹੱਰਕ ਅੱਖਰ ਮੁ ਗਿਰਾਉਣ ਵਾਲੇ ਜ਼ਿਹਾਫਾਂ ਦਾ ਨਾਮ ਵੀ ਵੱਖਰਾ ਹੈ ।

1. ਖ਼ਰਮ--- ਖ਼ਰਮ ਦਾ ਅਰਥ ਹੈ ਨੱਕ ਵਿੰਨਣਾ, ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਈਲੁਨ ਰੁਕਨ ਤੇ ਪਹਿਲੇ ਮੁਤਹੱਰਕ 'ਮੁ' ਨੂੰ ਗਿਰਾਉਣਾ ਹੈ । ਮੁਫਾਈਲਨ ਰੁਕਨ ਨਾਲੋਂ 'ਮੁ' ਝਾੜ ਕੇ ਬਾਕੀ ਫਾਈਲੁਨ  ਬਚਦਾ ਹੈ ਤੇ ਫਾਈਲੁਨ ਨੂੰ ਇਸੇ ਸ਼ਬਦ ਦੇ ਬਰਵਜ਼ਨ ਮਫ਼ਊਲੁਨ ਦੇ ਨਾਲ ਬਦਲ ਲਿਆ ਜਾਂਦਾ ਹੈ । ਜਿਸ ਬਹਿਰ ਵਿੱਚ ਵੀ ਖਰਮ ਜ਼ਿਹਾਫ ਲਾਗੂ ਹੋਵੇ ਉਸ ਦੇ ਨਾਮ ਨਾਲ ਅਖ਼ਰਮ ਸ਼ਬਦ ਜੋੜ ਦਿੱਤਾ ਜਾਂਦਾ ਹੈ ।

2. ਸ਼ਲਮ---ਸ਼ਲਮ ਦਾ ਅਰਥ ਹੈ ਰਖਣਾ, ਰਖਣੇ ਤੋਂ ਭਾਵ ਹੈ ਕਿ ਜਿਸ ਵਿੱਚ ਕੋਈ ਵਸਤੂ ਰੱਖੀ ਜਾਵੇ । ਪੁਰਾਣੇ ਜ਼ਮਾਨੇ  ਵਿੱਚ ਦਿਵਾਰ ਵਿੱਚ ਦੀਵਾ ਰੱਖਣ ਲਈ ਥਾਂ ਰੱਖੀ ਜਾਂਦੀ ਸੀ । ਜਾਂ ਮੇਜ਼ ਦੇ ਦਰਾਜ਼ ਜਿਸ ਵਿੱਚ ਕਾਗਜ਼ ਪੱਤਰ ਰੱਖੇ ਜਾਂਦੇ ਹਨ, ਇਸ ਦਾ ਇੱਕ ਹੋਰ ਅਰਥ ਮੋਰੀ ਕਰਨਾ ਵੀ ਹੈ । ਅਰੂਜ਼ੀ ਪਰਿਭਾਸ਼ਾ ਅਨੁਸਾਰ ਫਊਲੁਨ ਰੁਕਨ ਦੇ ਪਹਿਲੇ ਮੁਤਹੱਰਕ ਅੱਖਰ 'ਫ' ਨੂੰ ਉਡਾ ਦੇਣ ਨੂੰ ਸ਼ਲਮ ਕਿਹਾ ਜਾਂਦਾ ਹੈ । ਫਊਲੁਨ ਭਾਵ ISS ਤੋਂ 'ਫ' ਝੜ ਕੇ ਇਹ ਊਲੁਨ ਬਚਦਾ ਹੈ  ਜਿਸ ਨੂੰ ਫਿਅਲੁਨ ਦੇ ਨਾਲ ਬਦਲ ਲੈਂਦੇ ਹਾਂ । ਇਸ ਨੂੰ ਫੇਲੁਨ ਵੀ ਕਹਿ ਲਿਆ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਅਸ਼ਲਮ ਹੁੰਦਾ ਹੈ ।

3. ਅਜ਼ਬ---- ਅਜ਼ਬ ਦਾ ਅਰਥ ਹੁੰਦਾ ਹੈ ਟੁੱਟੀ ਹੋਈ ਟਹਿਣੀ । ਅਰੂਜ਼ੀ ਪਰਿਭਾਸ਼ਾ ਅਨੁਸਾਰ ਇਸ ਦਾ ਅਰਥ ਰੁਕਨ ਮੁਫਾਇਲੁਤੁਨ ਦਾ ਪਹਿਲਾ ਮੁਤਹੱਰਕ 'ਮੁ' ਝਾੜਨਾ ਹੈ । ਇਸ ਤਰ੍ਹਾਂ 'ਮੁ' ਝਾੜਨ ਤੋਂ ਬਾਦ ਇਹ ਫਾਇਲੁਤੁਨ ਰਹਿ ਜਾਂਦਾ ਹੈ ਅਤੇ ਇਸ ਨੂੰ ਮੁਫ਼ਤੁਇਲੁਨ ਵਿਚ ਬਦਲ ਲਿਆ ਜਾਂਦਾ ਹੈ । ਇੰਝ ਇਹ ਮੁਫਾਇਲੁਤੁਨ (ISIIS) ਤੋਂ ਬਦਲ ਕੇ ਮੁਫ਼ਤੁਇਲੁਨ (SIIS) ਦਾ ਰੂਪ ਲੈ ਲੈਂਦਾ ਹੈ ।

ਇਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ ਵਤਦ ਮਜ਼ਮੂਅ ਤੋਂ ਸ਼ੁਰੂ ਹੋਣ ਵਾਲੇ ਤਿੰਨਾਂ ਰੁਕਨਾਂ ਮੁਫਾਈਲੁਨ, ਫਊਲੁਨ, ਅਤੇ ਮੁਫਾਇਲੁਤੁਨ ਦਾ ਪਹਿਲਾਂ ਮੁਤਹੱਰਕ ਝਾੜਨ ਵਾਸਤੇ ਤਿੰਨ ਵੱਖਰੇ ਵੱਖਰੇ ਜ਼ਿਹਾਫ ਲਾਗੂ ਹੁੰਦੇ ਹਨ ।

ਦੂਜਾ ਮੁਤਹੱਰਕ ਅੱਖਰ ਗਿਰਉਣਾ

ਕੇਵਲ ਇੱਕ ਜ਼ਿਹਾਫ ਹੀ ਰੁਕਨ ਦਾ ਦੂਜਾ ਮੁਤਹੱਰਕ ਅੱਖਰ ਗਿਰਾਉਂਦੀ ਹੈ ।

ਵਕਸ਼----- ਇਸ ਦਾ ਅਰਥ ਹੈ ਗਰਦਣ ਤੋੜਨਾ । ਅਰੂਜ਼ੀ ਪਰਿਭਾਸ਼ਾ ਵਿੱਚ ਰੁਕਨ ਮੁਤੁਫਾਇਲੁਨ ਵਿਚ ਰੁਕਨ ਦਾ ਦੂਜਾ ਮੁਤਹੱਰਕ 'ਤੁ' ਗਿਰਾ ਦੇਣ ਨੂੰ ਵਕਸ਼ ਕਿਹਾ ਜਾਂਦਾ ਹੈ । ਇਹ ਜ਼ਿਹਾਫ ਸਿਰਫ ਬਹਿਰ ਕਾਮਿਲ ਤੇ ਹੀ ਲਾਗੂ ਹੁੰਦੀ ਹੈ । ਇਸ ਰੁਕਨ ਤੇ ਵਕਸ਼ ਜ਼ਿਹਾਫ ਲਾਗੂ ਕਰਨ ਨਾਲ ਮੁਤੁਫਾਇਲੁਨ ਦਾ ਦੂਜਾ ਮੁਤਹੱਰਕ ਅੱਖਰ 'ਤੁ'  ਝੜਕੇ ਮੁਫਇਲੁਨ ਰਹਿ ਜਾਂਦਾ ਹੈ ਅਤੇ ਇਹ ਮੁਤੁਫਾਇਲੁਨ (IISIS) ਤੋਂ ਮੁਫਾਇਲੁਨ (ISIS) ਵਿੱਚ ਤਬਦੀਲ ਹੋ ਜਾਂਦਾ ਹੈ ।

ਤਸ਼ਈਸ--- ਇਸ ਦਾ ਅਰਥ ਹੈ ਬਿਖਰ ਜਾਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਇਹ ਜ਼ਿਹਾਫ ਕੇਵਲ ਇੱਕ ਰੁਕਨ ਫਾਇਲਾਤੁਨ ਤੇ ਹੀ ਲਾਗੂ ਹੁੰਦੀ ਹੈ । ਇਸ ਦੇ ਅਨੁਸਾਰ ਅਸੀਂ ਫਾਇਲਾਤੁਨ ਰੁਕਨ ਦੇ ਵਿਚਕਾਰਲੇ ਵਤਦ ਮਜ਼ਮੂਅ ਯਾਨੀ IS ਵਿੱਚੋਂ ਇਕ ਮੁਤਹੱਰਕ  ਇ ਜਾਂ ਲ ਅੱਖਰ ਗਿਰਾ ਦੇਈਏ । ਫਾਇਲਾਤੁਨ ਰੁਕਨ ਦੇ ਪਹਿਲੇ ਮੁਤਹੱਰਕ 'ਇ' ਨੂੰ ਡੇਗੀਏ ਤਾਂ ਫਾਲਾਤੁਨ ਬਚਦਾ ਹੈ ਪਰ ਜੇ 'ਲ' ਨੂੰ ਡੇਗੀਏ ਤਾਂ ਇਹ ਫਾਆਤੁਨ ਬਚਦਾ ਹੈ ਇਹਨਾਂ ਦੋਨਾਂ ਦੇ ਬਰਵਜ਼ਨ ਸ਼ਬਦ ਮਫ਼ਊਲੁਨ ਰੱਖ ਲਈਦਾ ਹੈ । ਫਾਇਲਾਤੁਨ (SISS) ਤੇ ਵਕਸ਼ ਜ਼ਿਹਾਫ ਲਾ ਕੇ ਇਹ  ਮਫ਼ਊਲ ਯਾਨੀ SSS ਦੇ ਬਰਾਬਰ ਰਹਿ ਜਾਂਦੀ ਹੈ । ਬਹਿਰ ਵਿੱਚ ਇਸ ਦਾ ਨਾਮ ਮੁਅੱਸ਼ਸ਼ ਹੈ ।

ਪੰਜਵਾਂ ਮੁਤਹੱਰਕ ਅੱਖਰ ਗਿਰਾਉਣਾ
ਪੰਜਵਾਂ ਮੁਤਹੱਰਕ ਅੱਖਰ ਕੇਵਲ ਇੱਕੋ ਰੁਕਨ ਦਾ ਹੀ ਗਿਰਦਾ ਹੈ

ਅਕਲ----ਅਕਲ ਦਾ ਅਰਥ ਹੈ ਊਠ ਦੇ ਅਗਲੇ ਪੈਰਾਂ ਵਿਚ ਨਿਉਲ ਲਾਉਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਮੁਫਾਇਲਤੁਨ ਦੇ ਪੰਜਵੇਂ ਮੁਤਹੱਰਕ ਅੱਖਰ 'ਲ' ਨੂੰ ਝਾੜਨਾ ਹੈ । ਮੁਫਾਇਲਤੁਨ ਦਾ 'ਲ' ਝਾੜਨ ਮਗਰੋਂ ਇਹ ਮੁਫਾਇਤੁਨ ਰਹਿ ਜਾਵੇਗਾ, ਇਤੁਨ ਹੁਣ ਇਲੁਨ ਵਿੱਚ ਬਦਲ ਜਾਵੇਗਾ ਇਸ ਤਰ੍ਹਾਂ ਮੁਫਾਇਲਤੁਨ (ISIIS) ਰੁਕਨ ਅਕਲ ਜ਼ਿਹਾਫ ਲਾਉਣ ਨਾਲ ਮੁਫਾਇਲੁਨ (ISIS) ਵਿੱਚ ਬਦਲ ਜਾਵੇਗਾ ।

ਸੱਤਵਾਂ ਮੁਤਹੱਰਕ ਅੱਖਰ ਗਿਰਾਉਣਾ
ਕਸ਼ਫ---ਕਸ਼ਫ ਦਾ ਅਰਥ ਹੈ ਊਠ ਦੀ ਖੁੱਚ ਵੱਢਣਾ । ਰੁਕਨਾਂ ਦੀ ਬਣਤਰ ਅਨੁਸਾਰ ਕੇਵਲ ਇੱਕੋ ਇੱਕ ਰੁਕਨ ਮਫਊਲਾਤੁ ਹੀ ਅਜੇਹਾ ਰੁਕਨ ਹੈ ਜਿਸ ਦੇ ਅਖ਼ੀਰ ਤੇ ਮੁਤਹੱਰਕ ਅੱਖਰ 'ਤੁ' ਹੈ । ਇਹ 'ਤੁ' ਕਸ਼ਫ ਜ਼ਿਹਾਫ ਰਾਹੀਂ ਗਿਰਾਇਆ ਜਾਂਦਾ ਹੈ । ਮਫ਼ਊਲਾਤੁ ਯਾਨੀ SSSI, ਅਖ਼ੀਰਲਾ 'ਤੁ' ਗਿਰਾਉਣ ਨਾਲ ਮਫ਼ਊਲਨ ਯਾਨੀ SSS ਦੇ ਬਰਾਬਰ ਰਹਿ ਜਾਂਦਾ ਹੈ । ਇਹ ਮਫਊਲਾ ਰਹਿ ਜਾਂਦਾ ਹੈ ਅਤੇ ਇਸ ਨੂੰ ਮਫ਼ਊਲੁਨ ਦੇ ਨਾਲ ਬਦਲ ਲਈਦਾ ਹੈ ।

ਆਉ ਹੁਣ ਅਸੀਂ ਉਹਨਾਂ ਜ਼ਿਹਾਫਾਂ ਦਾ ਵਰਣਨ ਕਰੀਏ ਜਿਹੜੇ ਜ਼ਿਹਾਫ ਮੁਤਹੱਰਕ ਅੱਖਰ ਨੂੰ ਸਾਕਿਨ ਕਰਦੇ ਹਨ ।

ਇਜ਼ਮਾਰ----ਇਜ਼ਮਾਰ ਦਾ ਅਰਥ ਹੈ ਘੋੜੇ ਨੂੰ ਕਮਜ਼ੋਰ ਕਰਨਾ, ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਤੁਫਾਇਲੁਨ ਰੁਕਨ ਦੇ ਦੂਜੇ ਮੁਤਹੱਰਕ ਅੱਖਰ 'ਤੁ' ਨੂੰ ਸਾਕਿਨ ਕਰਨਾ ਹੈ । ਜਦੋਂ ਮੁਤੁਫਾਇਲੁਨ ਰੁਕਨ ਦੇ ਤੁ ਨੂੰ ਇਜ਼ਮਾਰ ਜਿਹਾਫ਼  ਤਹਿਤ ਸਾਕੀ ਕੀਤਾ ਜਾਂਦਾ ਹੈ ਤਾਂ ਇਸ ਦਾ ਰੂਪ ਮੁਤੁਫਾਇਲੁਨ ਹੋ ਜਾਂਦਾ ਹੈ ਤੇ ਇਸ ਨੂੰ ਏਸ ਦੇ ਬਰਵਜ਼ਨ ਰੁਕਨ ਮੁਸਤਫ਼ਇਲੁਨ ਦੇ ਨਾਲ ਬਦਲ ਲਿਆ ਜਾਂਦਾ ਹੈ ।  ਹੁਣ ਮੁਤੁਫਾਇਲੁਨ (IISIS) ਤੋਂ ਮੁਸਤਫ਼ਇਲੁਨ (SSIS) ਕਰ ਲਿਆ ਜਾਂਦਾ ਹੈ ।

ਪੰਜਵੇ ਮੁਤਹੱਰਕ ਅੱਖਰ ਨੂੰ ਸਾਕਿਨ ਕਰਨਾ

ਅਸ਼ਬ--- ਅਸ਼ਬ ਦਾ ਅਰਥ ਹੈ, ਬਾਲਣ ਵਾਸਤੇ ਲੱਕੜੀਆਂ ਇਕੱਠੀਆਂ ਕਰਨਾਂ ਜਾਂ ਥੁੱਕ ਦਾ ਮੂੰਹ ਵਿੱਚ ਹੀ ਖ਼ੁਸ਼ਕ ਹੋ ਜਾਣਾ । ਅਰੂਜ਼ੀ ਪਰਿਭਾਸ਼ਾ ਦੇ ਅਨੁਸਾਰ ਇਸ ਦਾ ਅਰਥ ਮੁਫਾਇਲੁਤੁਨ ਦੇ ਪੰਜਵੇ ਮੁਤਹੱਰਕ ਅੱਖਰ 'ਲ' ਨੂੰ ਸਾਕਿਨ ਕਰਨਾ ਹੈ । ਮੁਫਾਇਲੁਤੁਨ ਦੇ 'ਲ' ਨੂ ਸਾਕਿਨ ਕਰਨ ਨਾਲ ਇਹ ਮੁਫਾਇਲਤੁਨ ਬਣ ਜਾਂਦਾ ਹੈ । ਯਾਨੀ ਕਿ ਮੁਫਾਇਲੁਤੁਨ (ISIIS) ਅਸ਼ਬ ਜ਼ਿਹਾਫ ਤੋਂ ਬਾਦ ਮੁਫਾਈਲੁਨ (ISSS) ਦੇ ਬਰਾਬਰ ਬਣ ਜਾਂਦਾ ਹੈ ।

ਸੱਤਵੇਂ ਮੁਤਹੱਰਕ ਅੱਖਰ ਨੂੰ ਸਾਕਿਨ ਕਰਨਾ

ਵਕਫ਼-----ਵਕਫ਼ ਦਾ ਅਰਥ ਹੈ ਰੁਕਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਮਫ਼ਊਲਾਤੁ ਦੇ ਸੱਤਵੇਂ ਮੁਤਹੱਰਕ ਅੱਖਰ 'ਤੁ' ਨੂੰ ਸਾਕਿਨ ਕਰਨਾ ਹੈ । ਇਸ ਤਰ੍ਹਾਂ ਇਸ ਰੁਕਨ ਦਾ ਸੱਤਵਾਂ ਅੱਖਰ ਸਾਕਿਨ ਕਰਕੇ ਇਸ ਨੂੰ ਮੁਫਾਈਲਾਂ ਦੇ ਬਰਾਬਰ ਕਰ ਲਿਆ ਜਾਂਦਾ ਹੈ ।
ਇਸ ਤਰ੍ਹਾਂ ਦੋਸਤੋ ਤੁਸੀਂ ਦੇਖ ਹੀ ਲਿਆ ਹੈ ਕਿ ਰੁਕਨਾਂ ਵਿੱਚ ਸਿਰਫ਼ ਇਕ ਹਰਫ਼ ਦੇ ਵਧਾ ਘਟਾ ਕਰਨ ਨਾਲ ਬਹਿਰ ਦੀ ਚਾਲ ਬਦਲ ਜਾਂਦੀ ਹੈ । ਇੱਕੋ ਬਹਿਰ ਦੇ ਅਨੇਕਾਂ ਰੂਪ ਬਣ ਜਾਂਦੇ ਹਨ । ਹੁਣ ਤਕ ਆਪਾਂ ਸਿਰਫ਼ ਰੁਕਨਾਂ ਵਿੱਚ ਇੱਕੋ ਹਰਫ਼ ਦੀ ਤਬਦੀਲੀ ਵਾਲੇ ਜ਼ਿਹਾਫਾਂ ਦਾ ਜ਼ਿਕਰ ਕੀਤਾ ਹੈ । ਹੁਣ ਅਸੀਂ ਦੋ ਜਾਂ ਤਿੰਨ ਹਰਫ਼ਾਂ ਦੀ ਤਬਦੀਲੀ ਵਾਲੇ ਜ਼ਿਹਾਫਾਂ ਬਾਰੇ ਜਾਣਕਾਰੀ ਲਈਏ ।

ਰੁਕਨਾਂ ਦੇ ਦੋ ਜਾਂ ਤਿੰਨ ਹਰਫਾਂ ਤੇ ਅਸਰ ਪਾਉਣ ਵਾਲੇ ਜ਼ਿਹਾਫਾਂ ਦਾ ਵੇਰਵਾ

ਕਸਰ--- ਕਸਰ ਦਾ ਅਰਥ ਹੈ ਛੋਟਾ ਕਰਨਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਦੇ ਅਖੀਰਲੇ ਸਬੱਬ ਖ਼ਫੀਫ ਦਾ ਸਾਕਿਨ ਹਰਫ਼ ਝਾੜਨ ਅਤੇ ਉਸ ਤੋਂ ਪਹਿਲੇ ਮੁਤਹੱਰਕ ਅੱਖਰ ਨੂੰ ਸਾਕਿਨ ਕਰਨ ਦਾ ਨਾਮ ਹੈ । ਇਹ ਜਿਹਾਫ਼ ਫਾਇਲਾਤੁਨ ਅਤੇ ਮੁਫਾਈਲੁਨ ਰੁਕਨਾਂ ਤੇ ਲਾਗੂ ਹੁੰਦਾ ਹੈ ।

ਫਾਇਲਾਤੁਨ (SISS) ਦੇ ਅਖੀਰਲੇ 'ਨ' ਸਾਕਿਨ ਨੂੰ ਉਡਾ ਦੇਣ ਤੇ ਫਾਇਲਾਤੁ ਰਹਿ ਜਾਂਦਾ ਹੈ, ਮੁਤਹੱਰਕ 'ਤੁ' ਨੂੰ ਸਾਕਿਨ ਕਰਨ ਤੇ ਇਹ ਫਾਇਲਾਤ ਰਹਿ ਜਾਂਦਾ ਹੈ ।  ਸਾਕਿਨ ਅੱਖਰ ਤ ਅਸਲ ਵਿਚ ਅ ਦੀ ਅਵਾਜ਼ ਦਿੰਦਾ ਹੈ ਇਸ ਲਈ ਇਸ ਨੂੰ ਫਾਇਲਾਂ ਵਿੱਚ ਬਦਲ ਲੈਂਦੇ ਹਾਂ ।

ਰੁਕਨ ਫਊਲੁਨ ਦਾ ਅਖੀਰਲਾ ਨ ਸਾਕਿਨ ਉਡਾ ਦੇਣ ਤੇ ਫਊਲ ਰਹਿ ਜਾਂਦਾ ਹੈ ਇਸ ਤਰਾਂ  ਮੁਫਾਈਲੁਨ ਰੁਕਨ ਦਾ ਅਖੀਰਲਾ ਸਾਕਿਨ ਹਰਫ਼ ਨ ਝਾੜ ਕੇ ਮੁਫਾਈਲੁ ਤੇ ਲੁ ਮੁਤਹੱਰਕ ਸਾਕਿਨ ਕਰਕੇ ਮੁਫਾਈਲ ਰਹਿ ਜਾਂਦਾ ਹੈ । ਬਹਿਰ ਵਿੱਚ ਇਸ ਨੂੰ ਮਕਸੂਰ ਆਖਦੇ ਹਨ ।

ਕਤਅ---- ਕਤਅ ਦਾ ਅਰਥ ਹੈ ਕੱਪਣਾ । ਇਹ ਉਹ ਕੱਪਣਾ ਹੈ ਜਿਸ ਬਾਰੇ ਬਾਬਾ ਫਰੀਦ ਆਪਣੇ ਸ਼ਲੋਕ ਵਿੱਚ ਆਖਦੇ ਹਨ ' ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ'  । ਅਰੂਜ਼ੀ ਪਰਿਭਾਸ਼ਾ ਅਨੁਸਾਰ ਵਤਦ ਮਜ਼ਮੂਅ ਦੇ ਅੰਤ ਤੋਂ ਸਾਕਿਨ ਹਰਫ਼ ਕੱਟਣ ਤੇ ਉਸ ਤੋਂ ਅਗਲੇ ਮੁਤਹੱਰਕ ਅੱਖਰ ਨੂੰ ਸਾਕਿਨ ਕਰਨ ਦਾ ਨਾਮ ਹੈ ।

ਮੁਸਤਫਇਲੁਨ ਦੇ ਵਤਦ ਮਜ਼ਮੂਅ ਇਲੁਨ IS ਦਾ ਅੰਤਲਾ ਸਾਕਿਨ ਹਰਫ਼ ਨ ਉਡਾਉਣ ਤੇ ਪਿੱਛੋਂ ਇਲੁ ਬਚ ਜਾਂਦਾ ਹੈ । ਇਲੁ ਦੇ ਲੁ ਮੁਤਹੱਰਕ ਨੂੰ ਸਾਕਿਨ ਕਰਨ ਤੇ ਇਲ ਬਚਿਆ ਇਸ ਤਰਾਂ ਮੁਸਤਫ਼ਇਲੁਨ ਰੁਕਨ ਦਾ ਰੂਪ ਮੁਸਤਫ਼ਇਲ ਬਣ ਗਿਆ ਹੈ ਤੇ ਇਸ ਨੂੰ ਇਸ ਦੇ ਬਰਵਜ਼ਨ ਸ਼ਬਦ ਮਫ਼ਊਲਨ ਦੇ ਨਾਲ ਬਦਲ ਲਿਆ ਜਾਂਦਾ ਹੈ । ਯਾਨੀ ਮੁਸਤਫ਼ਇਲੁਨ ਰੁਕਨ ਤੇ ਕਤਅ ਜਿਹਾਫ਼ ਲਾਉਣ ਦੇ ਨਾਲ ਇਸ ਦਾ ਰੂਪ SSIS ਤੋਂ SSS ਬਣ ਗਿਆ  ।

ਮੁਤੁਫਾਇਲੁਨ ਰੁਕਨ ਦੇ ਵਤਦ ਮਜ਼ਮੂਅ ਇਲੁਨ ਦਾ ਸਾਕਿਨ ਅੱਖਰ ਗਿਰ ਕੇ ਇਲੁ ਬਚਿਆ ਤੇ ਇਲੁ ਦਾ ਲੁ ਮੁਤਹੱਰਕ ਸਾਕਿਨ ਕਰਕੇ ਇਲ ਰਹਿ ਗਿਆ । ਯਾਨੀ ਮੁਤੁਫਾਇਲੁਨ ਦਾ ਰੂਪ ਮੁਤੁਫਾਇਲ ਬਾਕੀ ਰਹਿ ਜਾਂਦਾ ਹੈ । ਇਸ ਨੂੰ ਫਿਇਲਾਤੁਨ ਵਿਚ ਬਦਲ ਲਿਆ ਜਾਂਦਾ ਹੈ । ਯਾਨੀ ਕਿ ਮੁਤੁਫਾਇਲੁਨ (IISIS) ਤੋਂ  (IISS) ਬਣ ਗਿਆ ਹੈ ।

ਫਾਇਲੁਨ ਰੁਕਨ ਦੇ ਇਲੁਨ ਵਤਦ ਮਜ਼ਮੂਅ ਦਾ ਨ ਸਾਕਿਨ ਗਿਰਾ ਕੇ ਫਾਇਲੁ ਬਚਿਆ ਤੇ ਇਲੁ ਦਾ ਮੁਤਹੱਰਕ ਲੁ ਸਾਕਿਨ ਕਰਕੇ ਇਲ ਰਹਿ ਗਿਆ ਤੇ ਇਸ ਤਰ੍ਹਾਂ ਫਾਇਲੁਨ ਰੁਕਨ ਫਾਇਲ ਰਹਿ ਗਿਆ ਇਸ ਦੀ ਤਾਂ ਤੇ ਪ੍ਰਚਲਤ ਸ਼ਬਦ ਫਿਅਲੁਨ ਰੱਖ ਲਿਆ ਜਾਂਦਾ ਹੈ।

ਜਿਸ ਬਹਿਰ ਵਿਚ ਕਤਅ ਜ਼ਿਹਾਫ ਲਾਗੂ ਕੀਤਾ ਜਾਂਦਾ ਹੈ ਉਸ ਬਹਿਰ ਦਾ ਨਾਮ ਮਕਤੂਅ ਕਰ ਲਿਆ ਜਾਂਦਾ ਹੈ ।

ਦੋ ਜਾਂ ਦੋ ਤੋਂ ਵਧ ਹਰਫ਼ ਗਿਰਾਉਣ ਵਾਲੇ ਜ਼ਿਹਾਫ

ਹਜ਼ਫ਼-----ਹਜ਼ਫ਼ ਦਾ ਅਰਥ ਹੈ ਅਲੋਪ ਕਰਨਾ । ਅਰੂਜ਼ ਅਨੁਸਾਰ ਰੁਕਨ ਦਾ ਅਖੀਰਲਾ ਸਬੱਬ ਖਫੀਫ ਅਲੋਪ ਕਰਨ ਨੂੰ ਹਜ਼ਫ ਕਹਿੰਦੇ ਹਨ ।
ਫਊਲੁਨ ISS ਰੁਕਨ ਦਾ ਅਖੀਰਲਾ ਸਬੱਬ ਖਫ਼ੀਫ ਅਲੋਪ ਕਰਨ ਤੇ ਫਊ ਰਹਿ ਜਾਂਦਾ ਹੈ । ਜਿਸ ਨੂੰ ਪ੍ਰਚਲਤ ਰੁਕਨ ਫ਼ਿਅਲ ਦੇ ਨਾਲ ਬਦਲ ਲਿਆ ਜਾਂਦਾ ਹੈ ।

ਫਾਇਲਾਤੁਨ ਰੁਕਨ ਦਾ ਅਖੀਰਲਾ ਸਬੱਬ ਖਫ਼ੀਫ ਤੁਨ ਅਲੋਪ ਹੋ ਕੇ ਫਾਇਲਾ ਰਹਿ ਜਾਂਦਾ ਹੈ । ਜਿਸਨੂੰ ਇਸ ਦੇ ਬਰਵਜ਼ਨ ਰੁਕਨ ਫਾਇਲੁਨ ਦੇ ਨਾਲ ਤਬਦੀਲ ਕਰ ਲਿਆ ਜਾਂਦਾ ਹੈ । ਯਾਨੀ ਫਾਇਲਾਤੁਨ ਤੇ ਹਜ਼ਫ ਜ਼ਿਹਾਫ ਲੱਗ ਕੇ ਫਾਇਲਾਤੁਨ ਰੁਕਨ ਯਾਨੀ SISS ਦਾ ਫਾਇਲੁਨ ਰੁਕਨ SIS ਬਣ ਜਾਂਦਾ ਹੈ ।

ਇਸੇ ਤਰ੍ਹਾਂ ਮੁਫਾਈਲੁਨ ਰੁਕਨ ਤੇ ਹਜ਼ਫ ਜ਼ਿਹਾਫ ਲਾ ਕੇ ਇਸ ਦਾ ਅਖੀਰਲਾ ਸਬੱਬ ਖਫ਼ੀਫ ਲੁਨ ਅਲੋਪ ਹੋ ਜਾਂਦਾ ਹੈ ਤੇ ਪਿੱਛੇ ਮੁਫਾਈ ਬਚ ਜਾਂਦਾ ਹੈ । ਇਸ ਨੂੰ ਇਸ ਦੇ ਬਰਵਜ਼ਨ ਪ੍ਰਚਲਤ ਰੁਕਨ ਫਊਲੁਨ ਦੇ ਨਾਲ ਬਦਲ ਲਿਆ ਜਾਂਦਾ ਹੈ । ਇਸ ਤਰ੍ਹਾਂ ਮੁਫਾਈਲੁਨ ਰੁਕਨ ISSS ਹਜ਼ਫ਼ ਜ਼ਿਹਾਫ ਦੇ ਮਗਰੋਂ ਫਊਲੁਨ ISS ਵਿੱਚ ਤਬਦੀਲ ਹੋ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਮਹਿਜ਼ੂਫ ਹੁੰਦਾ ਹੈ ।

ਕਤ਼ਫ---- ਕਤਫ਼ ਦਾ ਅਰਥ ਹੈ ਅੰਗੂਰ ਤੋੜਨਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਇਲੁਤੁਨ ਰੁਕਨ ਦਾ ਅਖ਼ੀਰਲਾ ਸਬੱਬ ਖ਼ਫ਼ੀਫ ਅਲੋਪ ਕਰਕੇ ਉਸਤੋਂ ਪਹਿਲੇ ਮੁਤਹੱਰਕ ਨੂੰ ਸਾਕਿਨ ਕਰਨਾ ਹੈ । ਇਸ ਅਨੁਸਾਰ ਮੁਫਾਇਲੁਤੁਨ ਰੁਕਨ ਦਾ ਅੰਤਲਾ ਸਬੱਬ ਖਫ਼ੀਫ ਤੁਨ ਗਿਰ ਜਾਂਦਾ ਹੈ । ਤੇ ਮੁਫਾਇਲੁ ਰਹਿ ਜਾਂਦਾ ਹੈ । ਫਿਰ ਮੁਫਇਲੁ ਦੇ ਮੁਤਹੱਰਕ ਲੁ ਨੂੰ ਸਾਕਿਨ ਕਰਕੇ ਮੁਫਇਲ ਰਹਿ ਜਾਂਦਾ ਹੈ । ਤੇ ਇਸ ਨੂੰ ਇਸ ਦੇ ਬਰਵਜ਼ਨ ਪ੍ਰਚਲਤ ਰੁਕਨ ਫ਼ਊਲੁਨ ਦੇ ਨਾਲ ਬਦਲ ਲਿਆ ਜਾਂਦਾ ਹੈ । ਯਾਨੀ ਮੁਫਾਇਲੁਤੁਨ ਰੁਕਨ ISIIS ਕਤਫ਼ ਜ਼ਿਹਾਫ ਮਗਰੋਂ ਫਊਲੁਨ ਬਣ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਮਕਤੂਫ਼ ਹੋ ਜਾਂਦਾ ਹੈ ।

ਹਜਜ----- ਹਜਜ ਦਾ ਅਰਥ ਹੈ ਛੋਟਾ ਹੋਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਦਾ ਅਖ਼ੀਰਲਾ ਵਤਦ ਮਜ਼ਮੂਅ IS ਉਡਾ ਦੇਣਾ ਹੁੰਦਾ ਹੈ । ਸੋ ਇਹ ਜ਼ਿਹਾਫ ਉਹਨਾਂ ਰੁਕਨਾਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਦੇ ਅਖੀਰ ਤੇ ਵਤਦ ਮਜ਼ਮੂਅ ਆਉਂਦਾ ਹੈ । ਸੋ ਇਹ ਜਿਹਾਫ਼ ਮੁਸਤਫ਼ਇਲਨ, ਮੁਤੁਫਾਇਲੁਨ ਤੇ ਫਾਇਲੁਨ ਤੇ ਲਾਗੂ ਹੁੰਦਾ ਹੈ । ਮੁਸਤਫ਼ਇਲੁਨ ਰੁਕਨ ਦਾ ਅਖੀਰਲਾ ਵਤਦ ਮਜ਼ਮੂਅ ਹਜਜ ਜ਼ਿਹਾਫ ਰਾਹੀਂ ਗਿਰਾ ਕੇ ਮੁਸਤਫ਼ ਰਹਿ ਜਾਂਦਾ ਹੈ । ਸੋ ਮਸਤਫ਼ ਇਸ ਦੇ ਬਰਵਜ਼ਨ ਪ੍ਰਚਲਤ ਰੁਕਨ ਫਿਅਲੁਨ ਵਿਚ ਬਦਲ ਲਈਦਾ ਹੈ । ਇੰਝ ਮੁਸਤਫ਼ਇਲੁਨ ਹਜਜ ਜ਼ਿਹਾਫ ਰਾਹੀਂ ਫਿਅਲੁਨ ਬਣ ਜਾਂਦਾ ਹੈ  ਅਤੇ SSIS ਤੋਂ SS ਰਹਿ ਜਾਂਦਾ ਹੈ ।  ਮੁਤੁਫਾਇਲੁਨ ਅਖੀਰਲਾ ਵਤਦ ਮਜ਼ਮੂਅ ਗਿਰਾਉਣ ਤੋਂ ਮਗਰੋਂ ਮੁਤੁਫਾ ਰਹਿ ਜਾਂਦਾ ਹੈ । ਮੁਤਫ਼ਾ ਨੂੰ ਇਸ ਦੇ ਵਜ਼ਨ ਰੁਕਨ ਫਿਅਲੁਨ ਯਾਨੀ  IISS ਫਾਸਲਾ ਨਾਲ ਬਦਲ ਲੈਂਦੇ ਹਨ । ਫਇਲੁਨ ਰੁਕਨ ਦਾ ਵਤਦ ਮਜ਼ਮੂਅ  ਇਲੁਨ ਗਿਰ ਕੇ ਕੇਵਲ ਫਾ ਬਚਦਾ ਹੈ । ਤੇ ਇਸ ਨੂੰ ਇਸਦੇ ਬਰਵਜ਼ਨ ਰੁਕਨ ਫਿਅ ਜਾਂ ਫੇ ਨਾਲ ਬਦਲ ਲਈਦਾ ਹੈ । ਬਹਿਰ ਵਿੱਚ ਇਸ ਦਾ ਨਾਮ ਮਹਿਜ਼ੂਜ ਹੈ ।

ਫਾਇਲਾਤੁਨ ਰੁਕਨ ਦੇ ਹਜ਼ਫ ਤੇ ਕਤਅ ਜ਼ਿਹਾਫ ਮਿਲ ਕੇ ਲਾਗੂ ਹੁੰਦੇ ਹਨ, ਹਜ਼ਫ ਤੇ ਕਤਅ ਜ਼ਿਹਾਫ ਮਿਲ ਕੇ ਲਾਗੂ ਹੁੰਦੇ ਹਨ । ਹਜ਼ਫ ਜ਼ਿਹਾਫ ਫਾਇਲਾਤੁਨ ਦੇ ਅਖੀਰਲੇ ਸਬੱਬ ਖਫ਼ੀਫ ਤੁਨ ਨੂੰ ਉਡਾ ਦਿੰਦੀ ਹੈ । ਪਿੱਛੇ ਫਾਇਲਾਂ ਰਹਿ ਜਾਂਦਾ ਹੈ ਤਾਂ ਕਤਅ ਜ਼ਿਹਾਫ ਦੁਆਰਾ ਇਸਦੇ ਵਤਦ ਮਜ਼ਮੂਅ ਇਲਾ ਦੇ ਦੂਜੇ ਸਾਕਿਨ ਹਰਫ਼ ਯਾਨੀ ਇਲਾ ਦਾ ਕੰਨਾ ਗਿਰਾ ਦਿੱਤਾ ਜਾਂਦਾ ਹੈ ਅਤੇ ਮੁਤਹੱਰਕ ਲ ਨੁੰ ਸਾਕਿਨ ਕਰ ਲੈਂਦੇ ਹਨ ਤੇ ਅਖੀਰ ਤੇ ਫਾਇਲ ਬਚ ਜਾਂਦਾ ਹੈ  ਇਸ ਨੂੰ ਇਸ ਦੇ ਬਰਵਜ਼ਨ ਸ਼ਬਦ ਫਿਅਲੁਨ ਨਾਲ ਤਬਦੀਲ ਕਰ ਲੈਂਦੇ ਹਨ । ਸੋ ਫਾਇਲਾਤੁਨ ਇੱਕੋ ਇੱਕ ਰੁਕਨ ਹੈ ਜਿਸ ਤੇ ਹਜ਼ਫ ਅਤੇ ਕਤਅ ਜ਼ਿਹਾਫ ਇਕੱਠੇ ਲਾਗੂ ਹੁੰਦੇ ਹਨ ਤੇ ਬਹਿਰ ਵਿੱਚ ਇਸ ਦਾ ਨਾਮ ਮਹਜ਼ੂਫ ਮਕਤੂਅ ਹੋ ਜਾਂਦਾ ਹੈ ।

ਬਤਰ----- ਬਤਰ ਦਾ ਅਰਥ ਹੈ ਪੂਛ ਕੁਤਰਨਾ । ਅਰੂਜ਼ ਅਨੁਸਾਰ ਇਹ ਜ਼ਿਹਾਫ ਤਿੰਨ ਰੁਕਨਾ ਵਿੱਚ ਵੱਖਰੇ ਵੱਖਰੇ ਢੰਗ ਨਾਲ ਤਬਦੀਲੀ ਕਰਦਾ ਹੈ ।
ਇਹ ਰੁਕਨ ਹਨ ਫਊਲੁਨ, ਫਾਇਲਾਤੁਨ, ਮੁਫਾਈਲੁਨ । ਇਹ ਅਜੇਹੇ ਰੁਕਨ ਹਨ ਜਿਨ੍ਹਾਂ ਦੇ ਅਖੀਰ ਤੇ ਸਬੱਬ ਖ਼ਫ਼ੀਫ ਹੈ । ਇਨ੍ਹਾਂ ਤਿੰਨਾਂ ਰੁਕਨਾਂ ਤੇ ਜਦੋਂ ਬਤਰ ਜਿਹਾਫ਼ ਲਾਗੂ ਹੁੰਦਾ ਹੈ ਤਾਂ ਤਿੰਨਾਂ ਰੁਕਨਾਂ ਵਿਚ ਆਖਰ ਤੇ ਸਿਰਫ ਫਅ ਸ਼ਬਦ ਬਚਦਾ ਹੈ । ਸੋ ਫ਼ਊਲੁਨ ਤੇ ਮੁਫਾਈਲੁਨ ਰੁਕਨਾਂ ਵਿੱਚੋਂ ਫਾਅ ਬਾਕੀ ਰੱਖਣ ਲਈ ਇਨ੍ਹਾਂ ਰੁਕਨਾਂ ਵਿਚ ਭਿੰਨ ਭਿੰਨ ਤਬਦੀਲੀ ਦੀ ਲੋੜ ਪੈਂਦੀ ਹੈ । ਇਸ ਲਈ ਅਰੂਜ਼ੀ ਇਸ ਨੂੰ ਦੋ ਜ਼ਿਹਾਫਾਂ ਦੇ ਮੇਲ ਤੋਂ ਕੱਢਦੇ ਹਨ ।

ਫਊਲੁਨ ਰੁਕਨ ਦੇ ਅਖ਼ੀਰ ਤੋਂ ਸਬੱਬ ਖਫ਼ੀਫ ਹਟਾਉਣ ਤੇ ਜਦੋਂ ਫਊ ਰਹਿ ਜਾਵੇ ਤਾਂ ਉਸ ਦਾ ਫ  ਉਡਾ ਦੇਣ ਨੂੰ ਕਹਿੰਦੇ ਹਨ ਇਸ ਤਰ੍ਹਾਂ ਊ ਬਾਕੀ ਰਹਿ ਜਾਂਦਾ ਹੈ ਜਿਸ ਨੂੰ ਪ੍ਰਚਲਤ ਫਅ ਰੁਕਨ ਨਾਲ ਤਬਦੀਲ ਕਰ ਲਿਆ ਜਾਂਦਾ ਹੈ ।

ਫਾਇਲਾਤੁਨ ਰੁਕਨ ਵਿੱਚ ਬਤਰ ਜਿਹਾਫ਼ ਕਤਅ ਤੇ ਹਜ਼ਫ ਜਿਹਾਫ਼ ਦਾ ਮੇਲ ਹੈ । ਹਜ਼ਫ਼ ਫਾਇਲਤੁਨ ਦੇ ਸਬੱਬ ਖਫ਼ੀਫ ਤੁਨ ਝਾੜ ਦਿੰਦਾ ਹੈ ਤਾਂ ਬਾਕੀ ਫਾਇਲਾ ਰਹਿ ਜਾਂਦਾ ਹੈ । ਫਾਇਲਾ ਜੋ ਵਤਦ ਮਜ਼ਮੂਅ IS  ਹੈ, ਦਾ ਸਾਕਿਨ ਅੱਖਰ ਕੰਨਾਂ ਕਤਅ ਜ਼ਿਹਾਫ ਰਾਹੀਂ ਝਾੜ ਦਿੱਤਾ ਜਾਂਦਾ ਹੈ ਤਾਂ ਬਾਕੀ ਫਾਇਲ ਰਹਿ ਜਾਂਦਾ ਹੈ ਤੇ ਇਸ ਨੂੰ ਫਅ ਨਾਲ ਬਦਲ ਲੈਂਦੇ ਹਨ ।

ਮੁਫਾਈਲੁਨ ਰੁਕਨ ਤੇ ਬਤਰ ਲਾਗੂ ਕਰਨ ਲਈ ਪਹਿਲਾਂ ਖਰਮ ਜ਼ਿਹਾਫ ਰਾਹੀਂ ਪਹਿਲਾ ਮੁਤਹੱਰਕ ਮੁ ਝਾੜ ਦਿੱਤਾ ਜਾਂਦਾ ਹੈ । ਪਿੱਛੇ ਫਾਇਲੁਨ ਰਹਿ ਜਾਂਦਾ ਹੈ ਤੇ ਇਸ ਦੇ ਦੋਵੇਂ ਸਬੱਬ ਖਫ਼ੀਫ ਝਾੜ ਦਿੱਤੇ ਜਾਂਦੇ ਹਨ ਤਾਂ ਪਿੱਛੇ ਸਿਰਫ ਫਾ ਰਹਿ ਜਾਂਦਾ ਹੈ ਜਿਸ ਨੂੰ ਫਅ ਵਿੱਚ ਤਬਦੀਲ ਕਰ ਲਿਆ ਜਾਂਦਾ ਹੈ ।

ਰਫ਼ਅ --------------ਰਫ਼ਅ ਦਾ ਅਰਥ ਹੈ ਉਡਾਉਣਾ ਜਾਂ ਖਤਮ ਕਰਨਾ । ਰਫ਼ਅ ਪੰਜਾਬੀ ਬੋਲਣ ਵਾਲਿਆਂ ਦਾ ਜਾਣਿਆਂ ਪਛਾਣਿਆਂ ਸ਼ਬਦ ਹੈ ਇਸ ਤੋਂ ਰਫਾਅ ਦਫ਼ਾਅ ਸ਼ਬਦ ਬਣਿਆ ਹੈ ਜੋ ਅਸੀਂ ਕਈ ਵਾਰ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਵਰਤਦੇ ਹਾਂ, ਰਫ਼ਾਅ ਦਫ਼ਾਅ ਕਰੋ, ਇਸ ਗੱਲ ਤੇ ਮਿੱਟੀ ਪਾਉ ਵਗੈਰਾ ਵਗੈਰਾ । ਇਹ ਸ਼ਬਦ ਪਤਾ ਨਹੀ ਕਦੋਂ ਪੰਜਾਬੀ ਵਿੱਚ ਆ ਰਲ਼ਿਆ ਹੋਵੇਗਾ । ਅਰੂਜ਼ ਅਨੁਸਾਰ ਜੇ ਕਿਸੇ ਰੁਕਨ ਦੇ ਮੁੱਢ ਵਿੱਚ ਦੋ ਸਬੱਬ ਖਫ਼ੀਫ ਹੋਣ ਤਾਂ ਇਕ ਸਬੱਬ ਖਫ਼ੀਫ ਝਾੜਨ ਦਾ ਨਾਮ ਰਫ਼ਅ ਹੈ । ਮੁਸਤਫ਼ਇਲੁਨ ਦਾ ਸਬੱਬ ਖਫ਼ੀਫ ਮੁਸ ਝੜਕੇ ਤਫ਼ਇਲੁਨ ਬਚਦਾ ਹੈ ਜਿਸ ਨੂੰ ਫਾਇਲੁਨ ਦੇ ਨਾਲ ਬਦਲ ਲੈਂਦੇ ਹਾਂ । ਯਾਨੀ ਮੁਸਤਫ਼ਇਲੁਨ SSIS ਤੇ ਰਫ਼ਅ ਜ਼ਿਹਾਫ ਲਗਾਉਣ ਨਾਲ ਇਹ ਬਦਲ ਕੇ ਫਾਇਲੁਨ (SIS) ਹੋ ਜਾਂਦਾ ਹੈ । ਮਫ਼ਊਲਾਤ ਰੁਕਨ ਦਾ ਸਬੱਬ ਖਫ਼ੀਫ ਮਫ਼ ਅਲੋਪ ਹੋ ਕੇ ਊਲਾਤ ਰਹਿ ਜਾਂਦਾ ਹੈ । ਜਿਸ ਨੂੰ ਮਫ਼ਊ਼ਲ ਨਾਲ ਬਦਲ ਲੈਂਦੇ ਹਾਂ । ਯਾਨੀ ਰੁਕਨ ਮਫ਼ਊ਼ਲਾਤ SSSI ਰਫ਼ਅ ਜ਼ਿਹਾਫ ਲੱਗ ਕੇ ਮਫਊਲ SSI ਰਹਿ ਜਾਂਦਾ ਹੈ ।

ਦੋ ਜ਼ਿਹਾਫਾਂ ਦੇ ਮੇਲ ਤੋਂ ਬਣੀਆਂ ਜ਼ਿਹਾਫਾਂ

ਪਿਆਰੇ ਦੋਸਤੋ ਹੁਣ ਅਸੀਂ ਕੁਛ ਅਜੇਹੀਆਂ ਜ਼ਿਹਾਫਾਂ ਦਾ ਵਰਣਨ ਕਰਾਂਗੇ ਜਿਹੜੀਆਂ ਦੋ ਦੋ ਜ਼ਿਹਾਫਾਂ ਦੇ ਮੇਲ ਤੋਂ ਬਣਦੀਆਂ ਹਨ ।

ਖ਼ਬਲ-----ਖ਼ਬਲ ਦਾ ਅਰਥ ਹੈ ਹੱਥ ਪੈਰ ਵੱਢਣਾ, ਅਰੂਜ਼ੀ ਪਰਿਭਾਸ਼ਾ ਅਨੁਸਾਰ ਖ਼ਬਲ ਦੋ ਜ਼ਿਹਾਫਾਂ ਖ਼ਬਨ ਤੇ ਤੈ ਦੇ ਮੇਲ ਤੋਂ ਬਣਦੀ ਹੈ । ਇਹ ਕੇਵਲ ਦੋ ਰੁਕਨਾਂ ਜਿਨ੍ਹਾਂ ਦੇ ਮੁੱਢ ਵਿਚ ਸਬੱਬ ਖਫ਼ੀਫ ਹਨ, ਤੇ ਲਾਗੂ ਹੁੰਦੀ ਹੈ ।
ਮੁਸਤਫ਼ਇਲੁਨ ਰੁਕਨ ਤੇ ਜ਼ਿਹਾਫ ਦੁਆਰਾ ਉਸ ਦਾ ਚੌਥਾ ਸਾਕਿਨ ਹਰਫ਼ ਫ਼ ਝੜ ਜਾਂਦਾ ਹੈ । ਤੇ ਖ਼ਬਲ ਜਿਹਾਫ਼ ਦੁਆਰਾ ਉਸ ਦਾ ਦੂਸਰਾ ਸਾਕਿਨ ਹਰਫ ਸ ਗਿਰ ਜਾਂਦਾ ਹੈ । ਬਾਕੀ ਬਚਦਾ ਹੈ ਮੁਤੁਇਲੁਨ ਜਿਸ ਨੂੰ ਫਿਇਲੁਤੁਨ ਵਿਚ ਬਦਲ ਲੈਂਦੇ ਹਨ । ਯਾਨੀ ਮੁਸਤਫ਼ਇਲੁਨ ਖ਼ਬਲ ਜ਼ਿਹਾਫ ਦੁਆਰਾ SSIS ਤੋਂ IIIS ਬਣ ਜਾਂਦਾ ਹੈ , ਇਸ ਰੁਕਨ ਨੂੰ ਫਾਸਲਾ, ਕੁਬਰਾ, ਫਾਜ਼ਲ ਜਾਂ ਸਰਲ ਢੰਗ ਨਾਲ ਸਬੱਬ ਸਕੀਲ + ਵਤਦ ਮਜ਼ਮੂਅ ਕਿਹਾ ਜਾਂਦਾ ਹੈ ।
ਮਫ਼ਊਲਾਤ ਰੁਕਨ ਉੱਤੇ ਖ਼ਬਲ ਜ਼ਿਹਾਫ ਲੱਗ ਕੇ ਮਫ਼ਊਲਾਤ ਦਾ ਤੈ ਜ਼ਿਹਾਫ ਦੁਆਰਾ ਚੌਥਾ ਸਾਕਿਨ ਹਰਫ਼ ਦੁਲੈਂਕੜ ਝੜ ਜਾਂਦੇ ਹਨ ਤੇ ਖ਼ਬਨ ਜ਼ਿਹਾਫ ਦੁਆਰਾ ਦੂਜਾ ਸਾਕਿਨ ਅੱਖਰ ਫ ਝੜ ਕੇ ਮਅਲਾਤੁ ਰਹਿ ਜਾਂਦਾ ਹੈ ਜਿਸ ਨੂੰ ਫਿਇਲਾਤੁ ਵਿੱਚ ਬਦਲ ਲੈਂਦੇ ਹਨ । ਯਾਨੀ ਮਫ਼ਊਲਾਤ ਖ਼ਬਲ ਜ਼ਿਹਾਫ ਦੁਆਰਾ ਫਿਇਲਾਤ IISI ਬਣ ਜਾਂਦਾ ਹੈ । ਜੋ ਕਿ ਸਬੱਬ ਸਕੀਲ + ਵਤਦ ਮਫ਼ਰੂਕ ਦੇ ਬਰਾਬਰ ਹੈ ।

ਖ਼ਜ਼ਲ------ ਇਸ ਦਾ ਅਰਥ ਹੈ ਕੱਟਿਆ ਜਾਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਇਹ ਜ਼ਿਹਾਫ ਇਜ਼ਮਾਰ ਤੇ ਤੈ ਜ਼ਿਹਾਫ ਦਾ ਮੇਲ ਹੈ । ਇਹ ਜ਼ਿਹਾਫ ਕੇਵਲ ਮੁਤੁਫਾਇਲੁਨ ਰੁਕਨ ਤੇ ਹੀ ਲਾਗੂ ਹੁੰਦੀ ਹੈ , ਕਿਉਂ ਕਿ ਕੇਵਲ ਮੁਤੁਫਾਇਲੁਨ ਰੁਕਨ ਦੇ ਮੁੱਢ ਵਿੱਚ ਹੀ ਕੇਵਲ ਸਬੱਬ ਸਕੀਲ ਯਾਨੀ ਦੋ ਮੁਤਹੱਰਕ ਹਰਫ਼ ਹਨ । ਮੁਤੁਫਾਇਲੁਨ ਰੁਕਨ ਤੇ ਜਦ ਖ਼ਜ਼ਲ ਜ਼ਿਹਾਫ ਲਗਦੀ ਹੈ ਤਾਂ ਪਹਿਲਾਂ ਤੈ ਜ਼ਿਹਾਫ ਦੁਆਰਾ ਚੌਥਾ ਸਾਕਿਨ ਹਰਫ਼ ਕੰਨਾਂ ਝੜ ਜਾਂਦਾ ਹੈ  ਤੇ ਫਿਰ ਇਜ਼ਮਾਰ ਜਿਹਾਫ਼ ਦੁਆਰਾ ਦੂਜੇ ਮੁਤਹੱਰਕ ਹਰਫ਼ ਨੂੰ ਸਾਕਿਨ ਕਰ ਦਿੱਤਾ ਜਾਂਦਾ ਹੈ । ਹੁਣ ਮੁਤਫਇਲੁਨ ਬਾਕੀ ਰਹਿ ਜਾਂਦਾ ਹੈ ਜਿਸ ਨੂੰ ਮੁਫਤੁਇਲੁਨ ਨਾਲ ਬਦਲ ਲਿਆ ਜਾਂਦਾ ਹੈ । ਯਾਨੀ ਮੁਤੁਫਾਇਲੁਨ ਰੁਕਨ ਤੇ ਜਦ ਖ਼ਜ਼ਲ ਜਿਹਾਫ਼ ਲਾਗੂ ਹੁੰਦੀ ਹੈ ਤਾਂ ਇਸ ਦਾ ਰੂਪ IISIS ਤੋਂ SIIS ਬਣ ਜਾਂਦਾ ਹੈ , ਜਾਂ ਸਰਲ ਸ਼ਬਦਾਂ ਵਿੱਚ ਇਹ ਵਤਦ ਮਫ਼ਰੂਕ + ਵਤਦ ਮਜ਼ਮੂਅ ਬਣ ਜਾਂਦਾ ਹੈ ।

ਸ਼ਕਲ------ ਇਸ ਦਾ ਅਰਥ ਹੈ ਘੋੜੇ ਦੇ ਪਿਛਾੜੀ ਲਾਉਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਖ਼ਬਨ ਤੇ ਕਫ਼ ਦੇ ਮੇਲ ਨੂੰ ਸ਼ਕਲ ਕਿਹਾ ਜਾਂਦਾ ਹੈ । ਇਹ ਜ਼ਿਹਾਫ ਕੇਵਲ ਦੋ ਰੁਕਨਾਂ ਫਾਇਲਾਤੁਨ ਅਤੇ ਮੁਸਤਫ਼ਇਲੁਨ ਤੇ ਹੀ ਲਾਗੂ ਹੁੰਦੀ ਹੈ । ਫਾਇਲਾਤੁਨ ਰੁਕਨ ਦਾ ਪਹਿਲਾਂ ਖ਼ਬਨ ਜ਼ਿਹਾਫ ਦੁਆਰਾ ਦੂਜਾ ਸਾਕਿਨ ਹਰਫ਼ ਕੰਨਾਂ ਝਾੜ ਦਿੱਤਾ ਜਾਂਦਾ ਹੈ ਤੇ ਫੇਰ ਕਫ਼ ਜ਼ਿਹਾਫ ਇਸ ਦਾ ਸੱਤਵਾਂ ਸਾਕਿਨ ਹਰਫ਼ ਨ ਝਾੜ ਦਿੰਦਾ ਹੈ । ਇਸ ਤਰ੍ਹਾਂ ਬਾਕੀ ਫਇਲਾਤੁ ਯਾਨੀ IISI ਬਚਦਾ ਹੈ ।
ਇਸੇ ਤਰ੍ਹਾਂ ਹੀ ਮੁਸਤਫ਼ਇਲੁਨ ਰੁਕਨ ਦਾ ਖ਼ਬਨ ਜ਼ਿਹਾਫ ਦੁਆਰਾ ਦੂਜਾ ਸਾਕਿਨ ਅੱਖਰ ਸ ਝੜ ਜਾਂਦਾ ਹੈ ਤੇ ਕਫ਼ ਦੁਆਰਾ ਸੱਤਵਾਂ ਸਾਕਿਨ ਅੱਖਰ ਨ ਝੜ ਜਾਂਦਾ ਹੈ ਤੇ ਮੁਤੁਫਇਲ ਬਾਕੀ ਬਚਦਾ ਹੈ । ਇਸ ਨੂੰ ਮੁਫਾਇਲੁ ਨਾਲ ਬਦਲ ਲਿਆ ਜਾਂਦਾ ਹੈ । ਯਾਨੀ ਮੁਸਤਫ਼ਇਲੁਨ ਰੁਕਨ ਤੇ ਸ਼ਕਲ ਜਿਹਾਫ਼ ਲਾ ਕੇ SSIS ਤੋਂ ISII ਬਣ ਜਾਵੇਗਾ ਯਾਨੀ ਕਿ ਵਤਦ ਮਜ਼ਮੂਅ + ਸਬੱਬ ਸਕੀਲ ।


ਨਕਸ਼---- ਇਸ ਦਾ ਅਰਥ ਹੈ ਘਟਾਉਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ  ਅਸ਼ਬ ਤੇ ਕਫ਼ ਜਿਹਾਫ਼ ਦੇ ਮੇਲ ਨੂੰ ਕਿਹਾ ਜਾਂਦਾ ਹੈ । ਇਹ ਜ਼ਿਹਾਫ ਕੇਵਲ ਮੁਫ਼ਾਇਲਤੁਨ ਰੁਕਨ ਤੇ ਹੀ ਲਾਗੂ ਹੁੰਦੀ ਹੈ । ਮੁਫ਼ਾਇਲੁਤੁਨ ਰੁਕਨ ਤੇ ਪਹਿਲਾਂ ਅਸ਼ਬ ਜ਼ਿਹਾਫ ਲਾ ਕੇ ਇਸ ਦੇ ਪੰਜਵੇਂ ਮੁਤਹੱਰਕ ਅੱਖਰ ਲ ਨੂੰ ਸਾਕਿਨ ਕਰ ਲਿਆ ਜਾਂਦਾ ਹੈ ਤੇ ਬਾਕੀ ਬਚਦੇ ਮੁਫਾਇਲਤੁਨ ਨੂੰ ਮਫਾਈਲੁਨ ਨਾਲ ਬਦਲ ਲਿਆ ਜਾਂਦਾ ਹੈ । ਫੇਰ ਇਸ ਤੇ ਕਫ਼ ਜ਼ਿਹਾਫ ਲਾ ਕੇ ਇਸ ਦਾ ਸੱਤਵਾਂ ਸਾਕਿਨ ਅੱਖਰ ਕੱਟ ਕੇ ਮੁਫਾਈਲੁ ਰਹਿ ਜਾਂਦਾ ਹੈ ਯਾਨੀ ਮੁਫਾਇਲੁਤੁਨ ISIIS ਤੋਂ ISSI ਰਹਿ ਜਾਂਦਾ ਹੈ ।

ਸ਼ਰਮ--- ਇਸ ਦਾ ਅਰਥ ਹੈ ਮੁਹਰਲੇ ਦੰਦ ਝਾੜਨਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਸ਼ਲਮ ਤੇ ਕਬ਼ਜ਼ ਜ਼ਿਹਾਫ ਦੇ ਮੇਲ ਨੂੰ ਸ਼ਰਮ ਕਿਹਾ ਜਾਂਦਾ ਹੈ । ਇਹ ਜ਼ਿਹਾਫ ਸਿਰਫ ਫਊਲੁਨ ਰੁਕਨ ਤੇ ਹੀ ਲਾਗੂ ਹੁੰਦੀ ਹੈ । ਫ਼ਊਲੁਨ ਰੁਕਨ ਦਾ ਕਬ਼ਜ਼ ਜ਼ਿਹਾਫ ਨਾਲ ਪੰਜਵਾਂ ਸਾਕਿਨ ਅੱਖਰ ਨ ਝਾੜ ਕੇ ਜਦੋਂ ਫ਼ਊਲ ਰਹਿ ਜਾਂਦਾ ਹੈ ਤਾਂ ਇਸ ਤੇ ਸ਼ਲਮ ਜ਼ਿਹਾਫ ਲਾ ਕੇ ਇਸ ਦਾ ਪਹਿਲਾ ਮੁਤਹੱਰਕ ਫ ਝਾੜ ਦਿੱਤਾ ਜਾਂਦਾ ਹੈ ਜਿਸ ਨਾਲ ਬਾਕੀ ਬਚੇ ਊਲ ਨੂੰ ਫਾਅ ਦੇ ਨਾਲ ਬਦਲ ਲਿਆ ਜਾਂਦਾ ਹੈ ਯਾਨੀ ਕਿ ਫ਼ਊਲੁਨ (ISS)ਰੁਕਨ ਤੇ ਸ਼ਰਮ ਜ਼ਿਹਾਫ ਮਗਰੋਂ ਇਹ ਕੇਵਲ ਫਾਅ ਯਾਨੀ ਕਿ SI ਬਚਦਾ ਹੈ । ਜਿਸ ਦਾ ਮਤਲਬ ਵਤਦ ਮਫ਼ਰੂਕ ਹੁੰਦਾ ਹੈ ।

ਸ਼ਤਰ---- ਇਸ ਦਾ ਅਰਥ ਹੈ ਪਲਕ ਦਾ ਉਲਟ ਜਾਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਖ਼ਰਮ ਤੇ ਕਬ਼ਜ਼ ਜ਼ਿਹਾਫ ਦੇ ਮੇਲ ਨੂੰ ਸ਼ਤਰ ਕਿਹਾ ਜਾਂਦਾ ਹੈ । ਇਹ ਜ਼ਿਹਾਫ ਕੇਵਲ ਮੁਫਾਈਲੁਨ ਰੁਕਨ ਤੇ ਹੀ ਲਾਗੂ ਹੁੰਦੀ ਹੈ । ਮੁਫਾਈਲੁਨ ਰੁਕਨ ਤੇ ਪਹਿਲਾਂ ਖ਼ਰਮ ਜ਼ਿਹਾਫ ਨਾਲ ਇਸ ਦਾ ਮੁਢਲਾ ਮੁਤਹੱਰਕ ਮੁ ਝਾੜ ਦਿੱਤਾ ਜਾਂਦਾ ਹੈ ਤੇ ਬਾਕੀ ਬਚੇ ਫਾਈਲੁਨ ਦਾ ਪੰਜਵਾਂ ਸਾਕਿਨ ਹਰਫ ਡੇਗਣ ਮਗਰੋਂ ਫਾਇਲੁਨ ਬਚ ਜਾਂਦਾ ਹੈ । ਬਹਿਰ ਵਿਚ ਇਸ ਨੂੰ ਅਸ਼ਤਰ ਕਿਹਾ ਜਾਂਦਾ ਹੈ ।

ਖ਼ਰਬ--- ਇਸ ਦਾ ਅਰਥ ਹੁੰਦਾ ਹੈ ਖਰਾਬ ਹੋਣਾ ਜਾਂ ਉਜੜਨਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫ਼ਾਈਲੁਨ ਰੁਕਨ ਤੇ ਖ਼ਰਮ ਤੇ ਕਫ਼ ਜ਼ਿਹਾਫ ਇਕੱਠੇ ਲਾ ਦੇਣ ਨੂੰ ਖ਼ਰਬ ਦਾ ਨਾਮ ਦਿੱਤਾ ਜਾਂਦਾ ਹੈ । ਮੁਫਾਈਲੁਨ ਰੁਕਨ ਦਾ  ਪਹਿਲਾਂ ਖ਼ਰਮ ਜ਼ਿਹਾਫ ਲਾ ਕੇ ਮੁ ਮੁਤਹੱਰਕ  ਝਾੜ ਦਿੱਤਾ ਜਾਂਦਾ ਹੈ ਤੇ ਫਿਰ ਕਫ਼ ਜ਼ਿਹਾਫ ਲਾ ਕੇ ਅਖੀਰਲਾ ਸਾਕਿਨ ਨ ਅੱਖਰ ਵੀ ਡੇਗ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਇਹ ਫਾਇਲੁ ਰਹਿ ਜਾਂਦਾ ਹੈ । ਜਿਸ ਦੀ ਥਾਂ ਤੇ ਮਫ਼ਊਲ ਰੁਕਨ ਰੱਖ ਲਈਦਾ ਹੈ । ਬਹਿਰ ਵਿੱਚ ਇਸ ਦਾ ਨਾਮ ਅਖ਼ਰਬ ਹੁੰਦਾ ਹੈ ।

ਕਸ਼ਮ------ ਇਸ ਦਾ ਅਰਥ ਹੈ ਟੁੱਟੇ ਦੰਦਾਂ ਵਾਲਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਇਲੁਤੁਨ ਰੁਕਨ ਤੇ ਖ਼ਰਮ ਅਤੇ ਅਸ਼ਬ ਜ਼ਿਹਾਫ ਇਕੱਠੇ ਲਾ ਦੇਣ ਨੂੰ ਕਸ਼ਮ ਕਿਹਾ ਜਾਂਦਾ ਹੈ । ਪਹਿਲਾਂ ਖ਼ਰਮ ਜ਼ਿਹਾਫ ਰਾਹੀਂ ਇਸ ਰੁਕਨ ਦਾ ਪਹਿਲਾ ਮੁਤਹੱਰਕ ਮੁ ਝਾੜ ਦਿੱਤਾ ਜਾਂਦਾ ਹੈ ਅਤੇ ਫਿਰ ਅਸ਼ਬ ਜ਼ਿਹਾਫ ਰਾਹੀਂ ਪੰਜਵਾਂ ਮੁਤਹਰਕ ਹਰਫ ਲੁ ਸਾਕਿਨ ਕਰ ਲਿਆ ਜਾਂਦਾ ਹੈ । ਪਿੱਛੇ ਫਾਇਲਤੁਨ ਰਹਿ ਜਾਂਦਾ ਹੈ ਜਿਸ ਦੀ ਥਾਂ ਤੇ ਇਸ ਦਾ ਬਰਵਜ਼ਨ ਰੁਕਨ ਮਫ਼ਊਲੁਨ ਰੱਖ ਲਿਆ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਅਕਸ਼ਮ ਹੁੰਦਾ ਹੈ ।

ਜਮਮ----ਇਸ ਦਾ ਅਰਥ ਹੈ ਜੰਗ ਵਿਚ ਜਵਾਨ ਦਾ ਖਾਲੀ ਹੱਥ ਹੋਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਇਲੁਤੁਨ ਰੁਕਨ ਤੇ ਖ਼ਰਮ ਤੇ ਅਕਲ ਜ਼ਿਹਾਫ ਇਕੱਠੇ ਲਾਉਣ ਨੂੰ ਜਮਮ ਕਿਹਾ ਜਾਂਦਾ ਹੈ । ਪਹਿਲਾਂ ਖਰਮ ਜ਼ਿਹਾਫ ਪਹਿਲਾ ਮੁਤਹੱਰਕ ਮੁ ਝਾੜ ਦਿੰਦਾ ਹੈ ਤੇ ਫੇਰ ਅਕਲ ਜ਼ਿਹਾਫ ਪੰਜਵਾਂ ਮੁਤਹੱਰਕ ਲੁ ਝਾੜ ਦਿੰਦੀ ਹੈ । ਬਾਕੀ ਬਚੇ ਫਾਇਤੁਨ ਦੀ ਥਾਂ ਤੇ ਫਾਇਲੁਨ ਰੱਖ ਲਿਆ ਜਾਂਦਾ ਹੈ ਅਤੇ ਬਹਿਰ ਵਿੱਚ ਇਸ ਨੂੰ ਅਜ਼ੱਮ ਆਖਿਆ ਜਾਂਦਾ ਹੈ ।

ਅਕਸ਼-----ਇਸ ਦਾ ਅਰਥ ਹੈ ਜ਼ੁਲਫ ਜਾਂ ਲਿਟਾਂ ਮਰੋੜਨਾ । ਅਰੂਜ਼ ਅਨੁਸਾਰ ਮੁਫਾਇਲਤੁਨ ਰੁਕਨ ਤੇ ਖ਼ਰਮ ਤੇ ਕਫ਼ ਜ਼ਿਹਾਫ ਇਕੱਠੇ ਲਾ ਦੇਣ ਨੂੰ ਅਕਸ਼ ਕਿਹਾ ਜਾਂਦਾ ਹੈ । ਖ਼ਰਮ ਜਿਹਾਫ਼ ਦੁਆਰਾ ਮੁਫਾਇਲਤੁਨ ਦਾ ਪਹਿਲਾ ਮੁਤਹੱਰਕ ਮੁ ਝਾੜ ਦਿੱਤਾ ਜਾਂਦਾ ਹੈ ਫਿਰ ਕਫ਼ ਜ਼ਿਹਾਫ ਦੁਆਰਾ ਸੱਤਵਾਂ ਸਾਕਿਨ ਅੱਖਰ ਨ ਗਿਰਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਬਾਕੀ ਫਾਇਲਤੁ ਰਹਿ ਜਾਂਦਾ ਹੈ ਜਿਸ ਨੂੰ ਮਫ਼ਊਲ ਨਾਲ ਬਦਲ ਲਿਆ ਜਾਂਦਾ ਹੈ ।

ਪਿਆਰੇ ਦੋਸਤੋ ਉਪਰੋਕਤ ਪੈਂਤੀ ਜ਼ਿਹਾਫਾਂ ਤਾਂ ਅਰੂਜ਼ ਦੇ ਬਾਨੀ ਖ਼ਲੀਲ ਬਿਨ ਅਹਿਮਦ ਵੱਲੋਂ ਈਜ਼ਾਦ ਕੀਤੀਆਂ ਗਈਆਂ  ਹਨ ਹੁਣ ਆਪਾਂ ਕੁਛ ਉਹਨਾਂ ਜ਼ਿਹਾਫਾਂ ਦਾ ਵਰਣਨ ਕਰਦੇ ਹਾਂ ਜੋ ਖਲੀਲ ਬਿਨ ਅਹਿਮਦ ਤੋਂ ਬਾਦ ਵਿੱਚ ਹੋਰ ਅਰੂਜ਼ੀ ਵਿਦਵਾਨਾਂ ਨੇ ਈਜ਼ਾਦ ਕੀਤੀਆਂ । ਇਹਨਾਂ ਜ਼ਿਹਾਫਾਂ ਦੀ ਕੁੱਲ ਗਿਣਤੀ ਅੱਠ ਹੈ ।

1. ਜ਼ਬ------- ਇਸ ਦਾ ਅਰਥ ਹੈ ਖੱਸੀ ਕਰਨਾ । ਅਰੂਜ਼ ਅਨੁਸਾਰ ਮੁਫਾਈਲੁਨ ਦੇ ਪਿਛਲੇ ਦੋ ਸਬੱਬ ਖਫੀਫ ਇਕੱਠੇ ਝਾੜ ਦੇਣ ਨੂੰ ਜ਼ਬ ਕਿਹਾ ਜਾਂਦਾ ਹੈ । ਜ਼ਬ ਅਨੁਸਾਰ ਮੁਫਾਈਲੁਨ ਦੇ ਸਬੱਬ ਖ਼ਫ਼ੀਫ ਈ ਤੇ ਲੁਨ ਝੜ ਜਾਂਦੇ ਹਨ । ਪਿੱਛੇ ਮੁਫਾ ਰਹਿ ਜਾਂਦਾ ਹੈ ਤੇ ਇਸ ਨੂੰ ਫਿਅਲ ਨਾਲ ਬਦਲ ਲਿਆ ਜਾਂਦਾ ਹੈ ।

2. ਨਹਰ--- ਇਸ ਦਾ ਅਰਥ ਹੈ ਗਲਾ ਕੱਟਣਾ । ਅਰੂਜ਼ ਅਨੁਸਾਰ ਮਫ਼ਊਲਾਤ ਰੁਕਨ ਦੇ ਪਿਛਲੇ ਦੋ ਸਬੱਬ ਖ਼ਫ਼ੀਫ ਅਤੇ ਪਿਛਲਾ ਮੁਤਹੱਰਕ ਤੁ ਇਕੱਠੇ ਹੀ ਝਾੜ ਦਿੱਤੇ ਜਾਣ ਤਾਂ ਇਸ ਨੂੰ ਨਹਰ ਜ਼ਿਹਾਫ ਦਾ ਨਾਮ ਦਿਤਾ ਜਾਂਦਾ ਹੈ । ਜ਼ਬ ਮਫ਼ਊਲਾਤ ਦਾ ਊਲਾਤ ਝਾੜ ਦਿੰਦੀ ਹੈ ਤੇ ਪਿੱਛੇ ਰਹੇ ਮਫ਼ ਦੀ ਥਾਂ ਤੇ  ਫਿਅ ਰੱਖ ਲਿਆ ਜਾਂਦਾ ਹੈ ।

3. ਜਦਅ---- ਇਸ ਦਾ ਅਰਥ ਹੈ ਨੱਕ, ਕੰਨ, ਤੇ ਹੱਥ ਕੱਟਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮਫ਼ਊਲਾਤ ਰੁਕਨ ਦੇ ਅਗਲੇ ਦੋਵੇਂ ਸਬੱਬ ਖ਼ਫ਼ੀਫ ਝਾੜਨੇ ਤੇ ਪਿੱਛਲੇ ਮੁਤਹੱਰਕ ਤੁ ਨੂੰ ਸਾਕਿਨ ਕਰ ਦੇਣ ਨੂੰ ਜਦਅ ਕਿਹਾ ਜਾਂਦਾ ਹੈ । ਜਦਅ ਜ਼ਿਹਾਫ ਮਫ਼ਊਲਾਤ ਦੇ ਦੋਵੇਂ ਅਗਲੇ ਸਬੱਬ ਖ਼ਫ਼ੀਫ ਮਫ਼ ਤੇ ਊ ਝਾੜ ਦਿੰਦੀ ਹੈ ਤੇ ਤੁ ਨੂੰ ਸਾਕਿਨ ਕਰ ਦਿੰਦੀ ਹੈ ਹੁਣ ਪਿੱਛੇ ਬਚੇ ਲਾਤ ਦਾ ਥਾਂ  ਫਾਅ ਰੱਖ ਲਿਆ ਜਾਂਦਾ ਹੈ ਅਤੇ ਬਹਿਰ ਵਿੱਚ ਇਸ ਦਾ ਨਾਮ ਮਜ਼ਦੂਅ ਹੁੰਦਾ ਹੈ ।

4. ਜਹਫ਼----- ਇਸ ਦਾ ਅਰਥ ਹੈ ਨੁਕਸਾਨ ਕਰਨਾ । ਅਰੂਜ਼ ਅਨੁਸਾਰ ਰੁਕਨ ਫਾਇਲਾਤੁਨ ਤੇ ਖ਼ਬਨ ਜ਼ਿਹਾਫ ਲਾ ਕੇ ਦੂਜੇ ਸਾਕਨ ਹਰਫ਼ ਕੰਨੇ ਨੂੰ ਗਿਰਾ ਦਿੱਤਾ ਜਾਂਦਾ ਹੈ ਅਤੇ ਪਿੱਛੇ ਰਹਿ ਗਏ ਫਇਲਾਤੁਨ ਜੋ ਫਾਸਲਾ ਹੈ ਯਾਨੀ IIS ਹੈ ਨੂੰ ਗਿਰਾ ਦਿੰਦੇ ਹਨ ਸਿਰਫ਼ ਤੁਨ ਬਾਕੀ ਰਹਿ ਜਾਂਦਾ ਹੈ । ਜਿਸ ਦੀ ਥਾਂ ਤੇ ਫਿਅ ਰੱਖ ਲਿਆ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਮਜਹੂਫ਼ ਹੁੰਦਾ ਹੈ ।

ਇਹਨਾਂ ਤੋਂ ਅਗਲੀਆਂ ਚਾਰ ਜ਼ਿਹਾਫਾਂ ਦੋ ਜਾਂ ਤਿੰਨ ਜ਼ਿਹਾਫਾਂ ਦੇ ਮੇਲ ਤੋਂ ਬਣਦੀਆਂ ਹਨ ।

5. ਹਤਮ----ਹਤਮ ਦਾ ਅਰਥ ਹੈ ਜੜ੍ਹੋਂ ਦੰਦ ਭੰਨਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਈਲੁਨ ਰੁਕਨ ਤੇ ਹਜ਼ਫ ਤੇ ਕਸ਼ਰ ਜ਼ਿਹਾਫ ਦੇ ਮੇਲ ਨੂੰ ਹਤਮ ਕਿਹਾ ਜਾਂਦਾ ਹੈ । ਮੁਫਾਈਲੁਨ ਰੁਕਨ ਤੇ ਹਜ਼ਫ ਲੱਗ ਕੇ ਪਿਛਲਾ ਸਬੱਬ ਖ਼ਫ਼ੀਫ ਲੁਨ ਕੱਟਿਆ ਜਾਂਦਾ ਹੈ ਫਿਰ ਕਸ਼ਰ ਜ਼ਿਹਾਫ ਰਾਹੀਂ ਪਿੱਛੇ ਰਹਿ ਗਏ ਮੁਫਾਈ ਦੇ ਸਬੱਬ ਖ਼ਫ਼ੀਫ ਦੇ ਸਾਕਿਨ ਹਰਫ ੀ ਗਿਰਾ ਕੇ ੲ ਮੁਤਹੱਰਕ ਨੂੰ ਸਾਕਿਨ ਕਰ ਲਿਆ ਜਾਂਦਾ ਹੈ । ਇਸ ਤਰ੍ਹਾਂ ਬਾਕੀ ਬਚੇ ਮੁਫਾਅ ਦੀ ਥਾਂ ਤੇ ਫਊਲ ਰੱਖ ਲਿਆ ਜਾਂਦਾ ਹੈ । ਬਹਿਰ ਵਿੱਚ ਇਸ ਨੂੰ ਅਹਤਮ ਕਿਹਾ ਜਾਂਦਾ ਹੈ ।

6. ਜ਼ਲਲ---- ਇਸ ਦਾ ਅਰਥ ਹੈ ਪੱਟ ਦਾ ਮਾਸ ਹੀਣ ਹੋਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਮੁਫਾਈਲੁਨ ਰੁਕਨ ਤੇ ਖ਼ਰਮ ਅਤੇ ਤੈ ਜ਼ਿਹਾਫਾਂ ਦੇ ਮੇਲ ਨੂੰ  ਜਲਲ ਕਿਹਾ ਜਾਂਦਾ ਹੈ । ਖ਼ਰਮ ਜ਼ਿਹਾਫ ਦੇ ਨਾਲ ਪਹਿਲਾਂ ਮੁਫਾਈਲੁਨ ਦਾ ਪਹਿਲਾ ਮੁਤਹੱਰਕ ਮੁ ਕੱਟਿਆ ਜਾਂਦਾ ਹੈ ਤੇ ਬਾਕੀ ਬਚੇ ਰੁਕਨ ਤੇ ਫਾਈਲੁਨ ਦਾ ਹਜ਼ਫ ਜ਼ਿਹਾਫ ਦੁਆਰਾ ਪਿਛਲਾ ਸਬੱਬ ਖਫੀਫ ਲੁਨ ਗਿਰਾ ਦਿੱਤਾ ਜਾਂਦਾ ਹੈ । ਹੁਣ ਬਾਕੀ ਰਹਿੰਦੇ ਫਾਈ ਦਾ ਚੌਥਾ ਸਾਕਿਨ ਰਹਫ਼ੀ ਵੀ ਤੈ ਜ਼ਿਹਾਫ ਲਾ ਕੇ ਹਟਾ ਦਿੱਤਾ ਜਾਂਦਾ ਹੈ । ਫਾੲ ਦੀ ਥਾਂ ਤੇ ਫਾਅ ਰੱਖ ਲਿਆ ਜਾਂਦਾ ਹੈ । ਬਹਿਰ ਵਿਚ ਇਸ ਦਾ ਨਾਮ ਅਜ਼ਲ ਹੁੰਦਾ ਹੈ ।

7 ਖ਼ਲਅ---- ਇਸ ਦਾ ਅਰਥ ਹੈ ਕੱਪੜੇ  ਲਾਹੁਣਾ । ਅਰੂਜ਼ੀ ਪਰਿਭਾਸ਼ਾ ਅਨੁਸਾਰ ਰੁਕਨ ਮੁਸਤਫ਼ਇਲੁਨ ਤੇ ਫਾਇਲੁਨ ਤੇ ਖ਼ਬਨ ਤੇ ਕਤਅ ਜ਼ਿਹਾਫ ਦਾ ਇਕੱਠੇ ਲੱਗਣਾ ਹੀ ਖ਼ਲਅ ਕਹਾਉਂਦਾ ਹੈ । ਮੁਸਤਫ਼ਇਲੁਨ ਰੁਕਨ ਤੇ ਖ਼ਬਨ ਜ਼ਿਹਾਫ  ਲਾ ਕੇ ਦੂਸਰਾ ਸਾਕਿਨ ਹਰਫ਼ ਸ ਗਿਰਾ ਦਿੱਤਾ ਜਾਂਦਾ ਹੈ ।ਮੁਤਫਇਲੁਨ ਯਾਨੀ ਮੁਫਾਇਲੁਨ ਤੇ ਕਤਅ ਜ਼ਿਹਾਫ ਲਾਗੂ ਕਰਕੇ ਸਾਕਿਨ ਹਰਫ ਨ ਅਲੋਪ ਕਰ ਦਿੱਤਾ ਜਾਂਦਾ ਹੈ । ਤੇ ਮੁਤਹੱਰਕ ਲੁ ਸਾਕਿਨ ਕਰ ਲਿਆ ਜਾਂਦਾ ਹੈ । ਹੁਣ ਬਾਕੀ ਬਚੇ ਮੁਫਾਇਲ ਦੀ ਥਾਂ ਤੇ ਫ਼ਊਲੁਨ ਰੱਖ ਲਿਆ ਜਾਂਦਾ ਹੈ । ਫਾਇਲੁਨ ਰੁਕਨ ਤੇ ਖ਼ਲਅ ਜ਼ਿਹਾਫ ਲਾਗੂ ਕਰਦਿਆਂ  ਪਹਿਲਾਂ ਖ਼ਬਨ ਜ਼ਿਹਾਫ ਦੁਆਰਾ ਇਸ ਦਾ ਦੂਜਾ ਸਾਕਿਨ  ਹਰਫ ਕੰਨਾਂ ਅਲੋਪ ਕਰ ਦਿੱਤਾ ਜਾਂਦਾ ਹੈ ਤੇ ਇਲੁਨ ਵਤਦ ਮਜ਼ਮੂਅ ਦਾ ਕਤਅ ਜ਼ਿਹਾਫ ਰਾਹੀਂ ਸਾਕਿਨ ਹਰਫ਼ ਨ ਝਾੜ ਕੇ ਮੁਤਹੱਰਕ ਹਰਫ ਲੁ ਸਾਕਿਨ ਕਰ ਲਿਆ ਜਾਂਦਾ ਹੈ । ਹੁਣ ਬਾਕੀ ਬਚੇ ਫਇਲ ਨੂੰ ਫਾਅ ਜਾਂ ਫਿਅਲ ਵਿਚ ਬਦਲ ਲਿਆ ਜਾਂਦਾ ਹੈ ਅਤੇ ਬਹਿਰ ਵਿੱਚ ਇਸ ਦਾ ਨਾਮ ਮੁਖ਼ਲਅ ਹੁੰਦਾ  ਹੈ ।

8. ਰਬਅ ----- ਇਸ ਦਾ ਅਰਥ ਚਾਰ ਹੁੰਦਾ ਹੈ । ਇਸ ਰਬਅ ਤੋਂ ਰੁਬਾਈ ਕਾਵਿ ਰੂਪ ਦਾ ਨਾਮਕਰਣ ਹੋਇਆ ਹੈ । ਅਰੂਜ਼ੀ ਪਰਿਭਾਸ਼ਾ ਅਨੁਸਾਰ ਫਾਇਲਾਤੁਨ ਰੁਕਨ ਤੇ ਤਿੰਨ ਜ਼ਿਹਾਫਾਂ ਖ਼ਬਨ ਹਜ਼ਫ ਤੇ ਕਤਅ ਦੇ ਮੇਲ ਨੂੰ ਰਬਅ ਕਿਹਾ ਜਾਂਦਾ ਹੈ । ਫਾਇਲਾਤੁਨ ਦੇ ਫਾ ਦਾ ਕੰਨਾਂ ਖ਼ਬਨ ਜ਼ਿਹਾਫ ਰਾਹੀਂ ਅਤੇ ਹਜ਼ਫ ਜ਼ਿਹਾਫ ਰਾਹੀ ਸਬੱਬ ਖ਼ਫ਼ੀਫ ਤੁਨ ਗਿਰਾ ਦਿੱਤਾ ਜਾਂਦਾ ਹੈ । ਫਇਲਾ ਜੋ ਵਤਦ ਮਜ਼ਮੂਅ ਹੈ ਦਾ ਕਤਅ ਜ਼ਿਹਾਫ ਰਹੀ ਕੰਨਾਂ ਗਿਰਾ ਕੇ ਇ ਮੁਤਹੱਰਕ ਨੂੰ ਸਾਕਿਨ ਕਰ ਲਿਆ ਜਾਂਦਾ ਹੈ, ਰਹਿ ਗਏ ਫਇਲ ਨੂੰ ਫਾਅਲ ਵਿਚ ਬਦਲ ਲਿਆ ਜਾਂਦਾ ਹੈ । ਬਹਿਰ ਵਿੱਚ ਇਸ ਦਾ ਨਾਮ ਮਰਬੂਅ ਹੈ ।

ਪਿਆਰੇ ਦੋਸਤੋ ਜ਼ਿਹਾਫਾਂ ਦਾ ਵਿਸਤਾਰ ਸਹਿਤ ਵਰਣਨ ਅਸੀਂ ਇਸ ਕਰਕੇ ਕੀਤਾ ਹੈ ਤਾਂ ਕਿ ਜ਼ਿਹਾਫਾਂ ਦੀ ਵਰਤੋਂ  ਨਾਲ ਅਸੀਂ ਇਕ ਬਹਿਰ ਨੂੰ ਅਨੇਕਾਂ ਰੂਪਾਂ ਵਿੱਚ ਵਰਤ ਸਕੀਏ । ਤੁਹਾਡੀ ਤਬੀਅਤ ਨੂੰ ਬਹਿਰ ਦਾ ਜਿਹੜਾ ਰੂਪ ਪਸੰਦ ਆਵੇ ਤੁਸੀਂ ਉਸੇ ਬਹਿਰ ਵਿੱਚ ਆਪਣੇ ਖ਼ਿਆਲ ਕਹਿ  ਸਕਦੇ ਹੋ । ਆਪਣੇ ਕੋਲ ਮੂਲ ਰੁਕਨ ਤਾਂ ਕੇਵਲ ਅੱਠ ਹੀ ਹਨ । ਇਹ ਅੱਠ ਰੁਕਨ ਸਿਰਫ਼ ਸਾਲਮ ਬਹਿਰਾਂ ਵਾਸਤੇ ਹੀ ਹਨ । ਪਰ ਜ਼ਿਹਾਫਾਂ ਦੀ ਮਦਦ ਨਾਲ ਤੁਸੀਂ ਹਰ ਕਿਸਮ ਦੇ ਸ਼ਬਦਾਂ ਵਿੱਚ ਆਪਣੇ ਖ਼ਿਆਲ ਪ੍ਰਗਟ ਕਰ ਸਕਦੇ ਹੋ । ਮੂਲ ਰੁਕਨਾਂ ਤੋਂ ਇਲਾਵਾ ਜ਼ਿਹਾਫਾਂ ਤੁਹਾਡੇ ਲਈ ਪੰਦਰਾਂ ਕੁ ਹੋਰ ਰੁਕਨ ਬਣਾ ਦਿੰਦੀਆਂ ਹਨ ।

ਛੇ ਹਰਫ਼ੀ ਸ਼ਬਦਾਂ ਦਾ ਮਾਪ ਤੋਲ ਕਰਨ ਵਾਲੇ ਰੁਕਨ

1 ਮਫ਼ਊਲਨ sss ਸਬੱਬ ਖ਼ਫ਼ੀਫ  +ਸਬੱਬ ਖ਼ਫ਼ੀਫ +ਸਬੱਬ ਖ਼ਫ਼ੀਫ
2 ਮੁਫਾਇਲੁਨ ISIS ਵਤਦ ਮਜ਼ਮੂਅ + ਵਤਦ ਮਜ਼ਮੂਅ
3 ਮੁਫਾਈਲੁ ISSI ਵਤਦ ਮਜ਼ਮੂਅ + ਵਤਦ ਮਫ਼ਰੂਕ
4 ਫਾਇਲਾਤ SISI ਵਤਦ ਮਫ਼ਰੂਕ + ਵਤਦ ਮਫਰੂਕ
5 ਫਿਇਲਾਤੁਨ IISS ਸਬੱਬ ਸਕੀਲ +ਸਬੱਬ ਖ਼ਫ਼ੀਫ +ਸਬੱਬ ਖ਼ਫ਼ੀਫ
6 ਮੁ਼ਫ਼ਤੁਇਲੁਨ SIIS ਸਬੱਬ ਖ਼ਫ਼ੀਫ + ਸਬੱਬ ਸਕੀਲ + ਸਬੱਬ ਖ਼ਫ਼ੀਫ

ਪੰਜ ਹਰਫ਼ੀ ਸ਼ਬਦਾਂ ਨੂੰ  ਹਾੜਨ ਵਾਲੇ ਰੁਕਨਨ
1 ਮਫ਼ਊਲ SSI ਸਬੱਬ ਖ਼ਫ਼ੀਫ + ਵਤਦ ਮਫ਼ਰੂਕ
2 ਫਿਇਲਾਤ IISI ਸਬੱਬ ਸਕੀਲ + ਵਤਦ ਮਫ਼ਰੂਕ
3 ਫਿਇਲੁਤੁਨ IIIS ਫਾਸਲਾ + ਸਬੱਬ ਖ਼ਫ਼ੀਫ

ਚਾਰ ਹਰਫੇ ਸ਼ਬਦਾਂ ਨੂੰ ਹਾੜਨ ਵਾਲੇ ਰੁਕਨ
1 ਫਿਅਲੁਨ SS ਸਬੱਬ ਖ਼ਫ਼ੀਫ +ਸਬੱਬ ਖ਼ਫ਼ੀਫ
2 ਫਊਲ ISI ਮੁਤਹੱਰਕ + ਵਤਦ ਮਫ਼ਰੂਕ
3 ਫਿਇਲੁਨ IIS ਸਬੱਬ ਸਕੀਲ + ਸਬੱਬ ਖ਼ਫ਼ੀਫ

ਤਿੰਨ ਹਰਫੀ ਸ਼ਬਦਾਂ ਨੂੰ ਹਾੜਨ ਵਾਲੇ ਰੁਕਨ

ਫਿਅਲ IS ਵਤਦ ਮਜ਼ਮੂਅ
ਫਾਇ SI ਵਤਦ ਮਫ਼ਰੂਕ

ਮੁਤਫਾਇਲੁਨ, ਫਾਇਲੁਨ, ਅਤੇ ਮੁਸਤਫ਼ਇਲੁਨ , ਜਿਨ੍ਹਾਂ ਰੁਕਨਾਂ ਦੇ ਅਖ਼ੀਰ ਉੱਤੇ ਇਲੁਨ  ਮਤਲਬ ਵਤਦ ਮਜ਼ਮੂਅ ਹੈ । ਜੇ ਉਨ੍ਹਾਂ ਦੇ ਅਖੀਰਲੇ ਹਰਫ ਉੱਤੇ ਬਿੰਦੀ ਹੋਵੇ ਤਾਂ ਉਹ ਬਿੰਦੀ ਵਜ਼ਨ ਵਿੱਚ ਗਿਣ ਲਈ ਜਾਂਦੀ ਹੈ, ਤੇ ਇਜ਼ਾਲ ਜ਼ਿਹਾਫ ਅਨੁਸਾਰ ਇਨ੍ਹਾਂ ਰੁਕਨਾਂ ਦੀ ਬਣਤਰ ਮੁਤੁਫਾਇਲਾਂ, ਫਾਇਲਾਂ ਤੇ ਮੁਸਤਫ਼ਇਲਾਂ ਹੋ ਜਾਵੇਗੀ । ਭਾਵੇਂ ਕਿ ਇਹਨਾਂ ਦਾ ਉਚਾਰਣ ਸੱਤ ਸੱਤ ਹਰਫਾਂ ਦਾ ਹੀ ਰਹੇਗਾ ।

ਇਸੇ ਤਰ੍ਹਾਂ ਜੇ ਫਾਇਲਾਤੁਨ, ਮੁਫਾਈਲੁਨ ਅਤੇ ਫਊਲੁਨ ਰੁਕਨਾਂ ਤੇ ਅਖੀਰਲੇ ਹਰਫ ਉੱਤੇ ਬਿੰਦੇ ਹੋਵੇ ਤਾਂ ਉਹ ਗਿਣਤੀ ਵਿੱਚ ਆ ਜਾਂਦੀ ਹੈ । ਇਹਨਾਂ ਰੁਕਨਾਂ ਦੇ ਅਖੀਰਲੇ ਸਬੱਬ ਖ਼ਫ਼ੀਫ  ਤੇ ਇਹ ਬਿੰਦੀ ਆਉਂਦੀ ਹੈ, ਤੇ ਤਸਬੀਗ ਜ਼ਿਹਾਫ ਅਨੁਸਾਰ ਇਨਾਂ ਰੁਕਨਾਂ ਦੀ ਬਣਤਰ ਫਾਇਲੀਯਾਂ, ਮੁਫਾਈਲਾਂ ਤੇ ਫਊਲਾਂ ਹੋ ਜਾਵੇਗੀ । ਇਨਾਂ ਦਾ ਉਚਾਰਣ ਵੀ ਸੱਤ ਸੱਤ ਹਰਫਾਂ ਦਾ ਹੀ ਰਹੇਗਾ।

ਜਿਨ੍ਹਾਂ ਰੁਕਨਾਂ ਦੇ ਅਖੀਰ ਵਿੱਚ ਵਤਦ ਮਜ਼ਮੂਅ ਹੈ, ਜਦੋਂ ਉਨਾਂ ਤੇ ਤਰਫੀਲ ਜ਼ਿਹਾਫ ਲਾਗੂ ਹੋਵੇਗੀ ਭਾਵ ਇੱਕ ਸਬੱਬ ਖ਼ਫ਼ੀਫ  ਵਧਾ ਦਿੱਤੀ ਜਾਵੇਗੀ ਮਤਲਬ ਜੇ ਮੁਤੁਫਾਇਲੁਨ ਤੇ ਮੁਸਤਫ਼ਇਲੁਨ ਦੇ ਪਿੱਛੇ ਇਕ ਹੋਰ ਸਬੱਬ ਖ਼ਫ਼ੀਫ  ਯਾਨੀ ਗੁਰੂ s  ਵਧਾ ਦਿੱਤਾ ਜਾਵੇ ਤਾਂ ਇਹਨਾਂ ਰੁਕਨਾਂ ਦੀ ਬਣਤਰ ਮੁਤੁਫਾਈਲਤੁਨ, ਮੁਸਤਫਇਲਾਤੁਨ ਹੋ ਜਾਂਦੀ ਹੈ ਤੇ ਇਨ੍ਹਾਂ ਰੁਕਨਾਂ ਦੇ ਹਰਫਾਂ ਦੀ ਗਿਣਤੀ ਨੌ ਹੋ ਜਾਂਦੀ ਹੈ । ਸੋ ਇਸ ਤਰ੍ਹਾਂ ਜ਼ਿਹਾਫਾਂ ਦੀ ਮਦਦ ਨਾਲ ਹੋਰ ਰੁਕਨ ਬਣ ਜਾਂਦੇ ਹਨ ।
1. ਮੁਤੁਫਾਇਲਾਂ 2. ਮੁਸਤਫ਼ਇਲਾਂ 3. ਫਾਇਲਾਂ 4. ਫਾਇਲੀਆਂ 5. ਮੁਫਾਈਲਾਂ 6. ਫਊਲਾਂ 7. ਮੁਤਫਾਇਲਤੁਨ 8. ਮੁਸਤਫ਼ਇਲਤੁਨ

ਇੰਝ ਜ਼ਿਹਾਫਾਂ ਦੇ ਨਾਲ ਰੁਕਨਾਂ ਦੀ ਗਿਣਤੀ  8+15+8 =31 ਹੋ ਜਾਂਦੀ ਹੈ । ਇਨ੍ਹਾਂ ਰੁਕਨਾਂ ਨਾਲ ਅਸੀਂ ਇੱਕ ਤੋਂ ਲੈ ਕੇ ਨੌ ਹਰਫਾਂ ਤੱਕ ਦੇ ਸ਼ਬਦਾਂ ਦਾ ਮਾਪ ਤੋਲ ਕਰ ਸਕਦੇ  ਹਾਂ ।

ਅੱਖਰ ਗਿਰਾਉਣ ਦਾ ਵਿਧਾਨ

ਅੱਖਰ ਗਿਰਾਉਣ ਦਾ ਵਿਧਾਨ

"ਹੋ ਜਾਂਦੀ ਹੈ ਇਸ ਤਰ੍ਹਾਂ, ਕਹਿਣੀ ਗ਼ਜ਼ਲ ਅਸਾਨ,
ਅੱਖਰ ਡੇਗਣ ਦਾ ਤੁਸੀਂ, ਜਾਣੋ ਕ੍ਰਿਸ਼ਨ ਵਿਧਾਨ ।"

ਪਿਆਰੇ ਦੋਸਤੋ ਗ਼ਜ਼ਲ ਲਿਖਣ ਵਾਸਤੇ ਅਰੂਜ਼ੀ ਵਿਦਵਾਨਾਂ ਨੇ ਸਾਨੂੰ ਕੁਛ ਅੱਖਰ ਗਿਰਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ, ਤਾਂ ਕਿ ਅਸੀਂ ਲੋੜ ਪੈਣ ਤੇ ਇਹ ਖੁੱਲ੍ਹ ਵਰਤ ਕੇ ਆਪਣੇ ਖਿਆਲਾਂ ਦਾ ਇਜ਼ਹਾਰ ਕਰ ਸਕੀਏ । ਅੱਖਰ ਗਿਰਾਉਣ ਦਾ ਮਤਲਬ ਇੱਥੇ ਸਿਰਫ਼ ਅੱਖਰ ਗਿਰਾਉਣ ਤੋਂ ਹੀ ਨਹੀ ਬਲਕਿ ਲਗਾਂ ਮਾਤਰਾਂ ਗਿਰਾਉਣ ਤੋਂ ਵੀ ਹੈ । ਕਿਉਂ ਕਿ ਸ਼ਿਅਰ ਦਾ ਵਜ਼ਨ ਨਿਰਧਾਰਿਤ ਕਰਦਿਆਂ ਹੋਇਆਂ ਅਸੀਂ ਲਗਾਂ ਮਾਤਰਾਂ ਵੀ ਗਿਣਦੇ ਹਾਂ । ਗ਼ਜ਼ਲ ਇੱਕ ਬਹੁਰ ਨਾਜ਼ੁਕ ਕਾਵਿ ਰੂਪ ਹੈ । ਹਰ ਇੱਕ ਗ਼ਜ਼ਲ ਨੇ ਗਾਇਆ ਜਾਣਾ ਹੁੰਦਾ ਹੈ, ਇਸ ਲਈ ਇਸ ਦੇ ਸ਼ਿਅਰਾਂ ਦਾ ਬਹਿਰ-ਬੱਧ ਹੋਣਾ ਬਹੁਤ ਜ਼ਰੂਰੀ ਹੈ , ਕਿਉਂ ਕਿ ਬੇ-ਬਹਿਰੀ ਰਚਨਾਂ ਸੰਗੀਤਮਈ ਨਹੀ ਹੋ ਸਕਦੀ । ਸ਼ਿਅਰ ਦਾ ਕੋਈ ਵੀ ਸ਼ਬਦ ਅਗਰ ਮੀਟਰ ਚ ਨਾ ਹੋਵੇ ਤਾਂ ਉਹ ਗਾਉਣ ਵਿੱਚ ਰੁਕਾਵਟ ਪੈਦਾ ਕਰਦਾ ਹੈ ਤੇ ਉਹ

"ਜੀਕਣ ਦਾਲ਼ ਚ ਕੋਕੜੂ, ਰੜਕ ਪਵੇ ਝੱਟ ਪੱਟ,
ਗ਼ਜ਼ਲਾਂ ਵਿੱਚ ਨਾ ਪੁੱਗਦੀ, ਲਗ ਮਾਤਰ ਵੱਧ ਘੱਟ ।"

 ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਆਪਣੇ ਮਨ ਵਿੱਚ ਬਿਠਾ ਲੈਣੀ ਚਾਹੀਦੀ ਹੈ, ਕਿ ਅੱਖਰ ਸਿਰਫ਼ ਅਣ-ਸਰਦੇ ਨੂੰ ਹੀ ਗਿਰਾਉਣੇ ਚਾਹੀਦੇ ਹਨ ਤਾਂ ਕਿ ਸ਼ਿਅਰ ਦੀ ਲੈ-ਬੱਧਤਾ ਤੇ ਬਹੁਤਾ ਅਸਰ ਨਾ ਪਵੇ । ਐਵੇਂ  ਅੱਖਰ ਗਿਰਾਉਣ ਨਾਲ ਸ਼ਿਅਰਾਂ ਵਿੱਚ ਬੇ-ਸੁਆਦੀ ਪੈਦਾ ਹੋ ਜਾਵੇ ਤੇ ਸਾਡਾ ਗ਼ਜ਼ਲ ਲਿਖਣ ਦਾ ਮੰਤਵ ਹੀ ਨਾ ਗੁਆਚ ਜਾਵੇ । ਇਸੇ ਕਰਕੇ ਹੀ ਉਰਦੂ ਦੇ ਉਸਤਾਦ ਸ਼ਾਇਰ ਦਾਗ਼ ਸਾਹਿਬ ਲਿਖਦੇ ਹਨ--
"ਵੁਹ ਫ਼ਸਾਹਤ ਸੇ ਗਿਰਾ, ਸ਼ਿਅਰ ਮੇਂ ਜੋ ਹਰਫ਼ ਦਬਾ,"
ਇਸ ਦਾ ਮਤਲਬ ਹੈ ਕਿ ਜਿਸ ਸ਼ਿਅਰ ਵਿਚ ਅੱਖਰ  ਗਿਰਾਇਆ ਜਾਵੇ ਜਾਂ ਦਬ ਜਾਵੇ, ਉਸ ਸ਼ਿਅਰ ਵਿਚ ਜ਼ੁਬਾਨ ਦੀ ਖ਼ੂਬਸੂਰਤੀ ਖ਼ਤਮ ਹੋ ਜਾਂਦੀ ਹੈ । ਇਸ ਕਰਕੇ ਸ਼ਾਇਰ ਦੀ ਵੱਧ ਤੋਂ ਵੱਧ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਘੱਟ ਤੋਂ ਘੱਟ ਅੱਖਰ ਗਿਰਾਏ ਜਾਣ । ਸਿਰਫ਼ ਅਣ-ਸਰਦੇ ਨੂੰ ਹੀ ਅੱਖਰ ਗਿਰਾਉਣਾ ਚਾਹੀਦਾ ਤਾਂ ਕਿ ਸ਼ਿਅਰ ਦੀ ਖ਼ੂਬਸੂਰਤੀ ਤੇ ਕੋਈ ਫਰਕ ਨਾ ਪਵੇ ।

ਇਲਮ ਅਰੂਜ਼ ਦਾ ਸਬੰਧ, ਲਿਖੇ ਹੋਏ ਸ਼ਬਦਾਂ ਨਾਲ ਨਹੀ ਸਗੋਂ ਉਚਾਰੇ ਹੋਏ ਸ਼ਬਦਾਂ ਨਾਲ ਹੈ । ਵਜ਼ਨ ਵਿੱਚ ਸਿਰਫ਼ ਉਹੀ ਅੱਖਰ ਗਿਣੇ ਜਾਂਦੇ ਹਨ ਜਿਹੜੇ ਲਿਖੇ ਹੋਏ ਵੀ ਹੋਣ ਤੇ ਉਹਨਾਂ ਨੂੰ ਬੋਲਿਆ ਵੀ ਜਾਵੇ ।

"ਓਹੀ ਅੱਖਰ ਸ਼ਿਅਰ ਦੇ, ਵਜ਼ਨ ਬਹਿਰ ਵਿੱਚ ਆਉਣ,
ਕ੍ਰਿਸ਼ਨ ਲਿਖੇ ਵੀ ਜਾਣ ਜੋ, ਤੇ ਬੋਲੇ ਵੀ ਜਾਣ ।"

ਬਹਿਰ ਦੀ ਲੋੜ ਅਨੁਸਾਰ ਜਦੋਂ ਕਿਤੇ ਦੀਰਘ ਲਗਾਂ ਦਬਾ ਕੇ ਬੋਲੀਆਂ ਜਾਣ, ਅਰੂਜ਼ੀ ਪਰਿਭਾਸ਼ਾ ਅਨੁਸਾਰ ਇਸੇ ਨੂੰ ਹੀ ਅੱਖਰ ਦਬਣਾ ਜਾਂ ਅੱਖਰ ਗਿਰਾਉਣਾ ਕਿਹਾ ਜਾਂਦਾ ਹੈ । ਅੱਖਰ ਗਿਰਾਉਣ ਦੇ ਜੋ ਅਸੂਲ ਅਰੂਜ਼ੀ ਵਿਦਵਾਨਾਂ ਨੇ ਘੜੇ ਹਨ, ਉਨ੍ਹਾਂ ਅਸੂਲਾਂ ਨੂੰ ਹੀ ਅਸੀਂ ਅੱਖਰ ਗਿਰਾਉਣ ਦਾ ਵਿਧਾਨ ਕਹਿੰਦੇ ਹਾਂ । ਹੁਣ ਆਪਾਂ ਅੱਖਰ ਗਿਰਾਉਣ ਦੇ ਵਿਧਾਨ ਬਾਰੇ ਚਰਚਾ ਕਰਾਂਗੇ ।

ਗੁਰਮੁਖੀ ਲਿਪੀ ਅਨੁਸਾਰ ਲਗਾਂ ਦੋ ਕਿਸਮ ਦੀਆਂ ਹੁੰਦੀਆਂ ਹਨ, ਲਘੂ ਲਗਾਂ ਅਤੇ ਦੀਰਘ ਲਗਾਂ ।
ਸਿਹਾਰੀ, ਔਂਕੜ ਤੇ ਬਿੰਦੀ ਲਘੂ ਲਗਾਂ ਹਨ ਤੇ ਬਾਕੀ ਸਾਰੀਆਂ ਦੀਰਘ ਲਗਾਂ ਕਹਾਉਂਦੀਆਂ ਹਨ ।
ਸਿਹਾਰੀ, ਔਕੜ ਤੇ ਬਿੰਦੀ ਸ਼ਿਅਰ ਦਾ ਵਜ਼ਨ ਕਰਨ ਲੱਗਿਆਂ  ਕਿਸੇ ਵੀ ਗਿਣਤੀ ਵਿਚ ਨਹੀ ਆਉਂਦੀਆਂ । ਲਘੂ ਲਗਾਂ ਲਿਖੀਆਂ ਤਾਂ ਜਾਦੀਆਂ ਹਨ ਪਰ ਸ਼ਿਅਰ ਦੇ ਵਜ਼ਨ ਚੋਂ ਖਾਰਜ਼ ਹੁੰਦੀਆਂ ਹਨ । ਕਿਉਂ ਕਿ ਲਘੂ ਲਗਾਂ ਉਚਾਰਣ ਸਮੇਂ ਕੋਈ ਸਮਾਂ ਨਹੀ ਲੈਂਦੀਆਂ । ਜਗਤ-ਰਵੀਰੇ ਅਨੁਸਾਰ ਜ਼ੋਰਾਵਰਾਂ ਦੀ ਪੁੱਛ-ਪ੍ਰਤੀਤ ਹੁੰਦੀ ਹੈ, ਮਾੜੇ ਧੀੜੇ ਭਲਾ ਕਿਸ ਗਿਣਤੀ ਵਿੱਚ ਆਉਂਦੇ ਹਨ ।

"ਕਮਜ਼ੋਰਾਂ ਨੂੰ ਜੱਗ ਤੇ, ਪੁਛਦੈ ਦੱਸੋ ਕੌਣ,
ਤਾਂ ਹੀ ਕ੍ਰਿਸ਼ਨ ਲਘੂ ਲਗਾਂ, ਗਿਣਤੀ ਵਿੱਚ ਨਾ ਆਉਣ ।"

ਦੀਰਘ ਲਗਾਂ ਗਿਰਾਉਣ ਦੇ ਅਸੂਲ--
"ਤੇਰੀ ਪੌਣਾਂ ਜਹੀ ਫਿਤਰਤ, ਉਡਾਵੇ ਨਾ ਕਿਤੇ ਮੈਨੂੰ,
ਮੇਰਾ ਹਲਕਾ ਹਵਾ ਤੋਂ ਭਾਰ, ਮੇਰੇ ਕੋਲ ਨਾ ਆਵੀਂ ।"
(ਰਾਜਵੰਤ ਬਾਗੜੀ)
ਇਹ ਸ਼ਿਅਰ ਬਹਿਰ ਹਜਜ਼ ਵਿੱਚ ਕਿਹਾ ਗਿਆ ਹੈ । ਮੁਫਾਈਲੁਨ ਰੁਕਨ ਬਹਿਰ ਹਜਜ਼ ਦੀ ਚਾਲ ਨਿਰਧਾਰਿਤ ਕਰਦਾ ਹੈ । ਸ਼ਿਅਰ ਦੇ ਦੋਹਾਂ ਮਿਸਰਿਆਂ ਦੇ ਪਹਿਲੇ ਸ਼ਬਦ ਕ੍ਰਮਵਾਰ 'ਤੇਰੀ' ਤੇ 'ਮੇਰਾ' ਦੀ ਲਾਂਵ ਗਿਰਾਈ ਗਈ ਹੈ । ਤੇ ਇਹ ਸ਼ਬਦ ਹਜਜ਼ ਬਹਿਰ ਦੇ ਅਨੁਸਾਰ ਹੋ ਗਏ ਹਨ । ਕਿਸੇ ਵੀ ਸ਼ਬਦ ਦੀਆਂ ਮੁਢਲੀਆਂ ਅਤੇ ਪਿਛਲੀਆਂ ਲਾਵਾਂ ਗਿਰਾਉਣ ਦੀ ਇਜ਼ਾਜਤ ਹੈ । ਲਾਂਵ ਗਿਰ ਕੇ ਸਿਹਾਰੀ ਵਿੱਚ ਬਦਲ ਜਾਂਦੀ ਹੈ ਅਤੇ ਇਸ ਤਰ੍ਹਾਂ ਵਜ਼ਨ ਵਿੱਚੋਂ ਖਾਰਜ ਹੋ ਜਾਂਦੀ ਹੈ ।

ਟਿੱਪੀ ਗਿਰਾਉਣੀ
"ਹਰਿਕ ਹਾਦਸੇ ਬਾਅਦ, ਡਿਗਦਾ, ਸੰਭਲਦਾ,
ਸੰਭਲਦਾ ਹੈ ਦਿਲ ਤਾਂ ਸੰਭਲਦਾ ਸੰਭਲਦਾ ।"
ਉਪਰੋਕਤ ਮਤਲਾ ਬਹਿਰ ਮੁਤਕਾਰਿਬ ਵਿੱਚ ਕਿਹਾ ਗਿਆ ਹੈ । ਬਹਿਰ ਮੁਤਕਾਰਿਬ ਦਾ ਰੁਕਨ ਫਊਲੁਨ ਹੈ । ਏਸ ਮਤਲੇ ਵਿੱਚ ਆਏ ਸ਼ਬਦ ਸੰਭਲਦਾ ਦੀ ਟਿੱਪੀ ਗਿਰਾਈ ਗਈ ਹੈ । ਟਿੱਪੀ ਗਿਰ ਕੇ ਇਸ ਦਾ ਵਜ਼ਨ ਬਿੰਦੀ ਦੇ ਬਰਾਬਣ ਗਿਣ ਲਿਆ ਜਾਂਦਾ ਹੈ ਅਤੇ ਬਿੰਦੀ ਵਜ਼ਨ ਪੱਖੋਂ ਖਾਰਜ ਹੋ ਜਾਂਦੀ ਹੈ ।

ਦੁਲੈਂਕੜ ਤੇ ਟਿੱਪੀ ਗਿਰਾਉਣੀ,

"ਇਰਾਦਾ, ਹੌਸਲਾ, ਹਿੰਮਤ ਅਤੇ ਬਲ ਸਾਂਭ ਕੇ ਰੱਖੀਂ,
ਤੁੰ ਜਿੱਥੇ ਪਹੁੰਚਣੈ, ਅੱਖਾਂ ਚ ਮੰਜ਼ਿਲ ਸਾਂਭ ਕੇ ਰੱਖੀਂ ।"

ਇਹ ਮਤਲਾ ਬਹਿਰ ਹਜਜ਼ ਦਾ ਹੈ, ਇਸ ਸ਼ਿਅਰ ਦੇ ਦੂਸਰੇ ਮਿਸਰੇ ਦੇ ਪਹਿਲੇ ਅੱਖਰ ਦੀਆਂ ਦੋਵੇਂ ਦੀਰਘ ਲਗਾਂ ਗਿਰਾਈਆਂ ਗਈਆਂ ਹਨ । ਇਸ ਤਰ੍ਹਾਂ ਦੁਲੈਂਕੜ ਤੇ ਟਿੱਪੀ ਗਿਰ ਕੇ 'ਤੁ' ਵਿੱਚ ਬਦਲ ਗਏ ਹਨ । ਇਸ ਤਰ੍ਹਾਂ ਦੀਰਘ ਲਗਾਂ ਵਜ਼ਨ ਚੋਂ ਖਾਰਜ ਹੋ ਗਈਆਂ ਹਨ ।

ਦੁਲੈਂਕੜ ਗਿਰਾਉਣੇ--
ਨੀਂਦ ਸਾਗਰ ਦੀ ਨੂੰ ਢਕਿਆ ਹੈ ਧੁੰਦ ਨੇ,
ਮਾਰੂ ਥਲ ਵਿਚ ਫਿਰ ਤੋਂ ਸੂਰਜ ਚਮਕਿਆ ।"
(ਦਵਿੰਦਰ ਪੂਨੀਆਂ)

ਇਹ ਸ਼ਿਅਰ ਬਹਿਰ ਰਮਲ ਵਿੱਚ ਕਿਹਾ ਗਿਆ ਹੈ । ਜਿਸਦਾ ਰੁਕਨ ਫਾਇਲਾਤੁਨ ਹੈ । ਏਸ ਸ਼ਿਅਰ ਦੇ ਦੂਸਰੇ ਮਿਸਰੇ ਦੇ ਪਹਿਲੇ ਸ਼ਬਦ ਮਾਰੂਥਲ ਵਿਚ ਰੂ ਦੇ ਦੁਲੈਂਕੜ ਗਿਰਾਏ ਗਏ ਹਨ। ਦੁਲੈਂਕੜ ਗਿਰ ਕੇ ਰੂ ਤੋਂ ਰੁ ਦਾ ਵਜ਼ਨ ਰਹਿ ਗਿਆ ਹੈ । ਤੇ ਇਸ ਤਰ੍ਹਾਂ ਦੁਲੈਂਕੜ ਵਜ਼ਨ ਚੋਂ ਖਾਰਿਜ ਹੋ ਗਏ ਹਨ ।

ਬਿਹਾਰੀ ਦਾ ਗਿਰਾਉਣਾ--

"ਜ਼ਿੰਦਗੀ ਮੁਜ਼ਰਮ ਹਾਂ ਤੇਰਾ, ਜੀ ਕਰੇ ਜੋ ਦੇ ਸਜ਼ਾ,
ਬਣਦੀ ਹਦ ਤਕ ਜ਼ੁਲਫ ਤੇਰੀ ਨੂੰ ਜੇ ਸੁਲਝਾਇਆ ਨਹੀ ।"
(ਹਰਬੰਸ ਮਾਛੀਵਾੜਾ)
ਉਪਰੋਕਤ ਸ਼ਿਅਰ ਬਹਿਰ ਰਮਲ ਵਿੱਚ ਕਿਹਾ ਗਿਆ ਹੈ । ਸ਼ਿਅਰ ਦੇ ਦੂਸਰੇ ਮਿਸਰੇ ਵਿਚ ਬਣਦੀ ਸ਼ਬਦ ਦੀ ਬਿਹਾਰੀ ਗਿਰ ਕੇ ਸਿਹਾਰੀ ਵਿਚ ਤਬਦੀਲ ਹੋ ਕੇ ਵਜ਼ਨ ਚੋਂ ਖਾਰਜ਼ ਹੋ ਗਈ ਹੈ । ਤੇ ਬਣਦੀ ਹੁਣ ਬਣਦਿ ਦੇ ਬਰਾਬਰ ਉਚਾਰਣ ਹੋਇਆ ਹੈ ।

ਕੰਨਾਂ ਗਿਰਾਉਣਾ--
ਕਿਸੇ ਸ਼ਬਦ ਦਾ ਅੰਤਲਾ ਕੰਨਾਂ ਗਿਰਾਉਣਾ ਅਰੂਜ਼ੀ ਵਿਦਵਾਨਾਂ ਨੇ ਸਹੀ ਕਰਾਰ ਦਿੱਤਾ ਹੈ ।

"ਅਸੀਂ ਮੱਥੇ ਦਾ ਦੀਵਾ ਬਾਲਿਆ, ਕਹਿੰਦੇ ਬੁਝਾ ਦੇਵੋ,
ਇਹ ਅਸਲੀ ਥਾਂ ਨਹੀ ਇਸ ਨੂੰ, ਕਬਰ ਉੱਤੇ ਟਿਕਾ ਦੇਵੋ ।"

ਇਹ ਮਤਲਾ ਬਹਿਰ ਹਜਜ਼ ਵਿੱਚ ਕਿਹਾ ਗਿਆ ਹੈ । ਇਸ ਮਤਲੇ ਦੇ ਪਹਿਲੇ ਮਿਸਰੇ ਦੇ ਸ਼ਬਦ 'ਦਾ'  ਦਾ ਕੰਨਾਂ ਗਿਰਾਇਆ ਗਿਆ ਹੈ । ਜਿਸ ਨਾਲ 'ਦ' ਮੁਕਤਾ ਰਹਿ ਗਿਆ ਇਸ ਤਰ੍ਹਾਂ ਇਸ ਮਤਲੇ ਦਾ ਉਚਾਰਣ ਇਸ ਤਰ੍ਹਾਂ ਹੋਵੇਗਾ, "ਅਸੀਂ ਮੱਥੇ ਦ ਦੀਵਾ ਬਾਲ਼ਿਆ" , ਸੋ ਇਸ ਤਰ੍ਹਾਂ , 'ਦਾ' ਸ਼ਬਦ ਦਾ ਕੰਨਾ ਗਿਰਕੇ ਵਜ਼ਨੋਂ ਖਾਰਜ਼ ਹੋ ਗਿਆ ਹੈ । ਕੰਨਾਂ ਬਿੰਦੀ ਸਮੇਤ ਵੀ ਗਿਰਾਇਆ ਜਾ ਸਕਦਾ ਹੈ ।

ਹੋੜਾ ਗਿਰਾਉਣਾ--
ਲੋੜ ਪੈਣ ਤੇ ਬਹਿਰ ਮੁਤਾਬਕ ਹੋੜਾ ਗਿਰਾਉਣ ਦੀ ਵੀ ਇਜਾਜ਼ਤ ਹੈ ।
"ਧੜਕਣ ਤੋਂ ਦੂਰ ਹੋਏ, ਬਸ ਜਿਸਮ ਫਿਰ ਰਹੇ ਨੇ,
ਪਥਰਾ ਗਏ ਨੇ ਲੋਕੀ, ਅਪਣੇ ਦਿਲਾਂ ਤੋਂ ਚੋਰੀ ।"
(ਜਗਤਾਰ ਸੇਖਾ)
ਇਸ ਸ਼ਿਅਰ ਦੇ ਪਹਿਲੇ ਤੇ ਦੂਸਰੇ ਮਿਸਰੇ ਵਿੱਚੋਂ 'ਤੋਂ' ਸ਼ਬਦ ਦਾ ਹੋੜਾ ਗਿਰਾ ਦਿੱਤਾ ਗਿਆ ਹੈ । ਹੋੜਾ ਗਿਰਕੇ ਇਹ ਸ਼ਬਦ ਕੇਵਲ 'ਤੁ' ਦੇ ਬਰਾਬਰ ਦਾ ਰਹਿ ਗਿਆ ਹੈ । ਇਸ ਤਰ੍ਹਾਂ ਪਹਿਲੇ ਮਿਸਰੇ ਦਾ ਉਚਾਰਣ "ਧੜਕਣ ਤੁ ਦੂਰ ਹੋਏ" ਅਤੇ ਦੂਸਰੇ ਮਿਸਰੇ ਦਾ ਉਚਾਰਣ " ਦਿਲਾਂ ਤੁ ਚੋਰੀ" ਦੇ ਬਰਾਬਰ ਮੰਨਿਆ ਜਾਵੇਗਾ ।

ਅੱਧਕ ਗਿਰਾਉਣਾ--

"ਸ਼ਾਮ ਅੱਜ ਹੈ ਨਹੀ ਮੇਰੇ ਵੱਲ ਦੀ,
ਦਿਲ ਮੇਰਾ ਤਾਂ ਖਰਾਬ ਹੁੰਦਾ ਹੈ ।"
(ਦਵਿੰਦਰ ਪੂਨੀਆਂ)
ਇਹ ਸ਼ਿਅਰ ਬਹਿਰ ਖ਼ਫੀਫ ਵਿੱਚ ਹੈ, ਇਸ ਸ਼ਿਅਰ ਦੇ ਪਹਿਲੇ ਮਿਸਰੇ ਦੇ ਸ਼ਬਦ 'ਅੱਜ' ਅਤੇ 'ਵੱਲ' ਦੇ ਅਧੱਕ ਗਿਰ ਕੇ ਇਹ ਸ਼ਬਦ 'ਅਜ' ਤੇ 'ਵਲ' ਦੇ ਉਚਾਰਣ ਤੇ ਬੰਨ੍ਹੇ ਗਏ ਹਨ । ਇਸ ਤਰ੍ਹਾਂ ਸ਼ਬਦਾਂ ਦੇ ਉੱਤੋਂ ਅੱਧਕ ਗਿਰ ਕੇ  ਅੱਖਰ ਕ੍ਰਮਵਾਰ 'ਅ' ਮੁਕਤਾ ਅਤੇ 'ਵ' ਮੁਕਤਾ ਰਹਿ ਗਏ ਹਨ । ਲੋੜ ਅਨੁਸਾਰ ਸ਼ਾਇਰ ਨੂੰ ਅੱਧਕ ਗਿਰਾਉਣ ਦੀ ਇਜ਼ਾਜਤ ਹੈ ।

ਦੁਲਾਵਾਂ ਗਿਰਾਉਣੀਆਂ--

"ਜੇ ਦਿਲ ਵਿਚ ਗੱਲ ਹੈ ਜ਼ਜਬਾ ਹੈ ਤੜਪਨ ਹੈ ਦਿਲ ਅੰਦਰ,
ਤਾਂ ਸੰਗਣਾ ਕੀ ਸਨਮ ਚੁੱਕੋ ਕਲਮ ਆਉ ਗ਼ਜ਼ਲ ਲਿਖੀਏ ।"
(ਅਮਰਜੀਤ ਸੰਧੂ)

ਏਸ ਸ਼ਿਅਰ ਦੇ ਪਹਿਲੇ ਮਿਸਰੇ ਦੇ ਆਖ਼ਰੀ ਰੁਕਨ ਮੁਫਾਈਲੁਨ ਦੇ 'ਹੈ' ਸ਼ਬਦ ਦੀਆਂ ਦੁਲਾਵਾਂ ਗਿਰਾ ਦਿੱਤੀਆਂ ਗਈਆਂ ਹਨ , ਅਤੇ 'ਹੈ' ਸ਼ਬਦ ਨੂੰ 'ਹ' ਦੇ ਬਰਾਬਰ ਹੀ ਬੰਨ੍ਹਿਆ ਗਿਆ ਹੈ । ਇਹ ਰੁਕਨ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ , ਹ ਦਿਲ ਅੰਦਰ ।

ਪਿਆਰੇ ਦੋਸਤੋ ਦੀਰਘ ਲਗਾਂ ਗਿਰਾਉਣ ਬਾਰੇ ਆਪਾਂ ਵਿਚਾਰ ਚਰਚਾ ਮੁਕੰਮਲ ਕਰ ਲਈ ਹੈ । ਉਦਾਹਰਣ ਵਜੋਂ ਦਰਸਾਏ ਸ਼ਿਅਰਾਂ ਵਿਚ ਜਿਹੜੀ ਲਗ ਵਜ਼ਨ ਵਿੱਚੋਂ ਖਾਰਜ ਕੀਤੀ ਗਈ ਹੈ, ਸਿਰਫ਼ ਉਸ ਲਗ ਵੱਲ ਇਸ਼ਾਰਾ ਕੀਤਾ ਗਿਆ ਹੈ, ਸਾਰੇ ਸ਼ਿਅਰ ਦੀ ਤਕਤੀਹ ਨਹੀ ਕੀਤੀ ਗਈ । ਸ਼ਿਅਰਾਂ ਦੀ ਤਕਤੀਹ ਬਾਰੇ ਅੱਗੇ ਜਾ ਕੇ ਚਰਚਾ ਕਰਾਂਗੇ ।

ਇੱਥੇ ਇਹ ਦੱਸ ਦੇਣਾ ਜਰੂਰੀ ਹੈ ਕਿ ਦੀਰਘ ਲਗਾਂ ਕਿਸੇ ਅਸੂਲ ਅਨੁਸਾਰ ਹੀ ਗਿਰਾਈਆਂ ਜਾਂ ਸਕਦੀਆਂ ਹਨ । ਜੇ ਅਸੀਂ ਇਨ੍ਹਾਂ ਅਸੂਲਾਂ ਤੋਂ ਉਲਟ ਜਾ ਕੇ ਕੋਈ ਦੀਰਘ ਲਗ ਗਿਰਾਵਾਂਗੇ ਤਾਂ ਉਹ ਸ਼ਿਅਰ ਬਹਿਰ ਤੋਂ ਬਾਹਰ ਸਮਝਿਆ ਜਾਵੇਗਾ । ਦੀਰਘ ਲਗਾਂ ਗਿਰਾਉਣ ਦੀ ਇੱਕ ਨਿਸ਼ਚਿਤ ਹੱਦ ਹੈ । ਹੁਣ ਆਪਾਂ ਕੁਝ ਉਨ੍ਹਾਂ ਅਸੂਲਾਂ ਦੀ ਗੱਲ ਕਰਾਂਗੇ ਜਿੱਥੇ ਦੀਰਘ ਲਗਾਂ ਗਿਰਾਉਣ ਦੀ ਇਜ਼ਾਜਤ ਨਹੀ ਹੈ । ਇਨ੍ਹਾਂ ਅਸੂਲਾਂ ਵੱਲ ਧਿਆਨ ਦੇਣਾ ਅਤੀ ਜ਼ਰੂਰੀ ਹੈ, ਤਾਂ ਕਿ  ਆਪਾਂ ਬਹਿਰ ਤੋਂ ਬੇ-ਬਹਿਰ ਨਾ ਹੋ ਜਾਈਏ ।

ਦੀਰਘ ਲਗਾਂ ਸ਼ਬਦ ਦੇ ਮੁਢਲੀਆਂ ਜਾਂ ਸ਼ਬਦ ਦੇ ਪਿਛਲੀਆਂ ਹੀ ਗਿਰਾਈਆਂ ਜਾ ਸਕਦੀਆਂ ਹਨ । ਸ਼ਬਦ ਦੇ ਵਿਚਕਾਰਲੀ ਦੀਰਘ ਲਗ ਨਹੀ ਗਿਰਾਈ ਜਾ ਸਕਦੀ ।
ਕਨੌੜਾ ਕਦੇ ਵੀ ਨਹੀ ਗਿਰਾਇਆ ਜਾ ਸਕਦਾ ਕਿਉਂ ਕਿ ਕਨੌੜੇ ਵਿੱਚ ਦੋ ਅੱਖਰ  'ਅ' ਤੇ 'ਓ'  ਸੰਮਿਲਤ ਹੁੰਦੇ ਹਨ । ਤੁਸੀਂ ਕਨੌੜੇ ਵਾਲਾ ਕੋਈ ਵੀ ਸ਼ਬਦ ਬੋਲ ਕੇ ਦੇਖੋ ਤੁਹਾਨੂੰ ਖ਼ੁਦ ਹੀ ਅਨੁਭਵ ਹੋ ਜਾਵੇਗਾ । ਮਿਸਾਲ ਵਜੋਂ ਜੇ ਪੌਣ ਸ਼ਬਦ ਬੋਲੀਏ ਤਾਂ ਇਸ ਦਾ ਉਚਾਰਣ ਪ+ਅ+ਓ+ਣ  ਅੱਖਰਾਂ ਨਾਲ ਮਿਲ ਕੇ ਬਣਦਾ ਹੈ ।

ਜੇ ਕਿਸੇ ਸ਼ਬਦ ਤੋਂ ਟਿੱਪੀ ਗਿਰਾ ਕੇ ਅਰਥ ਦਾ ਅਨਰਥ ਹੁੰਦਾ ਹੋਵੇ ਤਾਂ ਉਹ ਟਿੱਪੀ ਗਿਰਾਉਣੀ ਜਾਇਜ਼ ਨਹੀ । ਖਾਸ ਕਰਕੇ ਟਿੱਪੀ ਵਾਲੇ ਅੱਖਰ ਨਾਲ ਜੇ ਮੁਕਤਾ ਅੱਖਰ 'ਗ' ਲੱਗਾ ਹੋਵੇ ਤਾਂ ਇਹ ਬਿਲਕੁਲ ਨਹੀ ਗਿਰਾਉਣੀ ਚਾਹੀਦੀ । ਉਦਾਹਰਣ ਦੇਣ ਤੇ ਤੁਹਾਨੂੰ ਇਸ ਦਾ ਅਹਿਸਾਸ ਆਪਣੇ ਆਪ ਹੋ ਜਾਵੇਗਾ, ਜਿਵੇਂ ਰੰਗ, ਢੰਗ, ਮੰਗ,ਸੰਗ, ਲੰਗ, ਜੰਗ ਆਦਿ ਸ਼ਬਦਾਂ ਤੋਂ ਟਿੱਪੀ ਗਿਰਾ ਦਿੱਤੀ ਜਾਵੇ ਤਾਂ ਇਨ੍ਹਾਂ ਦਾ ਉਚਾਰਣ ਰਗ, ਮਗ, ਢਗ, ਲਗ, ਜਗ ਵਗੈਰਾ ਹੋ ਜਾਵੇਗਾ । ਇਸ ਤਰ੍ਹਾਂ ਇਹਨਾਂ ਸਾਰਿਆਂ ਸ਼ਬਦਾਂ ਦੇ ਅਰਥ ਹੀ ਬਦਲ ਜਾਣਗੇ ਤੇ ਅਰਥ ਤੋਂ ਅਨਰਥ ਹੋ ਜਾਵੇਗਾ ।

ਕਿਸੇ ਵਿਅਕਤੀ ਦੇ ਨਾਮ ਤੋਂ ਵੀਂ ਟੱਪੀ ਗਿਰਾਉਣੀ  ਜ਼ਾਇਜ ਨਹੀ , ਮਹਿੰਦਰ, ਬਖ਼ਸ਼ਿੰਦਰ, ਰਾਜਵੰਤ, ਜਸਵੰਤ ਵਗੈਰਾ ਸ਼ਬਦਾਂ ਦੀ ਟਿੱਪੀ ਗਿਰਾਈ ਜਾਵੇ ਤਾਂ ਇਹ ਨਾਂ ਤੋਂ ਕੁਨਾਂ ਹੋ ਜਾਣਗੇ ।

ਜੇ ਟਿੱਪੀ ਵਾਲੇ ਅੱਖਰ ਤੋਂ ਮਗਰੋਂ ਮੁਕਤਾ ਅੱਖਰ 'ਬ' ਆਵੇ ਤਾਂ ਵੀ ਟਿੱਪੀ ਨਹੀ ਗਿਰਾਈ ਜਾ ਸਕਦੀ । ਚੰਬਾ, ਤੰਬਾ, ਤੰਬੂ, ਰੰਬਾ, ਕੰਬਣੀ ਵਗੈਰਾ ਸ਼ਬਦਾਂ ਨਾਲ ਲੱਗੀ ਟਿੱਪੀ ਮੁਕਤਾ ਅੱਖਰ 'ਮ' ਚ ਤਬਦੀਲ ਹੋ ਜਾਂਦੀ ਹੈ , ਤੇ ਇਹ ਸ਼ਬਦ ਇਸ ਤਰ੍ਹਾਂ ਬੋਲੇ ਜਾਂਦੇ ਹਨ  ਰੰਬਾ ਨੂੰ ਰ+ਮ+ਬਾ,  ਚੰਬਾ ਨੂੰ ਚ+ਮ+ਬਾ, ਅਤੇ ਤੰਬੂ ਨੂੰ ਤ+ਮ+ਬੂ ਕਰਕੇ ਉਚਾਰਿਆ ਜਾਂਦਾ ਹੈ । ਇਸ ਤਰ੍ਹਾਂ ਟਿੱਪੀ ਗਿਰਾਉਣ ਤੇ ਇਨ੍ਹਾਂ ਦਾ ਉਚਾਰਣ ਵਿਗੜ ਜਾਵੇਗਾ ।

ਏਸੇ ਤਰ੍ਹਾਂ ਅਰੂਜ਼ੀ ਵਿਦਵਾਨ ਪੰਜਾਬੀ ਅਤੇ ਹਿੰਦੀ ਦੇ ਸ਼ਬਦਾਂ ਦੀ ਹੀ ਬਿਹਾਰੀ ਗਿਰਾਉਣ ਦੀ ਇਜ਼ਾਜਤ ਦਿੰਦੇ ਹਨ, ਫਾਰਸੀ ਸ਼ਬਦਾਂ ਦੀ ਬਿਹਾਰੀ ਗਿਰਾਉਣ ਦੀ ਇਜ਼ਾਜਤ ਨਹੀ ਹੈ ।
ਅੱਧਕ ਵੀ ਉਸੇ ਸ਼ਬਦ ਤੋਂ ਗਿਰਾਇਆ ਜਾ ਸਕਦਾ ਹੈ ਜਿੱਥੋਂ ਇਸ ਦੇ ਗਿਰਨ ਤੋਂ ਬਾਦ ਸ਼ਬਦ ਦਾ ਅਨਰਥ ਨਾ ਹੋਵੇ । ਸ਼ਾਇਰ ਅਜਿਹੇ ਸ਼ਬਦਾਂ ਦੀ ਪਹਿਚਾਣ ਬਾ-ਖ਼ੂਬੀ ਕਰ ਸਕਦਾ ਹੈ ।

"ਕੁਝ ਹਰਫਾਂ ਦੀ ਹੁਣ ਅਸੀਂ, ਕਰ  ਲਈਏ ਪਹਿਚਾਣ,
ਲਿੱਖੇ ਹੋਏ ਹਰਫ਼ ਜੋ ਗਿਣਤੀ ਵਿਚ ਨਾ ਆਣ ।"

ਪਿਆਰੇ ਦੋਸਤੋ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸ਼ਿਅਰ ਦਾ ਵਜ਼ਨ ਕਰਦਿਆਂ ਸਿਰਫ਼ ਉਹੀ ਅੱਖਰ ਗਿਣਤੀ ਵਿੱਚ ਆਉਂਦੇ ਹਨ ਜੋ ਲਿਖੇ ਹੋਏ ਵੀ ਹੋਣ ਤੇ ਉਚਾਰੇ ਵੀ ਜਾਣ । ਹੁਣ ਅਸੀਂ ਅਜਿਹੇ ਕੁਝ ਅੱਖਰਾਂ ਦੀ ਪਹਿਚਾਣ ਕਰਦੇ ਹਾਂ ਜਿਹੜੇ ਲਿਖੇ ਹੋਏ ਤਾਂ ਹੁੰਦੇ ਹਨ ਪਰ ਫਿਰ ਵੀ ਗਿਣਤੀ ਵਿੱਚ ਨਹੀ ਆਉਂਦੇ ।

'ਅ' ਅਤੇ 'ਹ' ਅੱਖਰਾਂ ਦੀ ਸਥਿੱਤੀ--
ਜੇ 'ਅ' ਅਤੇ 'ਹ' ਅੱਖਰ ਸ਼ਬਦ ਦੇ ਅਖੀਰ ਤੇ ਮੁਕਤੇ ਦੇ ਰੂਪ ਵਿੱਚ ਹੋਣ, ਭਾਵ ਬਿਨਾਂ ਕਿਸੇ ਦੀਰਘ ਲਗ ਦੇ, ਤਾਂ ਇਹ ਵਜ਼ਨ ਵਿੱਚੋਂ ਖਾਰਜ ਹੋ ਜਾਂਦੇ ਹਨ । ਜਿਵੇਂ--
ਬਾਜ਼ਾਰ ਤਾਂ ਉਡੀਕੇ, ਮੂੰਹ ਮੰਗੇ ਦਾਮ ਲੈ ਕੇ,
ਪਰ ਮੈਥੋਂ ਜਾ ਨਾ ਹੋਵੇ, ਅਪਣਾ ਕਲਾਮ ਲੈ ਕੇ ।"
(ਓਂਕਾਰਪ੍ਰੀਤ)
ਇਸ ਮਤਲੇ ਦੇ ਪਹਿਲੇ ਮਿਸਰੇ  ਵਿੱਚ ਸ਼ਬਦ ਮੂੰਹ ਦਾ 'ਹ' ਮੁਕਤਾ ਭਾਵੇਂ ਲਿਖਿਆ ਤਾਂ ਗਿਆ ਹੈ ਪਰ ਉਚਾਰਣ ਸਮੇਂ ਇਹ ਵਜ਼ਨ ਚੋਂ ਖਾਰਜ ਹੋ ਜਾਂਦਾ ਹੈ । ਇਸੇ ਤਰ੍ਹਾਂ ਹੋਰ ਵੀ ਸ਼ਬਦ ਹਨ ਜਿਵੇਂ ਚਾਹ, ਰਾਹ, ਵਾਹ, ਸਾਹ ਵਗੈਰਾ, ਇਨ੍ਹਾਂ ਸ਼ਬਦਾਂ ਵਿੱਚ ਹੀ 'ਹ' ਅੱਖਰ ਦੀ ਉਹੀ ਸਥਿੱਤੀ ਹੈ ।
ਇਸ ਤਰ੍ਹਾਂ ਹੀ,
" ਕੀ ਖੱਟ ਰਿਹਾ ਹੈ ਸੋਚੋ, ਦੁਨੀਆਂ ਦਾ ਇਹ ਵਪਾਰੀ,
ਅੱਜ ਤੇਲ ਤੇ ਲਹੂ ਦਾ , ਇੱਕੋ ਹੀ ਭਾਅ ਬਣਾ ਕੇ । "
(ਸੁਰਿੰਦਰ ਗੀਤ)
ਉਪਰੋਕਤ ਸ਼ਿਅਰ ਦੇ ਦੂਸਰੇ ਮਿਸਰੇ ਵਿੱਚ ਸ਼ਬਦ ਭਾਅ ਦੇ ਨਾਲ 'ਅ' ਮੁਕਤਾ ਲਿਖਿਆ ਗਿਆ ਹੈ ਜਿਹੜਾ ਕਿ ਬੋਲਣ ਵਿੱਚ ਨਹੀ ਆਉਂਦਾ ।

ਪੰਜਾਬੀ ਦੇ ਨਵੇਂ ਲਿਖਣ ਦੇ ਢੰਗ ਅਨੁਸਾਰ ਹੁਣ ਅਸੀਂ 'ਯਾ' ਦੀ ਥਾਂ 'ਇਆ' ਲਿਖਦੇ ਹਾਂ । ਲਿਖਤੀ ਤੌਰ ਤੇ ਭਾਵੇਂ ਅਸੀਂ 'ਇਆ' ਲਿਖਣ ਲੱਗ ਪਏ ਹਾਂ, ਪਰ ਇਸ ਦਾ ਵਜ਼ਨ ਕਰਦਿਆਂ ਅਸੀਂ 'ਇਆ' ਨੂੰ ਮੁਫਾ ਜਾਂ IS ਅਨੁਸਾਰ ਨਹੀ ਗਿਣਦੇ, ਸਗੋਂ ਸਬਬ ਖਫ਼ੀਫ ਯਾਨੀ ਗੁਰੂ S ਦੇ ਬਰਾਬਰ ਗਿਣਦੇ ਹਾਂ ।
"ਜਦ ਮੈਂ ਹੋਂਠ ਛੁਹਾਇਆ ਪਾਣੀ,
ਮੇਰੇ ਤੇ ਮੁਸਕਾਈਆ ਪਾਣੀ ।"
(ਜਗਜੀਤ ਸੰਧੂ)
ਏਸ ਮਤਲੇ ਦੇ ਪਹਿਲੇ ਮਿਸਰੇ ਦਾ ਸ਼ਬਦ ਛੁਹਾਇਆ ਅਤੇ ਦੂਸਰੇ ਮਿਸਰੇ ਦਾ ਸ਼ਬਦ ਮੁਸਕਾਇਆ ਨੂੰ ਸ਼ਿਅਰ ਦਾ ਵਜ਼ਨ ਕਰਦਿਆਂ ਛੁਹਾਯਾ ਅਤੇ ਮੁਸਕਾਯਾ ਦੇ ਵਜ਼ਨ ਅਨੁਸਾਰ ਹੀ ਗਿਣਾਂਗੇ ।

ਕੰਨਾਂ ਤੇ ਉ ਦੀ ਸੰਧੀ--
ਪੰਜਾਬੀ ਦਾ ਕੰਨਾ ਅਸਲ ਵਿੱਚ ਉਰਦੂ ਦੇ ਅਲਫ਼ ਦਾ ਹੀ ਰੂਪ ਹੈ । ਕਿਸੇ ਸ਼ਬਦ ਦੇ ਕੰਨੇ ਨਾਲ ਜਦੋਂ ਸਵਰ ਅੱਖਰ 'ਉ' ਆਵੇ ਤਾਂ ਦਰਅਸਲ ਇਹ ਦੋ ਸਵਰ ਅੱਖਰਾਂ 'ਅ' ਤੇ 'ੳ' ਦੀ ਸੰਮਿਲਤ ਧੁਨੀ ਹੁੰਦੀ ਹੈ । ਇਹ ਦੋਵੇਂ ਅੱਖਰ 'ਅ' ਅਤੇ 'ੳ' ਜਦੋਂ ਇਕੱਠੇ ਆਉਣ ਤਾਂ ਦੀਰਘ ਲਗ ਕਨੌੜਾ ਦੀ ਅਵਾਜ਼ ਪੈਦਾ ਕਰਦੇ ਹਨ । ਲਿਖਣ ਵੇਲੇ ਭਾਵੇਂ ਇਹ ਦੋਨੋ ਅੱਖਰ ਹੀ ਲਿਖੇ ਜਾਣ ਪਰ ਬੋਲਣ ਵੇਲੇ ਇਹ ਇਕ ਮਾਤਰਾ ਹੀ ਬੋਲੀ ਜਾਂਦੀ ਹੈ । ਜਿਵੇਂ 'ਆਉਂਦਾ' , 'ਗਾਉਂਦਾ', 'ਵਜਾਉਂਦਾ' ਸ਼ਬਦ ਲਿਖਣ ਵਿੱਚ ਪੰਜ ਜਾਂ ਛੇ ਮਾਤਰੇ ਹਨ ਪਰ ਸ਼ਿਅਰ ਦਾ ਵਜ਼ਨ ਕਰਦਿਆਂ ਇਨ੍ਹਾਂ ਨੂੰ ਔਂਦਾ, ਗੌਂਦਾ, ਵਜੌਂਦਾ ਦੇ ਵਜ਼ਨ ਅਨੁਸਾਰ ਹੀ ਬੰਨ੍ਹਿਆ ਜਾਂਦਾ ਹੈ ।
"ਅੰਬਰ ਤੀਕਰ ਸੋਚ ਉਡਾਉਣੀ,
ਧੁਰ ਅੰਦਰ ਤਕ ਲਹਿਣਾ ਮਸਤੀ ।"
(ਦਵਿੰਦਰ ਪੂਨੀਆਂ)
ਇਸ ਸ਼ਿਅਰ ਦੇ ਪਹਿਲੇ ਮਿਸਰੇ ਵਿੱਚ ਆਏ ਸ਼ਬਦ 'ਉਡਾਉਣੀ' ਦੀਆਂ ਲਿਖਣ ਵਿੱਚ ਤਾਂ ਭਾਵੇਂ ਛੇ ਮਾਤਰਾ ਹਨ, ਪਰ ਵਜ਼ਨ ਕਰਨ ਵੇਲੇ ਇਹ ਉਡੌਣੀ ਭਾਵ ਪੰਜ ਮਾਤਰਾ ਹੀ ਗਿਣਿਆ ਜਾਵੇਗਾ ।

ਸੰਯੁਕਤ ਅੱਖਰ--
ਦੇਵਨਾਗਿਰੀ ਲਿਪੀ (ਹਿੰਦੀ) ਵਿੱਚ ਜਿਨ੍ਹਾਂ ਸ਼ਬਦਾਂ ਦੇ ਨਾਲ ਅੱਧਾ ਅੱਖਰ ਲਗਦਾ ਹੈ, ਵਜ਼ਨ ਕਰਨ ਵੇਲੇ ਉਹ ਅੱਧਾ ਅੱਖਰ ਗਿਣਤੀ ਚੋਂ ਖਾਰਜ ਹੋ ਜਾਂਦਾ ਹੈ । ਗੁਰਮੁਖੀ ਲਿੱਪੀ ਵਿੱਚ ਦੇਵਨਾਗਿਰੀ ਵਾਂਗ ਅੱਧੇ ਅੱਖਰ ਨਹੀ ਹਨ । ਹਿੰਦੀ ਅੱਖਰ 'ਯ' ਤੇ ਵ ਪੰਜਾਬੀ ਵਿਚ ਆ ਦਾ ਰੂਪ ਧਾਰਨ ਕਰ ਲੈਂਦੇ ਹਨ । ਜਿਵੇਂ ਕਿ ਹਿੰਦੀ ਵਿਚਲਾ ਸਵਾਮੀ ਪੰਜਾਬੀ ਵਿੱਚ ਸੁਆਮੀ ਹੋ ਜਾਂਦਾ ਹੈ ਅਤੇ ਸਵਾਂਗ ਤੋਂ ਸੁਆਂਗ ਹੋ ਜਾਂਦਾ ਹੈ । ਇਸ ਤਰ੍ਹਾਂ ਹੀ ਪਿਯਾਰ ਪੰਜਾਬੀ ਵਿਚ ਪਿਆਰ ਬਣ ਜਾਂਦਾ ਹੈ, ਅਜੇਹੇ ਅੱਖਰਾਂ ਨੂੰ ਸੰਯੁਕਤ ਅੱਖਰ ਕਿਹਾ ਜਾਂਦਾ ਹੈ । ਪਿਆਰ, ਤਿਆਗ, ਪਿਆਸ, ਲਿਖਣ ਵਿੱਚ ਤਾਂ ਭਾਵੇਂ ਫਊਲ ISI ਦੇ ਵਜ਼ਨ ਤੇ ਲਿਖੇ ਜਾਂਦੇ ਹਨ ਪਰ ਵਜ਼ਨ ਕਰਨ ਲੱਗਿਆਂ ਇਹਨਾਂ ਦਾ ਵਜ਼ਨ ਕ੍ਰਮਵਾਰ ਪਾਰ, ਤਾਗ, ਅਤੇ ਪਾਸ ਦੇ ਬਰਾਬਰ ਹੀ ਗਿਣਿਆ ਜਾਂਦਾ ਹੈ । ਜਿਵੇਂ--

"ਪਿਆਰ ਦੀ ਛਤਰੀ ਨਾ ਲੱਥਣ, ਚੋਗ ਦੇ ਲਾਲਚ ਨਾ ਆਉਣ,
ਕਲਪਣਾ ਵਿਚ ਉੱਡਦੇ ਨੇ, ਜੋ ਕਬੂਤਰ ਦੋਸਤੋ ।"
(ਅਜਾਇਬ ਚਿਤ੍ਰਕਾਰ)
ਉਪਰੋਕਤ ਸ਼ਿਅਰ ਦੇ ਪਹਿਲੇ ਮਿਸਰੇ ਦੇ ਪਿਆਰ ਸ਼ਬਦ ਨੂੰ ਪਾਰ ਦੇ ਵਜ਼ਨ ਤੇ ਬੰਨ੍ਹਿਆ ਗਿਆ ਹੈ ।

ਦੁੱਤ ਅੱਖਰ--

"ਜਿਹੜੇ ਪੈਰੀਂ ਪੈ ਗਏ, ਕੌਡੀ ਦੇ ਨਾ ਤੁੱਲ,
ਪੈਰੀਂ ਪੈ ਕੇ ਆਪਣਾ, ਹਰਫ਼ ਗੁਆਉਂਦੇ ਮੁੱਲ ।"
ਦੁੱਤ ਅੱਖਰ, ਭਾਵ ਜਿਹੜੇ ਅੱਖਰ ਕਿਸੇ ਹੋਰ ਅੱਖਰ ਦੇ ਪੈਰਾਂ ਵਿੱਚ ਲਿਖੇ ਗਏ ਹੋਣ, ਉਹ ਵਜ਼ਨ ਵਿੱਚ ਨਹੀ ਗਿਣੇ ਜਾਂਦੇ । ਜਗਤ ਰਵੀਰਾ ਵੀ ਏਹੋ ਹੀ ਹੈ ਕਿ ਜਿਹੜਾ ਕਿਸੇ ਦੇ ਪੈਰੀਂ ਪੈ ਜਾਂਦਾ ਹੈ ਆਪਣੀ ਪਹਿਚਾਣ ਗਵਾ ਬਹਿੰਦਾ ਹੈ । ਪੰਜਾਬੀ ਵਿੱਚ ਆਮ ਤੌਰ ਤੇ 'ਰ' ਤੇ 'ਹ' ਅੱਖਰ ਦੂਸਰੇ ਅੱਖਰਾਂ ਦੇ ਪੈਰੀਂ ਪਾਏ ਜਾਂਦੇ ਹਨ । ਜਿਸ ਤਰ੍ਹਾਂ 'ਪ੍ਰਕਾਰ' ਸ਼ਬਦ ਵਿੱਚ 'ਪ' ਦੇ ਪੈਰੀਂ 'ਰ' ਪਾਇਆ ਗਿਆ ਹੈ ਅਤੇ 'ਨ੍ਹੇਰਾ, ਸ਼ਬਦ ਵਿੱਚ 'ਨ' ਦੇ ਪੈਰੀਂ 'ਹ' ਪਾਇਆ ਗਿਆ ਹੈ । ਇਹ ਅੱਖਰ ਲਿਖਣ ਵਿੱਚ ਤਾਂ ਆਉਂਦੇ ਹਨ ਪਰ ਇਨ੍ਹਾਂ ਦਾ ਵਜ਼ਨ ਨਹੀ ਗਿਣਿਆ ਜਾਂਦਾ  । ਜਿਵੇਂ--
"ਆਵੇ ਨਾ ਹੱਥ ਕ੍ਰਿਸ਼ਨ ਇਹ , ਤਿਤਲੀ ਖ਼ਿਆਲ ਦੀ,
ਜੀਅ ਤਾਂ ਕਰੇ ਬਥੇਰਾ, ਸ਼ਿਅਰਾਂ ਚ ਬੰਨ੍ਹ ਲਵਾਂ ।

ਉਪਰੋਕਤ ਮਕਤੇ ਦੇ ਉਪਰਲੇ ਮਿਸਰੇ ਵਿੱਚ ਕ੍ਰਿਸ਼ਨ ਦੇ 'ਕ' ਦੇ ਪੈਰੀਂ 'ਰ' ਅੱਖਰ ਪਾਇਆ ਗਿਆ ਹੈ, ਪਰ ਇਹ ਸ਼ਬਦ ਪੜ੍ਹਨ ਵੇਲੇ ਕੇਵਲ 'ਕਿਸ਼ਨ' ਦੇ ਵਜ਼ਨ ਤੇ  ਹੀ ਪੜ੍ਹਿਆ ਜਾਵੇਗਾ , 'ਰ' ਵਜ਼ਨ ਚੋਂ ਖਾਰਜ ਹੋ ਜਾਂਦਾ ਹੈ ।

ਕਿ ਅਤੇ ਲਈ ਵਗੈਰਾ--

ਕਿ ਅਤੇ ਲਈ ਸ਼ਬਦ ਲਿਖਣ ਵਿੱਚ ਤਾਂ ਕ੍ਰਮਵਾਰ ਲਘੂ  ਅਤੇ ਗੁਰੂ ਦੇ ਸੁਮੇਲ ਤੋਂ ਬਣਦੇ ਹਨ ਅਤੇ ਮੁਫਾ ਦੇ ਬਰਾਬਰ ਹਨ । ਪਰ ਅਸੀਂ ਆਪਣੇ ਸ਼ਿਅਰ ਵਿਚ ਲੋੜ ਅਨੁਸਾਰ 'ਕਿ' ਸ਼ਬਦ ਨੂੰ ਇਕ ਮਾਤਰਾ ਜਾਂ 'ਕੇ' ਸ਼ਬਦ ਵਾਂਗ ਦੋ ਮਾਤਰਾ ਤੇ ਵੀ ਬੰਨ੍ਹ ਸਕਦੇ ਹਾਂ । ਇਸੇ ਤਰ੍ਹਾਂ 'ਲਈ' ਸ਼ਬਦ ਨੂੰ ਮੁਫਾ ਭਾਵ IS ਅਤੇ 'ਲੀ' ਦੇ ਵਜ਼ਨ (ਭਾਵ ਇੱਕ ਗੁਰੂ) ਤੇ ਵੀ ਬੰਨ੍ਹ ਸਕਦੇ ਹਾਂ । ਜਿਵੇਂ--

"ਰੀਝ ਹੈ ਦਿਲ ਦੀ ਕਿ ਅਪਣੀ ਹੀਰ ਲਈ ਰਾਂਝਣ ਬਣਾਂ,
ਭਾਵਨਾ ਇਹ ਵੀ ਹੈ ਕਿ ਮੈਂ ਮਾਂ ਲਈ ਸਰਵਣ ਬਣਾਂ ।"
(ਜਗਤਾਰ ਸੇਖਾ)

ਉਪਰੋਕਤ ਮਤਲੇ ਵਿੱਚ ਪਹਿਲੇ ਮਿਸਰੇ ਦੇ ਸ਼ਬਦ 'ਲਈ' ਨੂੰ 'ਲੀ' ਦੇ ਵਜ਼ਨ ਤੇ ਬੰਨ੍ਹਿਆ ਗਿਆ ਹੈ । ਇਸ ਦਾ ਉਚਾਰਣ "ਹੀਰ ਲੀ ਰਾਂਝਣ ਬਣਾਂ" ਕਰਕੇ ਲਿਆ ਜਾਂਦਾ ਹੈ । ਦੂਸਰੇ ਮਿਸਰੇ ਵਿਚ ਸ਼ਬਦ 'ਕਿ' ਭਾਵੇਂ ਲਘੂ ਦੇ ਤੌਰ ਤੇ ਆਇਆ ਹੈ ਪਰ ਵਜ਼ਨ ਕਰਨ ਵੇਲੇ ਇਸ ਨੂੰ ਗੁਰੂ ਯਾਨੀ 'ਕੇ' ਦੇ ਵਜ਼ਨ ਤੇ ਗਿਣਿਆ ਜਾਵੇਗਾ । ਅਰੂਜ਼ੀ ਵਿਦਵਾਨਾਂ ਨੇ ਵੀ ਇਸ ਦੀ ਇਜ਼ਾਜਤ ਦਿੱਤੀ ਹੋਈ ਹੈ । ਪੰਡਤ ਕਰਤਾਰ ਸਿੰਘ ਦਾਖਾ ਨੇ ਆਪਣੇ ਪਿੰਗਲ ਦੇ ਗ੍ਰੰਥ ਵਿੱਚ ਇਸ ਨੂੰ ਇਸ ਤਰ੍ਹਾਂ ਸਪਸ਼ਟ ਕੀਤਾ ਹੈ--
"ਲਘੂ ਦੀਰਘ, ਦੀਰਘ ਲਘੂ, ਕਵਿ ਚਾਹੇ ਹੋ ਜਾਇ,
ਐਸੀ ਸਾਂਝੀ ਰੀਤ ਮੇਂ, ਕੇਹਿਰ ਨਿਯਮ ਨਾ ਕੋਇ ।"

ਭਾਵ ਕਵੀ ਜੇ ਚਾਹੇ ਤਾਂ ਲਘੂ ਨੂੰ ਗੁਰੂ ਤੇ ਗੁਰੂ ਨੂੰ ਲਘੂ ਦੇ ਵਜ਼ਨ ਤੇ ਬੰਨ੍ਹ ਸਕਦਾ ਹੈ ।

ਉੱਤੋ, ਉੱਤੇ, ਅਤੇ ਵਿਚ ਸ਼ਬਦਾਂ ਬਾਰੇ--

ਆਪਣੀ ਬਹਿਰ ਦੀ ਲੋੜ ਅਨੁਸਾਰ ਸ਼ਾਇਰ ਵਿੱਚ ਸ਼ਬਦ ਨੂੰ 'ਚ ਵੀ ਬੰਨ੍ਹ ਸਕਦਾ ਹੈ । ਇਸ ਤਰ੍ਹਾਂ ਹੀ ਅਤੇ ਸ਼ਬਦ ਦੀ ਥਾਂ ਤੇ 'ਤੇ' ਸ਼ਬਦ ਲਿਆ ਜਾ ਸਕਦਾ ਹੈ । ਇਸੇ ਪ੍ਰਕਾਰ ਉੱਤੇ ਸ਼ਬਦ ਨੂੰ ਵੀ 'ਤੇ' ਸ਼ਬਦ ਤੇ ਬੰਨ੍ਹਿਆ ਜਾ ਸਕਦਾ ਹੈ । ਇਹੀ ਸਥਿੱਤੀ ਉੱਤੋਂ ਦੀ ਵੀ ਹੈ ਉਸ ਨੂੰ ਵੀ ਇਕੱਲਾ 'ਤੋਂ' ਕਰਕੇ ਬੰਨ੍ਹਿਆ ਜਾ ਸਕਦਾ ਹੈ ।

ਸਵਰ ਅੱਖਰ---
ਅ ਮੁਕਤਾ  ਇ  ਅਤੇ ਉ  , ਕਈ ਵਾਰ ਲਿਖੇ ਹੋਣ ਦੇ ਬਾਵਜੂਦ ਗਿਣਤੀ ਵਿੱਚ ਨਹੀ ਆਉਂਦੇ । ਜਿਵੇਂ  'ਅ' ਮੁਕਤਾ ਬਾਰੇ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਕਿਸੇ ਦੀਰਘ ਲਗ ਤੋਂ ਮਗਰੋਂ ਸ਼ਬਦ ਦੇ ਆਖਰ ਵਿੱਚ 'ਅ' ਮੁਕਤਾ ਆਵੇ ਤਾਂ ਉਹ ਵਜ਼ਨ ਵਿੱਚ ਨਹੀ ਗਿਣਿਆ ਜਾਂਦਾ ਜਿਵੇਂ ਚਾਅ, ਬਚਾਅ, ਵਗੈਰਾ ਵਿੱਚ ਆਉਂਦਾ ਹੈ ।

ਤਿੰਨੇ ਅੱਖਰ 'ਅ' , 'ਇ' ਅਤੇ 'ਉ' ਆਪਣੇ ਤੋਂ ਪਹਿਲੇ ਅੱਖਰ ਨਾਲ ਮਿਲ ਕੇ ਅਲੋਪ ਹੋ ਜਾਂਦੇ ਹਨ । ਜਿਵੇਂ--

"ਕੈਸਾ ਇਹ ਮੁਕਾਮ ਆਇਐ, ਆਈ ਨਾ ਸਮਝ ਮੈਨੂੰ,
ਘਰ ਵਿਚ ਵੀ ਅਗਰ ਆਉਣਾ , ਉਕਤਾਏ ਜਹੇ ਰਹਿਣਾ ।"
(ਦੀਪਕ ਜੈਤੋਈ)
ਏਸ ਸ਼ਿਅਰ ਦੇ ਪਹਿਲੇ ਮਿਸਰੇ ਵਿਚ ਮਕਾਮ ਸ਼ਬਦ ਮਗਰੋਂ ਸਵਰ ਅੱਖਰ 'ਅ' ਆਪਣੇ ਤੋਂ ਪਹਿਲੇ ਸ਼ਬਦ ਮੁਕਾਮ ਦੇ ਆਖਰੀ ਅੱਖਰ ' ਮ' ਨਾਲ ਸੰਧੀ ਕਰਕੇ ਅਲੋਪ ਹੋ ਗਿਆ ਹੈ । ਮੁਕਾਮ ਆਇਆ ਨੂੰ ਅਸੀਂ ਮੁਕਾ-ਮਾਯਾ ਕਰਕੇ ਬੋਲ ਸਕਦੇ ਹਾਂ । ਇਸ ਤਰ੍ਹਾਂ 'ਆ' ਲਿਖੇ ਹੋਣ ਦੇ ਬਾਵਜੂਦ  ਅਲੋਪ ਹੋ ਗਿਆ ਹੈ ।

ਇਸੇ ਤਰ੍ਹਾਂ ਦੂਸਰੇ ਮਿਸਰੇ ਦੇ ਸ਼ਬਦ ਅਗਰ ਦੇ ਪਿੱਛੋਂ ਆਉਣਾ ਲਿਖੇ ਹੋਣ ਦੇ ਬਾਵਜੂਦ ਬੋਲਣ ਵੇਲੇ ਅਲੋਪ ਹੋ ਜਾਵੇਗਾ । ਅਤੇ ਆਉਣਾ ਸ਼ਬਦ ਦੀ ਆਪਣੇ ਤੋਂ ਪਹਿਲੇ ਸ਼ਬਦ ਨਾਲ ਸੰਧੀ  ਹੋ ਕੇ ਇਸ ਨੂੰ ਅਗ-ਰੌਣਾ ਕਰਕੇ ਬੋਲਿਆ ਜਾਵੇਗਾ । ਜਿਵੇਂ ਕਿ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਦੋ ਸਵਰ ਅੱਖਰ 'ਅ' ਤੇ 'ਉ' ਦੀ ਸੰਧੀ ਹੋ ਕੇ ਇਹ ਕਨੌੜੇ ਦਾ ਰੂਪ ਹੋ ਜਾਂਦੇ ਹਨ । ਇਸੇ ਕਰਕੇ ਇੱਕੋ ਇੱਕ ਦੀਰਘ ਲਗ ਕਨੌੜਾ ਹੀ ਹੈ ਜਿਹੜੀ ਵਜ਼ਨ ਚੋਂ ਗਿਰਾਈ ਨਹੀ ਜਾ ਸਕਦੀ । ਸਵਰ ਅੱਖਰ ਹਮੇਸ਼ਾ ਆਪਣੇ ਤੋਂ ਪਹਿਲੇ ਆਏ ਅੱਖਰ ਵਿੱਚ ਵਾਸਲ ਹੋ ਜਾਂਦੇ ਹਨ ।

"ਚਿਹਰਾ ਹਰ ਇਕ ਦਾ ਖਿੜ੍ਹ ਗਿਆ, ਛਾਈ ਖੁਸ਼ੀ ਬੇਅੰਤ ਹੈ,
ਕਹਿੰਦੇ ਸਰੂ ਨੇ ਝੂਮ ਕੇ, ਅਹੁ ਆ ਗਈ ਬਸੰਤ ਹੈ ।"
(ਧਨੀ ਰਾਮ ਚਾਤ੍ਰਿਕ)

ਉਪਰਲੇ ਮਿਸਰੇ ਵਿਚ 'ਹਰ ' ਸ਼ਬਦ ਦੇ ਮਗਰੋਂ ਸਵਰ ਅੱਖਰ 'ਇ' ਲਿਖਣ ਵਿਚ ਭਾਵੇਂ ਪੂਰਾ ਇਕ ਲਿਖਿਆ ਗਿਆ ਹੈ ਪਰ ਬੋਲਣ ਵੇਲੇ 'ਇ' ਆਪਣੇ ਤੋਂ ਪਹਿਲੇ ਅੱਖਰ 'ਰ' ਨਾਲ ਮਿਲ ਕੇ ਹਰਿਕ ਵਿਚ ਤਬਦੀਲ ਹੋ ਗਈ ਹੈ ।ਇਸ ਤਰ੍ਹਾਂ ਹਰ ਇਕ ਨੂੰ ਹਰਿਕ ਦੇ ਵਜ਼ਨ ਤੇ ਬੰਨ੍ਹਿਆ ਜਾਵੇਗਾ । 'ਇ' ਭਾਵੇਂ ਲਿਖਿਆ ਤਾਂ ਗਿਆ ਹੈ ਪਰ ਬੋਲਣ ਵੇਲੇ ਅਲੋਪ ਹੋ ਗਿਆ ਹੈ ।

" ਰੁੱਖਾਂ ਨੇ ਵਾਂਗ ਸਾਧੂਆਂ , ਤਾਂਘੀਂ ਸਮਾਂ ਗੁਜ਼ਾਰਿਆ,
ਫੁੱਲਾਂ ਤੇ ਪੱਤਰਾਂ ਸਣੇ, ਸਾਰਾ ਸ਼ਿੰਗਾਰ ਉਤਾਰਿਆ । "
(ਧਨੀ ਰਾਮ ਚਾਤ੍ਰਿਕ)
ਇਸ ਸ਼ਿਅਰ ਦੇ ਦੂਸਰੇ ਮਿਸਰੇ ਵਿਚ ਸ਼ਿੰਗਾਰ ਸ਼ਬਦ ਦੇ 'ਰ' ਮੁਕਤੇ ਮਗਰੋਂ ਸਵਰ ਅੱਖਰ 'ਉ' ਲਿਖਣ ਵੇਲੇ ਤਾਂ ਪੂਰਾ ਲਿਖਿਆ ਗਿਆ ਹੈ ਪਰ ਮਿਸਰੇ ਦਾ ਵਜ਼ਨ ਕਰਨ ਲੱਗਿਆਂ ਇਸ ਨੂੰ ਇਹ ਸ਼ਿੰਗਾਰੁ-ਤਾਰਿਆ ਵਿੱਚ ਬਦਲ ਜਾਵੇਗਾ । ਇਸ ਤਰ੍ਹਾਂ ਇਨ੍ਹਾਂ ਉਦਾਹਰਣਾਂ ਤੋਂ ਸਪਸ਼ਟ ਹੋ ਗਿਆ ਕਿ ਸਵਰ ਅੱਖਰ 'ਅ' , 'ਇ' ਅਤੇ 'ਉ' ਲਿਖਣ ਵਿੱਚ ਤਾਂ ਭਾਵੇਂ ਆਉਂਦੇ ਹਨ ਪਰ ਬੋਲਣ ਲੱਗਿਆਂ ਇਨ੍ਹਾਂ ਦਾ ਉਚਾਰਣ ਨਹੀ ਕੀਤਾ ਜਾਂਦਾ ।

ਜਿਹੜੇ ਸ਼ਬਦ ਦੇ ਪਿੱਛੇ ਸਵਰ ਅੱਖਰ ਆ ਜਾਂ ਆਂ ਲੱਗਿਆ ਹੋਵੇ ਉਹ ਆਪਣੇ ਤੋਂ ਪਹਿਲੀ ਦੀਰਘ ਲਗ ਨੂੰ ਲਘੂ ਲਗ ਵਿੱਚ ਤਬਦੀਲ ਕਰ ਦਿੰਦਾ ਹੈ । ਇਹ ਬਹੁਤ ਅਹਿਮ ਤਬਦੀਲੀ ਹੈ, ਇਸ ਲਈ ਇਸ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਣਾ ਚਾਹੀਦਾ ਹੈ । ਜਿਵੇਂ

"ਖਲੋਤੇ ਪਾਣੀਆਂ ਨੂੰ ਫੇਰ ਤੋਂ ਲਰਜ਼ਾ ਗਿਆ ਕੋਈ,
ਸੰਧੂਰੀ ਪੌਣ ਦੇ ਬੁੱਲ੍ਹੇ ਜਿਹਾ ਖ਼ਤ ਆ ਗਿਆ ਕੋਈ ।"
(ਜਸਵਿੰਦਰ)
ਇਸ ਮਤਲੇ ਦੇ ਪਹਿਲੇ ਮਿਸਰੇ ਵਿਚ ਸ਼ਬਦ 'ਪਾਣੀਆਂ' ਵਿਚ ਦੀਰਘ ਲਗ ਬਿਹਾਰੀ ਮਗਰੋਂ ਸਵਰ ਅੱਖਰ 'ਆਂ' ਨੇ ਬਿਹਾਰੀ ਨੂੰ ਸਿਹਾਰੀ ਵਿੱਚ ਬਦਲ ਦਿੱਤਾ ਹੈ । ਅਸੀਂ ਨਿੱਤ ਵਰਤੋਂ ਵਿੱਚ ਅਜਿਹੇ ਅਨੇਕਾਂ ਸ਼ਬਦ ਬੋਲਦੇ ਤੇ ਲਿਖਦੇ ਹਾਂ । ਜਿਵੇਂ ਤਿਤਲੀਆਂ, ਕੁੜੀਆਂ, ਚਿੜੀਆਂ, ਜੁੜੀਆਂ, ਟੁੱਟੀਆਂ, ਕਲੀਆਂ ਵਗੈਰਾ, ਖਾਸ ਤੌਰ ਤੇ ਜਦੋਂ ਪੰਜਾਬੀ ਵਿਚ ਇਕ ਵਚਨ ਤੋਂ ਬਹੂ ਵਚਨ ਬਣਾਉਣਾ ਹੋਵੇ  ਤਾਂ ਅਸੀਂ ਬਹੁਤੇ ਸ਼ਬਦਾਂ ਦੇ ਪਿੱਛੇ 'ਆਂ' ਪਿਛੇਤਰ ਲਾ ਕੇ ਬਹੂਵਚਨ ਬਣਾਉਂਦੇ ਹਾਂ । ਅਜਿਹੇ ਸ਼ਬਦਾਂ ਵਿੱਚ 'ਆਂ' ਤੋਂ ਪਹਿਲਾਂ ਵਾਲੇ ਅੱਖਰ ਦੀ ਦੀਰਘ ਲਗ ਗਿਰਾ ਕੇ ਲਘੂ ਕਰ ਦਿੱਤੀ ਜਾਂਦੀ ਹੈ ।
"ਸ਼ਾਇਦ ਲਿਖਿਆ ਹੋਵੇ ਹੰਝੂਆਂ ਦੇ ਨਾਲ ਕਿਤੇ,
ਯਾਦਾਂ ਦੀ ਪੁਸਤਕ ਦੇ ਵਰਕੇ ਫ਼ੋਲ ਕਿਤੇ ।"
(ਮੁਸ਼ਤਾਕ ਵਾਰਸੀ )
ਇਸ ਸ਼ਿਅਰ ਦੇ ਪਹਿਲੇ ਮਿਸਰੇ ਦੇ ਸ਼ਬਦ ਹੰਝੂਆਂ ਨੂੰ ਵਜ਼ਨ ਕਰਨ ਵੇਲੇ ਹੰਝੁਆ ਦੇ ਵਜ਼ਨ ਤੇ ਪੜ੍ਹਿਆ ਜਾਵੇਗਾ । ਉਪਰੋਕਤ ਅਸੂਲ ਅਨੁਸਾਰ ਸਵਰ ਅੱਖਰ ਤੋਂ ਪਹਿਲਾਂ ਵਾਲੀਆਂ ਦੀਰਘ ਲਗਾਂ ਬਿਹਾਰੀ ਅਤੇ ਦੁਲੈਂਕੜ ਕ੍ਰਮਵਾਰ ਸਿਹਾਰੀ ਅਤੇ ਔਂਕੁੜ ਵਿਚ ਬਦਲ ਜਾਣਗੇ । ਅਜੇਹੇ ਹੋਰ ਸ਼ਬਦ ਸਾਧੂਆਂ, ਗੁਰੂਆਂ ਵਗੈਰਾ ਦੀ ਮਿਸਾਲ ਵੀ ਦਿੱਤੀ ਜਾ ਸਕਦੀ ਹੈ ।

ਸਵਰ ਅੱਖਰਾਂ ਨੂੰ ਉਰਦੂ ਵਿਚ ਹਰਫ਼ਿ ਇੱਲਤ ਕਿਹਾ ਜਾਂਦਾ ਹੈ, ਕਿਉਂ ਕਿ  ਇਹ ਹਮੇਸ਼ਾ ਸ਼ਰਾਰਤ ਕਰਦੇ ਰਹਿੰਦੇ ਹਨ । ਲਿਖਣ ਦੇ ਬਾਵਜ਼ੂਦ ਇਹ ਵਜ਼ਨ ਚੋਂ ਅਲੋਪ ਹੋ ਜਾਂਦੇ ਹਨ ਤੇ ਆਪਣਾ ਵਜ਼ਨ ਦੂਸਰੇ ਅੱਖਰਾਂ ਤੇ ਸੁੱਟ ਦਿੰਦੇ ਹਨ ।
"ਸਵਰ ਅੱਖਰ ਚੁਕਦੇ ਨਹੀ, ਅਪਣਾ ਅਪਣਾ ਭਾਰ,
ਰਹਿੰਦੇ ਨੇ ਇਹ ਦੂਸਰੇ, ਹਰਫ਼ਾਂ ਤੇ ਅਸਵਾਰ ।"

ਸਵਰ ਅੱਖਰ  'ੳ' , 'ਅ' , 'ੲ' ਗਿਰਾਉਣੇ ਭਾਵੇਂ ਜ਼ਾਇਜ ਸਮਝੇ ਜਾਂਦੇ ਹਨ ਪਰ ਜੇ ਇਨ੍ਹਾਂ ਅੱਖਰਾਂ ਤੋਂ ਸ਼ੁਰੂ ਹੋਣ ਵਾਲਾ ਕੋਈ ਸ਼ਬਦ ਮਿਸਰੇ ਦੇ ਅਰੰਭ ਵਿੱਚ ਹੋਵੇ ਤਾਂ ਇਹ ਅੱਖਰ ਵੀ ਗਿਰਾਉਣ ਦੀ ਇਜ਼ਾਜਤ ਨਹੀ ਹੈ । ਜਿਵੇਂ--

"ਉਸਨੂੰ ਨਿਮਾਣਾ ਜਾਣ ਕੇ, ਖਿੱਲੀ ਉਡਾ ਕੇ ਖੁਸ਼ ਨਾ ਹੋ,
ਇਨਸਾਨ ਤੂੰ ਇਨਸਾਨ ਨੂੰ, ਨੀਵਾਂ ਦਿਖਾ ਕੇ ਖੁਸ਼ ਨਾ ਹੋ ।"
(ਰਾਜਵੰਤ ਬਾਗੜੀ)

"ਮੈਨੂੰ ਤਾਂ ਗਵਾਰਾ ਨਈਂ, ਇਹ ਸੋਚ ਠਰੀ ਹੋਈ,
ਆਵੇ ਤੇ ਕੁਈ ਆ ਕੇ, ਅੰਗਾਰ ਹੀ ਧਰ ਜਾਵੇ ।"
(ਕ੍ਰਿਸ਼ਨ ਭਨੋਟ)
" ਪੱਥਰਾਂ ਦੇ ਸ਼ਹਿਰ ਵਿਚ, ਸੰਗ-ਮਰਮਰੀ ਵਸਨੀਕ ਨੇ,
ਏਥੇ ਨਾ ਤੂੰ  ਮਾਨ ਐਵੇਂ, ਦਿਲਬਰਾਂ ਦੀ ਕਰ ਤਲਾਸ਼ ।"
(ਹਰਦਮ ਸਿੰਘ ਮਾਨ)

ਉਪਰੋਕਤ ਸ਼ਿਅਰਾਂ ਵਿਚ ਸਵਰ ਅੱਖਰ ਮਿਸਰੇ ਦੇ ਮੁੱਢ ਵਿਚ ਆਉਂਦੇ ਹਨ । ਪਹਿਲੇ ਸ਼ਿਅਰ ਦਾ ਪਹਿਲਾ ਮਿਸਰਾ ਸਵਰ ਅੱਖਰ ਉ ਨਾਲ ਸ਼ੁਰੂ ਹੁੰਦਾ ਹੈ ਅਤੇ ਦੂਸਰਾ ਮਿਸਰ ਸਵਰ 'ਇ' ਨਾਲ ਸੂਰੂ ਹੁੰਦਾ ਹੈ । ਬਿਲਕੁਲ ਇਸੇ ਤਰ੍ਹਾਂ ਦੂਸਰੇ ਸ਼ਿਅਰ ਦਾ ਦੂਸਰਾ ਮਿਸਰਾ ਸਵਰ ਅੱਖਰ 'ਅ' ਨਾਲ ਆਰੰਭ ਹੁੰਦਾ ਹੈ । ਤੀਸਰੇ ਸ਼ਿਅਰ ਦੇ ਦੂਸਰੇ ਮਿਸਰੇ ਦਾ ਆਰੰਭ ਸਵਰ ਅੱਖਰ 'ਏ' ਨਾਲ  ਹੁੰਦਾ ਹੈ । ਇਹ ਸਵਰ ਅੱਖਰ ਮਿਸਰੇ ਦੇ ਅਰੰਭ ਵਿਚ ਆਉਣ ਕਰਕੇ ਗਿਰਾਏ ਨਹੀ ਜਾ ਸਕਦੇ । ਜੇ ਇਹ ਸ਼ਿਅਰ ਦੇ ਵਿਚਾਲੇ ਹੁੰਦੇ ਤਾਂ ਦੂਸਰੇ ਵਿਅੰਜਨ ਅੱਖਰਾਂ ਨਾਲ ਸੰਧੀ ਕਰਕੇ ਅਲੋਪ ਹੋ ਜਾਂਦੇ ।

ਇਸ ਤਰ੍ਹਾਂ ਹੀ ਜਿਹੜੇ ਸ਼ਬਦ ਵਿੱਚ ਤਿੰਨ ਸਾਕਿਨ ਅੱਖਰ ਇਕੱਠੇ ਹੋ ਜਾਣ ਉਨ੍ਹਾਂ ਵਿੱਚੋਂ ਦੂਸਰਾ ਸਾਕਿਨ ਅੱਖਰ ਮੁਤਹੱਰਕ ਹੋ ਜਾਂਦਾ ਹੈ ਤੇ ਤੀਸਰਾ ਸਾਕਿਨ ਅੱਖਰ ਵਜ਼ਨ ਵਿੱਚੋਂ ਖਾਰਜ ਹੋ ਜਾਂਦਾ ਹੈ । ਜਿਵੇਂ ਦੋਸਤ, ਪੋਸਤ, ਗੋਸ਼ਤ ਸ਼ਬਦਾਂ ਵਿੱਚ ਕ੍ਰਮਵਾਰ 'ਦ' ਮੁਕਤਾ, 'ਪ' ਮੁਕਤਾ ਅਤੇ 'ਗ' ਮੁਕਤਾ ਮੁਤਹੱਰਕ ਹਨ, ਅਤੇ ਤਿੰਨਾਂ ਵਿੱਚ 'ਸ' ਮੁਕਤਾ ਮੁਤਹੱਰਕ ਹੋ ਜਾਵੇਗਾ । ਤੇ 'ਤ' ਮੁਕਤਾ ਵਜ਼ਨ ਵਿੱਚੋਂ ਖਾਰਜ਼ ਹੋ ਜਾਵੇਗਾ । ਜਿਵੇਂ ਦੋਸਤ ਦੋਸਤ ਨਾ ਰਿਹਾ, ਪਿਆਰ ਪਿਆਰ ਨਾ ਰਿਹਾ, ਗੀਤ ਦੇ ਇਸ ਮਿਸਰੇ ਨੂੰ ਵਜ਼ਨ ਵਿੱਚ ਇਸ ਤਰ੍ਹਾਂ ਗਿਣਿਆ ਜਾਵੇਗਾ, ਦੋਸ ਦੋਸ ਨਾ ਰਿਹਾ, ਪਾਰ ਪਾਰ ਨਾ ਰਿਹਾ ।

ਪਿਆਰੇ ਦੋਸਤੋ ਆਪਾਂ ਅੱਖਰ ਗਿਰਾਉਣ ਦਾ ਵਿਧਾਨ ਮੁਕੰਮਲ ਕਰ ਲਿਆ ਹੈ । ਵਾਹ ਲਗਦੀ ਉਦਾਹਰਣਾਂ ਦੇ ਕੇ ਸਪਸ਼ਟ ਕਰ ਦਿੱਤਾ ਗਿਆ ਹੈ ਤਾਂ ਕਿ ਤੁਹਾਨੂੰ ਸਮਝਣ ਵਿੱਚ ਅਸਾਨੀ ਰਹੇ । ਸ਼ਾਇਰ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਦੁਚਿੱਤੀ ਵਿੱਚ ਪਏ ਰਹਿੰਦੇ ਹਨ । ਅਸਲ ਵਿੱਚ ਵਜ਼ਨ ਬਹਿਰ ਵਿੱਚ ਜਿਹੜੀਆਂ ਖੁੱਲ੍ਹਾਂ ਤੁਸੀਂ ਲੈ ਸਕਦੇ ਹੋ ਉਨ੍ਹਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਤੇ ਅਮਲ ਕਰੋਂਗੇ ।

ਤੁਹਾਡਾ ਆਪਣਾ
ਕ੍ਰਿਸ਼ਨ ਭਨੋਟ